7 ਹਲਕਿਆਂ ਦੇ ਇੰਚਾਰਜ਼ਾਂ ਸਹਿਤ ਦਰਜਨਾਂ ਆਗੂਆਂ ਦੀ ਕੀਤੀ ਮੁਢਲੀ ਮੈਂਬਰਸ਼ਿਪ ਖ਼ਾਰਜ
ਚੰਡੀਗੜ੍ਹ, 30 ਜੁਲਾਈ: ਪਿਛਲੇ ਲੰਮੇ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੀਆਂ ਬਾਗੀ ਗਤੀਵਿਧੀਆਂ ਦੇ ਦੌਰਾਨ ਮੰਗਲਵਾਰ ਨੂੰ ਪਾਰਟੀ ਦੀ ਅਨੁਸਾਸਨੀ ਕਮੇਟੀ ਨੇ ਵੱਡਾ ਫੈਸਲਾ ਲੈਂਦਿਆਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜੰਗੀਰ ਕੌਰ, ਪਰਮਿੰਦਰ ਸਿੰਘ ਢੀਂਢਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਠੇਕੇਦਾਰ ਸਹਿਤ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਵਾਲੇ ਆਗੂਆਂ ਵਿਚ ਸੱਤ ਹਲਕਿਆਂ ਦੇ ਇੰਚਾਰਜ਼ ਵੀ ਸ਼ਾਮਲ ਹਨ। ਇਹਨਾ 7 ਹਲਕਿਆਂ ਵਿੱਚ ਨਕੋਦਰ, ਭੁਲੱਥ, ਘਨੌਰ, ਸਨੌਰ,ਰਾਜਪੁਰਾ, ਸਮਾਣਾ ਅਤੇ ਗੜਸ਼ੰਕਰ ਹਲਕਿਆਂ ਦੇ ਨਾਮ ਸ਼ਾਮਲ ਹਨ। ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਦਲ ਵਿਚ ਚੱਲ ਰਹੀ ਕਸਮਕਸ਼ ਦੌਰਾਨ ਇੰਨ੍ਹਾਂ ਬਾਗੀ ਅਕਾਲੀ ਆਗੂਆਂ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ। ਇਸਤੋਂ ਕੁੱਝ ਦਿਨ ਪਹਿਲਾਂ ਸ: ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਵੀ ਭੰਗ ਕਰ ਦਿੱਤਾ ਸੀ।
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 10 ਸਟੈਨੋ-ਟਾਈਪਿਸਟਾਂ ਨੂੰ ਸੌਂਪੇ ਨਿਯੁਕਤੀ ਪੱਤਰ
ਇਸੇ ਤਰ੍ਹਾਂ ਇੰਨ੍ਹਾਂ ਬਾਗੀ ਅਕਾਲੀ ਆਗੂਆਂ ਦਾ ਮੁਕਾਬਲਾ ਕਰਨ ਦੇ ਲਈ ਪਾਰਟੀ ਪ੍ਰਧਾਨ ਵੱਲੋਂ ਵੱਖ ਵੱਖ ਵਿੰਗਾਂ, ਕਮੇਟੀਆਂ ਤੇ ਜ਼ਿਲ੍ਹਾ ਪ੍ਰਧਾਨਾਂ ਆਦਿ ਦੀਆਂ ਮੀਟਿੰਗਾਂ ਕਰਕੇ ਆਪਣੇ ਹੱਕ ਵਿਚ ਲਾਮਬੰਦੀ ਕੀਤੀ ਜਾ ਰਹੀ ਸੀ। ਇੰਨ੍ਹਾਂ ਬਾਗੀ ਅਕਾਲੀ ਆਗੂਆਂ ਵੱਲੋਂ ਲੰਘੀ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਪਿਛਲੀ ਅਕਾਲੀ ਸਰਕਾਰ ਦੌਰਾਨ ਪਾਰਟੀ ਪ੍ਰਧਾਨ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈਆਂ ਗਲਤੀਆਂ ਦੇ ਪਛਤਾਵੇਂ ਲਈ ਇੱਕ ਮੁਆਫ਼ੀਨਾਮ ਵੀ ਦਿੱਤਾ ਗਿਆ ਸੀ, ਜਿਸਤੋਂ ਬਾਅਦ ਜਥੇਦਾਰ ਸਾਹਿਬ ਵੱਲੋਂ ਪਿਛਲੇ ਦਿਨੀਂ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਸੀ ਤੇ ਸ: ਬਾਦਲ ਨੇ ਸ਼੍ਰੀ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਇੱਕ ਬੰਦ ਲਿਫ਼ਾਫ਼ੇ ਵਿਚ ਆਪਣਾ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਪਿਆ ਗਿਆ ਸੀ। ਜਿਸਤੋਂ ਬਾਅਦ ਹੁਣ ਸਿੰਘ ਸਾਹਿਬਾਨਾਂ ਵੱਲੋਂ ਇਸ ਉਪਰ ਆਪਣਾ ਫੈਸਲਾ ਲੈਣਾ ਹੈ।
Share the post "ਅਕਾਲੀ ਦਲ ’ਚ ਵੱਡੀ ਹਲਚਲ: ਚੰਦੂਮਾਜਰਾ, ਜੰਗੀਰ ਕੌਰ, ਢੀਂਢਸਾ, ਮਲੂਕਾ, ਰੱਖੜਾ, ਵਡਾਲਾ ਆਦਿ ਆਗੂਆਂ ਨੂੰ ਕੱਢਿਆ"