👉ਕਿਹਾ, ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਅੱਧੀ ਦਰਜਨ ਤੋਂ ਵੱਧ ਕਾਂਗਰਸੀਆਂ ਨੇ ਦਰਜ਼ ਕੀਤੀ ਜਿੱਤ
Bathinda News: ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਉਮੀਦਵਾਰਾਂ ਦੀ ਜਿੱਤ ‘ਤੇ ਹਲਕੇ ਦੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਹਲਕੇ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਸਰਕਾਰੀ ਤੰਤਰ ਦੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਹੈ। ਬੀਤੇ ਕੱਲ ਆਪਣੇ ਨਿਵਾਸ ਸਥਾਨ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਅਤੇ ਹਲਕੇ ਵਿੱਚ ਵੱਖ-ਵੱਖ ਜੋਨਾਂ ਉਪਰ ਡੱਟ ਕੇ ਮੁਕਾਬਲਾ ਕਰਨ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਉਹ ਆਪਣੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ।
ਇਹ ਵੀ ਪੜ੍ਹੋ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਦੀਆਂ ਦੋਨੋਂ ਪਤਨੀਆਂ ਨੂੰ ਮਿਲੀ ਵੱਡੀ ਜਿੱਤ
ਸ਼੍ਰੀ ਜਟਾਣਾ ਨੇ ਦਾਅਵਾ ਕੀਤਾ ਕਿ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਮਿਹਨਤ ਅਤੇ ਹਲਕੇ ਦੇ ਵੋਟਰਾਂ ਵੱਲੋਂ ਦਿੱਤੇ ਸਮਰਥਨ ਪ੍ਰਤੀ ਉਹ ਹਮੇਸ਼ਾ ਸਿਰ ਝੁਕਾਉਂਦੇ ਹਨ। ਉਨਾਂ ਕਾਂਗਰਸੀ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਨਾਲ ਆਪਣੀ ਇੱਕਜੁਟਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣੀ ਆਵਾਜ਼ ਉਠਾਉਂਦੇ ਰਹਿਣਗੇ। ਇਸ ਮੌਕੇ ਸ਼੍ਰੀ ਜਟਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੀ ਤਰ੍ਹਾਂ ਹਲਕਾ ਤਲਵੰਡੀ ਸਾਬੋ ਵਿੱਚ ਵੀ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਸੱਤਾਧਾਰੀ ਧਿਰ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਵਿਰੋਧੀਆਂ ਉਮੀਦਵਾਰਾਂ ਨੂੰ ਜ਼ਬਰਦਸਤੀ ਹਰਾਇਆ ਗਿਆ।
ਇਹ ਵੀ ਪੜ੍ਹੋ ਬਾਗੀ ਅਕਾਲੀ MLA ਨੂੰ ਹਲਕੇ ਵਿਚ ਮਿਲੀ ਇੱਕ ਤਰਫ਼ਾ ਜਿੱਤ ਦੀ ਪੰਜਾਬ ‘ਚ ਚਰਚਾ
ਹਲਕਾ ਇੰਚਾਰਜ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਤਿੰਨ-ਚਾਰ ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਦੇ ਅੰਤਰ ਨਾਲ ਹਰਾਇਆ ਗਿਆ। ਇਸ ਦੇ ਬਾਵਜੂਦ ਪੰਚਾਇਤ ਸੰਮਤੀ ਦੇ ਜੋਨ ਭਾਗੀਵਾਂਦਰ, ਲੇਲੇਵਾਲਾ ਕਮਾਲੂ, ਫੁਲੋਖਾਰੀ, ਗੋਲੇ ਵਾਲਾ ਤੇ ਗਾਟਵਾਲੀ ਵਿਚੋਂ ਕਾਂਗਰਸੀ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਜੇਤੂ ਉਮੀਦਵਾਰਾਂ ਨੂੰ ਆਪੋ-ਆਪਣੇ ਜੋਨਾਂ ਦੇ ਲੋਕਾਂ ਦੇ ਕੰਮ ਕਰਵਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨ ਲਈ ਵੀ ਕਿਹਾ। ਇਸ ਮੌਕੇ ਸ੍ਰੀ ਜਟਾਣਾ ਨਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ।







