ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਅਗੱਸਤ: ਪਿਛਲੇ ਲੰਮੇ ਸਮੇਂ ਤੋਂ ਹੋ ਰਹੀਆਂ ਬਰਸਾਤਾਂ ਅਤੇ ਹੜ੍ਹਾਂ ਕਾਰਣ ਹੁਣ ਸੂਬੇ ਵਿਚ ਡੇਂਗੂ ਮਲੇਰੀਆ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਇਸਤੋਂ ਇਲਾਵਾ ਪੀਣ ਵਾਲੇ ਪਾਣੀ ਵਿੱਚ ਬਰਸਾਤੀ ਜਾਂ ਸੀਵਰੇਜ਼ ਦਾ ਪਾਣੀ ਰਲ ਜਾਣ ਕਾਰਣ ਹੋਰ ਬਿਮਾਰੀਆਂ ਵੀ ਫੈਲ ਸਕਦੀਆਂ ਹਨ। ਇਸਦੇ ਚੱਲਦੇ ਲੋਕਾਂ ਨੂੰ ਸ਼ੁੱਧ ਪਾਣੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਬਠਿੰਡਾ ਢਾਬਾ ਐਸ਼ੋਸ਼ੀਏਸ਼ਨ ਵੱਲੋਂ ਸਿਹਤ ਵਿਭਾਗ ਨੂੰ 30000 ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸਾ ਗੋਇਲ ਨੇ ਐਸ਼ੋਸ਼ੀਏਸ਼ਨ ਦਾ ਧੰਨਵਾਦ ਕੀਤਾ।
ਬਠਿੰਡਾ ਢਾਬਾ ਐਸ਼ੋਸ਼ੀਏਸ਼ਨ ਨੇ ਸਿਹਤ ਵਿਭਾਗ ਨੂੰ ਦਿੱਤੀਆਂ 30 ਹਜ਼ਾਰ ਕਲੋਰੀਨ ਦੀਆਂ ਗੋਲੀਆਂ
ਮੋਹਾਲੀ ਨਿਗਮ ਸ਼ਹਿਰ ’ਚ 300 ਕਰੋੜ ਰੁਪਏ ਦੀ ਲਾਗਤ ਨਾਲ 75 ਸਾਲਾਂ ਤੱਕ ਚੱਲਣ ਵਾਲਾ ਨਵਾਂ ਡਰੇਨੇਜ ਸਿਸਟਮ ਬਣਾਵੇਗੀ-ਮੇਅਰ ਅਮਰਜੀਤ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ ਨਗਰ, 1 ਅਗਸਤ – ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਸ਼ਹਿਰ ਦੀ ਵਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ 75 ਸਾਲਾਂ ਤੱਕ ਚੱਲ ਸਕਣ ਵਾਲਾ ਨਵਾਂ ਡਰੇਨੇਜ ਸਿਸਟਮ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਢਲੀ ਲਾਗਤ ਲਗਭਗ 300ਕਰੋੜ ਰੁਪਏ ਹੋਵੇਗੀ। ਮੇਅਰ ਸਿੱਧੂ ਨੇ ਇਹ ਜਾਣਕਾਰੀ ਅੱਜ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਮੌਜ਼ੂਦਗੀ ਵਿਚ ਨਗਰ ਨਿਗਮ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਹੋਏ ਫੈਸਲੇ ਤੋਂ ਬਾਅਦ ਦਿੱਤੀ। ਉਨ੍ਹਾਂ ਦਸਿਆ ਕਿ ਨਵੇਂ ਨਿਕਾਸੀ ਸਿਸਟਮ ਦਾ ਖਾਕਾ ਬਣਾਉਣ ਲਈ ਸਰਵੇਖਣ ਕਰਨ ਵਾਸਤੇ ਅੱਜ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮਾਹਰਾਂ ਅਤੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰਨ ਤੋਂ ਬਾਅਦ ਅੰਤਿਮ ਤਜਵੀਜ ਤਿਆਰ ਕੀਤੀ ਜਾਵੇਗੀ। ਉਹਨਾਂ ਹੋਰ ਦਸਿਆ ਕਿ ਸੀਵਰੇਜ ਸਿਸਟਮ ਦਾ ਮੌਜੂਦਾ ਡਿਜ਼ਾਈਨ ਕੁਝ ਸਮੇਂ ਲਈ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ। ਹਾਲਾਂਕਿ, ਕੁਝ ਸਮੇਂ ਬਾਅਦ ਪਾਣੀ ਦਾ ਨਿਕਾਸ ਹੋ ਜਾਂਦਾ ਹੈ।