6 Views
ਚੰਡੀਗੜ੍ਹ, 7 ਮਈ: ਆਗਾਮੀ 1 ਜੂਨ ਨੂੰ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਤਹਿਤ ਲੋਕ ਸਭਾ ਚੋਣਾਂ ਲਈ ਪੈਣ ਜਾ ਰਹੀਆਂ ਵੋਟਾਂ ਵਾਸਤੇ ਅੱਜ ਤੋਂ ਨਾਮਜਦਗੀ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜਦਗੀਆਂ ਦਾ ਇਹ ਕੰਮ 14 ਮਈ ਤੱਕ ਚੱਲੇਗਾ। ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਚੋਣ ਅਧਿਕਾਰੀਆਂ ਮੁਤਾਬਕ ਨਾਮਜ਼ਦਗੀਆਂ ਦਫਤਰੀ ਕੰਮ-ਕਾਜ ਵਾਲੇ ਦਿਨਾਂ ’ਚ ਹੀ ਲਈਆਂ ਜਾਣਗੀਆਂ ਜਦਕਿ ਨਾਮਜ਼ਦਗੀਆਂ ਛੁੱਟੀ ਵਾਲੇ ਦਿਨਾਂ (11 ਤੇ 12 ਮਈ) ਨੂੰ ਨਹੀਂ ਲਈਆਂ ਜਾਣਗੀਆਂ।
ਉਧਰ ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ ਨੇ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਲਈ ਜਨਰਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ। ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈ.ਏ.ਐਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ ਜਦਕਿ 7 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜ਼ਾਬਤੇ ਸਬੰਧੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ।