👉ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚਾਰੇ ਦੀ ਕਮੀ ਨਾਲ ਨਜਿੱਠਣ ਅਤੇ ਪਸ਼ੂਆਂ ਦੇ ਦੁੱਧ ਉਤਪਾਦਨ ਵਿੱਚ ਵਾਧੇ ਲਈ ਨਵੀਨਤਾਕਾਰੀ ਉਪਾਵਾਂ ਦੀ ਮਹੱਤਤਾ ‘ਤੇ ਦਿੱਤਾ ਜ਼ੋਰ
👉ਪੰਜਾਬ ਐਗਰੋ ਨੇ ਚਾਰੇ ਦੇ ਸਥਾਈ ਹੱਲ ਬਾਰੇ ਸਟੇਕਹੋਲਡਰਜ਼ ਦੀ ਕਾਨਫਰੰਸ ਕਰਵਾਈ
ਚੰਡੀਗੜ੍ਹ, 3 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਅਤੇ ਖੇਤੀਬਾੜੀ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਾਰੇ ਦੀ ਪੈਦਾਵਾਰ ਨਾਲ ਸਬੰਧਤ ਚੁਣੌਤੀਆਂ ਦੇ ਹੱਲ ਲਈ ਐਲਫਾਲਫਾ ਨੂੰ ਸੂਬੇ ਦੀ ਚਾਰਾ ਪ੍ਰਣਾਲੀ ਵਿੱਚ ਸ਼ਾਮਲ ਕਰਨ ਲਈ ਸਹਿਯੋਗੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ।ਉਹ ਅੱਜ ਇੱਥੇ ਸੀ.ਆਈ.ਆਈ. ਦੇ ਉੱਤਰੀ ਖੇਤਰ ਦੇ ਹੈੱਡਕੁਆਰਟਰ ਵਿਖੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਪੀ.ਏ.ਆਈ.ਸੀ.) ਵੱਲੋਂ ਨਮੋਸਟੂਟ ਇਨੋਵੇਟਰਜ਼ ਐਲ.ਐਲ.ਪੀ. (ਐਨ.ਐਸ.ਆਈ.) ਅਤੇ ਟੀਮ ਐਥੀਨਾ ਦੇ ਸਹਿਯੋਗ ਨਾਲ ਸਸਟੇਨੇਬਲ ਫੌਰੇਜ ਸਲਿਊਸ਼ਨ: ਐਲਫਾਲਫਾ-ਮੈਕਨਾਈਜ਼ੇਸ਼ਨ, ਪ੍ਰੋਡੱਕਸ਼ਨ ਅਤੇ ਮਾਰਕੀਟਿੰਗ ਬਾਰੇ ਕਰਵਾਈ ਸਟੇਕਹੋਲਡਰਜ਼ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ ਬਰਿੰਦਰ ਕੁਮਾਰ ਗੋਇਲ ਵਲੋਂ ਹਲਕਾ ਸ਼ੁਤਰਾਣਾ ‘ਚ 70 ਕਰੋੜ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
ਚਾਰੇ ਦੀ ਘਾਟ ਨਾਲ ਨਜਿੱਠਣ ਅਤੇ ਪਸ਼ੂਆਂ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਲਈ ਨਵੀਨਤਮ ਉਪਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਲਾਡੋਵਾਲ (ਲੁਧਿਆਣਾ) ਵਿਖੇ 60 ਏਕੜ ਵਿੱਚ ਐਲਫਾਲਫਾ ਦੀ ਖੇਤੀ ਕੀਤੀ ਗਈ ਹੈ। ਇਸਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਪਿੱਛੇ ਸੂਬਾ ਸਰਕਾਰ ਦਾ ਮੰਤਵ ਕਿਸਾਨਾਂ ਨੂੰ ਟਿਕਾਊ ਅਤੇ ਕਿਫ਼ਾਇਤੀ ਚਾਰੇ ਦੀ ਪੇਸ਼ਕਸ਼ ਕਰਨਾ ਹੈ, ਜਿਸ ਦੇ ਨਤੀਜੇ ਵਜੋਂ ਪਸ਼ੂ ਸਿਹਤਮੰਦ ਹੋਣਗੇ ਅਤੇ ਦੁੱਧ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨਾਲ ਭਾਈਵਾਲੀ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਪਸ਼ੂਆਂ ਦੇ ਸਹੀ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਐਲਫਾਲਫਾ ਚਾਰੇ ਦੀ ਕਾਸ਼ਤ ਦੇ ਬਹੁਤ ਸਾਰੇ ਲਾਭ ਹਨ, ਜਿਹਨਾਂ ਵਿੱਚ ਉੱਚ ਪੋਸ਼ਣ ਵਾਲੇ ਤੱਤ ਅਤੇ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਨਾਈਟ੍ਰੋਜਨ ਨੂੰ ਜ਼ਜਬ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਆਪਣੀਆਂ ਡੂੰਘੀਆਂ ਜੜ੍ਹਾਂ ਨਾਲ ਮਿੱਟੀ ਦੀਆਂ ਡੂੰਘੀਆਂ ਪਰਤਾਂ ਤੋਂ ਨਮੀ ਹਾਸਲ ਕਰਦੀ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾ
ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ਤਾ ਐਲਫਾਲਫਾ ਨੂੰ ਸੋਕੇ ਦੀ ਸਥਿਤੀ ਲਈ ਵਧੇਰੇ ਅਨੁਕੂਲ ਬਣਾਉਂਦੀ ਹੈ, ਜਿਸ ਨਾਲ ਖੁਸ਼ਕ ਮੌਸਮ ਦੌਰਾਨ ਵੀ ਭਰੋਸੇਮੰਦ ਚਾਰੇ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।ਖੇਤੀਬਾੜੀ ਖੇਤਰ ਦੇ ਟਿਕਾਊ ਵਿਕਾਸ ਅਤੇ ਚਾਰੇ ਸਬੰਧੀ ਚਣੌਤੀਆਂ ਨੂੰ ਹੱਲ ਕਰਨ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੀ.ਏ.ਆਈ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਜਗਨੂਰ ਸਿੰਘ ਗਰੇਵਾਲ ਨੇ ਐਲਫਾਲਫਾ ਨੂੰ ਉੱਚ ਪੌਸ਼ਟਿਕ ਚਾਰੇ ਵਾਲੀ ਫਸਲ ਦੱਸਿਆ ਹੈ ਜੋ ਪਸ਼ੂਆਂ ਲਈ ਸਾਲ ਭਰ ਚਾਰੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਾਈਲੇਜ ਦੀ ਪੂਰਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਐਲਫਾਲਫਾ ਨੂੰ ਇਸਦੇ ਉੱਚ ਪੌਸ਼ਟਿਕ ਮੁੱਲ ਲਈ ਜਾਣਿਆ ਜਾਂਦਾ ਹੈ, ਜੋ ਇਸ ਨੂੰ ਘੋੜਿਆਂ, ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਵਰਗੇ ਪਸ਼ੂਆਂ ਲਈ ਇੱਕ ਆਦਰਸ਼ ਚਾਰਾ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਚਾਰੇ ਨੂੰ ਇਕ ਵਾਰ ਬੀਜ ਕੇ ਤਿੰਨ ਸਾਲਾਂ ਤੱਕ ਪ੍ਰਤੀ ਸਾਲ ਛੇ ਤੋਂ ਅੱਠ ਵਾਰ ਕਟਾਈ ਕੀਤੀ ਜਾ ਸਕਦੀ ਹੈ ਅਤੇ ਇਹ ਸਮੁੱਚੇ ਤੌਰ ‘ਤੇ ਖੇਤੀ ਪ੍ਰਣਾਲੀ ਵਿੱਚ ਸੁਧਾਰ ਕਰ ਸਕਦੀ ਹੈ।
ਇਹ ਕੀੜਿਆਂ ਅਤੇ ਬਿਮਾਰੀਆਂ ਦੇ ਚੱਕਰ ਨੂੰ ਤੋੜਨ ਵਿੱਚ ਮਦਦ ਕਰਦੀ ਹੈ ਅਤੇ ਅਗਲੀਆਂ ਫਸਲਾਂ ਦੇ ਉਤਪਾਦਨ ਨੂੰ ਵਧਾਉਂਦੀ ਹੈ।ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਤੋਂ ਐਲਫਾਲਫਾ ਐਂਡ ਫੌਰੇਜ ਐਕਸਟੈਂਸ਼ਨ ਸਪੈਸ਼ਲਿਸਟ ਡਾ. ਡੈਨੀਅਲ ਐਚ. ਪੁਟੰਮ ਨੇ ਐਲਫਾਲਫਾ ਚਾਰੇ ਦੀ ਕਾਸ਼ਤ ਵਿੱਚ ਵਿਸ਼ਵ ਪੱਧਰ ‘ਤੇ ਅਪਣਾਏ ਜਾਂਦੇ ਸਰਵੋਤਮ ਅਭਿਆਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕਾਨਫਰੰਸ ਵਿੱਚ ਡੇਅਰੀ ਫਾਰਮਾਂ, ਸਟੱਡ ਫਾਰਮਾਂ, ਬੱਕਰੀ ਫਾਰਮਾਂ, ਸੂਰ ਪਾਲਣ ਯੂਨਿਟਾਂ, ਅਤੇ ਪੋਲਟਰੀ ਫਾਰਮਾਂ ਦੇ ਪ੍ਰਤੀਨਿਧਾਂ ਸਮੇਤ ਵੱਖ-ਵੱਖ ਭਾਈਵਾਲਾਂ ਨੇ ਸ਼ਮੂਲੀਅਤ ਕੀਤੀ। ਡੇਅਰੀ ਅਤੇ ਐਗਰੀ-ਫੂਡ ਉਦਯੋਗਾਂ ਦੇ ਪ੍ਰਮੁੱਖ ਦਿੱਗਜਾਂ ਜਿਵੇਂ ਕਿ ਨੈਸਲੇ, ਅਮੂਲ, ਮਿਲਕਫੈੱਡ, ਆਈ.ਟੀ.ਸੀ., ਯੂਨੀਲੀਵਰ ਅਤੇ ਬਾਨੀ ਮਿਲਕ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਅਕਾਦਮਿਕ, ਵਿਗਿਆਨੀ ਅਤੇ ਸੀਨੀਅਰ ਖੋਜਕਾਰਾਂ ਨੇ ਫਸਲ ਵਿਗਿਆਨ ਅਤੇ ਪਸ਼ੂਆਂ ਦੇ ਪੋਸ਼ਣ ਬਾਰੇ ਦ੍ਰਿਸ਼ਟੀਕੋਣ ਸਬੰਧੀ ਵਿਚਾਰ ਵਟਾਂਦਰੇ ਵਿੱਚ ਅਹਿਮ ਭੂਮਿਕਾ ਨਿਭਾਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਐਲਫਾਲਫਾ ਚਾਰੇ ਦੀ ਕਾਸ਼ਤ ਨਾਲ ਵਧਾਈ ਜਾਵੇਗੀ ਪਸ਼ੂਧਨ ਦੀ ਉਤਪਾਦਕਤਾ: ਗੁਰਮੀਤ ਸਿੰਘ ਖੁੱਡੀਆਂ"