ਬਠਿੰਡਾ, 24 ਅਕਤੂਬਰ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਜਿਲਾ ਬਠਿੰਡਾ ਦੇ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਟੀਚਰਜ ਹੋਮ ਬਠਿੰਡਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਾ ਜਰਨਲ ਸਕੱਤਰ ਸੁਖਮੰਦਰ ਸਿੰਘ ਧਾਲੀਵਾਲ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ,ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਾ ਕਨਵੀਨਰ ਸਵਰਨ ਸਿੰਘ ਪੂਹਲੀ, ਬੀਕੇਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ , ਝੋਨੇ ਦੀ ਨਿਰਵਿਘਨ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀ ਵਿੱਚ ਬੈਠਾ ਰੁਲ ਰਿਹਾ ਹੈ ,ਆੜਤੀਏ, ਮਜ਼ਦੂਰ ਅਤੇ ਸੈਲਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਲੱਗਿਆ ਹੋਰ ਵੱਡਾ ਝਟਕਾ, ਸਾਬਕਾ ਮੰਤਰੀ ਹੋਏ ਭਾਜਪਾ ਚ ਸ਼ਾਮਿਲ
ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਵੀ ਸਾਰੇ ਦੁਕਾਨਦਾਰ ਬੈਠੇ ਮੱਖੀਆਂ ਮਾਰ ਰਹੇ ਹਨ,ਪ੍ਰੰਤੂ ਸਰਕਾਰਾਂ ਘਟੀਆ ਰਾਜਨੀਤੀ ਕਰ ਰਹੀਆਂ ਹਨ । ਡੀਏਪੀ ਖਾਦ ਦੀ ਵੱਡੀ ਪੱਧਰ ਤੇ ਬਲੈਕ ਮੇਲਿੰਗ ਹੋ ਰਹੀ ਹੈ ।ਕਿਸਾਨ ਦਾ ਝੋਨਾ ਖਰੀਦਣ ਅਤੇ ਉਸ ਨੂੰ ਫਸਲ ਬੀਜਣ ਲਈ ਸਮੇਂ ਸਰ ਡੀਏਪੀ ਮੁਹਈਆ ਕਰਾਉਣ ਦੀ ਥਾਂ ਪ੍ਰਸ਼ਾਸਨ ਪਰਾਲੀ ਦੇ ਬਹਾਨੇ ਕਿਸਾਨਾਂ ਨੂੰ ਡਰਾ ਰਿਹਾ ਹੈ ਅਤੇ ਉਹਨਾਂ ਤੇ ਪਰਚੇ ਦਰਜ ਕਰ ਰਿਹਾ ਹੈ ,ਜਿਹੜੀ ਕਿ ਅਤਿ ਨਿੰਦਣ ਯੋਗ ਕਾਰਵਾਈ ਹੈ ।ਕਿਸਾਨਾਂ ਮਜ਼ਦੂਰਾਂ, ਆੜਤੀਆਂ ,ਸ਼ੈਲਰ ਮਾਲਕਾਂ ਅਤੇ ਦੂਜੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਬਰਬਾਦ ਕਰਨ ਦੇ ਪਿੱਛੇ ਕੇਂਦਰ ਸਰਕਾਰ ਦਾ ਛੁਪਿਆ ਹੋਇਆ ਕਾਰਪੋਰੇਟ ਪੱਖੀ ਏਜੰਡਾ ਹੈ ਜਿਸ ਨੂੰ 2020 ਵਿੱਚ ਤਿੰਨ ਖੇਤੀ ਬਿਲ ਲਿਆ ਕੇ ਲਾਗੂ ਕਰਨ ਦਾ ਮਨਸੂਬਾ ਸਿਰੇ ਨਹੀਂ ਚੜਾਇਆ ਜਾ ਸਕਿਆ । ਕੇਂਦਰ ਸਰਕਾਰ ਦੇ ਇਸ ਏਜੰਡੇ ਦਾ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਾਥ ਦੇ ਰਹੀ ਹੈ ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਵੱਲੋਂ ਮੁਲਾਜਮਾਂ ਨੂੰ ਦੀਵਾਲੀ ਤੋਹਫਾ, ਮਹਿੰਗਾਈ ਭੱਤਾ ਵਧਾਇਆ
ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਸ ਨੇ ਜੋ ਮੁਲਾਜ਼ਮ ਕਿਸਾਨਾਂ ਉੱਪਰ ਰੇਡਾਂ ਮਾਰਨ ਅਤੇ ਉਹਨਾਂ ਤੇ ਪਰਚੇ ਦਰਜ ਕਰਨ ਲਈ ਲਗਾਏ ਹਨ, ਨੂੰ ਝੋਨਾ ਚੁੱਕਣ ਅਤੇ ਡੀਏਪੀ ਖਾਦ ਦੀ ਬਲੈਕ ਮੇਲਿੰਗ ਰੋਕਣ ਲਈ ਲਗਾਵੇ । ਸੰਯੁਕਤ ਕਿਸਾਨ ਮੋਰਚਾ ਸਮਾਜ ਦੇ ਸਾਰੇ ਕਿੱਤਿਆਂ ਨੂੰ ਬਰਬਾਦ ਕਰਕੇ ਸਭ ਕੁਝ ਕਾਰਪੋਰੇਟ ਨੂੰ ਸੌਂਪਣ ਦਾ ਸਖਤ ਵਿਰੋਧ ਕਰਦਾ ਹੈ । ਆਗੂਆਂ ਨੇ ਦੱਸਿਆ ਕਿ ਕੱਲ 25 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਬਠਿੰਡਾ ਜਿਲ੍ਹਾ ਵਿੱਚ ਤਿੰਨ ਥਾਵਾਂ ਗੋਨਿਆਣਾ ਮੰਡੀ ,ਮੌੜ ਮੰਡੀ ਅਤੇ ਤਲਵੰਡੀ ਸਾਬੋ ਵਿਖੇ ਸੜਕਾਂ ਜਾਮ ਕਰਕੇ 11 ਤੋਂ 3 ਵਜੇ ਤੱਕ ਰੋਸ ਪ੍ਰਦਰਸ਼ਨ ਕਰੇਗਾ ਅਤੇ 29 ਅਕਤੂਬਰ ਨੂੰ ਡੀਸੀ ਦਫਤਰ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਮ ਸਿੰਘ ਕਲਿਆਣ ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ, ਬੀਕੇਯੂ ਮਾਨਸਾ ਦੇ ਰੇਸ਼ਮ ਸਿੰਘ ਜੀਦਾ, ਜਮਹੂਰੀ ਕਿਸਾਨ ਸਭਾ ਤੋਂ ਸੰਪੂਰਨ ਸਿੰਘ ਬਠਿੰਡਾ ,ਬੀਕੇਯੂ ਮਾਲਵਾ ਦੇ ਕੁਲਦੀਪ ਸਿੰਘ ਕੋਟ ਸ਼ਮੀਰ ,ਬੀਕੇਯੂ ਡਕੌਦਾ ਦੇ ਸਵਰਨ ਸਿੰਘ ਭਾਈ ਰੂਪਾ ਵੀ ਮੌਜੂਦ ਸਨ ।