ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਨਸ਼ਾ ਤਸਕਰੀ ਦੇ ਦਰਜ਼ ਹੋਏ ਪਰਚੇ ਦੇ ਵਿਰੋਧ ’ਚ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਭਲਕੇ ਐੱਸਐੱਸਪੀ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਗੁਰਲਾਬ ਸਿੰਘ ਢੇਲਵਾ ਆਦਿ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਤੇ ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਤੋਂ ਧਿਆਨ ਭਟਕਾਉਣ ਲਈ ਵਿਰੋਧੀਆਂ ਖਿਲਾਫ ਝੂਠੇ ਪਰਚੇ ਦਰਜ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਅਪਣੇ 5 ਸਾਲ ਦੇ ਕਾਰਜ਼ਕਾਲ ਵਿਚ ਵਿੱਚ ਲੋਕਾਂ ਦੇ ਵਾਅਦਿਆਂ ਤੇ ਪੂਰਾ ਨਹੀਂ ਉਤਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਾਂਹ ਮਰੋੜ ਕੇ ਬਾਦਲ ਅਤੇ ਮਜੀਠੀਆ ਪਰਿਵਾਰ ਵਿਰੋਧੀ ਸੋਚ ਰੱਖਣ ਵਾਲੇ ਕਾਂਗਰਸੀਆਂ ਨੇ ਪਰਚਾ ਦਰਜ ਕਰਵਾਇਆ ਹੈ । ਪ੍ਰੰਤੂ ਅਕਾਲੀ ਦਲ ਹਰ ਲੜਾਈ ਲਈ ਤਿਆਰ ਹੈ। ਇਸ ਮੌਕੇ ਕਿਸਾਨ ਵਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚਮਕੌਰ ਸਿੰਘ ਮਾਨ, ਕੌਮੀ ਜਨਰਲ ਸਕੱਤਰ ਗਰਦੌਰ ਸਿੰਘ ਤੇ ਗੁਰਦੀਪ ਸਿੰਘ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਵਿੰਗ ਹਰਪਾਲ ਸਿੰਘ ਢਿੱਲੋਂ ਤੇ ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ।
Share the post "ਮਜੀਠੀਆ ਵਿਰੁਧ ਹੋਏ ਪਰਚੇ ਦੇ ਵਿਰੋਧ ’ਚ ਅਕਾਲੀ ਦਲ ਅੱਜ ਐਸ.ਐਸ.ਪੀ ਦਫ਼ਤਰ ਦਾ ਕਰੇਗਾ ਘਿਰਾਓ"