ਬਠਿੰਡਾ, 31 ਅਕਤੂਬਰ: ਸੂਬੇ ਵਿਚ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਇਸ ਦੌਰਾਨ ਬਠਿੰਡਾ ਦੇ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਫ਼ੂਲ ਬਲਾਕ ਅਧੀਨ ਆਉਂਦੇ ਪਿੰਡ ਮਲੂਕਾ ’ਚ ਇੱਕ ਵਿਅਕਤੀ ਵੱਲੋਂ ਆਪਣੇ ਖੇਤਾਂ ’ਚ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਮੁਤਾਬਕ ਉਕਤ ਵਿਅਕਤੀ ਦਾ ਪੁੱਤਰ ਪਿੰਡ ਦਾ ਨੰਬਰਦਾਰ ਹੈ ਤੇ ਪ੍ਰਸ਼ਾਸਨ ਨੇ ਆਪਣੇ ਪਿਤਾ ਨੂੰ ਖੇਤਾਂ ਵਿਚ ਅੱਗ ਲਗਾਉਣ ਤੋਂ ਰੋਕਣ ਵਿਚ ਅਸਮਰੱਥ ਰਹਿਣ ਦੇ ਚੱਲਦੇ ਪੁੱਤਰ ਨੂੰ ਨੰਬਰਦਾਰੀ ਤੋਂ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ
ਇਸ ਸਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਕਮ ਜ਼ਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਵੱਲੋਂ 29 ਅਕਤੂਬਰ ਨੂੰ ਇੱਕ ਪੱਤਰ (ਨੰਬਰ 7330-33) ਰਾਹੀਂ ਇਹ ਆਦੇਸ਼ ਜਾਰੀ ਕੀਤੇ ਹਨ। ਮਿਲੀ ਸੂਚਨਾ ਮੁਤਾਬਕ ਪੰਜਾਬ ਰੀਮੋਟ ਸੈਸਿੰਗ ਤੋਂ ਐਸ.ਡੀ.ਐਮ ਫ਼ੂਲ ਦਫ਼ਤਰ ਨੂੰ ਪਿੰਡ ਮਲੂਕਾ ਵਿਖੇ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਦੀ ਜਾਣਕਾਰੀ ਮਿਲੀ ਸੀ। ਜਿਸਤੋਂ ਬਾਅਦ ਨੋਡਲ ਅਫ਼ਸਰ ਤੇ ਕਲੱਸਟਰ ਅਫ਼ਸਰ ਰਾਹੀਂ ਇਸਦੀ ਪੜਤਾਲ ਕਾਰਵਾਈ ਗਈ ਤੇ ਪੜਤਾਲ ਵਿਚ ਖੇਤਾਂ ’ਚ ਅੱਗ ਲੱਗਣ ਦੀ ਘਟਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਹਲਕਾ ਮਾਲ ਪਟਵਾਰੀ ਤੋਂ ਸਬੰਧਤ ਜਮੀਨ ਦੀ ਮਾਲਕੀ ਦਾ ਪਤਾ ਕੀਤਾ ਗਿਆ। ਰੀਪੋਰਟ ਮੁਤਾਬਕ ਇਸ ਖੇਤ ਦੀ ਬੀਜਾਂਦ ਜਗਸੀਰ ਸਿੰਘ ਉਰਫ਼ ਰਾਜਾ ਵੱਲੋਂ ਕੀਤੀ ਗਈ ਸੀ। ਪ੍ਰਸ਼ਾਸਨ ਨੇ ਜਦ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਕਿਸਾਨ ਦਾ ਪੁੱਤਰ ਲਖਵੀਰ ਸਿੰਘ ਪਿੰਡ ਦਾ ਨੰਬਰਦਾਰ ਵੀ ਹੈ।
ਇਹ ਵੀ ਪੜ੍ਹੋ:ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਡੀਸੀ ਅਤੇ ਐਸਐਸਪੀ ਨੇ ਕੀਤਾ ਦੌਰਾ
ਜਿਸਦੇ ਚੱਲਦੇ ਜ਼ਿਲ੍ਹਾ ਮੈਜਿਸਟਰੇਟ ਨੇ ਐਸਡੀਐਮ ਫ਼ੂਲ ਦੀ ਰੀਪੋਰਟ ਉਪਰ ਕਾਰਵਾਈ ਕਰਦਿਆਂ ਲਖਵੀਰ ਸਿੰਘ ਨੂੰ ਨੰਬਰਦਾਰੀ ਤੋਂ ਮੁਅੱਤਲ ਕਰ ਦਿੱਤਾ। ਉਧਰ ਜਦ ਇਸ ਸਬੰਧ ਵਿਚ ਨੰਬਰਦਾਰ ਲਖਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘‘ ਉਹ ਆਪਣੇ ਪਿਤਾ ਤੋਂ ਅਲੱਗ ਆਪਣੇ ਪ੍ਰਵਾਰ ਸਹਿਤ ਰਹਿੰਦਾ ਹੈ, ਜਿਸਦੇ ਚੱਲਦੇ ਅੱਗ ਲੱਗਣ ਵਾਲੀ ਘਟਨਾ ਨਾਲ ਉਸਦਾ ਕੋਈ ਸਬੰਧ ਨਹੀਂ। ’’ ਇਸਤੋਂ ਇਲਾਵਾ ਨੰਬਰਦਾਰ ਨੇ ਇਹ ਵੀ ਦਾਅਵਾ ਕੀਤਾ ਕਿ ਖੇਤਾਂ ਨੂੰ ਅੱਗ ਜਾਣ ਬੁੱਝ ਕੇ ਨਹੀਂ ਲਗਾਈ ਗਈ ਸੀ, ਬਲਕਿ ਖੇਤ ਵਿਚ ਚਾਹ ਕਰਦੇ ਸਮੇਂ ਇਹ ਅਚਾਨਕ ਫੈਲ ਗਈ, ਜਿਸਨੂੰ ਬੁਝਾਅ ਦਿੱਤਾ ਗਿਆ।
Share the post "ਵੱਡੀ ਖ਼ਬਰ: ‘ਪਿਊ’ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਸ਼ਾਸਨ ਨੇ ਖ਼ੋਹੀ ‘ਪੁੱਤ’ ਦੀ ਨੰਬਰਦਾਰੀ"