ਦੂਜੀਆਂ ਪਾਰਟੀਆਂ ਤੋਂ ਆਏ ਆਗੂ ਟਿਕਟਾਂ ਲੈਣ ਵਿਚ ਰਹੇ ਸਫ਼ਲ
ਚੰਡੀਗੜ੍ਹ, 22 ਅਕਤੂਬਰ: ਭਾਰਤੀ ਜਨਤਾ ਪਾਰਟੀ ਨੇ ਆਗਾਮੀ 13 ਨਵੰਬਰ ਨੂੰ ਪੰਜਾਬ ’ਚ ਹੋਣ ਜਾ ਰਹੀਆਂ ਚਾਰ ਜਿਮਨੀ ਚੋਣਾਂ ਦੇ ਲਈ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਚੱਬੇਵਾਲ ਹਲਕੇ ਲਈ ਉਮੀਦਵਾਰ ਦਾ ਨਾਮ ਹਾਲੇ ਤੱਕ ਫ਼ਾਈਨਲ ਨਹੀਂ ਕੀਤਾ ਗਿਆ। ਜਦੋਂਕਿ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਚੋਣ ਲੜਨਗੇ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਅਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਵੱਲੋਂ ਅੱਜ ਐਲਾਨੇ ਗਏ ਉਮੀਦਵਾਰ ਪਿਛਲੇ ਸਮੇਂ ਦੌਰਾਨ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਹਨ।
ਇਹ ਵੀ ਪੜ੍ਹੋ:ਟਿਕਟ ਨਾਂ ਮਿਲਣ ਤੋਂ ਦੁਖੀ ਗੁਰਦੀਪ ਬਾਠ ਨੇ ਛੱਡੀ ਚੇਅਰਮੈਨੀ
ਮਨਪ੍ਰੀਤ ਬਾਦਲ ਜਿੱਥੇ ਪਿਛਲੀ ਕੈਪਟਨ ਸਰਕਾਰ ਦੌਰਾਨ ਕਾਂਗਰਸ ਵੱਲੋਂ ਵਿਤ ਮੰਤਰੀ ਸਨ, ਉਥੇ ਕੇਵਲ ਸਿੰਘ ਢਿੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਇੱਕ ਮੰਨੇ ਜਾਂਦੇ ਹਨ। ਇਸਤੋਂ ਇਲਾਵਾ ਰਵੀਕਰਨ ਸਿੰਘ ਕਾਹਲੋ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਰਹੇ ਹਨ ਤੇ ਉਹ ਵੀ ਕੁੱਝ ਸਮਾਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਹਨ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਉਕਤ ਤਿੰਨਾਂ ਉਮੀਦਵਾਰਾਂ ਦੇ ਨਾਮ ਪਹਿਲਾਂ ਹੀ ਤੈਅ ਸਨ ਪ੍ਰੰਤੂ ਚੱਬੇਵਾਲ ਤੋਂ ਭਾਜਪਾ ਦੇ ਟਕਸਾਲੀ ਆਗੂੁ ਵਿਜੇ ਸਾਂਪਲਾ ਨੂੰ ਟਿਕਟ ਮਿਲਣ ਦੀ ਉਮੀਦ ਸੀ ਪ੍ਰੰਤੂ ਇੱਥੇ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ।