WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਕਿਸਾਨਾਂ ਅਤੇ ਖੇਤ ਕਾਮਿਆਂ ਦੇ ਕਰਜ਼ੇ ਦੀ ਮੁਕੰਮਲ ਮੁਆਫੀ ਲਈ ਚੰਨੀ ਨੇ ਮੋਦੀ ਨੂੰ ਲਿਖਿਆ ਪੱਤਰ

ਕਿਸਾਨਾਂ ਦੇ ਕਰਜ਼ੇ ਹਮੇਸ਼ਾ ਲਈ ਖਤਮ ਕਰਨ ਲਈ ਕੇਂਦਰ ਤੇ ਸੂਬੇ ਦੀ ਸਾਂਝੀ ਯੋਜਨਾ ਘੜਨ ਦੀ ਲੋੜ ਉਤੇ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਨੂੰ ਮੁਕੰਮਲ ਤੌਰ ਉਤੇ ਮੁਆਫ ਕਰਨ ਦੇ ਪ੍ਰਸਤਾਵ ਨੂੰ ਸਵਿਕਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਨਾਲ ਮਿਲ ਕੇ ਆਪਣੇ ਹਿੱਸੇ ਦਾ ਬਣਦਾ ਬੋਝ ਸਹਿਣ ਕਰਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਬਹੁਤ ਹੀ ਭਾਵੁਕ ਪੱਤਰ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਮਸਲੇ ਨਾਲ ਨਿਪਟਣ ਅਤੇ ਸਾਡੇ ਕਿਸਾਨਾਂ ਅਤੇ ਖੇਤ ਕਾਮਿਆਂ ਦਾ ਕਰਜ਼ਾ ਹਮੇਸ਼ਾ ਲਈ ਖਤਮ ਕਰਨ ਵਾਸਤੇ ਇਕ ਢੁਕਵੇਂ ਅਨੁਪਾਤ ਵਾਲੀ ਕੇਂਦਰ ਅਤੇ ਸੂਬੇ ਦੀ ਸਾਂਝੀ ਯੋਜਨਾ ਸਮਾਂਬੱਧ ਅਤੇ ਲੋੜਾਂ ਦੇ ਮੁਤਾਬਕ ਉਲੀਕੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ, “ਸੂਬਾ ਸਰਕਾਰ ਦੇ ਪਹਿਲਾਂ ਤੋਂ ਦਬਾਅ ਹੇਠ ਮਾਲੀਏ ਦੇ ਬਾਵਜੂਦ ਕੋਈ ਵੀ ਕੁਰਬਾਨੀ ਏਨੀ ਵੱਡੀ ਨਹੀਂ, ਜਿੰਨੀ ਵੱਡੀ ਕਿ ਕਿਸਾਨ ਭਾਈਚਾਰੇ ਪ੍ਰਤੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ।”
ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਹ ਦਿਨ ਹੈ, ਅੱਜ ਹੀ ਉਹ ਮੌਕਾ ਹੈ ਅਤੇ ਆਓ, ਅੱਜ ਹੀ ਅਸੀਂ ਇਕ ਨਵੀਂ ਸ਼ੁਰੂਆਤ ਕਰੀਏ ਅਤੇ ਮੁਲਕ ਵਿਚ ਤੇ ਖਾਸ ਕਰਕੇ ਪੰਜਾਬ ਵਿਚ ਖੇਤੀਬਾੜੀ ਦੇ ਸਮੁੱਚੇ ਢਾਂਚੇ ਸੰਵਾਰਨ ਦੀ ਦਿਸ਼ਾ ਵਿਚ ਕੰਮ ਕਰੀਏ। ਮੁੱਖ ਮੰਤਰੀ ਨੇ ਕਿਹਾ, “ਅਸੀਂ ਇਕ ਭਾਈਵਾਲ ਦੇ ਨਾਤੇ ਸਾਰੇ ਹੋਰ ਸਬੰਧਤ ਭਾਈਵਾਲਾਂ ਵੱਲੋਂ ਆਪਸੀ ਸਹਿਮਤੀ ਨਾਲ ਉਲੀਕੇ ਕਿਸੇ ਵੀ ਨਵੇਂ ਪ੍ਰਬੰਧ ਪ੍ਰਤੀ ਸਮਰਪਿਤ ਹੋਣ ਲਈ ਵਚਨਬੱਧ ਹਾਂ।”
ਮੁੱਖ ਮੰਤਰੀ ਚੰਨੀ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਕੁਝ ਲੋਕ ਵਿੱਤੀ ਦਸਤਾਵੇਜ਼ ਹੱਥਾਂ ਵਿਚ ਲੈ ਕੇ ਸੁਆਲ ਕਰਨਗੇ ਪਰ ਸ੍ਰੀਮਾਨ ਜੀ, ਤੁਸੀਂ ਇਹ ਯਾਦ ਰੱਖਣਾ ਕਿ ਕੱਲ੍ਹ ਨਾ ਤਾਂ ਮੈਂ ਅਤੇ ਨਾ ਹੀ ਤੁਸੀਂ ਇੱਥੇ ਹੋਣਾ ਹੈ, ਸਾਡੇ ਫੈਸਲੇ ਦਾ ਨਿਤਾਰਾ ਉਦੋਂ ਕੀਤਾ ਜਾਵੇਗਾ। ਇਹ ਲੇਖਾ-ਜੋਖਾ ਜ਼ਰੂਰ ਹੋਵੇਗਾ। ਭਾਵੇਂ ਅਸੀਂ ਆਪਣਾ-ਆਪ ਵਿਚਾਰੀਏ ਜਾਂ ਸਾਡੀ ਜ਼ਮੀਰ ਤੋਂ ਇਹ ਆਵਾਜ਼ ਆਵੇ ਜਾਂ ਫੇਰ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਔਖਾ ਸਵਾਲ ਖੜ੍ਹਾ ਕਰਨ ਕਿ ਸਾਡੀ ਭੁੱਖ ਮਿਟਾਉਣ ਲਈ ਰਿਜ਼ਕ ਦੇਣ ਵਾਲਿਆਂ ਅਤੇ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਜਮਹੂਰੀ ਸੰਘਰਸ਼ ਲੜਨ ਵਾਲਿਆਂ ਲਈ ਅਸੀਂ ਕੀ ਕਰ ਰਹੇ ਸੀ। ਇਤਿਹਾਸ ਸਾਨੂੰ ਸਾਡੇ ਕਰਮਾਂ ਤੋਂ ਜਾਣੇ ਅਤੇ ਜਦੋਂ ਵੀ ਲੇਖੇ-ਜੋਖੇ ਦੇ ਪਲ ਆਉਣ ਤਾਂ ਅਸੀਂ ਡਰ ਨਾਲ ਕੰਬੀਏ ਨਾ ਬਲਕਿ ਲਹਿਰਾਂ ਦੇ ਉਲਟ ਸੀਨਾ ਠੋਕ ਕੇ ਖੜ੍ਹੇ ਹੋਈਏ।”
ਸ੍ਰੀ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਣ ਦੇ ਐਲਾਨ ਨੂੰ ਚੇਤੇ ਕਰਵਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਇਸ ਨਾਲ ਕਿਸਾਨ ਅਤੇ ਸਰਕਾਰ ਕੁਝ ਵੱਡੇ ਲੰਬਿਤ ਮਸਲੇ ਹੱਲ ਕਰਨ ਦੇ ਇਕ ਕਦਮ ਨੇੜੇ ਆ ਗਏ ਹਨ ਜੋ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਦੇ ਨਾਲ ਇਹ ਲੰਬਿਤ ਮੁੱਦੇ ਵੀ ਮੁੱਖ ਤੌਰ ਉਤੇ ਉਭਰੇ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਉਤੇ ਖੇਤੀ ਕਰਜ਼ੇ ਦਾ ਮੁੱਦਾ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਹਾਲ ਹੀ ਵਿਚ ਕਿਸਾਨਾਂ ਦੇ ਇਕ ਵਫ਼ਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਮੇਰੇ ਨਾਲ ਮੁਲਾਕਾਤ ਕੀਤੀ ਸੀ ਅਤੇ ਇਨ੍ਹਾਂ ਵਿੱਚੋਂ ਇਕ ਵੱਡਾ ਮਸਲਾ ਜੋ ਮੇਰੇ ਪੱਧਰ ਉਤੇ ਲਟਕਿਆ ਹੋਇਆ ਰਹਿ ਗਿਆ, ਉਹ ਖੇਤੀ ਕਰਜ਼ੇ ਦੇ ਹੱਲ ਦਾ ਸੀ। ਹਾਲਾਂਕਿ, ਭਾਰਤ ਸਰਕਾਰ ਦੇ ਬਦਲੇ ਰੁਖ ਤੋਂ ਬਾਅਦ ਉਮੀਦ ਦੀ ਕਿਰਨ ਜਗੀ ਹੈ।
ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਇਹ ਪੰਜਾਬ ਦੇ ਕਿਸਾਨ ਹੀ ਹਨ ਜਿਨ੍ਹਾਂ ਨੇ ਮੁਲਕ ਦੀ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੰਗਾਰ ਨੂੰ ਖਿੜੇ ਮੱਥੇ ਕਬੂਲਿਆ ਅਤੇ ਹਰੀ ਕ੍ਰਾਂਤੀ ਦੇ ਮੋਢੀ ਬਣੇ। ਅਨਾਜ ਨਾਲ ਨੱਕੋ-ਨੱਕ ਭਰੇ ਗੁਦਾਮ ਕਿਸਾਨਾਂ ਦੀ ਅਣਥੱਕ ਮਿਹਨਤ ਦੀ ਗਵਾਹੀ ਭਰਦੇ ਹਨ। ਪੀ.