ਜ਼ਮੀਨੀ ਪੱਧਰ ਤੱਕ ਸਰਕਾਰੀ ਨੀਤੀਆਂ ਦੀ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਮਈ: 2012 ਬੈਚ ਦੇ ਆਈ.ਏ.ਐਸ. ਅਧਿਕਾਰੀ ਭੁਪਿੰਦਰ ਸਿੰਘ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ – 1 ਵਿਖੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਨਵੇਂ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ।ਡਾਇਰੈਕਟਰ ਨੇ ਆਮ ਆਦਮੀ ਅਤੇ ਸਰਕਾਰ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਨ ਦੇ ਨਾਲ-ਨਾਲ ਸੂਬਾ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੌਜੂਦਾ ਆਧੁਨਿਕ ਯੁੱਗ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੋਸ਼ਲ ਮੀਡੀਆ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।ਸ੍ਰੀ ਭੁਪਿੰਦਰ ਸਿੰਘ, ਜੋ ਬਿਜਲੀ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਅਹੁਦਾ ਵੀ ਸੰਭਾਲ ਰਹੇ ਹਨ, ਨੇ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਦਾ ਪ੍ਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਲਈ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ।
ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
ਦਿੱਲੀ ਹਵਾਈ ਅੱਡਾ-ਲੁਧਿਆਣਾ ਵਾਲਵੋ ਬੱਸ ’ਚ ਟਿਕਟਾਂ ਦੀ ਚੋਰੀ ਫੜੀ, ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼
ਟਰਾਂਸਪੋਰਟ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤਾ ਗਿਆ ‘ਮਨਿਸਟਰ ਫ਼ਲਾਇੰਗ ਸਕੁਐਡ’
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਮਈ:ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤੇ ‘ਮਨਿਸਟਰ ਫ਼ਲਾਇੰਗ ਸਕੁਐਡ’ ਨੇ ਬੀਤੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੁਧਿਆਣਾ ਆ ਰਹੀ ਵਾਲਵੋ ਬੱਸ ਦੀ ਚੈਕਿੰਗ ਦੌਰਾਨ ਟਿਕਟਾਂ ਦੀ ਚੋਰੀ ਫੜੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 6 ਮੈਂਬਰੀ ਉੱਡਣ ਦਸਤੇ ਨੇ ਪਾਣੀਪਤ ਵਿਖੇ ਰਾਤ 11.20 ਵਜੇ ਦਿੱਲੀ ਏਅਰਪੋਰਟ ਤੋਂ ਲੁਧਿਆਣਾ ਆ ਰਹੀ ਜਲੰਧਰ ਡਿਪੂ ਦੀ ਵਾਲਵੋ ਬੱਸ ਨੰਬਰ ਪੀ.ਬੀ.08-ਸੀ.ਐਕਸ-9053 ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਡਕਟਰ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ।ਕੈਬਨਿਟ ਮੰਤਰੀ ਨੇ ਬੱਸ ਦੇ ਕੰਡਕਟਰ ਜਗਦੀਸ਼ ਸਿੰਘ ਨੂੰ 3,555 ਗ਼ਬਨ ਕਰਨ ਦੇ ਦੋਸ਼ ਵਿੱਚ ਤੁਰੰਤ ਡਿਊਟੀ ਤੋਂ ਫ਼ਾਰਗ ਕਰਨ ਸਬੰਧੀ ਟਰਾਂਸਪੋਰਟ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿਛਲੇ ਹਫ਼ਤੇ ਗਠਤ ਕੀਤਾ ਗਿਆ ‘ਮਨਿਸਟਰ ਫ਼ਲਾਇੰਗ ਸਕੁਐਡ’
ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਵੱਲੋਂ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਸਬੰਧੀ ਕਾਰਵਾਈ ਕਰਨ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਹਫ਼ਤੇ “ਮਨਿਸਟਰ ਫ਼ਲਾਇੰਗ ਸਕੁਐਡ” ਗਠਤ ਕੀਤਾ ਗਿਆ ਸੀ।ਇਸ ਚੈਕਿੰਗ ਟੀਮ ਨੂੰ ਟਰਾਂਸਪੋਰਟ ਮੰਤਰੀ ਦੇ ਹੁਕਮਾਂ ਅਨੁਸਾਰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ ’ਤੇ ਚਲ ਰਹੀ ਐਸ.ਟੀ.ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ।ਪੰਜਾਬ ਰੋਡਵੇਜ਼ ਲੁਧਿਆਣਾ ਦੇ ਜਨਰਲ ਮੈਨੇਜਰ ਸ੍ਰੀ ਨਵਰਾਜ ਬਾਤਿਸ਼ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਮੈਂਬਰ ਸ੍ਰੀ ਮਦਨ ਲਾਲ (ਐਸ.ਐਸ), ਸ੍ਰੀ ਰਾਮੇਸ਼ ਕੁਮਾਰ (ਇੰਸਪੈਕਟਰ), ਸ੍ਰੀ ਸੁਖਵਿੰਦਰ ਸਿੰਘ (ਇੰਸਪੈਕਟਰ), ਸ੍ਰੀ ਸੁਰਿੰਦਰ ਕੁਮਾਰ (ਸਬ-ਇੰਸਪੈਕਟਰ) ਅਤੇ ਸ੍ਰੀ ਸੁਖਦੀਪ ਸਿੰਘ (ਸਬ-ਇੰਸਪੈਕਟਰ) ਨੂੰ ਸ਼ਾਮਲ ਕੀਤਾ ਗਿਆ ਹੈ।
ਪੱਕੇ ਰੁਜਗਾਰ ਦੀ ਅਵਾਜ ਬੁਲੰਦ ਕਰਨ ਵਾਲੇ ਠੇਕਾ ਮੁਲਾਜਮਾਂ ’ਤੇ ਪੁਲਸ ਨੇ ਢਾਹਿਆ ਤਸ਼ਦੱਦ, ਕੀਤਾ ਲਾਠੀਚਾਰਜ
ਸੂਬਾ ਆਗੂ ਵਰਿੰਦਰ ਸਿੰਘ ਮੋਮੀ ਸਮੇਤ 50 ਤੋਂ ਵੱਧ ਠੇਕਾ ਮੁਲਾਜਮਾਂ ਨੂੰ ਪੁਲਸ ਨੇ ਲਿਆ ਹਿਰਾਸਤ ’ਚ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਦੇ ਠੇਕਾ ਮੁਲਾਜਮ ਵਿਰੋਧੀ ਅਪਣਾਏ ਜਾ ਰਹੇ ਵਿਹਾਰ ਦੀ ਕੀਤੀ ਪੂਰਜੋਰ ਨਿਖੇਧੀ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 22 ਮਈ : ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਦੇ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀ ਕਰਨ ਲਈ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਲਈ ਭਾਵੇ ਕਿ ਪਿਛਲੇ 1 ਸਾਲ ਤੋਂ ਲਗਾਤਾਰ 14 ਵਾਰ ਮੀਟਿੰਗ ਕਰਨ ਲਿਖਤੀ ਰੂਪ ਵਿਚ ਸਮਾਂ ਤੈਅ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਪੰਜਾਬ ਵਲੋਂ ਐਨ ਮੌਕੇ ਤੇ ਹਰੇਕ ਵਾਰ ਮੋਰਚੇ ਨਾਲ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਗਿਆ ਹੈ, ਜਿਸਦੇ ਵਿਰੋਧ ਵਿਚ ਮੋਰਚੇ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੀਲਡ ’ਚ ਆਉਣ ’ਤੇ ਪੂਰ ਅਮਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਉਲੀਕੇ ਸੰਘਰਸ਼ ਦੇ ਪ੍ਰੋਗਰਾਮ ਤਹਿਤ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ ਦੀ ਅਗੁਵਾਈ ਹੇਠ ਠੇਕਾ ਮੁਲਾਜਮਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਲ੍ਹਾ ਸੰਗਰੂਰ ਦੇ ਅਧੀਨ ਆਉਦੇ ਹਲਕੇ ਦਿੜਬੇ ਵਿਖੇ ਆਉਣ ’ਤੇ ਸ਼ਾਂਤੀ ਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਸਮੇਂ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪੁਲਸ ਪ੍ਰਸ਼ਾਸਨ ਵਲੋਂ ਲਾਠੀਚਾਰਜ ਕਰਕੇ ਤਸ਼ੱਦਦ ਕੀਤਾ ਗਿਆ ਹੈ ਉਥੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ ਅਤੇ ਸਤਿਗੁਰੂ ਸਿੰਘ, ਜਗਸੀਰ ਸਿੰਘ ਸਮੇਤ 50 ਤੋਂ ਵੱਧ ਠੇਕਾ ਮੁਲਾਜਮਾਂ ਨੂੰ ਗਿਰਫਤਾਰ ਕਰਕੇ ਖਨੌਰੀ ਥਾਣੇ ਅੰਦਰ ਡੱਕਿਆ ਗਿਆ। ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪੁਲਸ ਪ੍ਰਸ਼ਾਸਨ ਵਲੋਂ ਠੇਕਾ ਮੁਲਾਜਮਾਂ ’ਤੇ ਕੀਤੇ ਗਏ ਅੰਨ੍ਹੇ ਤਸ਼ਦੱਦ ਦੀ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਦੋ ਤੱਕ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਲ ਠੇਕਾ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਕਰਕੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਵਿਚ ਮਰਜ ਕਰਕੇ ਰੈਗੂਲਰ ਨਹੀਂ ਕੀਤਾ ਜਾਂਦਾ, ਉਸ ਵੇਲੇ ਤੱਕ ਮੁੱਖ ਮੰਤਰੀ ਪੰਜਾਬ ਜਿੱਥੇ ਵੀ ਸਰਕਾਰੀ ਸਮਾਗਮ ਵਿਚ ਪੁੱਜਣਗੇ ਉਥੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੇ ਠੇਕਾ ਮੁਲਾਜਮ ਪੂਰ ਅਮਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਰਕਾਰੀ ਥਰਮਲ ਪਲਾਂਟਾਂ, ਪਾਵਰਕਾਮ ਅਤੇ ਟਰਾਂਸਕੋ ਸਮੇਤ ਹਾਈਡਲ ਪ੍ਰਾਜੈਕਟਾਂ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਸਮੁੱਚੇ ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ, ਪੀ. ਡਬਲਯੂ. ਡੀ. ਇਲੈੱਕਟਰੀਕਲ ਵਿੰਗ ਅਤੇ ਸਿਹਤ ਵਿਭਾਗ ਆਦਿ ਵਿੱਚ ਆਊਟਸੋਰਸ਼, ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ ਅਤੇ ਸੁਸਾਇਟੀਆਂ ਆਦਿ ਰਾਹੀਂ ਪਿਛਲੇ 10 ਤੋਂ 15 ਸਾਲਾਂ ਦੇ ਲੰਬੇ ਅਰਸੇ ਤੋਂ ਨਿਗੁਣੀਆਂ ਤਨਖਾਹਾਂ ਤੇ ਤਨਦੇਹੀ ਨਾਲ ਸੇਵਾਵਾਂ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਵਾਰ ਵਾਰ ਮੀਟਿੰਗਾਂ ਕਰਨ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੁਕਰ ਕੇ ਸਮਾਂ ਲੰਘਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਮੋਰਚੇ ਦੇ ਬੈਨਰ ਹੇਠ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਸਰਕਾਰ ਨੂੰ ਸਮੂਹ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਵਿਚ ਰੈਗੂਲਰ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਬਠਿੰਡਾ ’ਚ ਚੱਲਦੇ ਕੈਂਟਰ ਨੂੰ ਲੱਗੀ, ਕੈਂਟਰ ’ਚ ਭਰਿਆ ਘਰੇਲੂ ਸਮਾਨ ਹੋਇਆ ਰਾਖ਼
ਫ਼ਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 22 ਮਈ : ਅੱਜ ਦੁਪਿਹਰ ਕਰੀਬ ਤਿੰਨ ਵਜੇਂ ਸਥਾਨਕ ਸ਼ਹਿਰ ਦੀ 100 ਫੁੱਟੀ ਰੋਡ ’ਤੇ ਘਰੇਲੂ ਸਮਾਨ ਨਾਲ ਭਰੇ ਹੋਏ ਇੱਕ ਕੈਂਟਰ ਨੂੰ ਅੱਗ ਲੱਗ ਗਈ। ਇਹ ਕੈਂਟਰ ਸਥਾਨਕ ਫ਼ੌਜੀ ਛਾਉਣੀ ਤੋਂ ਇੱਕ ਫ਼ੌਜੀ ਅਧਿਕਾਰੀ ਦਾ ਸਮਾਨ ਭਰ ਕੇ ਫ਼ਤਿਹਗੜ੍ਹ ਚੂੜੀਆਂ ਵੱਲ ਲੈ ਕੇ ਜਾ ਰਿਹਾ ਸੀ। ਹਾਲੇ ਉਹ ਪਾਵਰਹਾਊਸ ਰੋਡ ਤੋਂ ਫ਼ੌਜੀ ਛਾਉਣੀ ਵਿਚੋਂ ਬਾਹਰ ਨਿਕਲ ਕੇ 100 ਫੁੱਟੀ ਰੋਡ ’ਤੇ ਹੀ ਚੜਿਆ ਸੀ, ਕਿ ਇਸ ਦੌਰਾਨ ਕੈਂਟਰ ਦੇ ਮਗਰ ਪਏ ਹੋਏ ਇਨਵਾਈਟਰ ਤੇ ਬੈਟਰੇ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਅੱਗ ਲੱਗ ਗਈ।ਵੱਡੀ ਗੱਲ ਇਹ ਵੀ ਪਤਾ ਚੱਲਿਆ ਹੈ ਕੈਂਟਰ ਡਰਾਈਵਰ ਨੂੰ ਇੱਕ ਰਾਹਗੀਰ ਨੇ ਅੱਗ ਲੱਗੀ ਹੋਣ ਬਾਰੇ ਸੂਚਨਾ ਦਿੱਤੀ। ਜਿਸਤੋਂ ਬਾਅਦ ਜਦ ਕੈਂਟਰ ਡਰਾਈਵਰ ਨੇ ਕੈਂਟਰ ਨੂੰ ਪਾਸੇ ਲਾ ਕੇ ਥੱਲੇ ਉਤਰਿਆ ਤਾਂ ਅੱਗ ਭੜਕ ਉਠੀ। ਹਾਲੇ ਉਸ ਨੇ ਕੈਂਟਰ ਦੇ ਉਪਰੋਂ ਤਰਪਾਲ ਹੀ ਉਤਾਰੀ ਸੀ ਕਿ ਅੱਗ ਪੂਰੇ ਸਮਾਨ ਨੂੰ ਪੈ ਗਈ, ਜਿਸ ਕਾਰਨ ਨਾ ਸਿਰਫ ਕੈਂਟਰ ਵਿਚ ਪਿਆ ਸਮਾਨ ਜਲ ਕੇ ਰਾਖ ਹੋ ਗਿਆ, ਬਲਕਿ ਕੈਂਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ। ਅੱਗ ਕਾਰਨ ਕੈਂਟਰ ਦੇ ਨਜ਼ਦੀਕ ਖੜ੍ਹੇ ਮੋਟਰਸਾਈਕਲ ਤੇ ਕੁਝ ਹੋਰ ਸਮਾਨ ਨੂੰ ਵੀ ਅੱਗ ਪੈ ਗਈ। ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਦੀਆਂ 3 ਗੱਡੀਆਂ ਨੇ ਮੌਕੇ ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
’ਮਾਂ-ਖੇਡ ਕਬੱਡੀ’ ਕਾਰਨ ਪੂਰੀ ਦੁਨੀਆ ਵਿੱਚ ਬਣੀ ਪੰਜਾਬੀਆਂ ਦੀ ਪਹਿਚਾਣ- ਦਿਆਲ ਸੋਢੀ
ਰਾਮ ਸਿੰਘ ਕਲਿਆਣ
ਨਥਾਣਾ , 22 ਮਈ : ਸਥਾਨਕ ਬਲਾਕ ਦੇ ਪਿੰਡ ਤੁੰਗਵਾਲੀ ਦੇ ਕਬੱਡੀ ਖਿਡਾਰੀ ਨਿਊਜ਼ੀਲੈਂਡ ਵਿਖੇ ਕਬੱਡੀ ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਗਏ ਸਨ। ਕਬੱਡੀ ਖਿਡਾਰੀ ਗਗਨਦੀਪ ਸਿੰਘ ਨਿਊਜ਼ੀਲੈਂਡ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡਣ ਉਪਰੰਤ ਵਾਪਿਸ ਪਿੰਡ ਪਰਤਣ ਤੇ ਪਿੰਡ ਵਾਸੀਆ ਨੇ ਫੁੱਲਾ ਦੇ ਹਾਰ ਪਾਕੇ ਸਨਮਾਨਿਤ ਕੀਤਾ। ਕਬੱਡੀ ਖਿਡਾਰੀ ਨੂੰ ਉਸ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ ਸੀਨੀਅਰ ਬੀਜੇਪੀ ਆਗੂ ਦਿਆਲ ਸੋਢੀ ਨੇ ਕਿਹਾ ਕਿ ,’ਮਾਂ-ਖੇਡ ਕਬੱਡੀ’ਕਾਰਨ ਪੰਜਾਬ , ਪੰਜਾਬੀਅਤ ਦੀ ਪਹਿਚਾਣ ਵਿਸ਼ਵ ਪੱਧਰ ਤੱਕ ਹੋਈ ਹੈ ।ਇਸ ਮੌਕੇ ਬਲਜਿੰਦਰ ਕੌਰ ਸੀਨੀਅਰ ਆਗੂ ਮਹਿਲਾ ਵਿੰਗ ਆਮ ਆਦਮੀ ਪਾਰਟੀ, ਰਘਬੀਰ ਸਿੰਘ ਮਾਨ ਡਾਇਰੈਕਟਰ ਯੁਵਕ ਸੇਵਾਵਾ ਮਾਨਸਾ, ਜਗਸੀਰ ਸਿੰਘ ਲਾਲਾ ਕੋਚ, ਜਗਜੀਤ ਸਿੰਘ ਮਾਨ ਰਿਟਾਇਰਡ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਅਤੇ ਸਰਪੰਚ ਵਕੀਲ ਸਿੰਘ ਆਦਿ ਵੱਲੋ ਕਬੱਡੀ ਖਿਡਾਰੀ ਦਾ ਵਿਸੇਸ਼ ਸਨਮਾਨ ਕੀਤਾ। ਕਬੱਡੀ ਖਿਡਾਰੀ ਗਗਨਦੀਪ ਸਿੰਘ ਨੇ ਪਿੰਡ ਵਾਸੀਆ, ਕੋਚ ਅਤੇ ਸੀਨੀਅਰ ਆਗੂਆ ਦਾ ਤਹਿ ਦਿਲ ਤੋ ਧੰਨਵਾਦ ਕੀਤਾ।
17 ਸਾਲ ਖੋਜ ਕਰਕੇ ਲਿਖੀ ਪੁਸਤਕ ’ਪਿੰਡ ਸੇਲਬਰਾਹ ਦੀ ਇਤਿਹਾਸਕ ਗਾਥਾ’-ਹਰਭਜਨ ਸਿੰਘ ਸੇਲਬਰਾਹ
ਰਾਮ ਸਿੰਘ ਕਲਿਆਣ
ਨਥਾਣਾ , 22 ਮਈ : ਕਸਬਾ ਭਾਈ ਰੂਪਾ ਦੇ ਨਜ਼ਦੀਕੀ ਪਿੰਡ ਸੇਲਬਰਾਹ ਦੇ ਇਤਿਹਾਸ ਸਬੰਧੀ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਦੀ ਦੂਜੀ ਪੁਸਤਕ ’ਪਿੰਡ ਸੇਲਬਰਾਹ ਦੀ ਇਤਿਹਾਸਕ ਗਾਥਾ’ ਪਿੰਡ ਦੀ ਨਵੀਂ ਬਣੀ ਲਾਇਬ੍ਰੇਰੀ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ ਸੇਲਬਰਾਹ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਪਿੰਡ ਸੇਲਬਰਾਹ ਦੇ ਇਤਿਹਾਸ ਸਬੰਧੀ ਲਗਾਤਾਰ 17 ਸਾਲ ਲੰਬੀ ਖੋਜ ਕਰਨ ਉਪਰੰਤ ’ਪਿੰਡ ਸੇਲਬਰਾਹ ਦੀ ਇਤਿਹਾਸਕ ਗਾਥਾ’ ਪੁਸਤਕ ਲਿਖੀ ਹੈ। ਇਸ ਕਿਤਾਬ ਦੇ ਲੋਕ ਅਰਪਣ ਕਰਨ ਸਮੇ ਓਮ ਪ੍ਰਕਾਸ਼ ਗਾਸੋ, ਸਿੱਧੂ ਦਮਦਮੀ,ਸਤਿਬੀਰ ਸਿੰਘ ਲੁਧਿਆਣਾ, ਹਰਜੀਤ ਸਿੰਘ ਸੱਧਰ, ਸ੍ਰੀਮਤੀ ਹਰਜਿੰਦਰ ਕੌਰ ਸੱਧਰ, ਸੀ. ਮਾਰਕੰਡਾ, ਸੁਰਿੰਦਰਪ੍ਰੀਤ ਘਣੀਆ, ਜਸਪਾਲ ਮਾਨ ਖੇੜਾ, ਗੁਰਜੰਟ ਸਿੰਘ ਸਰਪੰਚ ਅਤੇ ਜਿਉਣ ਸਿੰਘ ਸੰਧੂ , ਮਲਕੀਤ ਸਿੰਘ ਸਹਿਣਾ, ਵਿਸੇਸ਼ਵਾਨੰਦ, ਮੇਘ ਰਾਜ ਫੌਜੀ, ਨਛੱਤਰ ਸਿੰਘ ,ਰੂਪ ਸਿੰਘ ਫੂਲ, ਲਛਮਣ ਸਿੰਘ ਮਲੂਕਾ, ਰਣਬੀਰ ਰਾਣਾ, ਦਰਸ਼ਨ ਮੌੜ, ਰਣਜੀਤ ਸਿੰਘ, ਡਾ. ਨਵਦੀਪ ਸਿੰਘ, ਡਾ. ਜਵਾਲਾ ਸਿੰਘ, ਪੱਤਰਕਾਰ ਗੁਰਦਰਸ਼ਨ ਲੁੱਧੜ, ਸੁਖਦਰਸ਼ਨ ਗਰਗ ਆਦਿ ਨੇ ਵੀ ਆਪਣੇ ਵਿਚਾਰ ਰੱਖੇ । ਸਟੇਜ ਸਕੱਤਰ ਦੀ ਭੂਮਿਕਾ ਸਾਹਿਤਕਾਰ ਜਸਵਿੰਦਰ ਸ਼ਰਮਾ ਨਿਭਾਈ। ਇਸ ਮੌਕੇ ਜਗਨ ਨਾਥ, ਅਮਰਜੀਤ ਪੇਂਟਰ, ਤੇਜਪਾਲ ਸਿੰਘ ਢਿੱਲੋਂ, ਗੁਰਲਾਲ ਸਿੰਘ ਬਰਗਾੜੀ, ਪ੍ਰੋ. ਮੁਖਤਿਆਰ ਸਿੰਘ ਬਰਾੜ, ਕ੍ਰਿਸ਼ਨ ਮੰਨਣ, ਮਾਸਟਰ ਅਮਰ ਸਿੰਘ, ਕੌਰ ਸਿੰਘ ਕੋਠਾ ਗੁਰੂ, ਗੁਰਪ੍ਰੀਤ ਸਿੰਘ ਮੌੜ ਨਾਭਾ, ਗੁਰਜੰਟ ਸਿੰਘ ਮੌੜ ਨਾਭਾ, ਬਲਵੀਰ ਸਿੰਘ ਸਰੋਏ ਟਾਇਪਿਸਟ, ਗੁਰਲਾਲ ਸਿੰਘ ਮੌੜ, ਸਵਰਨ ਸਿੰਘ ਸਾਹਨੇਵਾਲ, ਗੁਰਲਾਲ ਸਿੰਘ ਬਰਾੜ, ਕਟਾਰ ਸਿੰਘ ਬਰਾੜ, ਡਾ. ਬਲਦੇਵ ਸਿੰਘ ਸਿੱਧੂ, ਅਮਰ ਸਿੰਘ ਮਾਸਟਰ, ਸਿਮਰਨਜੀਤ ਸਿੰਘ ਪੱਤਰਕਾਰ, ਸੁਖਵਿੰਦਰ ਸਿੰਘ ਧਨੇਰ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ ਭਗਤਾ ਭਾਈਕਾ, ਬੂਟਾ ਸਿੰਘ ਸੇਲਬਰਾਹ, ਮਾਸਟਰ ਦੁਰਗਾ ਪ੍ਰਸਾਦ, ਪੱਤਰਕਾਰ ਰਜਿੰਦਰ ਮਰਾੜ, ਸੁਰਮੁੱਖ ਸਿੰਘ ਪ੍ਰਧਾਨ, ਗੁਰਮੇਲ ਸਿੰਘ, ਹਰਬਚਨ ਸਿੰਘ ਸਹਿਣਾ, ਲਖਬੀਰ ਸਿੰਘ ਮੰਡੀ ਕਲਾਂ, ਡਾ. ਸੰਦੀਪ ਕਾਸਵਾਂ, ਸ੍ਰੀ ਸੋਹਣ ਲਾਲ ਕਾਸਵਾਂ, ਜਗਦੇਵ ਸਿੰਘ ਸਰਪੰਚ, ਟੇਕ ਸਿੰਘ ਐਕਸ਼ੀਅਨ, ਜਗਪਾਲ ਸਿੰਘ, ਬਲਵੀਰ ਸਿੰਘ ਹਮੀਰਗੜ੍ਹ, ਜਸਵਿੰਦਰ ਸਿੰਘ ਸੇਲਬਰਾਹ, ਹਰਜੀਤ ਸਿੰਘ ਗੰਗਾ, ਰਣਜੀਤ ਸਿੰਘ ਗੰਗਾ, ਪ੍ਰੋ. ਬਰਾੜ, ਰੁਪਿੰਦਰ ਕੌਲੋਕੇ, ਰੇਸ਼ਮਾ ਦੇਵੀ, ਸੁਰਿੰਦਰਪਾਲ ਕੌਰ, ਸੁਖਵੀਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।
ਵੇਰਕਾ ਮਿਲਕ/ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਬਠਿੰਡਾ ਪਲਾਂਟ ਦੇ ਅੱਗੇ ਦਿੱਤਾ ਧਰਨਾ
ਲੁਧਿਆਣਾ ਪਲਾਂਟ ਦਾ ਕੰਮਕਾਜ਼ ਵੀ ਕੀਤਾ ਠੱਪ
ਸੁਖਜਿੰਦਰ ਮਾਨ
ਬਠਿੰਡਾ, 22 ਮਈ : ਵੇਰਕਾ ਮਿਲਕ/ਕੈਟਲਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਅਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਤੇ ਲੁਧਿਆਣਾ ਪਲਾਟ ਦਾ ਕੰਮ ਬੰਦ ਕੀਤਾ ਗਿਆ। ਬਠਿੰਡਾ ਪਲਾਂਟ ਅੱਗੇ ਧਰਨੇ ’ਤੇ ਬੈਠੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਪਵਨਦੀਪ ਸਿੰਘ, ਜਤਿੰਦਰ ਰੋਫੀ, ਅਮਨਦੀਪ ਸਿੰਘ , ਸੂਬਾ ਸਕੱਤਰ ਜਸਵੀਰ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਦੇ ਵਿਭਾਗਾਂ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਨਜ਼ਰ ਅੰਦਾਜ਼ ਕਰ ਰਹੀ ਹੈ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ’ਚ ਰੈਗੂਲਰ ਕਰਨ ਦੀ ਬਜਾਏ ਉਹਨਾਂ ਦੇ ਕੱਚੇ ਕੰਮ ਨੂੰ ਵੀ ਖਤਮ ਕਰਕੇ ਬੇ-ਰੁਜਗਾਰਾਂ ਨੂੰ ਪੱਕਾ ਰੁਜਗਾਰ ਦੇਣ ਦਾ ਢੌਂਗ ਰਚਿਆ ਜਾ ਰਿਹਾ ਹੈ। ਆਗੂਆਂ ਨੇ ਦਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਮਿਲਕ ਪਲਾਂਟ ਦੇ ਠੇਕਾ ਮੁਲਾਜਮ ਵੱਖ-ਵੱਖ ਪੋਸਟਾਂ ’ਤੇ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੂਹ ਠੇਕਾ ਕਾਮਿਆਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ, ਵਿਭਾਗਾਂ ਵਿੱਚ ਠੇਕੇਦਾਰ ਦੁਆਰਾ ਅੰਨ੍ਹੀ ਲੁੱਟ ਨੂੰ ਖਤਮ ਕੀਤਾ ਜਾਵੇ, ਵੇਰਕਾ ਦੇ ਵਿੱਚ ਠੇਕੇਦਾਰ ਦੁਆਰਾ ਐਕਟ 1948 ਮੁਤਾਬਿਕ ਮਿਨੀਮਮ ਵੇਜਿਜ਼ ਤੋਂ ਵੀ ਘੱਟ ਰੇਟਾਂ ਤੇ ਕੰਮ ਲਿਆ ਜਾ ਰਿਹਾ ਹੈ ਜਦ ਕਿ ਠੇਕੇਦਾਰਾਂ ਦੇ ਟੈਂਡਰ ’ਤੇ ਘੱਟੋ ਘੱਟ ਮਿਨੀਮਮ ਵੇਜਿਜ਼ ਦੇਣ ਦੀ ਸ਼ਰਤ ਲਾਗੂ ਹੈ ਪਰ ਇਨ੍ਹਾਂ ਲੋਟੂ ਟੋਲਿਆਂ ਵੱਲੋਂ 5-6 ਹਜ਼ਾਰ ਦੇ ਵਰਕਰਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਡਿਊਟੀ ਵੀ 8 ਘੰਟੇ ਤੋਂ ਵੱਧ ਲਈ ਜਾਂਦੀ ਹੈ। ਬਰਾਬਰ ਕੰਮ ਬਰਾਬਰ ਤਨਖਾਹ ਦੇ ਅਧਿਕਾਰਾਂ ਤੋਂ ਵੀ ਵਰਕਰਾਂ ਨੂੰ ਵਾਂਝਾ ਰੱਖਿਆ ਜਾਂਦਾ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਿਲਕਫੈਡ ਵਿਚ ਕੀਤੀ ਭਰਤੀ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਿਉੰਕਿ ਉਸ ਵਿੱਚ ਉੱਚ ਅਧਿਕਾਰੀ ਦੇ ਚਹੇਤੇ ਭਰਤੀ ਕੀਤੇ ਗਏ ਹਨ।
ਬਠਿੰਡਾ ਇਕਾਈ ਨੇ ਇਪਟਾ ਦਾ 80ਵਾਂ ਸਥਾਪਨਾ ਸਮਾਰੋਹ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 22 ਮਈ : ਅੱਜ ਇਪਟਾ ਦੀ ਬਠਿੰਡਾ ਇਕਾਈ ਨੇ ਸੰਸਥਾ ਦਾ 80ਵਾਂ ਸਥਾਪਨਾ ਦਿਵਸ ਸਥਾਨਕ ਐਮ. ਐਸ. ਡੀ ਗਰੁੱਪ ਆਫ ਇੰਸਟੀਚਿਊਨਜ਼ ਵਿਖੇ ਮਨਾਇਆ। ਪੂਰੇ ਪੰਜਾਬ ਵਿੱਚ 18 ਮਈ ਤੋਂ 25 ਤੱਕ ਚੱਲ ਰਹੇ ਇਪਟਾ ਸਥਾਪਨਾ ਸਮਾਰੋਹਾਂ ਦੀ ਲੜੀ ਤਹਿਤ ਬਠਿੰਡਾ ਵਿਖੇ ਅੱਜ ਮਨਾਏ ਇਸ ਸਥਾਪਨਾ ਦਿਵਸ ਵਿੱਚ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸੰਸਥਾ ਦੇ ਪ੍ਰਿੰਸੀਪਲ ਸੂਰਜ ਸੇਤੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਆਪਣੇ ਸੁਆਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਇਪਟਾ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਕੀਰਤੀ ਕਿਰਪਾਲ ਨੇ ਇਪਟਾ ਦੀਆਂ ਪ੍ਰਾਪਤੀਆਂ ਬਾਬਤ ਜਾਣਕਾਰੀ ਦਿੱਤੀ ਅਤੇ ਕਿਹਾ ਇਹ ਸੰਸਥਾ ਹੁਣ ਪਹਿਲਾਂ ਨਾਲੋਂ ਵਧੇਰੇ ਕਾਰਜਸ਼ੀਲ ਰਹਿ ਕੇ ਨਾਟ-ਕਲਾ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗੀ । ਇਪਟਾ ਦੇ ਵਿੱਤ ਸਕੱਤਰ ਲਛਮਣ ਸਿੰਘ ਮਲੂਕਾ ਨੇ ਇਪਟਾ ਦੇ ਗੌਰਵਮਈ ਇਤਿਹਾਸ ’ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਚਿਰੰਜੀ ਲਾਲ ਗਰਗ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਉਹਨਾਂ ਪੈੜਾਂ ’ਤੇ ਚੱਲਣਾ ਚਾਹੀਦਾ ਹੈ । ਇਸ ਦੌਰਾਨ ਨਾਟਿਅਮ ਥੀਏਟਰ ਗਰੁੱਪ ਦੇ ਆਰਟਿਸਟਾਂ ਨੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਿਤ ਨੁੱਕੜ ਨਾਟਕ ’ਜਿੱਥੇ ਸਫ਼ਾਈ, ਉੱਥੇ ਖ਼ੁਦਾਈ’ ਪੇਸ਼ ਕੀਤਾ । ਇੰਦਰਜੀਤ ਸਿੰਘ ਨੇ ਆਪਣੀ ਕਵਿਤਾ ਪੇਸ਼ ਕੀਤੀ ।ਮੰਚ ਸੰਚਾਲਨ ਇਪਟਾ ਮੈਂਬਰ ਸ਼੍ਰੀ ਜਸਪਾਲ ਜੱਸੀ ਨੇ ਕੀਤਾ । ਅੰਤ ਵਿੱਚ ਇਪਟਾ ਦੇ ਬਠਿੰਡਾ ਇਕਾਈ ਦੇ ਸਕੱਤਰ ਸ਼੍ਰੀ ਹਰਦੀਪ ਤੱਗੜ ਨੇ ਸਮੂਹ ਹਾਜ਼ਰ ਪਤਵੰਤੇ ਸੱਜਣਾਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਐਮ. ਐਸ. ਡੀ. ਸੰਸਥਾ ਦੇ ਸਟਾਫ਼ ਸਮੇਤ ਵਿਦਿਆਰਥੀ ਵੀ ਹਾਜ਼ਰ ਸਨ ।
ਨੈਸ਼ਨਲ ਗੋਲਡ ਜੇਤੂ ਪਾਵਰ ਲਿਫ਼ਟਰ ਪੁਸ਼ਪ ਸ਼ਰਮਾ ਦਾ ਸਕੂਲ ਪੁੱਜਣ ’ਤੇ ਸਨਮਾਨ
ਬੈਂਚ ਪ੍ਰੈਸ ਵਿੱਚ ਨੈਸ਼ਨਲ ਦਾ ਰਿਕਾਰਡ ਤੋੜਿਆ
ਸੁਖਜਿੰਦਰ ਮਾਨ
ਬਠਿੰਡਾ, 22 ਮਈ : ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਆੱਫ ਐਂਮੀਨੈਂਸ ਪਰਸਰਾਮ ਨਗਰ ਦੇ ਪੁਸ਼ਪ ਸ਼ਰਮਾ ਨੇ ਪਿਛਲੇ ਦਿਨੀਂ ਤਾਮਿਲਨਾਡੂ ਦੇ ਸ਼ਹਿਰ ਟੈਨਕਸੀ ਵਿਖੇ ਕਰਵਾਈ ਗਈ ਨੈਸ਼ਨਲ ਸਬ ਜੂਨੀਅਰ ਅਤੇ ਜੂਨੀਅਰ ਪਾਵਰ ਲਿਫਟਿੰਗ ਚੈਪੀਅਨਸ਼ਿਪ 2023 ਵਿੱਚ ਵੇਟ ਕੈਟਾਗਿਰੀ 105 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਤੇ ਪੰਜਾਬ ਦਾ ਨਾਮ ਚਮਕਾਇਆ ਹੈ । ਇਸ ਚੈਪੀਅਨਸ਼ਿਪ ਵਿੱਚ ਇਸ ਸਕੂਲ ਦੇ ਤਿੰਨ ਖਿਡਾਰੀ ਵਿਦਿਆਰਥੀ ਪੁਸ਼ਪ ਸ਼ਰਮਾ, ਤਨਵੀਰ ਸਿੰਘ, ਮਹੇਸ਼ ਸ਼ਾਹ ਨੇ ਭਾਗ ਲਿਆ ਹੈ । ਪੁਸ਼ਪ ਸ਼ਰਮਾ ਨੇ 240 ਕਿਲੋਗ੍ਰਾਮ ਸਕਾਇਟ ਲਿਫਟ, 183 ਕਿਲੋਗ੍ਰਾਮ ਬੈਂਚ ਪ੍ਰੈਸ ਅਤੇ 200 ਕਿਲੋਗ੍ਰਾਮ ਡੈੱਡ ਲਿਫਟ ਕਰਕੇ ਸਬ ਜੂਨੀਅਰ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਸਕੂਲ ਪੁੱਜਣ ’ਤੇ ਇਹਨਾਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਸਕੂਲ ਵਿੱਚ ਸਵੇਰ ਸਮੇਂ ਚੱਲ ਰਹੇ ਪਾਵਰ ਲਿਫਟਿੰਗ ਸੈਂਟਰ ਅਤੇ ਸ਼ਾਮ ਸਮੇਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿੱਚ ਅਭਿਆਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਪਾਵਰ ਲਿਫਟਿੰਗ ਕੋਚ ਅਤੇ ਜਿਲ੍ਹਾ ਸਪੋਰਟਸ ਅਫਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਸ਼ਪ ਸ਼ਰਮਾ ਨੇ ਬੈਂਚ ਪ੍ਰੈਸ 183 ਕਿਲੋਗ੍ਰਾਮ ਵਿੱਚ ਨੈਸ਼ਨਲ ਦਾ ਰਿਕਾਰਡ ਜੋ ਕਿ 182 ਕਿਲੋਗ੍ਰਾਮ ਦਾ ਤੋੜਿਆ ਹੈ । ਸੁਖਦੀਪ ਸਿੰਘ ਢਿੱਲੋ ਐਮ ਸੀ ਬਠਿੰਡਾ ਨੇ ਸਕੂਲ ਵਿੱਚ ਚੱਲ ਰਹੇ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੇ ਖੇਡ ਸੈਂਟਰ ਵਿੱਚ ਖਿਡਾਰੀਆਂ ਦੇੇ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਤੇ ਤਸੱਲੀ ਪ੍ਰਗਟ ਕੀਤੀ । ਗੁਰਿੰਦਰ ਸਿੰਘ ਬਰਾੜ ਡੀਪੀਈ ਨੇ ਦੱਸਿਆ ਕਿ ਇਸ ਸਾਲ ਵਤਨ ਪੰਜਾਬ ਦੀਆਂ ਖੇਡਾਂ ਅਤੇ ਪੰਜਾਬ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਤੇ ਇਸ ਸਕੂਲ ਦੇ 17 ਖਿਡਾਰੀਆਂ ਨੇ ਪਾਵਰ ਲਿਫਟਿੰਗ, ਵੇਟ ਲਿਫਟਿੰਗ, ਬਾਕਸਿੰਗ,ਕਿੱਕ ਬਾਕਸਿੰਗ ਅਤੇ ਜਿਮਨਾਸਟਿਕ ਵਿੱਚ ਮੈਡਲ ਪ੍ਰਾਪਤ ਕੀਤੇ ਹਨ । ਵੇਟ ਲਿਫਟਿੰਗ ਵਿੱਚ ਸਕੂਲ ਦੀਆਂ ਦੋ ਖਿਡਾਰਨਾਂ ਬਿੰਦੂ ਅਤੇ ਰਜਨੀ ਜਿਮਨਾਸਟਿਕ ਅਤੇ ਆਰਟਿਸਟਿਕ ਵਿੱਚ ਸਰਬਜੋਤ ਸਿੰਘ ਦੀ ਚੋਣ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜੀਡੈਂਸ਼ੀਅਲ ਵਿੰਗ ਐਸਐਸਏ ਨਗਰ (ਮੋਹਾਲੀ) ਵਿਖੇ ਹੋਈ ਹੈ । ਇਸ ਮੌਕੇ ਇਕਬਾਲ ਸਿੰੰਘ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ)ਬਠਿੰਡਾ, ਜਸਵੀਰ ਸਿੰਘ ਗਿੱਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਬਘੇਲ ਸਿੰਘ ਗਿੱਲ, ਲਲਿਤ ਕੁਮਾਰ, ਹਰਪ੍ਰੀਤ ਸਿੰਘ (ਵਾਲੀਵਾਲ ਕੋਚ) ਰਾਮ ਸਿੰਘ (ਸਸ ਮਾਸਟਰ) ਵਿਨੋਦ ਕੁਮਾਰ (ਅੰਗਰੇਜੀ ਮਾਸਟਰ) ਹਾਜਰ ਸਨ ।