ਮੇਅਰ ਸਿੱਧੂ ਨੇ ਕਿ ਸ਼ਹਿਰ ਵਿਚ ਨਵੇਂ ਡਰੇਨੇਜ ਸਿਸਟਮ ਦੀ ਲੋੜ ਹੈ ਕਿਉਂਕਿ ਮੋਹਾਲੀ ਦੇ ਨਵੇਂ ਬਣੇ ਸੈਕਟਰਾਂ ਨੇ ਪੁਰਾਣੇ ਨਿਕਾਸੀ ਸਿਸਟਮ ’ਤੇ ਬੋਝ ਪਾਇਆ ਹੈ ਜੋ ਕਈ ਦਹਾਕੇ ਪਹਿਲਾਂ ਦੀ ਆਬਾਦੀ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਲ 2017 ਵਿੱਚ ਵੀ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਦੀਆਂ ਤਜਵੀਜਾਂ ਨੂੰ ਨੂੰ ਵੀ ਨਵੇਂ ਸਰਵੇਖਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਵਿੱਚ ਪਾਣੀ ਦੇ ਨਕਾਸ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
ਮਾਨਸਾ ਚ ਥਾਣੇ ਸਾਹਮਣੇ ਦਿਨ ਦਿਹਾੜੇ ਚੋਰੀ ,9 ਤੋਲੇ ਸੋਨਾ ਚੋਰੀ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 1 ਅਗਸਤ: ਮਾਨਸਾ ਚ ਚੋਰ ਬੇਖੋਫ ਹੋ ਗਏ ਹਨ,ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਹਨ,ਥਾਣਾ ਸਿਟੀ-2 ਦੇ ਸਾਹਮਣੇ ਬਾਲ ਭਵਨ ਨਾਲ ਗਲੀ ਚ ਦੁਪਹਿਰ ਵੇਲੇ ਹੀ 9 ਤੋਲੇ ਸੋਨਾ ਲੈ ਗਏ।ਜ਼ਿਲ੍ਹਾ ਸਿੱਖਿਆ ਦਫਤਰ (ਐ.ਸਿ.) ਵਿਖੇ ਕੰਮ ਕਰਦੇ ਹਰੀਸ਼ ਕੁਮਾਰ ਅਤੇ ਪ੍ਰਾਈਵੇਟ ਕਾਲਜ ਚ ਨੌਕਰੀ ਕਰਦੇ ਉਨ੍ਹਾਂ ਦੇ ਮੈਡਮ ਸਵੇਰੇ 10 ਵਜੇ ਘਰੋ ਗਏ ਸਨ,ਜਦੋਂ ਵਾਪਸ ਦੁਪਹਿਰ 2 ਵਜੇ ਆਏ ਤਾਂ ਅੰਦਰਲੇ ਕਮਰੇ ਦਾ ਕੁਢਾ ਉਖਾੜ ਕੇ ਅਲਮਾਰੀ ਵਿਚੋਂ 9 ਤੋਲੇ ਸੋਨਾ ਲੈ ਗਏ, ਜਦੋਂ ਕਿ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਉਵੇਂ ਹੀ ਲੱਗਿਆ ਹੋਇਆ ਸੀ।ਹਰੀਸ਼ ਕੁਮਾਰ ਵੱਲ੍ਹੋਂ ਥਾਣਾ ਸਿਟੀ-2 ਵਿਖੇ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ,ਕਿ ਪੁਲੀਸ ਵੱਲ੍ਹੋਂ ਮੌਕਾ ਦੇਖਦਿਆਂ ਐੱਫ ਆਈ ਆਰ ਦਰਜ ਕਰਕੇ ਚੋਰਾਂ ਦੀ ਗੰਭੀਰਤਾ ਨਾਲ ਭਾਲ ਕਰਨ ਦਾ ਭਰੋਸਾ ਦਿਵਾਇਆ ਹੈ। ਉਧਰ ਸਿੱਖਿਆ ਵਿਭਾਗ ਨਾਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਅਮੋਲਕ ਡੇਲੂਆਣਾ, ਹਰਦੀਪ ਸਿੱਧੂ, ਕਰਮਜੀਤ ਸਿੰਘ ਤਾਮਕੋਟ, ਗੁਰਜੀਤ ਸਿੰਘ ਲਾਲਿਆਂਵਾਲੀ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਨਿਤ ਦਿਨ ਸਕੂਲਾਂ ਅਤੇ ਘਰਾਂ ਚ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਉਣ ਲਈ ਉਪਰਾਲੇ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਬੀਤੇ ਦਿਨਾਂ ਦੌਰਾਨ ਮਾਨਸਾ ਜ਼ਿਲ੍ਹੇ ਦੇ ਕਈਆਂ ਸਕੂਲਾਂ ਚ ਵੀ ਚੋਰੀਆਂ ਹੋਈਆਂ ਹਨ,ਦਿਨ ਦਹਾੜੇ ਘਰਾਂ ਚ ਚੋਰੀਆਂ ਹੋ ਰਹੀਆਂ ਹਨ,ਸਿਟੀ ਥਾਣੇ ਦੇ ਬਿਲਕੁੱਲ ਨਜਦੀਕ ਚੋਰੀ ਨੇ ਸਾਬਤ ਕੀਤਾ ਹੈ ਕਿ ਚੋਰਾਂ ਨੂੰ ਪੁਲੀਸ ਦਾ ਵੀ ਡਰ ਨਹੀਂ ਰਿਹਾ।
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਕੀਤਾ ਹੱਲ : ਸੰਧਵਾਂ
