Tuesday, May 19, 2026
Home Blog Page 2298

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰਨ ਦਾ ਐਲਾਨ

0

ਰਾਜ ਵਿੱਚ ਉਦਯੋਗਿਕ ਵਿਕਾਸ ਤੇ ਰੋਜ਼ਗਾਰ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਵੱਖ-ਵੱਖ ਜ਼ਿਲ੍ਹਿਆਂ ਦੀਆਂ ਖ਼ਾਸ ਵਸਤਾਂ ਦੇ ਉਤਪਾਦਨ ਨੂੰ ਯਕੀਨੀ ਬਣਾਉਣ ਲਈ ‘ਇਕ ਜ਼ਿਲ੍ਹਾ, ਇਕ ਉਤਪਾਦ` ਦਾ ਵਿਚਾਰ ਕੀਤਾ ਪੇਸ਼
ਨਿਵੇਸ਼ਕਾਂ ਦੀ ਸਹੂਲਤ ਲਈ ਰਾਜ ਵਿੱਚ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਦਸੰਬਰ: ਸੂਬੇ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਭਰ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰਨ ਦਾ ਐਲਾਨ ਕੀਤਾ ਹੈ।ਉਦਯੋਗਿਕ ਨੀਤੀ ਦੇ ਖਰੜੇ ਬਾਰੇ ਵਿਚਾਰ ਜਾਣਨ ਲਈ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਦੋ ਉਦੇਸ਼ਾਂ ਦੀ ਪੂਰਤੀ ਕਰੇਗਾ ਕਿਉਂਕਿ ਇਹ ਇਕ ਪਾਸੇ ਜਿੱਥੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਉਥੇ ਦੂਜੇ ਪਾਸੇ ਪੇਂਡੂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਸਿਰਜੇਗਾ। ਉਨ੍ਹਾਂ ਕਿਹਾ ਕਿ ਇਹ ਹੱਬ ਸਨਅਤਕਾਰਾਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਵਿੱਚ ਸਹੂਲਤ ਦੇਣ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਭਗਵੰਤ ਮਾਨ ਨੇ ਇਨ੍ਹਾਂ ਉਦਯੋਗਿਕ ਹੱਬਾਂ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਦੇ ਇੱਛੁਕ ਉਦਯੋਗਪਤੀਆਂ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖ਼ਾਸ ਵਸਤਾਂ ਦੇ ਉਤਪਾਦਨ ਨੂੰ ਯਕੀਨੀ ਬਣਾਉਣ ਲਈ ‘ਇਕ ਜ਼ਿਲ੍ਹਾ, ਇਕ ਉਤਪਾਦ’ ਦਾ ਵਿਚਾਰ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਿਕ ਵਸਤਾਂ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਉੱਦਮੀਆਂ ਨੂੰ ਇਕ ਜ਼ਿਲ੍ਹੇ ਵਿੱਚੋਂ ਵਧੀਆ ਗੁਣਵੱਤਾ ਵਾਲੇ ਉਤਪਾਦ ਪੈਦਾ ਕਰਨ ਦੇ ਯੋਗ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਈ ਉਤਪਾਦਾਂ ਵਿੱਚ ਮੁਹਾਰਤ ਹੈ ਅਤੇ ਇਸ ਦੀ ਸੰਭਾਵਨਾ ਨੂੰ ‘ਇਕ ਜ਼ਿਲ੍ਹਾ, ਇਕ ਉਤਪਾਦ` ਉਤੇ ਕੇਂਦਰਿਤ ਕਰਕੇ ਅੱਗੇ ਵਧਾਇਆ ਜਾ ਸਕਦਾ ਹੈ।ਇਕ ਹੋਰ ਏਜੰਡੇ `ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਵਿਹਾਰਕ ਨੀਤੀਆਂ ਦੇ ਨਾਲ ਉਦਯੋਗਾਂ ਲਈ ਸ਼ਾਂਤ ਮਾਹੌਲ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ, ਸੂਬੇ ਵਿੱਚ ਸਨਅਤੀ ਵਿਕਾਸ ਲਈ ਅਨੁਕੂਲ ਮਾਹੌਲ ਮੁਹੱਈਆ ਕਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਇਕ ਧੋਖਾ ਸੀ, ਜਿਸ ਵਿੱਚ ਕੋਈ ਸਾਰਥਿਕ ਮਕਸਦ ਨਹੀਂ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਦਾ ਹੌਸਲਾ ਘਟਾਇਆ, ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਸੱਟ ਮਾਰੀ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿੰਗਲ ਵਿੰਡੋ ਸਿਸਟਮ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉੱਦਮੀਆਂ ਲਈ ਮਿਆਰੀ ਸਹੂਲਤ ਵਜੋਂ ਕੰਮ ਕਰੇ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਮੀਨੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਨਾਲ ਸਬੰਧਤ ਲੰਬਿਤ ਮਸਲਿਆਂ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿਧੀ ਨੂੰ ਹੋਰ ਸਰਲ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਮਨ ਦੇ ਮਾਹੌਲ ਕਾਰਨ ਪੰਜਾਬ ਦੁਨੀਆ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ `ਤੇ ਇਸ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਰੋਸ ਪ੍ਰਦਰਸ਼ਨ ਹਰ ਕਿਸੇ ਦਾ ਜਮਹੂਰੀ ਹੱਕ ਹੈ ਪਰ ਇਸ ਦੇ ਬਹਾਨੇ ਸੂਬੇ ਦੀ ਆਰਥਿਕ ਤਰੱਕੀ ਨੂੰ ਲੀਹੋਂ ਲਾਹਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ, 2022 ਦੇ ਖਰੜੇ ਬਾਰੇ ਵੀ ਪ੍ਰਤੀਕਰਮ ਮੰਗੇ। ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਦੇ ਖਰੜੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਆਟੋ ਤੇ ਆਟੋ ਕੰਪੋਨੈਂਟਸ ਅਤੇ ਇਲੈਕਟਰੀਕਲ ਵਾਹਨ, ਖੇਡਾਂ ਦੇ ਸਮਾਨ (ਫਿਟਨੈਸ ਉਪਕਰਨ ਸਮੇਤ) ਹੈਂਡ ਟੂਲ, ਖੇਤੀਬਾੜੀ ਮਸ਼ੀਨਰੀ ਅਤੇ ਉਪਕਰਨ, ਮਸ਼ੀਨ ਟੂਲ ਅਤੇ ਪੇਪਰ ਅਧਾਰਤ ਪੈਕੇਜਿੰਗ ਯੂਨਿਟਾਂ ਨੂੰ ਸਰਕੂਲਰ ਇਕੌਨਮੀ ਅਧੀਨ ਤੇਜ਼ੀ ਨਾਲ ਵਧਦੇ ਖੇਤਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ‘ਇਕ ਜ਼ਿਲ੍ਹਾ, ਇਕ ਉਤਪਾਦ’ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਦੌਰਾਨ ਉਦਯੋਗਪਤੀਆਂ ਨੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਨਿਵੇਸ਼ਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੂਬੇ ਨੂੰ ਵਿਸ਼ਵ ਭਰ ਵਿੱਚ ਉਦਯੋਗਾਂ ਦੇ ਧੁਰੇ ਵਜੋਂ ਉਭਰਨ ਲਈ ਖੁੱਲ੍ਹ ਦਿਲੀਂ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨਗੇ।

ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਿਟ ਨੇ ਕੀਤੀ ਵਿੱਕੀ ਮਿੱਡੂਖੇੜਾ ਦੇ ਭਰਾ ਕੋਲੋ ਪੁਛਗਿਛ

0

ਗਾਇਕ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੇ ਪ੍ਰਡਿਊਸਰ ਨਿਸ਼ਾਨ ਨੂੰ ਇਸੇ ਹਫ਼ਤੇ ਸੱਦਿਆ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬ 6 ਮਹੀਨੇ ਪਹਿਲਾਂ ਹੋਏ ਕਤਲ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ ਮਹਰੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਕੋਲੋ ਪੁਛਗਿਛ ਕੀਤੀ ਹੈ। ਇਸ ਕਤਲ ਕਾਂਡ ਲਈ ਬਣਾਈ ਵਿਸੇਸ ਜਾਂਚ ਟੀਮ ਵਲੋਂ ਉਸਨੂੰ ਪਿਛਲੇ ਹਫ਼ਤੇ ਬੁਲਾਇਆ ਸੀ ਤੇ ਇਸਦੀ ਭਿਣਕ ਹੁਣ ਬਾਹਰ ਨਿਕਲੀ ਹੈ। ਇਸਦੇ ਨਾਲ ਹੀ ਇਸ ਮਾਮਲੇ ਵਿਚ ਪ੍ਰਸਿੱਧ ਗਾਇਕ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੇ ਪ੍ਰਡਿਊਸਰ ਨਿਸ਼ਾਨ ਨੂੰ ਵੀ ਇਸ ਹਫ਼ਤੇ ਪੁਛਗਿਛ ਲਈ ਸੱਦਿਆ ਗਿਆ ਹੈ। ਹਾਲਾਂਕਿ ਪੁਲਿਸ ਵਿਭਾਗ ਦੇ ਕਿਸੇ ਉਚ ਅਧਿਕਾਰੀ ਨੇ ਅਜੈਪਾਲ ਮਿੱਡੂਖੇੜਾ ਕੋਲੋ ਪੁਛਗਿਛ ਕਰਨ ਸਬੰਧੀ ਕੁੱਝ ਵੀ ਦਸਣ ਤੋਂ ਇੰਨਕਾਰ ਕਰ ਦਿੱਤਾ ਪ੍ਰੰਤੂ ਸੂਤਰਾਂ ਮੁਤਾਬਕ ਅਜੈਪਾਲ ਨੂੰ ਪਿਛਲੇ ਹਫ਼ਤੇ ਬੁਲਾਇਆ ਗਿਆ ਸੀ ਅਤੇ ਉਸਦੇ ਅਤੇ ਉਸਦੇ ਮਹਰੂਮ ਭਰਾ ਦੇ ਬਿਸਨੋਈ ਕੁਨੈਕਸ਼ਨ ਬਾਰੇ ਪੁਛਿਆ ਗਿਆ ਹੈ। ਜਿਕਰਯੋਗ ਹੈ ਕਿ ਬੰਬੀਹਾ ਗਰੁੱਪ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦਾ ਲਾਰੈਂਸ ਬਿਸਨੋਈ ਨਾਲ ਕਾਲਜ਼ ਦੇ ਸਮੇਂ ਤੋਂ ਹੀ ਨੇੜਤਾ ਸੀ। ਬੰਬੀਹਾ ਅਤੇ ਬਿਸਨੋਈ ਗਰੁੱਪ ਦੀ ਆਪਸੀ ਖ਼ਹਿਬਾਜ਼ੀ ਦੇ ਚੱਲਦੇ ਮਿੱਡੁੂਖੇੜਾ ਦਾ ਕਤਲ ਹੋਇਆ ਦਸਿਆ ਜਾ ਰਿਹਾ। ਸੂਤਰਾਂ ਮੁਤਾਬਕ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੀ ਸਿੱਧੂ ਮੂਸੇਵਾਲਾ ਦੇ ਜਿਉਂਦੇ ਜੀਅ ਉਸ ਨਾਲ ਟਸਲ-ਬਾਜ਼ੀ ਚੱਲਦੀ ਰਹੀ ਹੈ। ਇਸਦੇ ਇਲਾਵਾ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੁਲਿਸ ਕੋਲੋਂ ਉਸਦੇ ਪੁੱਤ ਦੇ ਕਤਲ ਕਾਂਡ ’ਚ ਸੰਗੀਤ ਜਗਤ ਦੇ ਕੁਨੈਕਸ਼ਨ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਪਤਾ ਲੱਗਿਆ ਹੈ ਕਿ ਆਉਣ ਵਾਲੇ ਦੋ ਦਿਨਾਂ ਬਾਅਦ ਉਕਤ ਗਾਇਕਾਂ ਨੂੰ ਮਾਨਸਾ ਵਿਖੇ ਸੀਆਈਏ ਸਟਾਫ਼ ’ਚ ਸਿਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਚਰਚਾ ਮੁਤਾਬਕ ਪੁਲਿਸ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ ਕਿ ਪੰਜਾਬੀ ਗਾਇਕੀ ਦੇ ਖੇਤਰ ’ਚ ਗੈਂਗਸਟਰਾਂ ਦੀ ਵੱਡੇ ਪੱਧਰ ’ਤੇ ਘੁਸਪੈਠ ਹੋ ਚੁੱਕੀ ਹੈ ਤੇ ਬਹੁਤ ਸਾਰੇ ਗਾਇਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਇੰਨ੍ਹਾਂ ਗੈਂਗਸਟਰਾਂ ਦੇ ਪ੍ਰਭਾਵ ਥੱਲੇ ਹਨ ਤੇ ਕਈ ਇੱਕ ਤਾਂ ਚੁੱਪ ਚਪੀਤੇ ਉਨ੍ਹਾਂ ਨੂੰ ‘ਪੈਸੇ’ ਵੀ ਦਿੰਦੇ ਹਨ।