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਸਹਿਤਕ ਇੱਕਤਰਤਾ ਵਿੱਚ ਰਚਨਾਵਾਂ ਤੇ ਭਖਵੀਂ ਵਿਚਾਰ ਚਰਚਾ ਹੋਈ
ਸੁਖਜਿੰਦਰ ਮਾਨ
ਬਠਿੰਡਾ, 21 ਮਈ :ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਸਹਿਤਕ ਇੱਕਤਰਤਾ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਸਥਾਨ ਟੀਚਰਜ਼ ਹੋਮ ਵਿਖੇ ਹੋਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਬੂਟਾ ਸਿੰਘ ਸ਼ਾਦ,ਜਾਵੇਦ ਬੂਟਾ, ਸੁਰਿੰਦਰ ਪ੍ਰੀਤ ਘਣੀਆਂ ਦੇ ਨੌਜਵਾਨ ਭਾਣਜੇ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਮਨਜੀਤ ਬਠਿੰਡਾ ਨੇ ਖਲੋਤੇ ਕੋਲ਼ ਹੈ ਵਰਿਆ ਤੋਂ ਇਹੇ ਲੋਚਦੇ ਰਹਿੰਦੇ,ਸੁਣਾਈ। ਹਰਭੁਪਿੰਦਰ ਲਾਡੀ ਨੇ ਜੇ ਸੀ ਪਰਿੰਦਾ ਨੂੰ ਯਾਦ ਕਰਦਿਆਂ ਕਵਿਤਾ ਸਰੋਤਿਆਂ ਅੱਗੇ ਪੇਸ਼ ਕੀਤੀ। ਕਮਲਜੀਤ ਕੌਰ ਨੇ ਹੱਥਾਂ ਦੇ ਮਹੱਤਵ ਨਾਲ ਸਬੰਧਤ ਕਵਿਤਾ ਸਰੋਤਿਆਂ ਨੂੰ ਸੁਣਾਈ। ਰਮੇਸ਼ ਕੁਮਾਰ ਗਰਗ ਨੇ ਹੁਣ ਮੈਂ ਉਹ ਨਹੀਂ , ਮਾਨਖੇੜਾ ਨੂੰ ਸੰਬੋਧਿਤ ਰਚਨਾ ਪੇਸ਼ ਕੀਤੀ। ਅਮਨ ਦਾਤੇਵਾਸੀਆ ਨੇ ਲੇਬਰ ਚੌਂਕ ਉਡੀਕਦਾ ਕਰਮ ਸਿਆ ਚੱਲ ਚੱਲ, ਬੇਹਤਰੀਨ ਗ਼ਜ਼ਲ ਪੇਸ਼ ਕੀਤੀ।ਭੋਲਾ ਸਿੰਘ ਸਮੀਰੀਆ ਨੇ ਸਾਹਿਤਕਾਰਾਂ ਨੂੰ ਸੰਬੋਧਿਤ ਰਚਨਾ ਪੇਸ਼ ਕੀਤੀ। ਜਸਵੀਰ ਢਿੱਲੋਂ ਨੇ ਬਾਪੂ, ਕਵਿਤਾ ਪੇਸ਼ ਕੀਤੀ। ਰਣਵੀਰ ਰਾਣਾ ਨੇ ਆਪਣੀ ਮਹੱਤਵਪੂਰਨ ਗਜਲ ਪੇਸ਼ ਕੀਤੀ। ਭੁਪਿੰਦਰ ਸੰਧੂ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਕਲਾਸ ਐਗਲ ਤੋਂ ਗ਼ਜ਼ਲ ਸੁਣਾਈ। ਸ੍ਰੀ ਲਛਮਣ ਮਲੂਕਾ, ਡਾਕਟਰ ਰਵਿੰਦਰ ਸੰਧੂ, ਜਸਵਿੰਦਰ ਜਸ ਨੇ ਰਚਨਾਵਾਂ ਤੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਇਹਨਾਂ ਰਚਨਾਵਾਂ ਤੇ ਸਾਰੀ ਬਹਿਸ ਨੂੰ ਸਭਾ ਦੇ ਸਰਪ੍ਰਸਤ ਸ੍ਰੀ ਗੁਰਦੇਵ ਖੋਖਰ ਹੋਰਾਂ ਨੇ ਆਪਣੇ ਪੁਖਤਾ ਵਿਚਾਰਾਂ ਨਾਲ ਸਮੇਟਿਆ। ਉਹਨਾਂ ਕਿਹਾ ਚੰਗੇ ਮਨੁੱਖ ਬਣਨ ਦਾ ਸੰਕਲਪ ਹੀ ਸਾਹਿਤ ਦਾ ਸੰਕਲਪ ਹੁੰਦਾ ਹੈ।ਇਸ ਦਰਮਿਆਨ ਲੜ ਰਹੀਆਂ ਪਹਿਲਵਾਨ ਕੁੜੀਆਂ ਤੇ ਡਾਕਟਰ ਨਵਸ਼ਰਨ ਦੇ ਹੱਕ ਤੇ ਸਮੱਰਥਨ ਵਿਚ ਮਤੇ ਨੂੰ ਸਮੁੱਚੀ ਇੱਕਤਰਤਾ ਨੇ ਪ੍ਰਵਾਨ ਕੀਤਾ। ਬਠਿੰਡਾ ਵਿਖੇ ਬਣ ਰਹੇ ਸਹਿਤਕ ਆਡੀਟੋਰੀਅਮ ਵਿੱਚ ਸਹਿਤਕ, ਰੰਗਕਰਮੀਆ, ਨੂੰ ਮੈਂਬਰ ਐਡਵੈਜਰੀ ਬੋਰਡ ਵਿੱਚ ਲੈਣ ਦੀ ਵੀ ਮਤਾ ਰੱਖਿਆ ਗਿਆ,ਤੇ ਪ੍ਰਵਾਨ ਕੀਤਾ ਗਿਆ। ਇੱਕਤਰਤਾ ਦੇ ਅੰਤ ਤੇ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਵਿਸਥਾਰ ਸਹਿਤ ਭਾਰਤੀ ਸਾਹਿਤ ਅਕਾਦਮੀ ਵਿੱਚ ਕੰਮਾਂ ਬਾਰੇ, ਜਾਣਕਾਰੀ ਦਿੱਤੀ। ਤੇ ਸਾਰੇ ਪਹੁੰਚੇ ਸਹਿਤਕਾਰ ਦੋਸਤਾਂ ਮੈਂਬਰਾ ਦਾ ਧੰਨਵਾਦ ਕੀਤਾ ਗਿਆ। ਇਸ ਇੱਕਤਰਤਾ ਵਿੱਚ ਤੇਜਾ ਸਿੰਘ ਪ੍ਰੇਮੀ, ਕਹਾਣੀਕਾਰ ਅਗਾਜਵੀਰ, ਸ੍ਰੀ ਜਰਨੈਲ ਭਾਈਰੂਪਾ, ਅਵਤਾਰ ਸਿੰਘ ਬਾਹੀਆ, ਭੁਪਿੰਦਰ ਮਾਨ ਵੀ ਹਾਜ਼ਿਰ ਸਨ। ਇਸ ਇੱਕਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਗੌਰਵ ਨੇ ਬਾਖੂਬੀ ਨਿਭਾਇਆ।