ਆਖਿਆ! ਪਾਣੀ ਨਿਕਾਸੀ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਲੋਕ ਆਦਤਾਂ ਬਦਲਣ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 1 ਅਗਸਤ:- ਆਮ ਆਦਮੀ ਪਾਰਟੀ ਸੰਘਰਸ਼ ਵਿੱਚੋਂ ਨਿਕਲੀ ਹੋਣ ਕਰਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨੂੰ ਚੰਗੀ ਤਰਾਂ ਸਮਝਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਨੇ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਜਿਲੇ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਆਪੋ ਆਪਣੇ ਕੰਮ ਲੈ ਕੇ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੋਕੇ ਆਖਿਆ ਕਿ ਅੱਗੇ ਮਾਮੂਲੀ ਕੰਮਾਂ ਪਿੱਛੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਿੱਥੇ ਸਮਾਂ ਵਿਅਰਥ ਗੁਆਉਣਾ ਪੈਂਦਾ ਸੀ, ਉੱਥੇ ਕਈ ਕਈ ਘੰਟੇ ਸਮਾਂ ਵਿਅਰਥ ਗਵਾਉਣ ਦੇ ਬਾਵਜੂਦ ਕਈ ਵਾਰ ਵਿਅਕਤੀ ਜਲੀਲ ਹੋ ਕੇ ਵਾਪਸ ਘਰ ਪਰਤਦਾ ਸੀ ਪਰ ਹੁਣ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਭਰ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਜੋ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋ ਰਹੀ ਹੈ, ਉੱਥੇ ਲੀਡਰਾਂ ਅਤੇ ਅਫਸਰਾਂ ਨਾਲ ਆਮ ਲੋਕਾਂ ਦੀ ਬਣੀ ਦੁੂਰੀ ਘਟਣ ਨਾਲ ਉਹਨਾ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਬਿਨਾ ਰਿਸ਼ਵਤ ਦਿੱਤੇ ਅਤੇ ਬਿਨਾ ਸਮਾਂ ਵਿਅਰਥ ਗਵਾਏ ਹੱਲ ਦੀ ਸੰਭਾਵਨਾ ਬਣਨ ਲੱਗ ਪਈ ਹੈ। ਉਹਨਾ ਮੰਨਿਆ ਕਿ ਜਿਆਦਾਤਰ ਲੋਕਾਂ ਨੇ ਪਾਣੀ ਨਿਕਾਸੀ ਦੀ ਸਮੱਸਿਆ ਅਤੇ ਸੀਵਰੇਜ ਠੱਪ ਰਹਿਣ ਦੀਆਂ ਸ਼ਿਕਾਇਤਾਂ ਦੱਸੀਆਂ ਪਰ ਉਹਨਾ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਦੋ ਟੁੱਕ ਫੈਸਲਾ ਸੁਣਾਉਂਦਿਆਂ ਆਖ ਦਿੱਤਾ ਸੀ ਕਿ ਪਾਣੀ ਨਿਕਾਸੀ ਅਤੇ ਸੀਵਰੇਜ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣ। ਉਹਨਾਂ ਆਖਿਆ ਕਿ ਜੇਕਰ ਸ਼ਹਿਰ ਵਾਸੀ ਆਪਣਾ ਕੂੜਾ ਕਰਕਟ ਅਤੇ ਹੋਰ ਫਾਲਤੂ ਸਮਾਨ ਨਾਲੀ-ਨਾਲਿਆਂ ਵਿੱਚ ਸੁੱਟਣ ਤੋਂ ਪ੍ਰਹੇਜ ਕਰਨ, ਆਪੋ ਆਪਣੇ ਘਰਾਂ ਵਿੱਚ ਡਬਟਬੀਨ ਲਵਾਉਣ, ਸਫਾਈ ਕਰਮਚਾਰੀਆਂ ਦੀਆਂ ਰੇਹੜੀਆਂ ਵਿੱਚ ਗਿੱਲਾ-ਸੁੱਕਾ ਕੂੜਾ ਵੱਖੋ ਵੱਖਰੇ ਢੰਗ ਨਾਲ ਪਾਉਣਾ ਯਕੀਨੀ ਬਣਾਉਣ, ਹਰ ਘਰ ਦੀਆਂ ਨਾਲੀਆਂ ਵਿੱਚ ਲੋਹੇ ਦੀਆਂ ਜਾਲੀਆਂ ਲਵਾਉਣ ਤਾਂ ਪਾਣੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਕਦੇ ਵੀ ਨਹੀਂ ਆਵੇਗੀ। ਉਹਨਾ ਦਾਅਵਾ ਕੀਤਾ ਕਿ ਪਾਣੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਾਨੂੰ ਖੁਦ ਨੂੰ ਵੀ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨਾ ਪਵੇਗਾ।
ਜ਼ਿਲ੍ਹਾ ਪ੍ਰੀਸ਼ਦ ਵਿਖੇ ਅੰਗਹੀਣਾਂ ਨੂੰ ਉਪਕਰਨ ਵੰਡ ਕੈਂਪ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਅਗੱਸਤ: ਸਥਾਨਕ ਸੀਡੀਪੀਓ ਦਫ਼ਤਰ ਅਤੇ ਡੀਡੀਆਰਸਈ ਵੱਲੋਂ ਜ਼ਿਲ੍ਹਾ ਪ੍ਰੀਸਦ ਵਿਖੇ ਅੰਗਹੀਣਾਂ ਨੂੰ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰਸ਼ੌਕਤ ਅਹਿਮਦ ਪਰੇ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਜਦ ਕਿ ਫਿਜੀਕਲੀ ਹੈਡੀਕੈਪਡ ਐਸੋਸੀਏਸ਼ਨ ਇਕਾਈ (ਰਜਿ:) ਬਠਿੰਡਾ ਵੱਲੋਂ ਬਲਕਰਨ ਸਿੰਘ ਐਕਟਿੰਗ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸਮੁੱਚੀ ਜ਼ਿਲ੍ਹਾ ਕਮੇਟੀ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਕੈਪ ਲਈ ਰਜਿਸਟਰੇਸ਼ਨ ਲਾਭ ਸਿੰਘ ਬੰਬੀਹਾ ਵਿੱਤ ਸਕੱਤਰ ਵੱਲੋਂ ਕਰਵਾਈ ਗਈ ਸੀ । ਇਸ ਲਈ ਬਾਅਦ ਵਿੱਚ ਵੀ ਸਾਰੇ ਰਜਿਸਟਰ ਹੋਏ ਵਿਅਕਤੀਆਂ ਨੂੰ ਉਪਕਰਨ ਵੰਡ ਸਮਾਗਮ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਕੈਂਪ ਲਗਾਉਣ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋਂ ਕਿਹਾ ਗਿਆ ਕਿ ਫਿਜੀਕਲੀ ਹੈਡੀਕੈਪਡ ਐਸੋਸੀਏਸ਼ਨ ਪੰਜਾਬ ਹਮੇਸ਼ਾ ਅੰਗਹੀਣਾਂ ਦੇ ਨਾਲ ਖੜੀ ਹੈ ਅਤੇ ਉਹਨਾ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਸਿਰਮੌਰ ਜਥੇਬੰਦੀ ਹੈ ।ਇਸ ਮੌਕੇ ਸਤਨਾਮ ਸਿੰਘ, ਗੁਰਚੇਤ ਸਿੰਘ ਗਹਿਰੀ ਭਾਗੀ ,ਹਰਦਮ ਸਿੰਘ ਖਿਆਲੀਵਾਲਾ ਆਦਿ ਹਾਜ਼ਰ ਸਨ ।
ਪੰਜਾਬ ਚ ਵੈਟ ਕਾਨੂੰਨਾਂ ਤੇ ਰਾਜ ਆਬਕਾਰੀ ਅਧੀਨ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦੀ ਲੋੜ : ਚੇਅਰਮੈਨ ਅਨਿਲ ਠਾਕੁਰ
ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ : ਪੰਜਾਬ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਪੰਜਾਬ ਭਰ ਤੋਂ ਵਪਾਰੀ ਭਾਈਚਾਰੇ ਦੁਆਰਾ ਉਨ੍ਹਾਂ ਦੇ ਜੀਐਸਟੀ ਟੈਕਸ ਅਤੇ ਵੈਟ ਸਬੰਧੀ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਉਪਰੋਕਤ ਮਸਲਿਆਂ ਨੂੰ ਵਨ ਟਾਈਮ ਸੈਟਲਮੈੰਟ ਨੀਤੀ ਬਣਾ ਕੇ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਵਪਾਰੀਆਂ ਅਤੇ ਸਰਕਾਰ ਨੂੰ ਵੀ ਟੈਕਸ ਦੇ ਰੂਪ ਵਿਚ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਾਰੋਬਾਰੀਆਂ ਨੂੰ ਜੀਐਸਟੀ ਤੋਂ ਪਹਿਲਾਂ ਵੈਟ ਦੇ ਬਕਾਏ ਦਾ ਭੁਗਤਾਨ ਨਾ ਕਰਨ ਲਈ ਨੋਟਿਸ ਮਿਲੇ ਹਨ ਅਤੇ ਇਸ ਤੋਂ ਇਲਾਵਾ ਜੀ.ਐਸ.ਟੀ ਆਉਣ ਨਾਲ ਵੈਟ, ਸਰਵਿਸ ਟੈਕਸ ਅਤੇ ਕੇਂਦਰੀ ਆਬਕਾਰੀ ਆਦਿ ਦੇ ਰੂਪ ਵਿੱਚ ਪੁਰਾਣੇ ਅਸਿੱਧੇ ਟੈਕਸ ਪ੍ਰਣਾਲੀਆਂ ਦੇ ਖਾਤਮੇ ਦੇ ਨਾਲ, ਰਾਜ ਅਤੇ ਕੇਂਦਰ ਸਰਕਾਰਾਂ ਦੇ ਪੁਰਾਣੇ ਸ਼ਾਸਨ ਦੌਰਾਨ ਵਪਾਰੀਆਂ ਅਤੇ ਸਰਕਾਰ ਦਰਮਿਆਨ ਬਹੁਤ ਸਾਰੇ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ। ਚੇਅਰਮੈਨ ਅਨਿਲ ਠਾਕੁਰ ਨੇ ਉਮੀਦ ਜਤਾਈ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਸਕੀਮ ਲਿਆ ਕੇ ਵਪਾਰੀ ਵਰਗ ਨੂੰ ਰਾਹਤ ਦੇਵੇਗੀ ਅਤੇ ਪੰਜਾਬ ਫਿਰ ਤੋਂ ਦੇਸ਼ ਦੇ ਨੰਬਰ ਇਕ ਸੂਬੇ ਵਜੋਂ ਉਭਰੇਗਾ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸ਼ਹੀਦ ਊਧਮ ਸਿੰਘ ਦਾ 84 ਵਾਂ ਸ਼ਹੀਦੀ ਦਿਹਾੜਾ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਫੈਕਲਟੀ ਆਫ ਲਾਅ ਵਿਖੇ ਕਾਰਜਕਾਰੀ ਉੱਪ ਕੁਲਪਤੀ ਡਾ. ਜਗਤਾਰ ਸਿੰਘ ਧੀਮਾਨ ਦੇ ਦਿਸ਼ਾ-ਨਿਰਦੇਸ਼ਾ ਹੇਠ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਦੀ ਅਗਵਾਈ ਅਧੀਨ ਸ਼ਹੀਦ ਊਧਮ ਸਿੰਘ ਦਾ 84 ਵਾਂ ਸ਼ਹੀਦੀ ਦਿਵਸ ਮਨਾਇਆ। ਇਸ ਦੌਰਾਨ ਡੀਨ ਕਾਨੂੰਨ ਵਿਭਾਗ ਡਾ. ਗੁਰਪ੍ਰੀਤ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸਰਦੂਲ ਸਿੰਘ ਸਿੱਧੂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕੌਮੀ ਸੇਵਾ ਯੋਜਨਾਂ ਵਿਭਾਗ ਵੱਲੋਂ ਅਜਿਹੇ ਸਮਾਗਮ ਅੱਗੇ ਤੋਂ ਉਲੀਕਣ ਦੀ ਵੀ ਯੋਜਨਾ ਸਾਂਝੀ ਕੀਤੀ। ਸ਼ਹੀਦੀ ਸਮਾਗਮ ਦੇ ਪ੍ਰਮੁੱਖ ਵਕਤਾ (ਡਾ.) ਸਤਨਾਮ ਸਿੰਘ ਜੱਸਲ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਅਤੇ ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਤੋਂ ਜਾਣੂ ਕਰਵਾਉਂਦਿਆ, ਉਹਨਾਂ ਦੇ ਸਘੰਰਸ਼ੀ ਜੀਵਨ ਤੇ ਵਿਸਥਾਰ ਪੂਰਵਕ ਚਾਨਣਾਂ ਪਾਇਆ। ਇਸ ਮੌਕੇ ਪ੍ਰੋ. ਪਲਵਿੰਦਰ ਕੌਰ, ਪ੍ਰੋ. ਰਜਨੀਸ਼ ਬਿਸ਼ਨੋਈ, ਪ੍ਰੋ ਅਨੀਤਾ, ਪ੍ਰੋ. ਹੀਨਾ ਗੋਇਲ, ਪ੍ਰੋ ਅਮਨਦੀਪ ਕੌਰ ਅਤੇ ਪ੍ਰੋ. ਰਾਜਵੀਰ ਕੌਰ ਸ਼ਾਮਿਲ ਸਨ। ਮੰਚ ਦਾ ਸੰਚਾਲਨ ਲਾਅ ਵਿਭਾਗ ਦੀਆਂ ਵਿਦਿਆਰਥਣਾਂ ਅਨੁਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਕੀਤਾ। ਡਾ. ਜਸਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਰਸਾਇਣਕ ਦੁਰਘਟਨਾਵਾਂ ਤੋਂ ਬਚਾਅ ਤੇ ਜਾਗਰੂਕਤਾ ਲਈ ਕਰਵਾਈ ਜਾਵੇਗੀ ਮੌਕ ਡਰਿਲ : ਡਿਪਟੀ ਕਮਿਸ਼ਨਰ
ਕਿਸੇ ਵੀ ਤਰ੍ਹਾਂ ਦੀ ਗੈਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੀਤਾ ਵਿਚਾਰ-ਵਟਾਂਦਰਾ
ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਜ਼ਿਲ੍ਹਾ ਸੰਕਟਕਾਲੀਨ ਗਰੁੱਪ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਗੈਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਕੈਮੀਕਲ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਨਿਯਮਤ ਤੌਰ ’ਤੇ ਅਜਿਹੀ ਮੀਟਿੰਗ ਕੀਤੀ ਜਾਂਦੀ ਹੈ ਤਾਂ ਜੋ ਰਸਾਇਣਕ ਦੁਰਘਟਨਾਵਾਂ ਵਾਪਰਨ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਵਿਭਾਗਾਂ ਤੇ ਸਬੰਧਤ ਅਦਾਰੇ ਵਿੱਚ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਘਟਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਗੁਜਰਾਤ ਗੈਸ ਦੀ ਘਰੇਲੂ ਗੈਸ ਪਾਇਪਲਾਈਨ ਤੇ ਐਨ.ਡੀ.ਆਰ.ਐਫ ਦੀ ਸਹਾਇਤਾ ਨਾਲ ਆਫ ਸਾਈਟ ਮੌਕ ਡਰਿੱਲ ਕਰਵਾਈ ਜਾਵੇ ਤਾਂ ਜੋ ਅਭਿਆਸੀ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਇੰਜਨੀਅਰ ਵਿਸ਼ਾਲ ਸਿੰਗਲਾ ਨੇ ਦੱਸਿਆ ਕਿ ਇਸ ਚ ਪੁਲਿਸ, ਸਿਹਤ ਵਿਭਾਗ ਤੇ ਫਾਇਰ ਬ੍ਰਿਗੇਡ ਦੀ ਅਹਿਮ ਭੂਮਿਕਾ ਹੁੰਦੀ ਹੈ ਤੇ ਇਨ੍ਹਾਂ ਵਿਭਾਗਾਂ ਨੂੰ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਹਰ ਵੇਲੇ ਚੌਕਸ ਰਹਿਣ ਦੀ ਲੋੜ ਹੈ। ਮੀਟਿੰਗ ਦੌਰਾਨ ਏਡੀਸੀ (ਜ) ਡਾ. ਪਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਰਾਹੁਲ ਅਤੇ ਐਨਡੀਆਰਐਫ਼ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਬਾਬਾ ਫ਼ਰੀਦ ਸਕੂਲ ਦੇ ਸਟਾਰਟਅੱਪ ਨੇ ਨਵਿਸ਼ਕਾਰ-2023 ਦੌਰਾਨ 25000 ਰੁਪਏ ਦਾ ਜਿੱਤਿਆ ਇਨਾਮ
ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ : ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵਿਖੇ ਤਨਿਸ਼ਕ, ਉਪਮਾਨੂ ਅਤੇ ਸਮੀਰ ਯਾਸੀਨ ਦੁਆਰਾ ਸ਼ੁਰੂ ਕੀਤੇ ਗਏ ਸਟਾਰਟਅੱਪ ਕੈਜ਼ਲ ਇੰਡਸਟਰੀਜ਼ ਪ੍ਰਾ. ਲਿਮ. ਨੂੰ ਨਵਿਸ਼ਕਾਰ-2023 ਵਿੱਚ 25000 ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਨਵਿਸ਼ਕਾਰ-2023 ਇੱਕ ਸਟਾਰਟਅੱਪ ਪਿੱਚ ਮੁਕਾਬਲਾ ਹੈ ਜੋ ਝਾਰਖੰਡ ਸਟਾਰਟਅੱਪ ਸਮਿਟ 2023 ਦੇ ਤਹਿਤ ਨਵਚਾਰ ਰਿਸਰਚ ਇਨਕਿਊਬੇਸ਼ਨ ਐਂਡ ਇਨੋਵੇਸ਼ਨ ਕਾਉਂਸਿਲ ਦੁਆਰਾ ਆਯੋਜਿਤ ਕੀਤਾ ਗਿਆ ਸੀ। ਨਵਿਸ਼ਕਾਰ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵਿਅਕਤੀਗਤ ਕੋਚਿੰਗ ਪ੍ਰਦਾਨ ਕਰਨਾ ਅਤੇ ਤਿਆਰ ਕਰਨਾ, ਬੂਟ ਕੈਂਪਾਂ ਨਾਲ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਲਈ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਉੱਦਮੀ ਕੋਚਾਂ ਦੁਆਰਾ ਕੋਚਿੰਗ ਸੈਸ਼ਨ ਲਗਾਉਣਾ ਆਦਿ ਸ਼ਾਮਲ ਹੈ। ਇਸ ਈਵੈਂਟ ਦੀ ਸ਼ੁਰੂਆਤ ਵਿੱਚ ਜਮਾਂ ਕੀਤੀਆਂ ਅਰਜ਼ੀਆਂ ਨੂੰ ਸ਼ਾਰਟ ਲਿਸਟ ਕਰ ਕੇ ਵਿਚਾਰਾਂ ਦੀ ਸਮੀਖਿਆ ਲਈ ਪੇਸ਼ਕਾਰੀਆਂ ਅਤੇ ਚੁਣੇ ਗਏ ਉਮੀਦਵਾਰਾਂ ਲਈ ਬੂਟ ਕੈਂਪ ਆਯੋਜਿਤ ਕੀਤੇ ਗਏ। ਇਸ ਤੋਂ ਬਾਅਦ ਗਰੈਂਡ ਫਿਨਾਲੇ ਵਿੱਚ ਚੁਣੀਆਂ 8 ਟੀਮਾਂ ਨੇ ਦਰਸ਼ਕਾਂ ਅਤੇ ਮਾਹਿਰਾਂ ਦੇ ਸਾਹਮਣੇ ਆਪਣੇ ਸਟਾਰਟ ਅੱਪ ਬਾਰੇ ਵਿਚਾਰ ਪੇਸ਼ ਕੀਤੇ। ਮਾਹਿਰਾਂ ਨੇ ਸਟਾਰਟਅੱਪ ਕੈਜ਼ਲ ਇੰਡਸਟਰੀਜ਼ ਪ੍ਰਾ. ਲਿਮ. ਦੀ ਬਹੁਤ ਸ਼ਲਾਘਾ ਕੀਤੀ ਅਤੇ 25000 ਰੁਪਏ ਦੇ ਇਨਾਮ ਲਈ ਚੁਣ ਲਿਆ।ਬੀ. ਐਫ. ਜੀ. ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਟਾਰਟਅੱਪ ਅਤੇ ਇਨਕਿਊਬੇਟਰ ਟੀਮ ਨੂੰ ਵਧਾਈ ਦਿੱਤੀ।
ਸੂਬੇ ਵਿੱਚ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਚਾਰ ਕੈਬਨਿਟ ਮੰਤਰੀਆਂ ਵੱਲੋਂ ਅੰਤਰ-ਵਿਭਾਗੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਜੁਲਾਈ:ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਪਾਣੀ ਅਤੇ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ (ਵੈਕਟਰ ਬੋਰਨ ਬਿਮਾਰੀਆਂ) ਦੇ ਫੈਲਾਅ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਅੱਜ ਇੱਥੇ ਅੰਤਰ-ਵਿਭਾਗੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੀ ਮੌਜੂਦ ਸਨ।ਬਲਬੀਰ ਸਿੰਘ ਨੇ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਸਾਰੇ ਵਿਭਾਗਾਂ ਨੂੰ ਇਨ੍ਹਾਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਆਖਦਿਆਂ ਕਿਹਾ ਕਿ ਉਹ ਘਰਾਂ, ਦਫ਼ਤਰਾਂ ਵਿੱਚ ਫਰਿੱਜਾਂ ਦੀਆਂ ਟਰੇਆਂ, ਕੂਲਰ, ਕੰਟੇਨਰਾਂ, ਗਮਲਿਆਂ, ਛੱਤਾਂ ਆਦਿ ਸਮੇਤ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਵਾਲੀਆਂ ਸਾਰੀਆਂ ਸੰਭਾਵਿਤ ਥਾਵਾਂ ਨੂੰ ਹਰੇਕ ਸ਼ੁੱਕਰਵਾਰ ਸਾਫ਼ ਕਰਕੇ ਸੁਕਾਉਣ। ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮੱਛਰਾਂ, ਜੋ ਸਿਰਫ ਇੱਕ ਹਫ਼ਤੇ ਵਿੱਚ ਅੰਡੇ ਤੋਂ ਵਿਕਸਿਤ ਹੋ ਸਕਦੇ ਹਨ, ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਇੱਕੋ-ਇੱਕ ਤਰੀਕਾ ਹੈ।ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੈਕਟਰ-ਬੋਰਨ ਬਿਮਾਰੀਆਂ ਦੇ ਸਬੰਧ ਵਿੱਚ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੰਜਾਬ ਵਿੱਚ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ ਡੇਂਗੂ ਦੇ ਕੁੱਲ 440 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਡੇਂਗੂ ਦੇ ਐਕਟਿਵ ਕੇਸਾਂ ਦੀ ਗਿਣਤੀ 114 ਹੈ। ਦੱਸਣਯੋਗ ਹੈ ਕਿ ਹੁਣ ਤੱਕ ਡੇਂਗੂ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ।ਵਿਭਾਗ ਵੱਲੋਂ ਪੰਜਾਬ ਵਿੱਚ 10 ਹੌਟਸਪੌਟਸ (ਸੰਵੇਦਨਸ਼ੀਲ ਥਾਵਾਂ) ਦੀ ਸ਼ਨਾਖਤ ਕੀਤੀ ਹੈ ਜਿੱਥੇ ਸਿਹਤ ਟੀਮਾਂ ਨੂੰ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਸੂਬੇ ਦੇ ਅਧਿਕਾਰੀਆਂ ਦੁਆਰਾ ਰੋਜ਼ਾਨਾ ਆਧਾਰ ‘ਤੇ ਇਸਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 855 ਬਰੀਡਿੰਗ ਚੈਕਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।ਸਿਹਤ ਮੰਤਰੀ ਨੇ ਮੱਛਰਾਂ ਦੇ ਲਾਰਵੇ ‘ਤੇ ਨਜ਼ਰ ਰੱਖਣ ਲਈ ਸਿਹਤ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਟਰਾਂਸਪੋਰਟ ਅਤੇ ਪੇਂਡੂ ਵਿਕਾਸ ਵਿਭਾਗਾਂ ਨੂੰ ਵੱਖ-ਵੱਖ ਖੇਤਰਾਂ ਅਤੇ ਰਿਹਾਇਸ਼ਾਂ ਦੀ ਚੈਕਿੰਗ ਲਈ ਗ੍ਰਾਮ ਸਿਹਤ, ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ (ਵੀ.ਐਚ.ਐਸ.ਐਨ.ਸੀਜ਼) ਅਤੇ ਮਹਿਲਾ ਅਰੋਗਿਆ ਸਮਿਤੀ (ਐਮ.ਏ.ਐਸ.) ਨਾਲ ਤਾਲਮੇਲ ਜ਼ਰੀਏ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਸੇ ਵੀ ਉਲੰਘਣਾ ਲਈ ਚਲਾਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਨੋਡਲ ਅਫ਼ਸਰ ਨਿਯੁਕਤ ਕਰਨ ‘ਤੇ ਵੀ ਜ਼ੋਰ ਦਿੱਤਾ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਕੇਸਾਂ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ 1300 ਬੈੱਡਾਂ ਵਾਲੇ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿਖੇ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ।ਇਸ ਤੋਂ ਇਲਾਵਾ ਆਈ ਫਲੂ ਅਤੇ ਸਕਿੱਨ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਅ ਲਈ ਕਿਸੇ ਨਾਲ ਹੱਥ ਮਿਲਾਉਣ ਜਾਂ ਜਨਤਕ ਥਾਵਾਂ ‘ਤੇ ਕਿਸੇ ਚੀਜ਼ ਨੂੰ ਛੂਹਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਹੱਥ ਨਾ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਅੱਖਾਂ ਨੂੰ ਛੂਹਿਆ ਜਾਵੇ।
ਇਲਾਜ ਨਾਲੋਂ ਪਰਹੇਜ ਚੰਗਾ
• ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੋ ਅਤੇ ਇੱਕ ਦਿਨ ਲਈ ਸੁੱਕਾ ਰੱਖੋ
• ਪਾਣੀ ਖੜ੍ਹਾ ਹੋਣ ਨੂੰ ਰੋਕਣ ਲਈ ਕੰਟੇਨਰ ਜਿਵੇਂ ਕਿ ਗਮਲਿਆਂ, ਟੁੱਟੀਆਂ ਚੀਜ਼ਾਂ, ਟਾਇਰ ਆਦਿ ਨੂੰ ਛੱਤਾਂ ‘ਤੇ ਨਾ ਰੱਖੋ।
• ਸਾਰੇ ਸੰਭਾਵੀ ਸਰੋਤਾਂ ਅਤੇ ਸਾਈਟਾਂ, ਜਿੱਥੇ ਮੱਛਰ ਪੈਦਾ ਹੋਣ ਦੀ ਸੰਭਾਵਨਾ ਹੋਵੇ, ਦਾ ਪਤਾ ਲਗਾ ਕੇ ਪਹਿਲਾਂ ਹੀ ਢੁੱਕਵੇਂ ਉਪਾਅ ਕੀਤੇ ਜਾਣ
• ਘਰ ਅਤੇ ਆਲੇ-ਦੁਆਲੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ
ਟੀਮਾਂ ਵੱਲੋਂ ਕੀਟਨਾਸ਼ਕਾਂ ਦੇ ਛਿੜਕਾਅ ਸਮੇਂ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਨਾ ਕਰੋ
• ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਸੰਸਥਾ ਨੂੰ ਰਿਪੋਰਟ ਕਰੋ
