ਕੇਜਰੀਵਾਲ ਦੀ ਮੁਆਫ਼ੀ ਨਾਲ ਆਪ ਦੀ ਅਕਾਲੀਆਂ ਨਾਲ ਲੁਕੀ ਸਾਂਝ ਸਾਹਮਣੇ ਆਈ
ਆਪਣੇ ਨਿੱਜੀ ਹਿੱਤਾਂ ਵਾਸਤੇ ਪੰਜਾਬ ਦੇ ਮਾਲੀਏ ਦੀ ਲੁੱਟ ਲਈ ਬਾਦਲਾਂ ਅਤੇ ਮਜੀਠੀਆ ਨੂੰ ਭੱਜਣ ਨਹੀਂ ਦਿਆਂਗੇ
ਮੁੱਖ ਮੰਤਰੀ ਵੱਲੋਂ ਭੀਖੀ ਕਸਬੇ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ
ਮੁੱਖ ਮੰਤਰੀ ਵੱਨੋਂ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ 15-15 ਕਰੋੜ ਰੁਪਏ ਨੂੰ ਮਨਜ਼ੂਰੀ
ਸੁਖਜਿੰਦਰ ਮਾਨ
ਮਾਨਸਾ, 10 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦਿੱਲੀ ਸਰਹੱਦਾਂ ਤੋਂ ਜਿੱਤ ਕੇ ਮੁੜਨ `ਤੇ ਕਿਸਾਨਾਂ ਦਾ ਸਵਾਗਤ ਕਰੇਗੀ। ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬੇਮਿਸਾਲ ਏਕਤਾ ਨੇ ਮੋਦੀ ਸਰਕਾਰ ਨੂੰ ਕਾਲੇ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਚੰਨੀ ਨੇ ਕਿਹਾ ਕਿ ਕਰੀਬ ਇੱਕ ਸਾਲ ਤੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਬਾਵਜੂਦ ਭਾਜਪਾ ਆਗੂ ਹੁਣ ਕਿਸਾਨਾਂ ਦੀ ਜਿੱਤ ਤੋਂ ਸਿਆਸੀ ਲਾਹਾ ਲੈਣ ਦੀ ਫ਼ਿਰਾਕ ਵਿੱਚ ਹਨ ਅਤੇ ਇਸ ਨੂੰ ਪੰਜਾਬ ਵਿੱਚ ਚੋਣ ਕਾਰਡ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਆਗੂਆਂ ਨੂੰ ਇਸ ਮਹੱਤਵਪੂਰਨ ਮੁੱਦੇ `ਤੇ ਸਿਆਸਤ ਕਰਨ ਤੋਂ ਸੁਚੇਤ ਰਹਿਣ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਅਤੇ ਲੋਕ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈਣ ਵਾਲੀ ਮੋਦੀ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਕੋਈ ਆਸਾਨ ਜਿੱਤ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਹੰਕਾਰ ਦੀ ਭਾਰੀ ਕੀਮਤ ਚੁਕਾਉਣੀ ਪਈ ਕਿਉਂਕਿ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਹੈ ਜੋ ਦੇਸ਼ ਵਿੱਚ ਖੇਤੀਬਾੜੀ ਭਾਈਚਾਰੇ ਨੂੰ ਬਚਾਉਣ ਲਈ ਇਤਿਹਾਸਕ ਅਤੇ ਮਹਾਨ ਉਦੇਸ਼ ਵਾਸਤੇ ਲੜ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ 350 ਦੇ ਕਰੀਬ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਹੈ ਅਤੇ ਪੰਜਾਬ ਦੇ ਬਾਕੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਜਲਦ ਹੀ ਇਹ ਸਹੂਲਤ ਦਿੱਤੀ ਜਾਵੇਗੀ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ 17,000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਲਈ 10 ਫੀਸਦੀ ਵਾਧੂ ਰਾਸ਼ੀ ਮਨਜ਼ੂਰ ਕੀਤੀ ਹੈ, ਜਿਸ ਵਿੱਚੋਂ 12,000 ਰੁਪਏ ਪ੍ਰਤੀ ਏਕੜ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਜਾ ਚੁੱਕੇ ਹਨ ਅਤੇ ਬਾਕੀ 5,000 ਰੁਪਏ ਪ੍ਰਤੀ ਏਕੜ ਇੱਕ ਹਫ਼ਤੇ ਵਿੱਚ ਭੇਜ ਦਿੱਤੇ ਜਾਣਗੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਅਤੇ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਵੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਆਪਣਾ ਕਾਰੋਬਾਰੀ ਸਾਮਰਾਜ ਸਥਾਪਤ ਕਰਨ ਵਾਸਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਲਈ ਬਾਦਲਾਂ ਅਤੇ ਮਜੀਠੀਆ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਮਜੀਠੀਆ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦੇ ਕੇ ਅਜਿਹੇ ਮਾੜੇ ਕੰਮਾਂ ਵਿੱਚ ਖੁਦ ਨੂੰ ਸ਼ਾਮਲ ਕਰ ਲਿਆ ਹੈ।ਮੁੱਖ ਮੰਤਰੀ ਚੰਨੀ ਨੇ ਕਿਹਾ, “ਇਸ ਤਰ੍ਹਾਂ ਦੇ ਲੋਕ ਕਦੇ ਵੀ ਆਮ ਲੋਕਾਂ ਦੀ ਦੁਰਦਸ਼ਾ ਨੂੰ ਨਹੀਂ ਸਮਝਣਗੇ ਕਿਉਂਕਿ ਉਹ ਕੁਲੀਨ ਵਰਗ ਨਾਲ ਸਬੰਧਤ ਹਨ। ਕੁਲੀਨ ਵਰਗ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦਾ ਇੱਕੋ ਇੱਕ ਮਨੋਰਥ ਕਿਸੇ ਵੀ ਤਰੀਕੇ ਨਾਲ ਆਪਣੀਆਂ ਜੇਬਾਂ ਭਰਨਾ ਹੁੰਦਾ ਹੈ।”ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ ਬਾਰੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕਰਦਾਤਾਵਾਂ ਦੇ ਪੈਸੇ `ਤੇ ਆਪਣੇ ਨਾਲ ਸਲਾਹਕਾਰਾਂ ਦੀ ਇੱਕ ਟੀਮ ਰੱਖੀ ਹੋਈ ਸੀ ਅਤੇ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਨੂੰ ਸੈਂਕੜੇ ਪੁਲਿਸ ਮੁਲਾਜ਼ਮਾਂ ਦੀ ਸਹੂਲਤ ਵੀ ਦਿੱਤੀ ਸੀ।’ਆਪ’ ਨੂੰ ਠੱਗਾਂ ਅਤੇ ਲੁਟੇਰਿਆਂ ਦੀ ਪਾਰਟੀ ਕਰਾਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ‘ਖਾਸ ਪਾਰਟੀ’ ਦੇ ਗੈਰ-ਪੰਜਾਬੀ ਲੋਕ ਆਪਣੇ ਚੋਣ ਮਨੋਰਥ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬੀ ਇਸ ਤੋਂ ਵਾਕਫ਼ ਹਨ ਅਤੇ ਇਨ੍ਹਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਹਰ ਪਾਸੇ ‘ਬਾਹਰੀਆਂ’ ਦੇ ਪੋਸਟਰ ਲਗਾ ਕੇ ਪੰਜਾਬ ‘ਤੇ ਕਬਜ਼ਾ ਕਰਨ ਦਾ ਉਨ੍ਹਾਂ ਦਾ ਸੁਪਨਾ ਕਦੇ ਵੀ ਹਕੀਕਤ ਵਿੱਚ ਨਹੀਂ ਬਦਲੇਗਾ ਕਿਉਂਕਿ ਪੰਜਾਬ ਵਾਸੀ ਇਨ੍ਹਾਂ ਕਾਲੇ ਦਿਲਾਂ ਵਾਲੇ ਕਾਲੇ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਸੁੱਟ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਇਹ ‘ਬਾਹਰਲੇ’ ਪੰਜਾਬ ਦੇ ਕਿਸੇ ਵੀ ਆਗੂ ਨੂੰ ਆਪਣੇ ਪੋਸਟਰਾਂ ਅਤੇ ਹੋਰਡਿੰਗਾਂ ‘ਤੇ ਵੀ ਥਾਂ ਨਹੀਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਲੁਕਵੇਂ ਏਜੰਡੇ ਦੀ ਪੋਲ ਖੁੱਲ੍ਹ ਗਈ ਹੈ।ਇਸ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਖੁੱਲ੍ਹ ਦਿੱਤੀ ਸੀ ਪਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ।ਰਾਜਾ ਵੜਿੰਗ ਨੇ ਕਿਹਾ ਕਿ ਹੁਣ ਸਾਡਾ ਕੈਪਟਨ ਬਦਲ ਗਿਆ ਹੈ ਅਤੇ ਸਾਡੇ ਨਵੇਂ ਮੁੱਖ ਮੰਤਰੀ ਚੰਨੀ ਨੇ ਕੁਝ ਮਹੀਨਿਆਂ ਦੇ ਅੰਦਰ-ਅੰਦਰ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ। ਕਈ ਵਾਅਦੇ ਜਿਵੇਂ ਕਿ ਬਿਜਲੀ ਦੀਆਂ ਸਸਤੀਆਂ ਦਰਾਂ, ਪਾਣੀ ਅਤੇ ਬਿਜਲੀ ਦੇ ਬਿੱਲਾਂ ਨੂੰ ਮੁਆਫ ਕਰਨਾ ਅਤੇ ਰੇਤਾ-ਬੱਜਰੀ ਦੇ ਰੇਟਾਂ ਨੂੰ ਘਟਾਉਣਾ ਸਿਰਫ 70 ਦਿਨਾਂ ਵਿੱਚ ਪੂਰਾ ਕਰ ਦਿੱਤਾ ਗਿਆ ਹੈ।ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਮੁੱਖ ਮੰਤਰੀ ਚੰਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਾਨਸਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਲੋੜੀਂਦੀਆਂ ਗਰਾਂਟਾਂ ਮਨਜ਼ੂਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਜੈਤੋ ਤੋਂ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਨਾਭਾ ਤੋਂ ਅਕਾਲੀ ਆਗੂ ਮੱਖਣ ਸਿੰਘ ਲਾਲਕਾ ਦਾ ਵੀ ਪਾਰਟੀ ਵਿੱਚ ਸਵਾਗਤ ਕੀਤਾ। ਮੁੱਖ ਮੰਤਰੀ ਨੇ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦੇ ਸਨਦ ਵੀ ਵੰਡੇ।ਮਾਨਸਾ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਮਾਨਸਾ ਦੇ ਹਰੇਕ ਹਲਕੇ ਲਈ 15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਭਿੱਖੀ ਕਸਬੇ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਅਤੇ ਸਿਵਲ ਹਸਪਤਾਲ ਮਾਨਸਾ ਨੂੰ ਅਪਗ੍ਰੇਡ ਕਰਨ, ਸੀਵਰੇਜ ਪ੍ਰੋਜੈਕਟ ਅਤੇ ਸਥਾਨਕ ਸਰਕਾਰੀ ਕਾਲਜ ਵਿੱਚ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਪ੍ਰਧਾਨ ਮੰਜੂ ਬਾਂਸਲ, ਇੰਚਾਰਜ ਬੁਢਲਾਡਾ ਮੰਜੂ ਭੱਟੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਮੋਫਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਰਸ਼ਦੀਪ ਗੱਗੋਵਾਲ, ਯੂਥ ਆਗੂ ਗੁਰਪ੍ਰੀਤ ਵਿੱਕੀ, ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨਚੁਸਪਿੰਦਰ ਚਾਹਲ ਮੌਜੂਦ ਸਨ।
Share the post "ਪੰਜਾਬ ਸਰਕਾਰ ਦਿੱਲੀ ਦੀਆਂ ਸਰਹੱਦਾਂ ਤੋਂ ਜਿੱਤ ਕੇ ਵਾਪਸ ਮੁੜਨ `ਤੇ ਕਿਸਾਨਾਂ ਦਾ ਕਰੇਗੀ ਸੁਆਗਤ: ਮੁੱਖ ਮੰਤਰੀ ਚੰਨੀ"