ਲੁਧਿਆਣਾ, 27 ਸਤੰਬਰ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁਧ ਹੁਣ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਥਿਤ ਟੈਂਡਰ ਘੁਟਾਲੇ ਵਿਚ ED ਵੱਲੋਂ ਪਾਈ ਗ੍ਰਿਫਤਾਰੀ ਤੋ ਬਾਅਦ ਹੁਣ ਜੇਲ੍ਹ ’ਚ ਬੰਦ ਇਸ ਸਾਬਕਾ ਮੰਤਰੀ ਅਤੇ ਇਸਦੇ ਸਾਥੀਆਂ ਦੀ ਈਡੀ ਵੱਲੋਂ ਕਰੀਬ 22.78 ਕਰੋੜ ਰੁਪਏ ਦੀ ਪ੍ਰੋਪਟੀ ਅਟੈਚ ਕਰ ਲਈ ਗਈ ਹੈ। ਇਹ ਪ੍ਰਾਪਟੀ ਲੁਧਿਆਣਾ, ਮੁਹਾਲੀ ਤੇ ਖੰਨਾ ਆਦਿ ਥਾਵਾਂ ‘ਤੇ ਸ਼ਾਮਲ ਹੈ। ਇਸਤੋਂ ਇਲਾਵਾ ਜਬਤ ਕੀਤੀ ਜਾਇਦਾਦ ਵਿਚ ਬੈਂਕ ਖ਼ਾਤੇ, ਐਫ਼ਡੀਆਰ, ਸੋਨਾ ਵੀ ਦਸਿਆ ਜਾ ਰਿਹਾ।
ਪੰਚਾਇਤ ਚੋਣਾਂ: ਲਾਇਸੰਸੀ ਅਸਲਾ ਚੁੱਕ ਕੇ ਚੱਲਣ ’ਤੇ ਲੱਗੀ ਰੋਕ
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਖੁਰਾਕ ਤੇ ਸਪਲਾਈ ਵਿਭਾਗ ਦੇ ਮੰਤਰੀ ਰਹਿ ਚੁੱਕੇ ਸ਼੍ਰੀ ਆਸ਼ੂ ਉਪਰ ਅਨਾਜ਼ ਦੀ ਢੋਆ-ਢੁਆਈ ਵਿਚ ਟੈਂਡਰਿੰਗ ਦੇ ਨਾਂ ਹੇਠ ਅਰਬਾਂ ਰੁਪਏ ਦੇ ਘੁਟਾਲੇ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿਚ ਪਹਿਲਾਂ ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਜਾਂਚ ਕਰਕੇ ਇਸ ਘੁਟਾਲੇ ਦਾ ਪਰਦਾਫ਼ਾਸ ਕੀਤਾ ਗਿਆ ਸੀ। ਇਸਤੋਂ ਇਲਾਵਾ ਵਿਜੀਲੈਂਸ ਵੱਲੋਂ ਭੂਸਣ ਨੂੰ ਗ੍ਰਿਫਤਾਰ ਵੀ ਕੀਤਾ ਸੀ ਤੇ ਇਸ ਕੇਸ ਵਿਚ ਕਰੀਬ 5-6 ਮਹੀਨਿਆਂ ਤੱਕ ਜੇਲ੍ਹ ਵਿਚ ਵੀ ਬੰਦ ਰਹੇ। ਵਿਜੀਲੈਂਸ ਤੋਂ ਬਾਅਦ ਇਸ ਕੇਸ ਦੀ ਪੜਤਾਲ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਕੀਤੀ ਗਈ ਅਤੇ ਲੰਘੀ 1 ਅਗਸਤ ਨੂੰ ਈਡੀ ਨੇ ਉਨ੍ਹਾਂ ਜਾਂਚ ਲਈ ਜਲੰਧਰ ਬੁਲਾਇਆ ਸੀ, ਜਿਸਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਭਾਰਤ ਭੂਸ਼ਣ ਆਸ਼ੂ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿਚ ਬੰਦ ਹਨ।