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਗਰਸ ‘ਚ ਮਿਲੀ ਵੱਡੀ ਜਿੰਮੇਵਾਰੀ 

0
ਕਾਗਰਸ ਹਾਈਕਮਾਂਡ ਨੇ ਬਣਾਇਆ ਰਾਜਸਥਾਨ ਕਾਗਰਸ ਦਾ ਇੰਚਰਾਜ
ਪੰਜਾਬੀ ਖਬਰਸਾਰ ਬਿਉਰੋ 
ਗੁਰਦਾਸਪੁਰ, 6 ਦਸੰਬਰ: ਪੰਜਾਬ ਕਾਗਰਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਗਰਸ ਹਾਈਕਮਾਂਡ ਨੇ ਵੱਡੀ ਜਿੰਮੇਵਾਰੀ ਸੌਂਪੀ ਹੈ। ਕਾਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਰਜਨ ਖੜਗੇ ਨੇ ਸ: ਰੰਧਾਵਾ ਨੂੰ ਰਾਜਸਥਾਨ ਵਰਗੇ ਵੱਡੇ ਸੂਬੇ ਦਾ ਇੰਚਾਰਜ ਬਣਾਇਆ ਹੈ। ਰਾਜਸਥਾਨ ਵਿੱਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਕਾਗਰਸ ਪਾਰਟੀ ਸੱਤਾ ਵਿੱਚ ਹੈ ਤੇ ਮੌਜੂਦਾ ਸਮੇਂ ਮੁੱਖ ਮੰਤਰੀ ਅਸੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਸਿਆਸੀ ਸ਼ੀਤਜੰਗ ਚੱਲ ਰਹੀ ਹੈ। ਅਜਿਹੀ ਹਾਲਾਤ ਵਿੱਚ ਕਾਗਰਸ ਲਈ ਵਕਾਰੀ ਮੰਨੇ ਜਾ ਰਹੇ ਰਾਜਸਥਾਨ ਵਰਗੇ ਸਿਆਸੀ ਪੱਖ ਤੋਂ ਅਹਿਮ ਸੂਬੇ ਦੀ ਜਿੰਮੇਵਾਰੀ ਸ: ਰੰਧਾਵਾ ਨੂੰ ਮਿਲਣਾ, ਉਨ੍ਹਾਂ ਦੀ ਸਿਆਸੀ ਕਾਬਲੀਅਤ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਉਨ੍ਹਾਂ ਉਪਰ ਗਾਂਧੀ ਪ੍ਰਵਾਰ ਦੇ ਵਿਸਵਾਸ ਨੂੰ ਵੀ ਪ੍ਰਗਟਾਉਂਦਾ ਹੈ। ਜੇਕਰ ਇਸ ਸੂਬੇ ਵਿੱਚ ਸ: ਰੰਧਾਵਾ ਕਾਗਰਸ ਪਾਰਟੀ ਨੂੰ ਇਕਜੁਟ ਕਰਕੇ ਚੋਣਾਂ ਵਿੱਚ ਲਿਜਾਣ ‘ਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਦਾ ਸਿਆਸੀ ਕੱਦਬੁੱਤ ਹੋਰ ਵੀ ਵਧ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਕਸਾਲੀ ਕਾਗਰਸੀ ਪ੍ਰਵਾਰ ਵਿੱਚ ਜਨਮੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣਾ ਸਿਆਸੀ ਕੈਰੀਅਰ ਯੂਥ ਕਾਗਰਸ ਤੋਂ ਸੁਰੂ ਕੀਤਾ ਸੀ ਤੇ ਪਿਛਲੀ ਸਰਕਾਰ ਦੌਰਾਨ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਕਾਗਰਸ ਹਾਈਕਮਾਂਡ ਨੇ ਗੱਦਿਓ ਉਤਾਰਿਆ ਸੀ, ਤਾਂ ਉਸ ਸਮੇਂ ਵਿਧਾਇਕਾਂ ਵਲੋਂ ਸ: ਰੰਧਾਵਾ ਮੁੱਖ ਮੰਤਰੀ ਦੇ ਅਹੁੱਦੇ ਲਈ ਵੱਡੀ ਪਸੰਦ ਸਨ ਤੇ ਇਕ ਵਾਰ ਹਾਈਕਮਾਂਡ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਵੀ ਲੈ ਲਿਆ ਸੀ ਪਰ ਬਾਅਦ ਵਿੱਚ ਬੀਤੇ ਘਟਨਾਕ੍ਰਮਕਾਰਨ ਚਰਨਜੀਤ ਸਿੰਘ ਚੰਨੀ ਨੂੰ ਇਸ ਅਹੁੱਦੇ ਉਪਰ ਬਿਠਾ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਕਾਗਰਸ ਹਾਈਕਮਾਂਡ ਨੇ ਸ: ਰੰਧਾਵਾ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਬਣਾਉਣ ਦੇ ਨਾਲ ਨਾਲ ਗ੍ਰਹਿ ਵਿਭਾਗ ਦੀ ਵੀ ਜਿੰਮੇਵਾਰੀ ਦਿੱਤੀ ਸੀ ਪਰੰਤੂ ਉਨ੍ਹਾਂ ਹਾਈਕਮਾਂਡ ਵਲੋਂ ਮੁੱਖ ਮੰਤਰੀ ਨਾ ਬਣਾਉਣ ਦੇ ਫੈਸਲੇ ਉਪਰ ਕੋਈ ਗਿਲਾ ਨਹੀਂ ਕੀਤਾ ਸੀ। ਜਿਸਦੇ ਚੱਲਦੇ ਕਾਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਮੁੜ ਮਹੱਤਵਪੂਰਣ ਜਿੰਮੇਵਾਰੀ ਦੇ ਕੇ ਭਰੋਸਾ ਪ੍ਰਗਟਾਇਆ ਹੈ। ਦੱਸਣਾ ਬਣਦਾ ਹੈ ਕਿ ਤਿੰਨ ਵਾਰ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਮਹਰੂਮ ਸੰਤੋਖ ਸਿੰਘ ਰੰਧਾਵਾ ਵੀ ਕਾਗਰਸ ਦੇ ਟਕਸਾਲੀ ਆਗੂ ਸਨ, ਜਿਹੜੇ ਦੋ ਦਫ਼ਾ ਪੰਜਾਬ ਕਾਗਰਸ ਦੇ ਪ੍ਰਧਾਨ ਵੀ ਰਹੇ ਸਨ। ਉਧਰ ਵੱਡੀ ਜਿੰਮੇਵਾਰੀ ਦੇਣ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਪਾਰਟੀ ਹਾਈਕਮਾਂਡ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।

ਹਾਦਸਾਗ੍ਰਸਤ ਟਰੱਕ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਹੁਣ ਜਾਣਾ ਪਏਗਾ ਜੇਲ੍ਹ!