ਐਲ. 480 (ਜਹਾਜ਼ ਤੋਂ ਮੂੰਹ ਤੱਕ) ਦੇ ਘਾਟ ਵਾਲੇ ਦਿਨ ਤੋਂ ਲੈ ਕੇ ਦੇਸ਼ ਦੇ ਨਾਗਰਿਕਾਂ ਲਈ ਭੋਜਨ ਦੇ ਅਧਿਕਾਰ ਤੱਕ ਦਾ ਲੰਮਾ ਸਫ਼ਰ ਸਾਡੇ ਕਿਸਾਨਾਂ ਅਤੇ ਖੇਤ ਕਾਮਿਆਂ ਦੀ ਮਿਹਨਤ-ਮੁਸ਼ੱਕਤ ਦਾ ਜਿਉਂਦਾ-ਜਾਗਦਾ ਸਬੂਤ ਹੈ। ਹਾਲਾਂਕਿ, ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਡੇ ਸਵੈ-ਮਾਣ ਵਾਲੇ ਕਿਸਾਨਾਂ ਨੇ ਆਪਣੇ ਆਪ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ ਲਿਆ।
ਮੁੱਖ ਮੰਤਰੀ ਚੰਨੀ ਨੇ ਭਾਵੁਕ ਹੁੰਦਿਆਂ ਕਿਹਾ, “ਜਦੋਂ ਕਿਸਾਨ ਖੇਤੀ ਕਰਦੇ ਹਨ ਤਾਂ ਉਸ ਵੇਲੇ ਉਨ੍ਹਾਂ ਦੇ ਬਹਾਦਰ ਪੁੱਤ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸੰਵੇਦਨਸ਼ੀਲ ਸਰਹੱਦਾਂ ਦੀ ਰਾਖੀ ਕਰ ਰਹੇ ਹੁੰਦੇ ਹਨ। ਅੱਜ ਭਾਰਤ ਮਿੱਟੀ ਦੇ ਸੱਚੇ ਸਪੂਤਾਂ ਦਾ ਦਿਲੋਂ ਰਿਣੀ ਹੈ। ਮੇਰਾ ਇਹ ਦ੍ਰਿੜ ਵਿਚਾਰ ਹੈ ਕਿ ਇਹ ਮਹਾਨ ਮੁਲਕ ਜਿਸ ਦੀ ਕਿਸਾਨਾਂ ਨੇ ਦਹਾਕਿਆਂਬੱਧੀ ਸੇਵਾ ਕੀਤੀ, ਦਾ ਹੁਣ ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਦਾ ਬੋਝ ਸਹਿਣ ਕਰੇ ਅਤੇ ਖੇਤੀ ਕਰਜ਼ੇ ਨੂੰ ਮੁਕੰਮਲ ਤੌਰ ਉਤੇ ਨਿਪਟਾਰਾ ਕਰ ਦੇਵੇ। ਕਿਸੇ ਵੀ ਬੈਂਕਿੰਗ ਜਾਂ ਗੈਰ-ਬੈਂਕਿੰਗ ਸੰਸਥਾ ਨੂੰ ਖੇਤੀ ਕਰਜ਼ੇ ਦੀ ਵਸੂਲੀ ਲਈ ਸਾਡੇ ਕਿਸਾਨਾਂ ਜਾਂ ਖੇਤ ਕਾਮਿਆਂ ਦਾ ਦਰ ਨਹੀਂ ਖੜ੍ਹਕਾਉਣਾ ਚਾਹੀਦਾ ਕਿਉਂ ਜੋ ਇਹ ਕਰਜ਼ੇ ਹੀ ਕਿਸਾਨਾਂ ਅਤੇ ਖੇਤ ਕਾਮਿਆਂ ਦੀਆਂ ਖੁਦਕੁਸ਼ੀਆਂ ਦਾ ਮੂਲ ਕਾਰਨ ਹਨ ਅਤੇ ਇਸੇ ਕਰਕੇ ਪੇਂਡੂ ਅਰਥਚਾਰਾ ਵੀ ਦਬਾਅ ਹੇਠ ਹੈ।”

Related posts

ਬਾਦਲ ਵੱਲੋਂ ਮੁੱਖ ਮੰਤਰੀ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪੰਜਾਬ ਤੇ ਹਰਿਆਣਾ ਵਿਚਾਲੇ ਗੱਲਬਾਤ ਲਈ ਮੁੱਦਾ ਬਣਾਉਣ ਵਿਰੁੱਧ ਚੇਤਾਵਨੀ

punjabusernewssite

ਆਪ ਸਰਕਾਰ ਵਲੋਂ ਸਰਾਬ ਠੇਕਿਆਂ ਨੂੰ ਸਾਲ ਦੀ ਬਜਾਏ ਤਿੰਨ ਮਹੀਨਿਆਂ ਲਈ ਠੇਕੇ ’ਤੇ ਦੇਣ ਦਾ ਫੈਸਲਾ

punjabusernewssite

ਹੁਣ 20 ਫਰਵਰੀ ਨੂੰ ਪੈਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ

punjabusernewssite