ਮਾਨਸਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ
ਮਾਨਸਾ, 12 ਮਈ: ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿਰੋਧੀ ਹਨ, ਜਿਨਾਂ ਦੇ ਰਾਜਭਾਗ ਦੌਰਾਨ ਕਿਸਾਨਾਂ ‘ਤੇ ਅੱਤਿਆਚਾਰ ਹੋਏ ਹਨ ਅਤੇ 700 ਦੇ ਕਰੀਬ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ, ਜਿਸਨੂੰ ਪੰਜਾਬੀ ਕਦੇ ਵੀ ਨਹੀਂ ਭੁੱਲਣਗੇ। ਇਹ ਦਾਅਵਾ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸਾਨਾਂ ਦੀ ਕੋਈ ਪਾਰਟੀ ਹਮਦਰਦ ਹੈ ਤਾਂ ਉਹ ਕਾਂਗਰਸ ਪਾਰਟੀ ਹੈ ਜਿਸ ਨੇ ਪਹਿਲਾਂ ਵੀ ਕਰਜੇ ਮਾਫ ਕਰਕੇ ਕਿਸਾਨ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਅੱਜ ਮਾਨਸਾ ਹਲਕੇ ਦੇ ਭੀਖੀ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਅੱਜ ਸਮਾਂ ਹੈ ਇਹਨਾਂ ਸਿਆਸੀ ਜਮਾਤਾਂ ਨੂੰ ਭਾਂਜ ਦੇਣ ਦੀ ਤਾਂ ਕਿ ਅੱਗੇ ਤੋਂ ਕੋਈ ਵੀ ਕਿਸਾਨਾਂ ਵੱਲ ਉਂਗਲ ਚੁੱਕ ਕੇ ਨਾ ਦੇਖ ਸਕੇ। ਇਸ ਮੌਕੇ ਉਹਨਾਂ ਦੇ ਨਾਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ ਤੇ ਸਿਮਰਜੀਤ ਸਿੰਘ ਮਾਨਸਾਹੀਆ ਸਹਿਤ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ।
ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ
ਅਕਾਲੀ ਉਮੀਦਵਾਰ ਤੇ ਤੰਜ ਕਸਦਿਆ ਜੀਤ ਮਹਿੰਦਰ ਨੇ ਕਿਹਾ ਕਿ ਲਗਾਤਾਰ 15 ਸਾਲ ਇਸ ਹਲਕੇ ਦੀ ਨੁਮਾਇੰਦਗੀ ਅਤੇ ਸੱਤ ਸਾਲ ਤੱਕ ਕੇਂਦਰ ਵਿੱਚ ਵਜ਼ੀਰ ਰਹਿਣ ਦੇ ਬਾਵਜੂਦ ਉਹ ਹਲਕੇ ਦਾ ਕੁਝ ਵੀ ਸੁਮਾਰ ਨਹੀਂ ਸਕੇ। ਇਸੇ ਤਰ੍ਹਾਂ ਬਦਲਾਅ ਦਾ ਨਾਅਰਾ ਦੇ ਕੇ ਆਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਵੀ ਹਨ, ਦੋ ਸਾਲਾਂ ਦੇ ਵਿੱਚ ਕਿਸਾਨਾਂ ਦਾ ਇੱਕ ਵੀ ਭਲਾ ਨਹੀਂ ਕਰ ਪਾਏ। ਜਿਸ ਦੇ ਚਲਦੇ ਇਹ ਵੋਟ ਦੇ ਹੱਕਦਾਰ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਅੱਜ ਲੜਾਈ ਦੇਸ਼ ਹਮਾਇਤੀਆਂ ਦੀ ਲੋਕਤੰਤਰ ਨੂੰ ਬਚਾਉਣ ਦੀ ਹੈ ਜਿਸ ਦੇ ਵਿੱਚ ਹਰ ਵੋਟਰ ਨੂੰ ਸ਼ਾਮਿਲ ਹੋ ਕੇ ਸਾਥ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨਾਂ ਭੈਣੀ ਬਾਘਾ, ਫਰਬਾਹੀ, ਫਫੜੇ ਭਾਈ ਕੇ, ਕੋਟੜਾ, ਧਲੇਵਾਂ ,ਹੀਰੋ ਕਲਾ, ਹੋਡਲਾ, ਖੀਵਾ ਕਲਾ, ਖੀਵਾ ਖੁਰਦ, ਮੱਤੀ ਅਤਲਾ ਕਲਾਂ, ਸਮਾਉਂ ਤੇ ਖਿਆਲਾਂ ਕਲਾਂ ਤੋਂ ਇਲਾਵਾ ਇਹ ਵਾਰਡਾਂ ਦਾ ਵੀ ਦੌਰਾ ਕੀਤਾ।
Share the post "‘ਆਪ’ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ: ਜੀਤਮਹਿੰਦਰ ਸਿੰਘ ਸਿੱਧੂ"