ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਜਲੰਧਰ, 26 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਝਾ ਅਤੇ ਦੋਆਬਾ ਖੇਤਰ ਦੇ ਲੋਕਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਆਪਣੀ ਰਿਹਾਇਸ਼ ਬਦਲ ਕੇ ਜਲੰਧਰ ‘ਚ ਡੇਰੇ ਲਾ ਲਏ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਸੰਗਰੂਰ ਦੀ ਤਰਜ਼ ’ਤੇ ਜਲੰਧਰ ਵਿਖੇ ਰਹਿਣ ਲਈ ਕਿਰਾਏ ਦਾ ਘਰ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਖਾਸ ਕਰਕੇ ਮਾਝਾ ਅਤੇ ਦੁਆਬਾ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਸਹੂਲਤ ਮੁਹੱਈਆ ਕਰਵਾਈ ਜਾਵੇ। ਜਿਕਰ ਕਰਨਾ ਬਣਦਾ ਹੈ ਕਿ ਜਲੰਧਰ ਪੱਛਮੀ ਹਲਕੇ ਵਿਚ ਆਗਾਮੀ 10 ਜੁਲਾਈ ਨੂੰ ਉਪ ਚੋਣ ਵੀ ਹੋਣ ਜਾ ਰਹੀ ਹੈ, ਜਿਸਦੀ ਅਗਵਾਈ ਮੁੱਖ ਮੰਤਰੀ ਖ਼ੁਦ ਕਰ ਰਹੇ ਹਨ।
ਆਪ ਦਾ ਦਾਅਵਾ: ਕਾਂਗਰਸ ਨੇ ਜਲੰਧਰ ਨੂੰ ਮੰਦਹਾਲੀ ਵਿੱਚ ਧੱਕਿਆ
ਇਸ ਤਰ੍ਹਾਂ ਉਹ ਇੱਥੇ ਬੈਠ ਕੇ ਚੋਣ ਮੁਹਿੰਮ ਵੀ ਚਲਾਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਖੁਦ ਉਨ੍ਹਾਂ ਲਈ ਜਲੰਧਰ ‘ਚ ਮੌਜੂਦ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਪੁੱਗ ਗਏ, ਜਦੋਂ ਸਰਕਾਰ ਚੰਡੀਗੜ੍ਹ ਦੇ ਦਫਤਰਾਂ ਤੋਂ ਚਲਦੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਰਕਾਰ ਹੁਣ ਪਿੰਡਾਂ ਅਤੇ ਕਸਬਿਆਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ‘ਸਰਕਾਰ ਤੁਹਾਡੇ ਦੁਆਰ’ ਦੇ ਬੈਨਰ ਹੇਠ ਆਪਣੀ ਪ੍ਰਮੁੱਖ ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਪਿੰਡ ਪੱਧਰ ‘ਤੇ ਕੈਂਪ ਲਾਏ ਜਾ ਰਹੇ ਹਨ।