👉12 ਸਾਲ ਪਹਿਲਾਂ ਡੇਰੇ ਪ੍ਰਮੇਸ਼ਰ ਦੁਆਰ ਵਿਚ 28 ਸਾਲਾਂ ਲੜਕੀ ਦੇ ਹੋਏ ਕਤਲ ਮਾਮਲੇ ਵਿਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ
👉ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਜ਼ਹਿਰ ਦੇ ਕੇ ਲੱਗੇ ਮਾਰਨ ਦੇ ਦੋਸ਼
👉ਹਾਈਕੋਰਟ ਵਿਚ ਮੁੜ ਭਲਕੇ ਹੋਵੇਗੀ ਸੁਣਵਾਈ, ਦੋ ਪੁਲਿਸ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਚੰਡੀਗੜ੍ਹ, 10 ਦਸੰਬਰ: ਆਪਣੀਆਂ ਰੰਗ-ਬਰੰਗੀਆਂ ਪੋਸ਼ਾਕਾਂ ਤੇ ਵਿਵਾਦਮਈ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਬਾਬਾ ਰਣਜੀਤ ਸਿੰਘ ਢੱਡਰੀ ਵਾਲੇ ਵਿਰੁਧ ਪਟਿਆਲਾ ਪੁਲਿਸ ਨੇ ਆਪਣੇ ਡੇਰੇ ਵਿਚ 12 ਸਾਲ ਪਹਿਲਾਂ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸਤੋਂ ਬਾਅਦ ਉਸਦਾ ਕਤਲ ਕਰਨ ਦੇ ਮਾਮਲੇ ’ਚ ਬਲਾਤਕਾਰ ਅਤੇ ਕਤਲ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਹੈ, ਜਿੱਥੇ ਮ੍ਰਿਤਕ 28 ਸਾਲਾਂ ਨੌਜਵਾਨ ਲੜਕੀ ਦੇ ਭਰਾ ਸਾਹਿਬ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਦਰ-ਦਰ ਠੋਕਰਾਂ ਖਾਣ ਤੋਂ ਬਾਅਦ ਆਖ਼ਰੀ ਇਨਸਾਫ਼ ਦੀ ਅਪੀਲ ਕੀਤੀ ਸੀ। ਬਾਬੇ ਰਣਜੀਤ ਢੱਡਰੀ ਵਿਰੁਧ ਪਰਚਾ ਦਰਜ਼ ਕਰਨ ਦਾ ਖ਼ੁਲਾਸਾ ਹੁਣ ਖ਼ੁਦ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨੇ ਅੱਜ ਇਸ ਮਾਮਲੇ ਵਿਚ ਹਾਈਕੋਰਟ ’ਚ ਸੁਣਵਾਈ ਦੌਰਾਨ ਕੀਤਾ ਹੈ। ਜਿੱਥੈ ਡੀਜੀਪੀ ਵੱਲੋਂ ਦਰਜ਼ਨਾਂ ਪੇਜ਼ਾਂ ਦੇ ਦਿੱਤੇ ਹਲਫ਼ੀਆ ਬਿਆਨ ਵਿਚ ਦਸਿਆ ਗਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਜਾਂਚ ਤੋਂ ਬਾਅਦ ਲੰਘੀ 7 ਦਸੰਬਰ 2024 ਨੂੰ ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਥਾਣਾ ਪਸਿਆਣਾ ਵਿਚ ਮੁਕੱਦਮਾ ਨੰਬਰ 208 ਅਧੀਨ ਧਾਰਾ 302, 376 ਅਤੇ 506 ਆਈਪੀਸੀ ਤਹਿਤ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਦਿਵਿਆਂਗ ਵਿਅਕਤੀਆਂ ਦੀਆਂ 1754 ਅਸਾਮੀਆਂ ਦਾ ਬੈਕਲਾਗ ਭਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਦਾ ਐਲਾਨ
ਆਪਣੀ ਅਪੀਲ ਵਿਚ ਮ੍ਰਿਤਕ ਲੜਕੀ ਦੇ ਭਰਾ ਨੇ ਦਾਅਵਾ ਕੀਤਾ ਸੀ ਕਿ ਬਾਬੇ ਦੇ ਡੇਰੇ ਆਉਣ ਵਾਲੀ ਉਸਦੀ ਭੈਣ ਨਾਲ ਪਹਿਲਾਂ ਕਈ ਵਾਰ ਬਲਾਤਕਾਰ ਕੀਤਾ ਗਿਆ ਤੇ ਉਹ ਗਰਭਵਤੀ ਹੋ ਗਈ ਸੀ। ਜਦ ਲੜਕੀ ਨੇ ਬਾਬੇ ਨੂੰ ਉਸਨੂੰ ਸਵੀਕਾਰ ਕਰਨ ਲਈ ਕਿਹਾ ਤਾਂ ਉਸਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ।ਇਹ ਘਟਨਾ 22 ਅਪ੍ਰੈਲ 2012 ਦੀ ਦੱਸੀ ਜਾ ਰਹੀ ਹੈ, ਜਿੱਥੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਇਸ ਲੜਕੀ ਦੀ ਇਲਾਜ਼ ਦੌਰਾਨ ਮੌਤ ਹੋਈ ਸੀ। ਇਸਤੋਂ ਇਲਾਵਾ ਪੋਸਟਮਾਰਟਮ ਵਿਚ ਵੀ ਜ਼ਹਿਰ ਕਾਰਨ ਹੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ। ਲੜਕੀ ਹਰਿਆਣਾਂ ਨਾਲ ਸਬੰਧਤ ਸੀ, ਜੋ ਆਪਣੈ ਪ੍ਰਵਾਰ ਨਾਲ ਇਸ ਬਾਬੇ ਦੇ ਡੇਰੇ ਆਉਂਦੀ ਸੀ। ਪਰਚਾ ਦਰਜ਼ ਕਰਨ ਤੋਂ ਬਾਅਦ ਹੁਣ ਬਾਬੇ ਰਣਜੀਤ ਦੀ ਗ੍ਰਿਫਤਾਰੀ ਵੀ ਕਿਸੇ ਸਮੇਂ ਹੋ ਸਕਦੀ ਹੈ, ਕਿਉਂਕਿ ਪ੍ਰਵਾਰ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਮੰਗ ਕੀਤੀ ਹੈ।
ਇਹ ਵੀ ਪੜ੍ਹੋ ਟਰੰਪ ਸਰਕਾਰ ਵਿਚ ਮਹਿਲਾ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਬਣੀ ਸਹਾਇਕ ਅਟਾਰਨੀ ਜਨਰਲ
ਪੀੜਤ ਪ੍ਰਵਾਰ ਦੀ ਵਕੀਲ ਨਵਨੀਤ ਕੌਰ ਨੇ ਮੀਡੀਆ ਨੂੰ ਦਸਿਆ ਕਿ ਪੀੜਤ ਪ੍ਰਵਾਰ ਰਣਜੀਤ ਸਿੰਘ ਢੱਡਰੀਆਂ ਦਾ ਵੱਡਾ ਸ਼ਰਧਾਲੂ ਸੀ ਤੇ ਜਿਸਤੋਂ ਬਾਅਦ ਕਈ ਵਾਰ ਮ੍ਰਿਤਕ ਲੜਕੀ ਢੱਡਰੀ ਦੇ ਡੇਰੇ ਵਿਚ ਰਹਿੰਦੀ ਵੀ ਰਹੀ, ਜਿੱਥੇ ਦੋਸ਼ਾਂ ਮੁਤਾਬਕ ਉਕਤ ਬਾਬੇ ਨੇ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਅਤੇ ਵਕੀਲ ਨੇ ਇੱਥੋਂ ਤੱਕ ਕਿਹਾ ਕਿ ਰਣਜੀਤ ਬਾਬੇ ਨੇ ਉਕਤ ਲੜਕੀ ਤੋ ਇਲਾਵਾ ਉਥੇ ਹੋਰ ਆਉਣ ਜਾਣ ਵਾਲੀਆਂ ਲੜਕੀਆਂ ਨਾਲ ਵੀ ਅਜਿਹਾ ਕਰਦਾ ਰਿਹਾ। ਗੌਰਤਲਬ ਹੈ ਕਿ ਲੰਘੀ 14 ਨਵੰਬਰ 2024 ਨੂੰ ਇਸ ਮਾਮਲੇ ਵਿਚ ਆਪਣਾ ਪੱਖ ਰੱਖਦਿਆਂ ਬਾਬੇ ਰਣਜੀਤ ਸਿੰਘ ਢੱਡਰੀਵਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸਦੇ ਵਿਰੁਧ ਝੂਠੇ ਦੋਸ਼ ਲਗਾਏ ਜਾ ਰਹੇ ਹਨ ਜਦਕਿ ਉਸਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਾਬੇ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਸੀ ਤੇ ਦਾਅਵਾ ਕੀਤਾ ਸੀਕਿ ਲੜਕੀ ਨੇ ਪ੍ਰਮੇਸ਼ਰ ਦੁਆਰਾ ਦੇ ਗੇਟ ਅੱਗੇ ਜ਼ਹਿਰ ਖ਼ਾਧੀ ਸੀ ਤੇ ਸਾਡੇ ਬੰਦਿਆਂ ਨੇ ਤਾਂ ਉਸਨੂੰ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Big News: ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁਧ ਨੌਜਵਾਨ ਲੜਕੀ ਨਾਲ ਬਲਾਤਕਾਰ ਤੇ ਕਤਲ ਦਾ ਪਰਚਾ ਦਰਜ਼"