ਬਠਿੰਡਾ , 7 ਨਵੰਬਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਅੱਜ ਯੂਨੀਅਨ ਦੀ ਜ਼ਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ਬਹੁਤ ਹੀ ਜਰੂਰੀ ਮੰਗਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਇਹਨਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਦਾ ਸੰਘਰਸ਼ ਚੱਲ ਰਿਹਾ ਹੈ । ਪਰ ਮਹਿਕਮੇ ਜਾਂ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ।
ਉਹਨਾਂ ਮੰਗ ਕੀਤੀ ਕਿ ਮੇਰੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਕੇਂਦਰਾਂ ਵਿੱਚੋਂ ਖੋਹ ਕੇ ਸਕੂਲਾਂ ਵਿੱਚ ਦਾਖਲ ਕੀਤੇ ਗਏ ਤਿੰਨ ਤੋਂ ਪੰਜ ਸਾਲ ਦੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿੱਚ ਭੇਜੇ ਜਾਣ। ਮਾੜਾ ਰਾਸ਼ਨ ਭੇਜਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ । ਆਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤੇ ਦਾ ਕੱਟਿਆ ਹੋਇਆ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ।
ਇਹ ਵੀ ਪੜ੍ਹੋਪੰਜਾਬ ਦੀ ‘ਹਾਟ ਸੀਟ’ ਬਣੀ ਗਿੱਦੜਬਾਹਾ ’ਚ ਜਿੱਤ-ਹਾਰ ’ਤੇ ਲੱਗੀਆਂ ਸ਼ਰਤਾਂ
ਹਰਗੋਬਿੰਦ ਕੌਰ ਨੇ ਕਿਹਾ ਕਿ ਜੇਕਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 12 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਰਨ ਵਰਤ ਤੇ ਬੈਠਣਗੇ । ਇਸ ਮੌਕੇ ਕਿਰਪਾਲ ਕੌਰ ਰਾਮਪੁਰਾ ਫੂਲ , ਪਰਮਜੀਤ ਕੌਰ ਰੁਲਦੂ ਵਾਲਾ , ਬਲਵੀਰ ਕੌਰ ਲਹਿਰੀ , ਲੀਲਾਵਤੀ ਬਠਿੰਡਾ , ਮਨਮੀਤ ਕੌਰ ਭੁੱਚੋ , ਮਨਪ੍ਰੀਤ ਕੌਰ ਸਿਵੀਆ , ਬਲਵੀਰ ਕੌਰ ਭੋਖੜਾ , ਰੇਖਾ ਰਾਣੀ ਜੀਦਾ , ਕੁਲਦੀਪ ਕੌਰ ਕੋਠੇ ਇੰਦਰ ਸਿੰਘ , ਰਾਜਵਿੰਦਰ ਕੌਰ ਬੁਲਾਡੇ ਵਾਲਾ , ਦਰਸ਼ਨਾਂ ਬਠਿੰਡਾ , ਪਰਮਰਾਜ ਕੌਰ , ਹਰਵੀਰ ਕੌਰ , ਜਸਵੰਤ ਕੌਰ ਅਤੇ ਵੀਰਪਾਲ ਕੌਰ ਰੁਲਦੂ ਵਾਲਾ ਆਦਿ ਆਗੂ ਮੌਜੂਦ ਸਨ ।