Saturday, May 2, 2026
spot_img
spot_img

ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਠੋਕੀ ਬਠਿੰਡਾ ਸ਼ਹਿਰੀ ਹਲਕੇ ’ਤੇ ਦਾਅਵੇਦਾਰੀ

Date:

spot_img

ਸ਼ਹਿਰ ’ਚ ਲਗਾਈਆਂ ਫਲੈਕਸਾਂ ਪਾੜਣ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਹਲਕੇ ’ਤੇ ਅਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਚੋਣ ਲੜਣ ਲਈ ਤਤਪਰ ਰਹਿਣ ਵਾਲੇ ਇਸ ਆਗੂ ਦੇ ਅਚਾਨਕ ਸ਼ਹਿਰ ਵਿਚ ਹੋਰਡਿੰਗ ਤੇ ਬੋਰਡਾਂ ਦੀ ਭਰਮਾਰ ਹੋ ਗਈ ਹੈ। ਪ੍ਰੰਤੂ ਕਾਂਗਰਸ ਦੇ ਝੰਡੇ ਦੇ ਰੰਗ ਦੇ ਪਿਛੋਕੜ ਵਾਲੀਆਂ ਇੰਨ੍ਹਾਂ ਹੋਰਡਿੰਗਾਂ ’ਤੇ ਕਾਂਗਰਸ ਦੇ ਕਿਸੇ ਹੋਰ ਆਗੂ ਦੀ ਫ਼ੋਟੋ ਨਾ ਹੋਣ ਕਾਰਨ ਕਈ ਤਰ੍ਹਾਂ ਦੇ ਸਿਆਸੀ ਚਰਚੇ ਸ਼ੁਰੂ ਹੋ ਗਏ ਹਨ। ਹਾਲਾਂਕਿ ਨੰਬਰਦਾਰ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਇੱਕ ਦਿਨ ਪਹਿਲਾਂ ਲਗਾਈਆਂ ਫ਼ਲੈਕਸਾਂ ਵਿਚੋਂ ਕੁੱਝ ਨੂੰ ਪਾੜ੍ਹ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਸੇਠ ਮਿਲਖ਼ੀ ਰਾਮ ਤੋਂ ਕਾਂਗਰਸ ਦਾ ਝੰਡਾ ਚੁੱਕਣ ਵਾਲੇ ਇਸ ਪ੍ਰਵਾਰ ਵਿਚੋਂ ਦੇਵ ਰਾਜ ਨੰਬਰਦਾਰ 1985 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਮੌਜੂਦਾ ਸਮੇਂ ਰਾਜ ਨੰਬਰਦਾਰ ਖ਼ੁਦ ਟਿਕਟ ਦਾ ਦਾਅਵੇਦਾਰ ਹੈ ਤੇ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਸਥਾਨਕ ਨਗਰ ਨਿਗਮ ਦਾ ਵਾਰਡ ਨੰਬਰ 14 ਤੋਂ ਕੋਂਸਲਰ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਅਗਰਵਾਲ ਭਾਈਚਾਰੇ ਨਾਲ ਸਬੰਧਤ ਰਾਜ ਨੰਬਰਦਾਰ ਦੀ ਕਾਂਗਰਸ ਤੋਂ ਬਾਗੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਚੰਗੀ ਨੇੜਤਾ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਕੈਪਟਨ ਧੜਾ ਉਨ੍ਹਾਂ ਨੂੰ ਅਪਣੇ ਪਾਲੇ ਵਿਚ ਕਰ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਜੇਕਰ ਨੰਬਰਦਾਰ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਤੋਂ ਵੀ ਉਮੀਦਵਾਰ ਬਣਦੇ ਹਨ ਤਾਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਾਂਗਰਸ ਦੀ ਮੰਨੀ ਜਾਣ ਵਾਲੀ ਹਿੰਦੂ ਵੋਟ ਉਪਰ ਉਕਤ ਆਗੂ ਦਾ ਕਾਫ਼ੀ ਪ੍ਰਭਾਵ ਹੈ। ਉਧਰ ਸੰਪਰਕ ਕਰਨ ’ਤੇ ਰਾਜ ਨੰਬਰਦਾਰ ਨੇ ਮੰਨਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਮਜਬੂਤ ਦਾਅਵੇਵਾਰ ਹਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਸ਼ਹਿਰ ਵਿਚ 500 ਦੇ ਕਰੀਬ ਹੋਰਡਿੰਗ ਲਗਾਏ ਹਨ। ਉਨ੍ਹਾਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਉਮੀਦਵਾਰ ਬਣਨ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜਲਦੀ ਹੀ ਸਭ ਕੁੱਝ ਕਲੀਅਰ ਹੋ ਜਾਵੇਗਾ, ਕਿਉਂਕਿ ਟਕਸਾਲੀ ਕਾਂਗਰਸੀ ਹੋਣ ਕਾਰਨ ਉਨ੍ਹਾਂ ਦਾ ਇਸ ਹਲਕੇ ਤੋਂ ਹੱਕ ਬਣਦਾ ਹੈ। ਇਸਦੇ ਇਲਾਵਾ ਰਾਜ ਨੰਬਰਦਾਰ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਵਿਧਾਇਕ ਵਜੋਂ ਸਿਰਫ਼ ਇੱਕ ਰੁਪਇਆ ਤਨਖ਼ਾਹ ਲੈਣਗੇ ਅਤੇ ਨਾ ਹੀ ਸਰਕਾਰੀ ਗੱਡੀ ਤੇ ਕੋਈ ਹੋਰ ਸਹੂਲਤ ਲੈਣਗੇ। ਇੱਥੇ ਦਸਣਾ ਬਣਦਾ ਹੈ ਕਿ ਉਕਤ ਆਗੂ ਦੇ ਕੋਂਸਲਰ ਪੁੱਤਰ ਵਿੱਕੀ ਨੰਬਰਦਾਰ ਵਲੋਂ ਵੀ ਬਤੌਰ ਕੋਂਸਲਰ ਮਿਲਦੀ ਤਨਖ਼ਾਹ ਅਪਣੇ ਵਾਰਡ ਵਿਚ ਪੈਂਦੇ ਗੁਰਦੂਆਰਾ ਭਾਈ ਮਤੀ ਦਾਸ ਨਗਰ, ਗੁਰਦੂਆਰਾ ਸ਼੍ਰੀ ਜੀਵਨ ਪ੍ਰਕਾਸ਼ ਮਾਡਲ ਟਾਊਨ ਤੇ ਦੁਰਗਾ ਮੰਦਰ ਮਾਡਲ ਟਾਊਨ ’ਚ ਹਰ ਮਹੀਨੇ ਬਰਾਬਰ ਵੰਡੀ ਜਾਂਦੀ ਹੈ।

Share post:

spot_img

Popular

More like this
Related