0

ਟਰੱਕ ਡਰਾਈਵਰ ਦੇ ਬਿਆਨਾਂ ’ਤੇ ਪੁਲਿਸ ਵਲੋਂ ਕੇਸ ਦਰਜ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਦਸੰਬਰ: ਦੋ ਦਿਨ ਪਹਿਲਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਬਸੰਤਪੁਰੇ ਕੋਲ ਸੇਬਾਂ ਨਾਲ ਭਰੇ ਇੱਕ ਟਰੱਕ ਦੀ ਵੀਡੀਓ ਖ਼ੂਬ ਵਾਈਰਲ ਹੋਈ ਸੀ। ਇਹ ਵੀਡੀਓ ਟਰੱਕ ਦੇ ਹਾਦਸੇ ਕਾਰਨ ਨਹੀਂ, ਬਲਕਿ ਇਸ ਟਰੱਕ ਵਿਚੋਂ ਸੇਬ ਚੋਰੀ ਕਰਕੇ ਲਿਜਾਣ ਦਾ ਮਾਮਲਾ ਚਰਚਾ ਵਿਚ ਆਇਆ ਸੀ। ਇਸ ਮਾਮਲੇ ਨੇ ਪੰਜਾਬ ਦੇ ਸ਼ਾਨਾਮੱਤੀ ਇਤਿਹਾਸ ’ਤੇ ਵੀ ਕਲੰਕ ਲਗਾਇਆ ਸੀ ਕਿ ਪੰਜਾਬੀ ਮੁਸੀਬਤ ਪੈਣ ’ਤੇ ਸਭ ਤੋਂ ਪਹਿਲਾਂ ਖੜ੍ਹਦੇ ਹਨ ਪ੍ਰੰਤੂ ਹਾਦਸਾਗ੍ਰਸਤ ਟਰੱਕ ਡਰਾਈਵਰ ਨੂੰ ਸੰਭਾਲਣ ਜਾਂ ਫ਼ਿਰ ਉਸਦਾ ਖਿਲਰਿਆ ਸਮਾਨ ਇਕੱਠਾ ਕਰਨ ਦੀ ਬਜਾਏ ਇੱਥੋਂ ਗੁਜਰਨ ਵਾਲੇ ਰਾਹਗੀਰ ਸੜਕ ’ਤੇ ਖਿੱਲਰੀਆਂ ਪਈਆਂ ਸੇਬਾਂ ਨਾਲ ਭਰੀਆਂ ਪੇਟੀਆਂ ਚੁੱਕ ਕੇ ਲਿਜਾਣ ਵਿਚ ਹੀ ਮਸ਼ਰੂਫ਼ ਰਹੇ। ਇਸ ਮਾਮਲੇ ਦਾ ਸੁਚੇਤ ਪੰਜਾਬੀਆਂ ਨੇ ਬੁਰਾ ਮਨਾਇਆ ਸੀ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਪੁਲਿਸ ਨੇ ਵੀ ਪੰਜਾਬੀਆਂ ਦਾ ਸਿਰ ਸ਼ਰਮ ਝੁਕਾਉਣ ਵਾਲਿਆਂ ਨੂੰ ਸਿੱਧਾ ਕਰਨ ਲਈ ਟਰੱਕ ਡਰਾਈਵਰ ਕੁਲਜਿੰਦਰ ਸਿੰਘ ਦੇ ਬਿਆਨਾਂ ਉਪਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਵਿਚ ਸੇਬ ਚੋਰੀ ਕਰਨ ਦਾ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਦੀਆਂ ਵਾਈਰਲ ਹੋਈਆਂ ਵੀਡੀਓ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਵੀਡੀਓ ਵਿਚ ਪਹਿਚਾਣ ਆਉਣ ਵਾਲੇ ਕਈ ਵਿਅਕਤੀਆਂ ਦੀ ਸਿਨਾਖ਼ਤ ਉਨ੍ਹਾਂ ਦੇ ਜਾਣਪਹਿਚਾਣ ਵਾਲਿਆਂ ਵਲੋਂ ਹੀ ਕਰਕੇ ਪੁਲਿਸ ਨੂੰ ਸੁੂਚਿਤ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਸੇਬ ਚੋਰੀ ਕਰਨ ਵਾਲਿਆਂ ਲਈ ਸਮਾਜਿਕ ਨਮੋਸ਼ੀ ਦੇ ਨਾਲ-ਨਾਲ ਜੇਲ੍ਹ ਜਾਣ ਦੀ ਚਿੰਤਾ ਖੜ੍ਹੀ ਹੋ ਗਈ ਹੈ। ਜਿਕਰਯੋਗ ਹੈ ਕਿ ਡਰਾਇਵਰ ਕੁਲਜਿੰਦਰ ਸਿੰਘ ਅਪਣੇ ਕਲੀਨਰ ਗੁਰਜੋਤ ਸਿੰਘ ਦੇ ਨਾਲ 26 ਨਵੰਬਰ ਨੂੰ  ਸ੍ਰੀਨਗਰ ਵਿੱਚ ਸਥਿਤ ਸ਼ਾਹੀ ਫਰੂਟ ਕੰਪਨੀ ਤੋਂ ਅਪਣੇ ਟਰਾਲੇ (ਨੰਬਰ PB46M 8067) ਵਿੱਚ 1265 ਪੇਟੀਆਂ ਸੇਬ ਦੀਆਂ ਭਰ ਕੇ ਝਾਰਖੰਡ ਵੱਲ਼ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਫਤਿਹਗੜ੍ਹ ਸਾਹਿਬ ਜਿਲੇ ਵਿੱਚ ਪੁੱਜਿਆ ਤਾਂ ਅੱਗੇ ਤੋਂ ਅਚਾਨਕ ਕੋਈ ਚੀਜ਼ ਆਉਣ ਕਾਰਨ ਡਰਾਈਵਰ ਨੂੰ ਬਰੇਕ ਮਾਰਨੇ ਪੈ ਗਏ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ। ਇਸ ਦੌਰਾਨ ਵੱਡੀ ਗੱਲ ਇਹ ਵਾਪਰੀ ਕਿ ਸੜਕ ਕਿਨਾਰੇ ਲੋਕਾਂ ਨੇ ਡਰਾਇਵਰ ਦੀ ਮੱਦਦ ਕਰਨ ਦੀ ਬਜਾਏ ਸੜਖਿਨਾਰੇ ਖਿੱਲਰੀਆ ਸੇਬ ਦੀਆਂ ਪੇਟੀਆਂ ਚੁੱਕ ਕੇ ਲਿਜਾਣੀਆਂ ਸੁਰੂ ਕਰ ਦਿੱਤੀਆਂ। ਜਿਸ ਕਾਰਨ ਦੇਖਦੇ ਹੀ ਦੇਖਦੇ ਸੇਬ ਦੀਆਂ ਪੇਟੀਆਂ ਖਤਮ ਹੋ ਗਈਆਂ।

ਬਾਕਸ

ਦੋ ਪੰਜਾਬੀਆਂ ਨੇ ਅਪਣੀ ਜੇਬ ਵਿੱਚੋ ਸੇਬਾਂ ਦੇ ਵਪਾਰੀ ਦੀ ਕੀਤੀ ਨੁਕਾਸਾਨਪੂਰਤੀ

ਇਸ ਮਾਮਲੇ ਵਿੱਚ ਜਿੱਥੇ ਸੇਬ ਚੋਰੀ ਦੀ ਘਟਨਾ ਨੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ, ਉਥੇ ਦੋ ਪੰਜਾਬੀਆਂ ਨੇ ਪੰਜਾਬ ਦੀ ਲਾਜ ਰੱਖਦਿਆਂ ਸ੍ਰੀਨਗਰ ਦੇ ਸੇਬ ਵਪਾਰੀ ਸ਼ਾਹਿਦ, ਜਿਸਦਾ ਮਾਲ ਉਕਤ ਟਰੱਕ ਵਿੱਚ ਭਰਿਆ ਹੋਇਆ ਸੀ, ਦੇ ਨੁਕਸਾਨ ਦੀ ਪੂਰਤੀ ਅਪਣੀ ਜੇਬ ਵਿਚੋਂ ਕੀਤੀ ਹੈ। ਇਸ ਸਬੰਧ ਵਿੱਚ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਦੀ ਹਾਜ਼ਰੀ ਵਿੱਚ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ 9.12000 ਦਾ ਚੈੱਕ ਉਕਤ ਵਪਾਰੀ ਨੂੰ ਸੋਪਿਆਂ।

