ਇੱਕ ਬਸਪਾ ਵਿਚੋਂ ਐਸ.ਸੀ ਭਾਈਚਾਰੇ ਤੇ ਇੱਕ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ
ਬੀਬੀ ਜੰਗੀਰ ਕੌਰ ਨੂੰ ਵੀ ਪ੍ਰਭਾਵਸ਼ਾਲੀ ਮਹਿਕਮੇ ਦੀ ਵਜ਼ਾਰਤ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਦਸੰਬਰ: ਸੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਸੂਬੇ ਵਿਚ ਅਕਾਲੀ-ਬਸਪਾ ਸਰਕਾਰ ਬਣਦੀ ਹੈ ਤਾਂ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ, ਜਿੰਨ੍ਹਾਂ ਵਿਚ ਇੱਕ ਬਸਪਾ ਵਿਚੋਂ ਐਸ.ਸੀ ਭਾਈਚਾਰੇ ਵਿਚੋਂ ਲਿਆ ਜਾਵੇਗਾ ਜਦੋਂਕਿ ਦੂਜਾ ਉਪ ਮੁੱਖ ਮੰਤਰੀ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ। ਅੱਜ ਦੁਆਬਾ ਵਿਚ ਬੰਗਾ ਤੋਂ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਤੇ ਭੁਲੱਥ ਤੋਂ ਬੀਬੀ ਜੰਗੀਰ ਕੌਰ ਦੇ ਹੱਕ ਵਿਚ ਰੱਖੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਦੀ ਇੱਕ ਵੱਡੀ ਤਾਕਤ ਹੈ ਤੇ ਇਸ ਵਰਗ ਨੂੰ ਉਪ ਮੁੱਖ ਮੰਤਰੀ ਦਾ ਅਹੁੱਦਾ ਦੇਣਾ ਮਾਣ ਵਾਲੀ ਗੱਲ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਬੀਬੀ ਜੰਗੀਰ ਕੌਰ ਨੂੰ ਵੀ ਅਕਾਲੀ ਸਰਕਾਰ ’ਚ ਪ੍ਰਭਾਵਸ਼ਾਲੀ ਵਜ਼ਾਰਤ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਤੇ ਆਪ ਦੇ ਹੱਥ ਇਸ ਵਾਰ ਨਿਰਾਸ਼ਾ ਲੱਗੇਗੀ ਤੇ ਪੰਜਾਬ ਦੇ ਲੋਕ ਪਿਛਲੀ ਅਕਾਲੀ ਸਰਕਾਰ ਦੌਰਾਨ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਮੁੜ ਅਕਾਲੀ-ਬਸਪਾ ਗਠਜੋੜ ਨੂੰ ਤਾਕਤ ਦੇਣ ਦੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਕਾਂਗਰਸੀਆਂ ਦੀਆਂ ਜਮਾਨਤਾਂ ਜਬਤ ਹੋ ਜਾਣੀਆਂ ਹਨ ਅਤੇ ਕੇਜਰੀਵਾਲ ਪੰਜਾਬ ਵਿਚ ਨਜ਼ਰ ਨਹੀਂ ਆਉਣਾ ਹੈ। ਉਨ੍ਹਾਂ ਕਿਹਾ ਕਿ 5 ਸਾਲ ਅਸੀਂ ਵਨਵਾਸ ਕੱਟਿਆ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਵੱਲੋਂ ਬਾਬੂ ਕਾਂਸ਼ੀ ਰਾਮ ਦੇ ਨਾਂਅ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ।
Share the post "ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦੋ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ"