ਤਰਨਤਾਰਨ, 2 ਨਵੰਬਰ: ਕੁੱਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਗੋਪੀ ਦੇ ਹੋਏ ਕਤਲ ਮਾਮਲੇ ਵਿਚ ਏਜੀਟੀਐਫ਼ ਦੀ ਟੀਮ ਵੱਲੋਂ ਤਿੰਨ ਹੋਰਨਾਂ ਮੁਲਜਮਾਂ ਨਾਲ ਯੁ.ਪੀ ਦੇ ਲਖਨਊ ਵਿਚੋਂ ਗ੍ਰਿਫਤਾਰ ਕਰਕੇ ਲਿਆਂਦੇ ਸ਼ੂਟਰ ਬਿਕਰਮਜੀਤ ਸਿੰਘ ਵਿੱਕੀ ਦੇ ਪੁਲਿਸ ਮੁਕਾਬਲੇ ਵਿਚ ਜਖ਼ਮੀ ਹੋਣ ਦੀ ਸੂਚਨਾ ਹੈ। ਕਥਿਤ ਦੋਸ਼ੀ ਵਿੱਕੀ ਨੂੰ ਘਟਨਾ ਸਮੇਂ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਆਈ ਹੋਈ ਸੀ। ਇਸ ਦੌਰਾਨ ਲੁਕੋ ਕੇ ਰੱਖੇ ਹਥਿਆਰਾਂ ਨਾਲ ਹੀ ਮੁਲਜਮ ਨੇ ਕਥਿਤ ਤੌਰ ’ਤੇ ਪੁਲਿਸ ਉਪਰ ਗੋਲੀ ਚਲਾ ਦਿੱਤੀ ਤੇ ਭੱਜਣ ਦੀ ਕੋਸਿਸ਼ ਕੀਤੀ।
ਇਹ ਵੀ ਪੜ੍ਹੋ:ਪਰਾਲੀ ਨੂੰ ਅੱਗ ਲਗਾਉਣ ਕਾਰਨ ਫ਼ਿਰੋਜਪੁਰ ’ਚ ਵਾਪਰਿਆਂ ਵੱਡਾ ਹਾਦਸਾ, ਤਿੰਨ ਨੌਜਵਾਨ ਝੁਲਸੇ
ਜਿਸਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਗੋਲੀ ਚਲਾਈ ਗਈ, ਜਿਸ ਵਿਚ ਇਹ ਸ਼ੂਟਰ ਜਖ਼ਮੀ ਹੋ ਗਿਆ। ਸੂਚਨਾ ਮੁਤਾਬਕ ਇਸ ਕਤਲ ਕਾਂਡ ਵਿਚ ਪੁਛਗਿਛ ਲਈ ਤਰਨਤਾਰਨ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਸੀ। ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਪਿੰਡ ਫ਼ਤਿਹੇਬਾਦ ਦੇ ਰੇਲਵੇ ਫ਼ਾਟਕ ਕੋਲ ਕਾਰ ’ਤੇ ਸਵਾਰ ਹੋ ਕੇ ਜਾ ਰਹੇ ਆਪ ਆਗੂ ਗੁਰਪ੍ਰੀਤ ਗੋਪੀ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।