ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ: ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਦੀ ਅਗਵਾਈ ਹੇਠ ਅੱਜ ਮਾਲਵਾ ਪੱਟੀ ਦੇ ਕਾਲਜ ਅਧਿਆਪਕਾਂ ਵਲੋਂ ਯੂ.ਜੀ.ਸੀ ਪੇਅ ਸਕੇਲ ਲੈਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। 7ਵੇਂ ਯੂਜੀਸੀ ਤਨਖਾਹ ਕਮਿਸਨ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਘੀ 8 ਨਵੰਬਰ ਤੋਂ ਸੰਘਰਸ਼ ਵਿੱਢੀ ਬੈਠੇ ਅਧਿਆਪਕਾਂ ਵਲੋਂ ਹਰ ਰੋਜ਼ 3 ਘੰਟੇ ਧਰਨੇ ਦੇਣ ਤੋਂ ਇਲਾਵਾ 11 ਨਵੰਬਰ ਨੂੰ ਕੈਂਡਲ ਮਾਰਚ ਕੱਢਿਆ ਗਿਆ ਸੀ। ਅੱਜ ਵਿਤ ਮੰਤਰੀ ਦੇ ਦਫ਼ਤਰ ਅੱਗੇ ਰੋਸ਼ ਮਾਰਚ ਕਰਨ ਤੋਂ ਬਾਅਦ ਪੁੱਜੇ ਕਾਲਜ ਅਧਿਆਪਕਾਂ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਮੀਤ ਪ੍ਰਧਾਨ ਬ੍ਰਹਮਵੇਦ ਸਰਮਾ ਨੇ ਮੰਗ ਕੀਤੀ ਕਿ ਯੂਜੀਸੀ ਸਕੇਲਾਂ ਨੂੰ ਲਾਗੂ ਕਰਨ ਦੇ ਨਾਲ-ਨਾਲ 1925 ਅਧਿਆਪਕਾਂ ਨੂੰ ਵੀ ਰੈਗੂਲਰ ਕੀਤਾ ਜਾਵੇ। ਅਧਿਆਪਕ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਅਤੇ ਚੰਡੀਗੜ੍ਹ ਨੂੰ ਛੱਡ ਕੇ 7ਵਾਂ ਤਨਖਾਹ ਕਮਿਸਨ ਭਾਰਤ ਦੇ ਸਾਰੇ ਰਾਜਾਂ ਵਿੱਚ ਲਾਗੂ ਕੀਤਾ ਗਿਆ ਹੈ। ਧਰਨੇ ਵਿੱਚ ਮਾਲਵਾ ਪੱਟੀ ਦੇ ਸੱਤ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਸਮੂਲੀਅਤ ਕੀਤੀ। ਡਾ.ਗੁਰਪ੍ਰੀਤ ਸਿੰਘ ਨੇ ਸਾਰੇ ਜਿਲ੍ਹਿਆਂ ਤੋਂ ਆਏ ਯੂਨਿਟ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੋ: ਰਾਕੇਸ ਖੱਤਰੀ,ਡਾ: ਸੁਰਜੀਤ ਸਿੰਘ, ਪ੍ਰੋ: ਅੰਮਿ੍ਰਤਪਾਲ ਕੌਰ, ਪ੍ਰੋ: ਐਮ.ਐਲ. ਜੈਦਿਕਾ, ਡਾ.ਦਲਜੀਤ ਸਿੰਘ, ਡਾ.ਸੁਖਵਿੰਦਰ ਸਿੰਘ, ਪ੍ਰੋ.ਸੁਰਜੀਤ ਸਿੰਘ ਨੇ ਵੀ ਵਿੱਤ ਮੰਤਰੀ ਉਪਰ ਅਧਿਆਪਕਾਂ ਪ੍ਰਤੀ ਹੰਕਾਰੀ ਅਤੇ ਗੂੰਗੇ ਰਵੱਈਆ ਅਪਣਾਉਣ ਦੀ ਨਿਖੇਧੀ ਕੀਤੀ।
Share the post "ਯੂਜੀਸੀ ਪੇਅ ਸਕੇਲ ਲੈਣ ਲਈ ਕਾਲਜ਼ ਟੀਚਰਜ਼ ਯੂਨੀਅਨ ਵਲੋਂ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ"