Home Blog Page 2119

ਲੋਕ ਮੋਰਚਾ ਪੰਜਾਬ ਵੱਲੋਂ ਪਹਿਲਵਾਨ ਕੁੜੀਆਂ ਦੀ ਹਿਮਾਇਤ ਵਿਚ ਰੋਸ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 9 ਮਈ : ਲੋਕ ਮੋਰਚਾ ਪੰਜਾਬ ਨੇ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਜਿਣਸੀ ਸ਼ੋਸ਼ਣ ਖਿਲਾਫ ਧਰਨੇ ਦੀ ਹਮਾਇਤ ਵਿੱਚ ਅੱਜ ਇੱਥੇ ਟੀਚਰਜ ਹੋਮ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਵੱਲੋਂ ਉਠਾਈ ਆਵਾਜ਼ ਸਮੂਹ ਸਮਾਜ ਦੀ ਹਮਾਇਤ ਦੀ ਹੱਕਦਾਰ ਹੈ। ਇਹ ਮਸਲਾ ਨਾ ਸਿਰਫ ਸਾਡੇ ਸਮਾਜ ਅੰਦਰ ਕੁੜੀਆਂ ਨਾਲ ਨਿੱਤ ਦਿਨ ਵਾਪਰਦੀਆਂ ਵਧੀਕੀਆਂ ਦਾ ਮਸਲਾ ਹੈ, ਸਗੋਂ ਅਜਿਹੀਆਂ ਵਧੀਕੀਆਂ ਨੂੰ ਰਾਜਸੱਤਾ ਵੱਲੋਂ ਮੂਕ ਸਹਿਮਤੀ ਦੇਣ ਦਾ ਵੀ ਮਸਲਾ ਹੈ। ਉੱਚ ਸਿਆਸੀ ਅਤੇ ਪ੍ਰਬੰਧਕ ਰੁਤਬੇ ਦੇ ਸਿਰ ਤੇ ਇਨ੍ਹਾਂ ਖਿਡਾਰਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਹੁਣ ਉਸੇ ਰੁਤਬੇ ਦੇ ਸਿਰ ਤੇ ਪੀੜਤਾਂ ਦੀ ਅਵਾਜ਼ ਨੂੰ ਦਬਾਉਣ ਲਈ ਸਾਰੇ ਯਤਨ ਜੁਟਾਏ ਜਾ ਰਹੇ ਹਨ। ਜਥੇਬੰਦੀ ਦੇ ਆਗੂਆਂ ਨੇ ਪੀੜਤ ਖਿਡਾਰਨਾਂ ਨੂੰ ਇਨਸਾਫ ਦੇਣ, ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਉਸਨੂੰ ਮੌਜੂਦਾ ਐਮ ਪੀ ਦੀ ਸੀਟ ਅਤੇ ਕੁਸ਼ਤੀ ਫ਼ੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰਨ,ਖਿਡਾਰਨਾਂ ਨਾਲ ਖਿੱਚ-ਧੂਹ ਕਰਨ ਵਾਲੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ। ਰੈਲੀ ਦੌਰਾਨ ਗੁਰਦੀਪ ਸਿੰਘ ਮਲੋਟ ਤੇ ਨਿਰਮਲ ਸਿਵੀਆਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਵੱਲੋਂ ਨਿਭਾਈ ਗਈ।

ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੇ ਚਾਰ ਸਾਬਕਾ ਐਥਲੀਟਸ ਨੂੰ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 9 ਮਈ : ਸਥਾਨਕ ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੇ ਵਿਚ ਪੜਾਈ ਕਰ ਚੁੱਕੇ ਚਾਰ ਅੰਤਰ ਰਾਸ਼ਟਰੀ ਐਥਲੀਟਸ ਨੂੰ ਪੰਜਾਬ ਸਰਕਾਰ ਵਲੋਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਪ੍ਰਤਿਭਾਸ਼ਾਲੀ ਐਸਲੀਟਸ ਨੇ ਨਾ ਕੇਵਲ ਕਾਲਜ ਦਾ ਨਾਮ ਰੋਸ਼ਨ ਕੀਤਾ ਬਲਕਿ ਆਪਣੇ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਮ ਏਸ਼ੀਆ, ਕਾਮਨ ਵੈਲਥ ਅਤੇ ਉਲਪਿੰਕ ਤੱਕ ਚਮਕਾਇਆ ਹੈ। ਕਾਲਜ ਦੇ ਸਾਬਕਾ ਐਥਲੀਟਸ ਦੀ ਇਸ ਪ੍ਰਾਪਤੀ ’ਤੇ ਕਾਲਜ ਪ੍ਰਬੰਧਕਾਂ ਨੇ ਖ਼ੁਸੀ ਜਾਹਰ ਕਰਦਿਆਂ ਇੰਨ੍ਹਾਂ ਨੂੰ ਵਧਾਈ ਦਿੱਤੀ ਹੈ। ਅੰਤਰ ਰਾਸ਼ਟਰੀ ਐਥਲੀਟ ਤੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇ.ਪੀ.ਐਸ. ਬਰਾੜ ਨੇ ਦਸਿਆ ਕਿ ਤਜਿੰਦਰਪਾਲ ਸਿੰਘ ਤੂਰ (ਸ਼ਾਟ ਪੁਟਰ) ਅਤੇ ਕ੍ਰਿਪਾਲ ਸਿੰਘ (ਡਿਸਕਸ ਥਰੋਰ) ਨੂੰ 05-05 ਲੱਖ, ਟਵਿੰਕਲ ਚੌਧਰੀ (800 ਮੀਟਰ ਰਨਰ) ਨੂੰ 03 ਲੱਖ ਅਤੇ ਅਰਪਿੰਦਰ ਸਿੰਘ (ਤੀਹਰੀ ਛਾਲ) ਨੂੰ ਪੰਜਾਬ ਸਰਕਾਰ ਨੇ 02 ਲੱਖ ਨਗਦ ਰਾਸ਼ੀ ਦੇ ਨਾਲ ਨਵਾਜਿਆ ਹੈ। ਉਧਰ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਰਮਨ ਸਿੰਗਲਾ, ਵਾਇਸ ਪ੍ਰਧਾਨ ਰਾਕੇਸ਼ ਗੋਇਲ, ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਰਘਬੀਰ ਚੰਦ ਸ਼ਰਮਾ ਨੇ ਵੀ ਐਥਲੀਟਸ ਦੀਆ ਪ੍ਰਾਪਤੀਆਂ ਉੱਤੇ ਉਹਨਾਂ ਨੂੰ ਵਧਾਈ ਦਿੱਤੀ।

ਵਿਸ਼ਵ ਥੈਲੇਸੀਮੀਆ ਦਿਵਸ ਦੇ ਸਬੰਧ ’ਚ ਬਠਿੰਡਾ ਅਕੈਡਮੀ ਆਫ਼ ਪੈਡੀਅਟ੍ਰਿਕਸ ਵਲੋਂ ਖੂਨਦਾਨ ਕੈਂਪ ਆਯੋਜਿਤ

0

ਸਿਵਲ ਸਰਜਨ ਵਲੋਂ ਖੂਨਦਾਨੀਆਂ ਥੈਲੇਸੀਮੀਆ ਦੇ ਮਰੀਜ਼ਾਂ ਲਈ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 9 ਮਈ : ਵਿਸ਼ਵ ਥੈਲੇਸੀਮੀਆ ਦਿਵਸ ਦੇ ਸਬੰਧ ਵਿੱਚ ਅੱਜ ਬਠਿੰਡਾ ਅਕੈਡਮੀ ਆਫ਼ ਪੈਡੀਅਟ੍ਰਿਕਸ ਵਲੋ ਸਥਾਨਕ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ਵ ਥੈਲੇਸੀਮੀਆ ਦਿਵਸ ਦੇ ਸਬੰਧ ਵਿੱਚ ਮਿਤੀ 7 ਤੋਂ 21 ਮਈ ਤੱਕ ਦੋ ਹਫ਼ਤੇ ਥੈਲੇਸੀਮੀਆ ਸਬੰਧੀ ਜਾਗਰੂਕਤਾ ਮੁਹਿੰਮ ਅਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਸਮੂਹ ਸਮਾਜ ਸੇਵੀ ਸੰਸਥਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇ ਕੇ ਲੋਕਾਂ ਵਿੱਚ ਥੈਲੇਸੀਮੀਆ ਬਿਮਾਰੀ ਸਬੰਧੀ ਜਾਗਰੂਕ ਕਰਨ ਅਤੇ ਖੂਨ ਦਾਨ ਕੈਂਪ ਲਗਾਉਣ। ਇਸ ਕੈਂਪ ਵਿੱਚ ਡਾ ਰਿਚਿਕਾ ਦੀ ਟੀਮ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ ਸ਼ਤੀਸ਼ ਜਿੰਦਲ ਨੇ ਵੀ ਥੈਲੇਸੀਮੀਆ ਦੇ ਰੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ ਅਸੀਸ਼ ਬਜਾਜ, ਡਾ ਰੋਬਿਨ ਮਹੇਸ਼ਵਰੀ, ਡਾ ਬਜਾਜ, ਅਵਤਾਰ ਸਿੰਘ ਬੋਗਾ, ਡਾ ਰਿਚਿਕਾ, ਡਾ ਰੁਚਿਕਾ, ਡਾ ਮਯੰਕਜੋਤ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਗਗਨਦੀਪ ਭੁੱਲਰ, ਸਾਹਿਲ ਪੁਰੀ, ਪਵਨਜੀਤ ਕੌਰ, ਸਿਮਰਜੀਤ, ਰਮੇਸ਼ ਕੁਮਾਰ, ਨੀਲਮ ਰਾਣੀ ਅਤੇ ਹੋਰ ਸਟਾਫ਼ ਹਾਜ਼ਰ ਸਨ।

ਸਰਕਾਰੀ ਪੌਲੀਟੈਕਨਿਕ ਕਾਲਜ ਦੇ 06 ਈ.ਸੀ.ਈ. ਵਿਦਿਆਰਥੀਆਂ ਦੀ ਨੌਕਰੀ ਲਈ ਹੋਈ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 9 ਮਈ : ਸਰਕਾਰੀ ਪੌਲੀਟੈਕਨਿਕ ਕਾਲਜ ਦੇ ਇਲੈਕਟਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਲੋਮਾ ਕੋਰਸ ਦੇ ਆਖਰੀ ਸਾਲ ਦੇ 06 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਵਿਦਿਆਰਥਣਾਂ ਪਵਨਦੀਪ ਕੌਰ ਅਤੇ ਸੋਮਾ ਕੌਰ ਦੀ ਚੋਣ ਦੇਸ ਦੀ ਨਾਮੀ ਕੰਪਨੀ ਅਲਟਰਾਟੈਕ ਸੀਮਿੰਟ ਵਿੱਚ ਹੋਈ ਹੈ ਅਤੇ ਕੰਪਨੀ ਵੱਲੋਂ 04 ਲੱਖ ਰੁਪਏ ਦਾ ਸਲਾਨਾ ਪੈਕਜ ਦਿੱਤਾ ਜਾਵੇਗਾ। ਵਿਦਿਆਰਥੀ ਅਕਾਸ਼ਦੀਪ ਸਿੰਘ ਅਤੇ ਰੀਤੂ ਰਾਣੀ ਦੀ ਚੋਣ ਸੈਂਟਮ ਇਲੈਕਟਰੋਨਿਕਸ ਲਿਮਟਿਡ ਬਗਲੌਰ ਵੱਲੋਂ ਕੀਤੀ ਗਈ ਹੈ ਅਤੇ ਕੰਪਨੀ ਵੱਲੋਂ 02 ਲੱਖ ਰੁਪਏ ਦਾ ਸਲਾਨਾ ਪੈਕਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਸੁਨੀਲ ਅਤੇ ਕਿਸ਼ਨ ਦੀ ਚੋਣ ਆਈ.ਐਫ.ਬੀ. ਕੇਅਰ ਵੱਲੋਂ ਕੀਤੀ ਗਈ ਹੈ। ਇਹ ਸਾਰੇ ਵਿਦਿਆਰਥੀ ਆਪਣਾ ਡਿਪਲੋਮਾ ਪੂਰਾ ਕਰਨ ਉਪਰੰਤ ਨੌਕਰੀ ਜੁਆਇੰਨ ਕਰਨਗੇ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦੌਰਾਨ ਹੀ ਨੌਕਰੀ ਲਈ ਚੋਣ ਹੋ ਚੁੱਕੀ ਹੈ। ਇਸ ਮੌਕੇ ਮੁਖੀ ਵਿਭਾਗੀ ਮਨਜੀਤ ਸਿੰਘ ਭੁੱਲਰ ਅਤੇ ਵਿਭਾਗੀ ਟੀ.ਪੀ.ਓ. ਜਗਦੀਪ ਕੌਰ ਤੋਂ ਇਲਾਵਾ ਸੰਦੀਪ ਕਟੋਚ ਵੀ ਹਾਜ਼ਰ ਸਨ।

ਵਿਜੀਲੈਂਸ ਵੱਲੋਂ ਬਠਿੰਡਾ ਆਰਟੀਏ ਦਫਤਰ ‘ਚ ਤੈਨਾਤ ਅਕਾਊਂਟੈਂਟ ਤੇ ਉਸਦਾ ਪ੍ਰਾਈਵੇਟ ਸਹਾਇਕ ਰਿਸ਼ਵਤ ਲੈਂਦੇ ਹੋਏ ਕਾਬੂ

0
♦️ਹਰ ਵਹੀਕਲ ਦੇ ਟੈਕਸ ਦੀ ਵੈਰੀਫਕੇਸ਼ਨ ਬਦਲੇ ਲੈਂਦੇ ਸਨ 100 ਰੁਪਏ
♦️ਏਜੈਂਟ ਨੇ ਹੀ ਕਰਵਾਇਆ ਦੋਨ੍ਹਾਂ ਨੂੰ ਕਾਬੂ,ਦਸ ਫਾਇਲਾਂ ਦੇ ਟੈਕਸ ਅਦਾ ਕਰਨ ਦਾ ਕੋਡ ਲਗਾਉਣ ਬਦਲੇ ਲੈ ਰਹੇ ਸਨ ਇੱਕ ਹਜ਼ਾਰ ਰੁਪਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਈ: ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਮੰਗਲਵਾਰ ਦੁਪਹਿਰ ਬਠਿੰਡਾ ਆਰਟੀਏ ਦਫਤਰ ‘ਚ ਤੈਨਾਤ ਅਕਾਊਂਟੈਂਟ ਤੇ ਉਸਦਾ ਪ੍ਰਾਈਵੇਟ ਸਹਾਇਕ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਕਥਿਤ ਮੁਜਰਮਾਂ ਦੀ ਪਹਿਚਾਣ ਦਿਨੇਸ਼ ਕੁਮਾਰ ਅਤੇ ਪ੍ਰਾਈਵੇਟ ਸਹਾਇਕ ਰਾਜਵੀਰ ਉਰਫ ਰਾਜੂ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਹਰ ਵਹੀਕਲ ਦੇ ਟੈਕਸ ਦੀ ਵੈਰੀਫਕੇਸ਼ਨ ਬਦਲੇ 100 ਰੁਪਏ ਫਾਇਲ ਦੇ ਹਿਸਾਬ ਨਾਲ ਲੈਂਦੇ ਸਨ। ਇੰਨਾਂ ਨੂੰ ਅੱਜ ਆਰਟੀਏ ਦਫਤਰ ਦਾ ਕੰਮਕਾਜ ਕਰਵਾਉਣ ਵਾਲੇ ਇਕ ਏਜੰਟ ਵੱਲੋਂ ਹੀ ਵਿਜੀਲੈਂਸ ਵੱਲੋਂ ਵਿਛਾਏ ਜਾਲ ਵਿੱਚ ਫਸਾਇਆ ਗਿਆ। ਵਿਜੀਲੈਂਸ ਵੱਲੋਂ ਕਾਬੂ ਕਰਨ ਸਮੇਂ ਪ੍ਰਾਈਵੇਟ ਸਹਾਇਕ ਰਾਜੂ ਦਿਨੇਸ਼ ਦੇ ਆਧਾਰ ਉੱਤੇ ਦਸ ਫਾਇਲਾਂ ਦੇ ਟੈਕਸ ਅਦਾ ਕਰਨ ਦਾ ਕੋਡ ਲਗਾਉਣ ਬਦਲੇ ਸ਼ਿਕਾਇਤ ਕਰਤਾ ਹਰਪਰੀਤ ਸਿੰਘ ਵਾਸੀ ਬੀੜ ਕੋਲੋ ਇੱਕ ਹਜ਼ਾਰ ਰੁਪਇਆ ਲੈ ਰਿਹਾ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਆਰਟੀਏ ਦਫਤਰ ਚਰਚਾ ਵਿਚ ਚਲਿਆ ਆ ਰਿਹਾ ਸੀ। ਸਰਕਾਰ ਬਦਲਣ ਦੇ ਬਾਵਜੂਦ ਆਮ ਲੋਕਾਂ ਵੱਲੋਂ ਇਸ ਦਫ਼ਤਰ ਵਿੱਚ ਕੰਮਕਾਜ਼ ਨਾ ਹੋਣ ਦੇ ਦੋਸ਼ ਲਗਾਏ ਜਾ ਰਹੇ ਸਨ। ਜਿਸਦੇ ਚੱਲਦੇ ਅੱਜ ਵਿਜੀਲੈਂਸ ਦਫਤਰ ਨੂੰ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵੱਲੋਂ ਇਹ ਸ਼ਿਕਾਇਤ ਦੇਣ ‘ਤੇ ਕਿ ਆਰਟੀਓ ਦਫਤਰ ਵਿੱਚ ਤੈਨਾਤ ਮੁਲਾਜ਼ਮਾਂ ਵੱਲੋਂ ਉਸ ਤੋਂ ਫਾਇਲਾਂ ਪਾਸ ਕਰਨ ਬਦਲੇ ਰਿਸ਼ਵਤ ਮੰਗੀ ਜਾ ਰਹੀ ਹੈ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਮੁਤਾਬਕ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੈਸੇ ਮੰਗਣ ਦੀ ਆਡੀਓ ਵੀ ਰਿਕਾਰਡ ਕੀਤੀ ਗਈ। ਜਿਸ ਤੋਂ ਬਾਅਦ ਅੱਜ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਸਵੇਰ ਸਮੇਂ ਹੀ ਸਥਾਨਕ ਮਿੰਨੀ ਸਕੱਤਰੇਤ ਦੀ ਦੂਜੀ ਮੰਜ਼ਲ ‘ਤੇ ਸਥਿਤ ਆਰਟੀਏ ਦਫਤਰ ਵਿੱਚ ਬੈਠੇ ਹੋਏ ਲੇਖਾਕਾਰ ਦਿਨੇਸ਼ ਅਤੇ ਉਸ ਦੇ ਪ੍ਰਾਈਵੇਟ ਸਹਾਇਕ ਰਾਜੂ ਨੂੰ ਇਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ ਗਿਆ। ਪਤਾ ਲੱਗਿਆ ਹੈ ਕਿ ਦਿਨੇਸ਼ ਟਰਾਂਸਪੋਰਟ ਵਿਭਾਗ ਵਿੱਚ ਇਕ ਕੰਪਨੀ ਦੇ ਰਾਹੀਂ ਭਰਤੀ ਹੋਇਆ ਸੀ ਤੇ ਕੁੱਝ ਮਹੀਨੇ ਪਹਿਲਾਂ ਹੀ ਲੁਧਿਆਣਾ ਤੋਂ ਬਦਲ ਕੇ ਬਠਿੰਡਾ ਆਇਆ ਸੀ। ਉਧਰ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਪਿਛਲੇ ਕੁਝ ਸਮੇਂ ਤੋਂ ਆਰਟੀਏ ਦਫਤਰ ਵਿਚ ਫੈਲੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਦੇ ਅਧਾਰ ਤੇ ਸ਼ਿਕਾਇਤ ਕਰਤਾ ਹਰਪਰੀਤ ਸਿੰਘ ਅੱਜ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਿਨੇਸ਼ ਕੁਮਾਰ ਅਤੇ ਰਾਜੂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਹੋਰ ਅਧਿਕਾਰੀ ਦੀ ਭੂਮਿਕਾ ਨਿਭਾਈ ਕੀਤੀ ਜਾਵੇਗੀ।
ਬਾਕਸ
ਹਰ ਮਹੀਨੇ ਕਰਦੇ ਸਨ ਲੱਖਾਂ ਦੀ ਕਮਾਈ!
ਬਠਿੰਡਾ: ਮਾਮਲੇ ਦੀ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਸੌ ਰੁਪਏ ਤੋਂ ਸ਼ੁਰੂ ਹੋਇਆ ਇਹ ਰਿਸ਼ਵਤ ਦਾ ਖੇਲ ਮਹੀਨੇ ‘ਚ ਲੱਖਾਂ ਤੱਕ ਪੁੱਜ ਜਾਂਦਾ ਸੀ। ਸੂਤਰਾਂ ਮੁਤਾਬਕ ਟੈਕਸ ਕਲੀਅਰ ਦਾ ਕੋਡ ਲਗਾਉਣ ਲਈ ਹਰ ਰੋਜ ਕਰੀਬ ਢਾਈ ਤੋਂ ਤਿੰਨ ਸੌ ਤੱਕ ਫਾਈਲਾਂ ਆਰਟੀਏ ਦਫਤਰ ਵਿੱਚ ਕਥਿਤ ਮੁਜਰਮਾਂ ਦੇ ਹੱਥਾਂ ਵਿੱਚੋਂ ਲੰਘਦੀਆਂ ਸਨ। ਇੰਨਾਂ ਵਲੋਂ ਹਰ ਫਾਇਲ ਨੂੰ ਪਾਸ ਕਰਨ ਲਈ ਸੋ ਰੁਪਏ ਆਪਣੀ ਫੀਸ ਰੱਖੀ ਹੋਈ ਸੀ ਜਦਕਿ ਇਸ ਕੰਮ ਦੀ ਅਲੱਗ ਤੋਂ ਕੋਈ ਸਰਕਾਰੀ ਫੀਸ ਨਹੀਂ ਲੱਗਦੀ ਹੈ। ਜਿਸ ਦੇ ਚਲਦੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰ ਵੀ ਗੰਭੀਰਤਾ ਨਾਲ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਲੱਖਾਂ ਰੁਪਏ ਦੀ ਇਹ ਰਿਸ਼ਵਤ ਦਾ ਇਹ ਖੇਲ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਹਾਲੇ ਤੱਕ ਕਿਉਂ ਨਹੀਂ ਆਇਆ?

ਇੰਜ. ਐਚ ਐਸ ਬਿੰਦਰਾ ਨੇ ਪੱਛਮੀ ਜੋਨ ਦੇ ਮੁੱਖ ਇੰਜੀਨੀਅਰ ਵਜੋਂ ਕਾਰਜਭਾਰ ਸੰਭਾਲਿਆ  

0
ਸੁਖਜਿੰਦਰ ਮਾਨ 
ਬਠਿੰਡਾ,8 ਮਈ : ਇੰਜ.  ਹਰਪਰਵੀਨ ਸਿੰਘ ਬਿੰਦਰਾ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਵੈਸਟ ਜ਼ੋਨ ਬਠਿੰਡਾ ਦੇ ਨਵੇਂ ਚੀਫ਼ ਇੰਜਨੀਅਰ ਵਜੋਂ ਅਹੁਦਾ ਸੰਭਾਲ ਲਿਆ।  ਉਨ੍ਹਾਂ ਨੇ ਇੰਜ.  ਪੁਨਰਦੀਪ ਸਿੰਘ ਬਰਾੜ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੂੰ ਲੁਧਿਆਣਾ ਵਿਖੇ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਇੰਜ. ਬਿੰਦਰਾ ਲੁਧਿਆਣਾ ਵਿਖੇ ਡਿਪਟੀ ਚੀਫ ਇੰਜਨੀਅਰ ਵਜੋਂ ਨਿਯੁਕਤ ਸਨ। ਚਾਰਜ ਲੈਣ ਤੋਂ ਬਾਅਦ ਇੰਜ. ਬਿੰਦਰਾ ਨੇ ਵੈਸਟ ਜ਼ੋਨ ਬਠਿੰਡਾ ਦੇ ਐਸਈਜ ਅਤੇ ਹੋਰਨਾਂ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਨੇ ਕਿਹਾ ਕਿ ਉਹ ਇੰਜ. ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਅਤੇ ਇੰਜ. ਡੀਪੀਐਸ ਗਰੇਵਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅਤੇ ਸੁਨਿਸਚਿਤ ਕਰਨਗੇ ਕਿ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇ।ਇੰਜ. ਬਿੰਦਰਾ ਨੇ ਬਿਜਲੀ ਚੋਰੀ ਦੀ ਕੁਰੀਤੀ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਪੀਐੱਸਪੀਸੀਐੱਲ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਿਜਲੀ ਦੀ ਦੁਰਵਰਤੋਂ ਕਰਦਿਆਂ ਜਾਂ ਬਿਜਲੀ ਚੋਰੀ ਕਰਦਿਆਂ ਫੜੇ ਜਾਣ ਵਾਲੇ ਲੋਕਾਂ ਖ਼ਿਲਾਫ਼ ਉਹ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਨੇ ਜੂਨੀਅਰ ਅਫਸਰਾਂ ਨੂੰ ਅਜਿਹੇ ਇਲਾਕਿਆਂ ਚ ਰੇਡ ਜਾਰੀ ਰੱਖਣ ਦੇ ਨਿਰਦੇਸ਼ ਜਿੱਥੇ ਬਿਜਲੀ ਚੋਰੀ ਦੀਆਂ ਜਿਆਦਾ ਸ਼ਿਕਾਇਤਾਂ ਮਿਲਦੀਆਂ ਹਨ। ਉਨ੍ਹਾਂ ਨੇ ਆਮ ਖਪਤਕਾਰਾਂ ਦੀ ਪਰੇਸ਼ਾਨੀਆਂ ਦਾ ਖਾਤਮਾ ਕਰਨ ਲਈ ਇਮਾਨਦਾਰੀ ਪੂਰਵਕ ਕੰਮ ਕਰਨ ਦੀ ਅਪੀਲ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਇੰਜ. ਬਿੰਦਰਾ ਕੋਲ ਨਵੰਬਰ, 1991 ਪੰਜਾਬ ਰਾਜ ਬਿਜਲੀ ਬੋਰਡ ਨੂੰ ਜੁਆਇਨ ਕਰਨ ਉਪਰੰਤ ਵੱਖ ਵੱਖ ਅਹੁੱਦਿਆਂ ਕੰਮ ਕਰਨ ਦਾ 32 ਸਾਲਾ ਵੱਡਾ ਤਜਰਬਾ ਹੈ।3 ਜੂਨ, 1969 ਨੂੰ ਲੁਧਿਆਣਾ ਚ ਪੈਦਾ ਹੋਏ ਇੰਜ. ਬਿੰਦਰਾ ਨੇ ਗੁਰੂ ਨਾਨਕ  ਇੰਜਨੀਅਰਿੰਗ ਕਾਲਜ਼ ਲੁਧਿਆਣਾ ਤੋਂ ਬੈਚਲਰ ਆਫ਼ ਇੰਜਨੀਅਰਿੰਗ ਅਤੇ ਐਮ ਟੈਕ REC ਕੁਰੂਕਸ਼ੇਤਰ ਤੋ ਡਿਗਰੀ  ਕੀਤੀ ਹੋਈ ਹੈ।

ਘਰਵਾਲੀ ਤੇ ਸਾਲੇ ਨਾਲ ਮਿਲਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਦਰਜ਼ਨਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ

ਇੱਕ ਦਰਜ਼ਨ ਲੋਕਾਂ ਦੀ ਸਿਕਾਇਤ ‘ਤੇ ਜੀਐਸਐਚ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 6 ਮਈ:ਬਠਿੰਡਾ ਪੁਲਿਸ ਨੇ ਪਿਛਲੇ ਤਿੰਨ ਸਾਲ ਤੋਂ ਮਾਲਵਾ ਪੱਟੀ ਦੇ ਦਰਜ਼ਨਾਂ ਲੋਕਾਂ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ ਭੇਜਣ ਦੇ ਨਾਂ ਹੇਠ ਕਰੋੜਾਂ ਦੀਆਂ ਠੱਗੀਆਂ ਮਾਰਨ ਦੇ ਮਾਮਲੇ ਵਿਚ ਸਥਾਨਕ ਥਾਣਾ ਥਰਮਲ ਦੀ ਪੁਲਿਸ ਨੇ ਜੀਐਸਐਚ ਇੰਮੀਗਰੇਸਨ ਗਰੁੱਪ ਦੇ ਐਮ.ਡੀ ਸਹਿਤ ਉਸਦੀ ਪਤਨੀ, ਸਾਲੇ ਤੇ ਮੈਨੇਜ਼ਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਪੁਲਿਸ ਦੀ ਪੜਤਾਲ ਦੌਰਾਨ ਵੱਡੀ ਗਲ ਇਹ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸੀਆਂ ਵਲੋਂ ਇਮੀਗਰੇਸਨ ਕੰਪਨੀ ਵੀ ਜਾਅਲੀ ਚਲਾਈ ਜਾ ਰਹੀ ਸੀ ਤੇ ਉਸਨੂੰ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲੋ ਕੋਈ ਮੰਨਜੂਰੀ ਨਹੀਂ ਲਈ ਸੀ। ਇਸ ਸਬੰਧ ਵਿਚ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਇੱਕ ਦਰਜ਼ਨ ਦੇ ਕਰੀਬ ਲੋਕਾਂ ਨੇ ਉਕਤ ਕੰਪਨੀ ਦੇ ਨਾਂ ਹੇਠ ਪ੍ਰਬੰਧਕਾਂ ਵਲੋਂ ਅਪਣੇ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੀ ਸਿਕਾਇਤਾਂ ਦਿੱਤੀਆਂ ਹੋਈਆਂ ਸਨ। ਇੰਨ੍ਹਾਂ ਸਿਕਾਇਤਾਂ ਦੀ ਪੜਤਾਲ ਜ਼ਿਲ੍ਹਾ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਵਲੋਂ ਕੀਤਾ ਗਿਆ। ਜਾਂਚ ਦੌਰਾ ਸਾਹਮਣੇ ਆਇਆ ਕਿ ਜੀਐਸਐਚ ਇੰਮੀਗਰੇਸਨ ਗਰੁੱਪ ਦੇ ਐਮ.ਡੀ ਗੁਰਪ੍ਰੀਤ ਸਿੰਘ ਨੇ ਅਪਣੀ ਪਤਨੀ ਹਰਵਿੰਦਰ ਕੌਰ (ਦੋਨੋਂ ਵਾਸੀ ਓਮਕੇਸ ਸਿਟੀ ਗੋਨਿਆਣਾ), ਅਪਣੇ ਸਾਲੇ ਮਨਜਿੰਦਰ ਉਰਫ਼ ਮਨੀ ਅਤੇ ਮੈਨੇਜਰ ਸਰਨਜੀਤ ਕੌਰ ਨਾਲ ਮਿਲਕੇ ਇਹ ਠੱਗੀ ਠੋਰੀ ਦਾ ਕੰਮ ਚਲਾਇਆ ਹੋਇਆ ਸੀ। ਪੁਲਿਸ ਨੇ ਹੁਣ ਤੱਕ ਸਾਹਮਣੇ ਆਏ ਸਿਕਾਇਤਕਰਤਾਵਾਂ ਵਲੋਂ ਮੁਹੱਈਆਂ ਕਰਵਾਏ ਠੋਸ ਸਬੂਤਾਂ ਦੇ ਆਧਾਰ ’ਤੇ ਪਾਇਆ ਹੈ ਕਿ ਕਥਿਤ ਦੋਸੀਆਂ ਨੇ ਕਰੀਬ ਪੌਣੇ ਤਿੰਨ ਕਰੋੜ ਦੀ ਠੱਗੀ ਮਾਰੀ ਹੈ। ਹਾਲਾਂਕਿ ਸਿਕਾਇਤਕਰਤਾਵਾਂ ਨੇ ਅਪਣੇ ਨਾਲ ਹੋਈਆਂ ਧੋਖਾਧੜੀਆਂ ਵਿਚ ਗੁਰਪ੍ਰੀਤ ਸਿੰਘ ਦੇ ਪਿਤਾ ਸਵਰਨ ਸਿੰਘ, ਸਹੁਰਾ ਸਰੂਪ ਸਿੰਘ ਅਤੇ ਭਰਾ ਹਰਪ੍ਰੀਤ ਉਰਫ਼ ਹੈਪੀ ਵਿਰੁਧ ਸਿਕਾਇਤਾਂ ਦਿੱਤੀਆਂ ਸਨ ਪ੍ਰੰਤੂ ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਤਿੰਨਾਂ ਵਿਰੁਧ ਕੋਈ ਠੋਸ ਸਬੂਤ ਨਹੀਂ ਮਿਲਿਆ। ਜਿਸਦੇ ਚੱਲਦੇ ਹੁਣ ਐਮ.ਡੀ ਗੁਰਪ੍ਰੀਤ ਸਿੰਘ ਤੇ ਉਸਦੀ ਪਤਨੀ ਹਰਵਿੰਦਰ ਕੌਰ, ਸਾਲੇ ਮਨਜਿੰਦਰ ਉਰਫ਼ ਮਨੀ ਅਤੇ ਮੈਨੇਜਰ ਸਰਨਜੀਤ ਕੌਰ ਵਿਰੁਧ ਧਾਰਾ 420, 120 ਬੀ ਆਈ.ਪੀ.ਸੀ ਅਤੇ 24 ਇੰਮੀਗਰੇਸ਼ਨ ਐਕਟ 1983 ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਕਾਰਵਾਈ ਦਾ ਪਤਾ ਚੱਲਦੇ ਹੀ ਇਹ ਮੁਜਰਮ ਫ਼ਰਾਰ ਹੋ ਗਏ ਹਨ।

ਬਾਕਸ
ਸਿਕਾਇਤਕਰਤਾ ਤੇ ਉਨ੍ਹਾਂ ਨਾਲ ਵੱਜੀ ਠੱਗੀ ਦੀ ਰਾਸ਼ੀ
1 ਹਰਵਿੰਦਰ ਸਿੰਘ ਰੋਇਲ ਕੈਟਰਿੰਗ ਵਾਸੀ ਗਰੀਨ ਪੈਲੇਸ ਰੋਡ(30 ਲੱਖ), 2 ਗੁਰਵਿੰਦਰ ਸਿੰਘ ਮਾਡਲ ਟਾਊਨ(31.5 ਲੱਖ), 3 ਅਜੈਬ ਸਿੰਘ ਵਾਸੀ ਜੀਦਾ (17 ਲੱਖ), 4 ਜੈ ਸਿੰਘ ਵਾਸੀ ਐਨ.ਐਫ.ਐਲ ਟਾਊਨਸਿਪ (32 ਲੱਖ), 5 ਸੁਖਵਿੰਦਰ ਸਿੰਘ ਵਾਸੀ ਸਿਵੀਆ (18), 6 ਕਾਕਾ ਸਿੰਘ ਵਾਸੀ ਗੋਨਿਆਣਾ ਖੁਰਫ਼ (17 ਲੱਖ), 7 ਗੁਰਭਗਤ ਸਿੰਘ ਵਾਸੀ ਲਹਿਰਾ ਮੁਹੱਬਤ (20 ਲੱਖ), 8 ਅਕਾਸਪ੍ਰੀਤ ਸਿੰਘ ਵਾਸੀ ਗੋਦਾਰਾ (24 ਲੱਖ), 9 ਅਮਰਜੀਤ ਸਿੰਘ ਵਾਸੀ ਗੋਦਾਰਾ (21), 10 ਗੁਰਵਿੰਦਰ ਸਿੰਘ ਵਾਸੀ ਰਾਏਪੁਰ ਜ਼ਿਲ੍ਹਾ ਬਰਨਾਲਾ (21 ਲੱਖ 11 ਗੁਰਜੀਤ ਸਿੰਘ ਵਾਸੀ ਜੋਗਾ ਜ਼ਿਲ੍ਹਾ ਮਾਨਸਾ (5 ਲੱਖ) ਰੁਪਏ।

ਬਾਕਸ
ਪਾਸਪੋਰਟਾਂ ਦੇ ਨਾਲ ਅਸਲੀ ਵਿਦਿਅਕ ਸਰਟੀਫਿਕੇਟ ਤੇ ਦਸਖ਼ਤਾਂ ਵਾਲੀਆਂ ਚੈਕ ਬੁੱਕ ਵੀ ਲੈਂਦੇ ਸਨ ਮੁਜਰਮ
ਪੁਲਿਸ ਨੂੰ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਕਥਿਤ ਦੋਸੀ ਪੀੜਤ ਵਿਅਕਤੀ ਨੂੰ ਅਪਣੇ ਝਾਂਸੇ ਵਿਚ ਲੈਣ ਤੋਂ ਬਾਅਦ ਉਸਦਾ ਵਿਸਵਾਸ ਬਣਾਉਣ ਲਈ ਜਿਆਦਾਤਰ ਰਾਸ਼ੀ ਅਪਣੇ ਬੈਂਕ ਖਾਤੇ ਰਾਹੀਂ ਲੈਂਦੇ ਸਨ। ਇਸਤੋਂ ਇਲਾਵਾ ਉਹ ਬਾਹਰ ਜਾਣ ਵਾਲੇ ਬੱਚੇ ਦਾ ਪਾਸਪੋਰਟ ਦੇ ਨਾਲ ਉਸਦੇ ਸਾਰੇ ਵਿਦਿਅਕ ਸਰਟੀਫਿਕੇਟ ਤੇ ਇੱਥੋਂ ਤੱਕ ਦਸਖ਼ਤ ਕੀਤੀਆਂ ਹੋਈਆਂ ਚੈਕ ਬੁੱਕ ਵੀ ਅਪਣੇ ਕੋਲ ਰੱਖ ਲੈਂਦੇ ਸਨ।

ਬਾਕਸ
ਪਹਿਲਾਂ ਆਦਰਸ ਨਗਰ ਤੇ ਫ਼ਿਰ ਭਾਗੂ ਰੋਡ ’ਤੇ ਖੋਲਿਆ ਦਫ਼ਤਰ
ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀਆਂ ਨੇ ਸਾਲ 2020 ਤੋਂ ਲੈ ਕੇ 2022 ਤੱਕ ਆਦਰਸ ਨਗਰ ਵਿਚ ਅਪਣਾ ਦਫ਼ਤਰ ਚਲਾਇਆ, ਜਿਸਤੋਂ ਬਾਅਦ ਭੋਲੇ-ਭਾਲੇ ਲੋਕਾਂ ਨੂੰ ਫ਼ਸਾਉਣ ਲਈ ਭਾਗੂ ਰੋਡ ਉਪਰ ਦਫ਼ਤਰ ਖੋਲ ਲਿਆ। ਇਸਤੋ ਪਹਿਲਾਂ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦੀ , ਉਹ ਅਪ੍ਰੈਲ 2023 ਵਿਚ ਅਪਣੇ ਘਰਾਂ ਤੇ ਦਫ਼ਤਰਾਂ ਨੂੰ ਜਿੰਦਰੇ ਮਾਰ ਕੇ ਫ਼ਰਾਰ ਹੋ ਗਏ।

ਬਠਿੰਡਾ ਦੀ ਨਾਮੀ ਸਕਿਊਰਟੀ ਕੰਪਨੀ ਨਾਲ ਉਸਦੇ ਮੁਲਾਜਮਾਂ ਵਲੋਂ ਪੌਣੇ ਸੱਤ ਕਰੋੜ ਦੀ ਹੇਰਾ-ਫ਼ੇਰੀ

ਸੁਖਜਿੰਦਰ ਮਾਨ
ਬਠਿੰਡਾ, 6 ਮਈ: ਸਥਾਨਕ ਸ਼ਹਿਰ ਦੀ ਇੱਕ ਨਾਮੀ ਸਕਿਉਰਟੀ ਕੰਪਨੀ ਦੇ ਪ੍ਰਬੰਧਕਾਂ ਨਾਲ ਉਸਦੇ ਹੀ ਮੁਲਾਜਮਾਂ ਵਲੋਂ ਕਰੀਬ ਪੌਣੇ ਸੱਤ ਕਰੋੜ ਤੋਂ ਵੱਧ ਦੀ ਅਮਾਨਤ ਵਿਚ ਖਿਆਨਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਰੈਂਕਰ ਸਕਿਉਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਕੈਪਟਨ ਗੁਰਦਾਸ ਸਿੰਘ ਮਾਨ ਦੀ ਸਿਕਾਇਤ ਉਪਰ ਉਸਦੇ ਇੱਕ ਕਲਰਕ ਅਮਰਪ੍ਰੀਤ ਸਿੰਘ ਵਾਸੀ ਬਾਬਾ ਫ਼ਰੀਦ ਨਗਰ ਵਿਰੁਧ ਧਾਰਾ 408 ਆਈਪੀਸੀ ਤਹਿਤ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਮਾਨ ਨੇ ਦਸਿਆ ਕਿ ਉਸਦੇ ਵਲੋਂ ਸਥਾਨਕ ਸ਼ਾਂਤ ਨਗਰ ਵਿਚ ਇੱਕ ਸਕਿਉਰਟੀ ਕਪਨੀ ਖੋਲੀ ਹੈ। ਇਸ ਕੰਪਨੀ ਦਾ ਮੁੱਖ ਕੰਮ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਨੂੰ ਸੁਰੱਖਿਆ ਮੁਲਾਜਮ ਮੁਹੱਈਆਂ ਕਰਵਾਉਣਾ ਹੈ। ਜਿਸਦੇ ਚੱਲਦੇ ਕੰਪਨੀ ਵਿਚ ਸੈਕੜਿਆਂ ਦੀ ਤਾਦਾਦ ਵਿਚ ਮੁਲਾਜਮ ਕੰਮ ਕਰਦੇ ਹਨ। ਕੰਪਨੀ ਦਾ ਕੰਮਕਾਜ਼ ਚਲਾਉਣ ਅਤੇ ਸਕਿਉਰਟੀ ਮੁਲਾਜਮਾਂ ਨੂੰ ਤਨਖਾਹਾਂ ਤੇ ਚੈਕਿੰਗ ਲਈ ਮੁਲਾਜਮ ਵੀ ਰੱਖੇ ਹੋਏ ਹਨ। ਜਿੰਨ੍ਹਾਂ ਵਿਚ ਅਮਰਪ੍ਰੀਤ ਸਿੰਘ ਨਾਂ ਦਾ ਇੱਕ ਮੁਲਾਜਮ ਵੀ ਕੰਮ ਕਰਦਾ ਸੀ। ਸਿਕਾਇਤਕਰਤਾ ਮੁਤਾਬਕ ਤਨਖ਼ਾਹਾਂ ਬਣਾਉਣ ਦਾ ਕੰਮ ਇੰਦਰਜੀਤ ਸਿੰਘ ਨਾਂ ਦੇ ਮੁਲਾਜਮ ਵਲੋਂ ਕੀਤਾ ਜਾਂਦਾ ਸੀ ਤੇ ਇੰਨ੍ਹਾਂ ਤਨਖ਼ਾਹਾਂ ਦੇ ਚੈਕ ਮੁਲਾਜਮਾਂ ਦੇ ਖਾਤਿਆਂ ਵਿਚ ਭੇਜਣ ਦਾ ਕੰਮ ਅਮਰਪ੍ਰੀਤ ਸਿੰਘ ਦਾ ਸੀ। ਇਸਤੋਂ ਇਲਾਵਾ ਮੁਲਾਜਮਾਂ ਦੀ ਹਾਜਰੀ ਤੇ ਚੈਕਿੰਗ ਲਈ ਗੁਰਵਿੰਦਰ ਸਿੰਘ ਨਾਂ ਦਾ ਮੁਲਾਜਮ ਕੰਮ ਕਰਦਾ ਸੀ। ਸਿਕਾਇਤਕਰਤਾ ਮੁਤਾਬਕ ਅਮਰਪ੍ਰੀਤ ਸਿੰਘ ’ਤੇ ਜਿਆਦਾ ਵਿਸਵਾਸ ਹੋਣ ਕਾਰਨ ਉਸਨੇ ਕੰਪਨੀ ਦੇ ਮੁਲਾਜਮ ਜਿਆਦਾ ਹੋਣ ਦਾ ਫ਼ਾਈਦਾ ਚੁੱਕਦਿਆਂ ਹੋਰਨਾਂ ਮੁਲਾਜਮਾਂ ਨਾਲ ਮਿਲਕੇ ਆਪਣੇ ਰਿਸ਼ਤੇਦਾਰਾਂ ਨੂੰ ਕੰਪਨੀ ਦਾ ਮੁਲਾਜ਼ਮ ਬਣਾ ਕੇ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿਚ ਤਨਖ਼ਾਹਾਂ ਪਾਉਣੀਆਂ ਸੁਰੂ ਕਰ ਦਿੱਤੀਆਂ। ਇਹ ਸਿਲਸਿਲਾ ਸਾਲ 2017 ਤੋਂ ਹੀ ਚੱਲਦਾ ਆ ਰਿਹਾ ਸੀ ਪ੍ਰੰਤੂ ਜਦ ਕੁੱਝ ਸਮਾਂ ਪਹਿਲਾਂ ਆਡਿਟ ਕਰਵਾਇਆ ਗਿਆ ਤਾਂ ਇਹ ਸਚਾਈ ਸਾਹਮਣੇ ਆਈ। ਉਧਰ ਪਤਾ ਚੱਲਿਆ ਹੈ ਕਿ ਕਥਿਤ ਦੋਸੀ ਹੁਣ ਪੰਜਾਬ ਛੱਡ ਕੇ ਵਿਦੇਸ ਦੀ ਧਰਤੀ ’ਤੇ ਵਸ ਗਿਆ ਹੈ।

ਸਕੂਲ ਪਾਠਕ੍ਰਮ ‘ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹੈ ਇਤਿਹਾਸ: ਕੁਲਤਾਰ ਸਿੰਘ ਸੰਧਵਾਂ ਨੇ ਜਤਾਇਆ ਤੌਖ਼ਲਾ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਸਬੰਧੀ ਸਮਾਗਮਾਂ ‘ਚ ਕੀਤੀ ਸ਼ਮੂਲੀਅਤ
ਮਹਾਨ ਸਿੱਖ ਜਰਨੈਲ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦੇਣ ਦੀ ਲੋੜ ‘ਤੇ ਜ਼ੋਰ
ਗੁਰਦੁਆਰਾ ਪ੍ਰਬੰਧ ਲਈ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਮਈ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਖ਼ਦਸ਼ਾ ਜਤਾਇਆ ਕਿ ਵਿਦਿਆਰਥੀਆਂ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਵਿਰਵੇ ਕਰਨ ਲਈ ਸਕੂਲ ਪਾਠਕ੍ਰਮ ‘ਚੋਂ ਸਾਜ਼ਿਸ਼ਨ ਇਤਿਹਾਸਕ ਘਟਨਾਵਾਂ, ਖ਼ਾਸਕਰ ਧਾਰਮਿਕ ਇਤਿਹਾਸ ਹਟਾਇਆ ਜਾ ਰਿਹਾ ਹੈ।ਮੋਹਾਲੀ ਦੇ ਫ਼ੇਜ਼ 3ਬੀ-1 ਸਥਿਤ ਰਾਮਗੜ੍ਹੀਆ ਭਵਨ ਵਿਖੇ ਸਿੱਖ ਰਾਜ ਦੇ ਉਸਰੱਈਏ ਅਤੇ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਸਬੰਧੀ ਰਾਮਗੜ੍ਹੀਆ ਸਭਾ ਮੋਹਾਲੀ ਵੱਲੋਂ ਕਰਵਾਏ ਗਏ ਸਮਾਗਮ ‘ਚ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਬਾਬ ਤੋਂ ਰਣਜੀਤ ਨਗਾੜੇ ਤੱਕ ਦੇ ਸਿੱਖ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜ ਕੇ ਜੇਕਰ ਬੱਚੇ ਚੰਗੇ ਇਨਸਾਨ ਬਣ ਗਏ ਤਾਂ ਜ਼ਿੰਦਗੀ ਦੇ ਬਾਕੀ ਪੜਾਅ ਵੀ ਉਹ ਸੁਖਾਲੇ ਹੀ ਸਰ ਕਰ ਲੈਣਗੇ। ਉਨ੍ਹਾਂ ਅਜਿਹੇ ਸਮਾਗਮਾਂ ਨੂੰ ਇਸ ਦਿਸ਼ਾ ਵਿੱਚ ਚੰਗੀ ਪਹਿਲ ਕਰਾਰ ਦਿੱਤਾ।ਮਿਸਲਾਂ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਹਲੀਮੀ ਸਿੱਖ ਰਾਜ ਦਾ ਮੁੱਢ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੋਂ ਬੱਝਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਸਿੱਖਾਂ ਦੀ ਗਿਣਤੀ ਮਹਿਜ਼ 6 ਫ਼ੀਸਦੀ ਸੀ ਅਤੇ ਸਿੱਖਾਂ ਨੇ ਵਿਸ਼ਾਲ ਸਿੱਖ ਰਾਜ ਖੜ੍ਹਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗੁਰਬਾਣੀ ਉਦੋਂ ਹਰ ਘਰ ਵਿੱਚ ਸੀ ਅਤੇ ਸਿੱਖ ਬਾਣੀ-ਬਾਣੇ ਅਤੇ ਸਿਦਕ ਦੇ ਪੱਕੇ ਸਨ ਜਿਸ ਕਾਰਨ ਸਿੱਖਾਂ ਦੀ ਹਰ ਮੈਦਾਨ ਫ਼ਤਹਿ ਹੁੰਦੀ ਰਹੀ।ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਗੁਰੂ ਘਰ ਲਈ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲਾਲ ਕਿਲ੍ਹਾ ਫ਼ਤਹਿ ਕਰਨ ਉਪਰੰਤ ਉਨ੍ਹਾਂ ਨੇ ਗੁਰੂ ਘਰਾਂ ਨੂੰ ਉਸਾਰਨ ਵੱਲ ਤਰਜੀਹ ਦਿੱਤੀ ਨਾਕਿ ਸਿਰਫ਼ ਆਪਣੇ ਲਈ ਪੈਸਾ ਜੋੜਿਆ।ਸ. ਸੰਧਵਾਂ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾ ਨਿਰਸਵਾਰਥ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਹੈ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਯੋਧਿਆਂ ਨੇ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ ਉਤੇ ਪਹਿਰਾ ਦਿੱਤਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਸ ਹਾਂ, ਜਿਸ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਮਿਲਦੀ।ਵਿਧਾਨ ਸਭਾ ਸਪੀਕਰ ਸ. ਸੰਧਵਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸੇ ਤਰ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਜਿੱਥੇ ਮਹਾਨ ਸਿੱਖ ਜਰਨੈਲ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ, ਉਥੇ ਉਨ੍ਹਾਂ ਨੇ ਰਾਮਗੜ੍ਹੀਆ ਭਵਨ ਦੇ ਹਾਲ ਨੂੰ ਨਵਿਆਉਣ ਦੀ ਜ਼ਿੰਮੇਵਾਰੀ ਵੀ ਲਈ।

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅੱਧੀ ਕਿਲੋ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਹਿਤ ਦੋ ਕਾਬੂ

ਕਿੰਗ ਪਿੰਨ ਫ਼ਰਾਰ, ਇੱਕ ਨਜਾਇਜ ਪਿਸਤੌਲ ਵੀ ਕੀਤਾ ਬਰਾਮਦ, ਪਾਕਿਸਤਾਨ ਤੋਂ ਆਉਂਦੀ ਸੀ ਹੈਰੋਇਨ
ਸੁਖਜਿੰਦਰ ਮਾਨ
ਬਠਿੰਡਾ, 6 ਮਈ: ਬਠਿੰਡਾ ਪੁਲਿਸ ਦੇ ਸੀਆਈਏ-2 ਵਿੰਗ ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ਾ ਤਸਕਰੀ ਦੇ ਦੋਸਾਂ ਹੇਠ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਕੋਲੋ 500 ਗ੍ਰਾਮ ਹੈਰੋਇਨ ਤਂੋ ਇਲਾਵਾ 3 ਲੱਖ 30 ਹਜਾਰ ਡਰੱਗ ਮਨੀ ਅਤੇ 32 ਬੋਰ ਇੱਕ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਜਦੋਂਕਿ ਇਸ ਨਸਾ ਤਸਕਰੀ ਮਾਮਲੇ ’ਚ ਮੁੱਖ ਕਿੰਗ ਪਿੰਨ ਮੰਨਿਆਂ ਜਾਂਦਾ ਇੱਕ ਨੌਜਵਾਨ ਹਾਲੇ ਫ਼ਰਾਰ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਵਿੰਦਰ ਸਿੰਘ ਗਿੱਲ ਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ ਸੀ.ਆਈ.ਏ. ਸਟਾਫ-2 ਦੇ ਇੰਚਾਰਜ ਕਰਨਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਗਸਤ ਕੀਤੀ ਜਾ ਰਹੀ ਸੀ ਤੇ ਗਸਤ ਦੌਰਾਨ ਸ਼ੱਕ ਦੇ ਆਧਾਰ ’ਤੇ ਫ਼ੂਸ ਪਿੰਡ ਨਜਦੀਕ ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ਦੀ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋ ਇਹ ਨਸਾ ਤੇ ਪੈਸੇ ਬਰਾਮਦ ਹੋਏ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਦਿਉਣ ਅਤੇ ਸੁਰਜੀਤ ਸਿੰਘ ਵਾਸੀ ਤੁੰਗਵਾਲੀ ਦੇ ਤੌਰ ’ਤੇ ਹੋਈ ਹੈ। ਜਦੋਂਕਿ ਮੁਢਲੀ ਪੁਛਗਿਛ ਤੋਂ ਬਾਅਦ ਪਤਾ ਲੱਗਿਆ ਹੈ ਕਿ ਇੰਨ੍ਹਾਂ ਦਾ ਇੱਕ ਹੋਰ ਸਾਥੀ, ਜਿਸਦਾ ਨਾਮ ਜਗਦੀਪ ਉਰਫ਼ ਸੋਨੀ ਵਾਸੀ ਤੁੰਗਵਾਲੀ ਹੈ, ਮੁੱਖ ਨਸਾ ਸਪਲਾਈਰ ਹੈ। ਜਿਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਇਹ ਤਸਕਰ ਫ਼ਿਰੋਜਪੁਰ ਜ਼ਿਲ੍ਹੇ ਵਿਚੋਂ ਇਹ ਹੈਰੋਇਨ ਲੈ ਕੇ ਆਉਂਦੇ ਸਨ ਜੋ ਅੱਗਿਓ ਪਾਕਿਸਤਾਨ ਤੋਂ ਆਉਂਦੀ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਕੁਲਵਿੰਦਰ ਉਰਫ਼ ਕਿੰਦਾ ਅਪਣੀ ਪਤਨੀ ਦੇ ਕਤਲ ਕੇਸ ਦੇ ਮਾਮਲੇ ਵਿਚੋਂ ਕੁੱਝ ਮਹੀਨੇ ਪਹਿਲਾਂ ਹੀ ਜੇਲ੍ਹ ਵਿਚੋਂ ਜਮਾਨਤ ’ਤੇ ਬਾਹਰ ਆਇਆ ਹੈ। ਜਿਸਦੇ ਚੱਲਦੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ, ਇਸ ਨਸਾ ਤਸਕਰੀ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਕੀ ਜੇਲ੍ਹ ਦੇ ਅੰਦਰੋਂ ਵੀ ਇੰਨ੍ਹਾਂ ਨਾਲ ਮਿਲਿਆ ਹੋਇਆ ਹੈ।