ਨਾਭਾ, 3 ਨਵੰਬਰ : ਗੱਠਾਂ ਬਣਾ ਕੇ ਕਿਸਾਨਾਂ ਦੇ ਖੇਤਾਂ ਵਿਚੋਂ ਇਕੱਠੀ ਕੀਤੀ ਪਰਾਲੀ ਦੇ ਡੰਪ ਨੂੰ ਬੀਤੀ ਦੇਰ ਰਾਤ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਪਟਿਆਲਾ ਤੋਂ ਨਾਭਾ ਰੋਡ ’ਤੇ ਪੈਂਦੇ ਪਿੰਡ ਇੰਦਰਪੁਰਾ ਵਿਖੇ ਵਾਪਰੀ ਇਸ ਘਟਨਾ ਕਾਰਨ ਸਟੋਰ ਕਰਕੇ ਰੱਖੀ ਪਰਾਲੀ ਦੇ ਸੈਕੜੇ ਟਰਾਲਿਆਂ ਦਾ ਇਹ ਡੰਪ ਮਿੰਟਾਂ ਵਿਚ ਹੀ ਸੜ ਕੇ ਸਵਾਹ ਹੋ ਗਿਆ। ਘਟਨਾ ਦਾ ਪਤਾ ਚੱਲਦਿਆਂ ਨਾਭਾ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਤੇ ਮਲੇਰਕੋਟਲਾ ਆਦਿ ਖੇਤਰਾਂ ਤੋਂ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ ਪ੍ਰੰਤੂ ਅੱਗ ਨੇ ਮਿੰਟਾਂ ਵਿਚ ਹੀ ਪਰਾਲੀ ਸਟੋਰ ਕਰਨ ਵਾਲੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ।
ਇਹ ਵੀ ਪੜ੍ਹੋ:ਮੰਦਭਾਗੀ ਖ਼ਬਰ: ਆਪਣੇ ਹੀ ਟਰੈਕਟਰ ‘ਥੱਲੇ’ ਆਉਣ ਕਾਰਨ ਕਿਸਾਨ ਦੀ ਹੋਈ ਮੌ+ਤ
ਪੀੜ੍ਹਤ ਕਿਸਾਨ ਵੱਲੋਂ ਇੱਥੇ ਜਮੀਨ ਠੇਕੇ ’ਤੇ ਲੈ ਕੇ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਉਸ ਮੁਤਾਬਕ ਹੁਣ ਤੱਕ ਲੱਖਾਂ ਰੁਪਏ ਖ਼ਰਚ ਕਰਕੇ 300 ਤੋਂ ਵੱਧ ਟਰਾਲੇ ਇੱਥੇ ਸਟੋਰ ਵੀ ਕਰ ਲਏ ਸਨ । ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਪ੍ਰੰਤੂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਕਾਰਵਾਈ ਵੀ ਹੋ ਸਕਦੀ ਹੈ। ਫ਼ਿਲਹਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਜਦੋਂਕਿ ਪੀੜ੍ਹਤ ਕਿਸਾਨ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀਆਂ ਅਤੇ ਦਾਨੀਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ।