ਹੁਸ਼ਿਆਰਪੁਰ, 24 ਅਕਤੂਬਰ: ਪਿਛਲੇ ਲੰਬੇ ਸਮੇਂ ਤੋਂ ਵੱਡੇ ਸਿਆਸੀ ਝਟਕਿਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਅਕਾਲੀ ਦਲ ਦਾ ਪੱਲਾ ਛੱਡਦਿਆ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਦੀ ਅਗਵਾਈ ਹੇਠ ਸੋਹਣ ਸਿੰਘ ਠੰਡਲ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਭਾਜਪਾ ਨੇ ਵੀ ਸ: ਠੰਡਲ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਟਿਕਟ ਨਾਲ ਨਿਵਾਜ਼ਦਿਆਂ ਚੱਬੇਵਾਲ ਤੋਂ ਉਮੀਦਵਾਰ ਬਣਾ ਦਿੱਤਾ।
ਸ: ਠੰਡਲ ਮਾਹਲਪੁਰ ਅਤੇ ਚੱਬੇਵਾਲ ਹਲਕੇ ਤੋਂ ਚਾਰ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਰਹਿ ਚੁੱਕੇ ਹਨ। ਇਸ ਮੌਕੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।ਇਸਤੋਂ ਪਹਿਲਾਂ ਵੀ ਭਾਜਪਾ ਵੱਲੋਂ ਪੰਜਾਬ ’ਚ ਐਲਾਨੇ ਤਿੰਨੇਂ ਉਮੀਦਵਾਰਾਂ ਦੂਜੀਆਂ ਪਾਰਟੀਆਂ ਵਿਚੋਂ ਆਏ ਹੋਏ ਹਨ, ਜਿੰਨਾਂ ਵਿਚ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ ਅਕਾਲੀ ਦਲ, ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਅਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਕਾਂਗਰਸ ਵਿਚੋਂ ਆਏ ਸਨ।