ਟੈਂਡਰ ਘੁਟਾਲੇ ਦੇ ਕਥਿਤ ਮੁਲਜ਼ਮ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਅਦਾਲਤ ਨੇ ਭਗੌੜਾ ਐਲਾਨਿਆ

0

ਵਿਜੀਲੈਂਸ ਵੱਲੋਂ ਭਗੌੜੇ ਸਿੰਗਲਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਿਆਰੀ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 5 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਮੰਡੀਆਂ ਵਿੱਚ ਕਥਿਤ ਟੈਂਡਰ ਅਲਾਟਮੈਂਟ ਘੁਟਾਲੇ ਦੇ ਮੁੱਖ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ, ਡਿਪਟੀ ਡਾਇਰੈਕਟਰ (ਮੁਅੱਤਲ), ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਖਿਲਾਫ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ, ਕਿਉਂਕਿ ਉਸਨੂੰ ਸ੍ਰੀ ਸੁਮਿਤ ਮੱਕੜ, ਸੀਜੇਐਮ ਲੁਧਿਆਣਾ ਦੀ ਅਦਾਲਤ ਵੱਲੋਂ ਭਗੌੜਾ ਅਪਰਾਧੀ (ਪੀ.ਓ) ਐਲਾਨ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਵਿਭਾਗ ਦੀ ਮੁੱਖ ਚੌਕਸੀ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਤੋਂ ਇਲਾਵਾ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਲੱਕੜ ਦੇ ਕਰੇਟ ਅਤੇ ਕਿਰਤ ਅਤੇ ਅਨਾਜ ਢੋਆ-ਢੁਆਈ ਨੀਤੀ ਦੇ ਨਿਰੀਖਣ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਦੇ ਵੱਖ-ਵੱਖ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਕੇਸ਼ ਸਿੰਗਲਾ ਨੇ ਕਥਿਤ ਦੋਸ਼ੀ ਠੇਕੇਦਾਰ/ਟੈਂਡਰਕਾਰ ਤੇਲੂ ਰਾਮ ਤੋਂ 30 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ 20 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ, ਜਿਸ ਦੇ ਬਦਲੇ ਠੇਕੇਦਾਰ ਤੇਲੂ ਰਾਮ ਨੂੰ ਵੱਖ-ਵੱਖ ਅਨਾਜ ਮੰਡੀਆਂ ਲਈ ਢੋਆ-ਢੁਆਈ ਦੇ ਟੈਂਡਰ ਅਲਾਟ ਕਰ ਦਿੱਤੇ ਗਏ ਸੀ।
ਬੁਲਾਰੇ ਨੇ ਦੱਸਿਆ ਕਿ ਅਦਾਲਤ ਦੇ ਤਾਜਾ ਹੁਕਮਾਂ ਤੋਂ ਬਾਅਦ ਵਿਜੀਲੈਂਸ ਵੱਲੋਂ ਉਸ ਦੀ ਗ੍ਰਿਫਤਾਰੀ ਨੂੰ ਅੰਜਾਮ ਦੇਣ ਲਈ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਚਲਾ ਗਿਆ ਹੈ। ਵਿਜੀਲੈਂਸ ਬਿਊਰੋ ਨੂੰ ਉਸ ਦੀ ਵੱਡੀ ਰਿਸ਼ਵਤ ਨਾਲ ਬਣਾਈ ਗਈ ਜਾਇਦਾਦ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਨੇ ਉਸ ਦੀਆਂ ਜਾਇਦਾਦਾਂ ਦਾ ਮੁਲਾਂਕਣ ਵੀ ਕੀਤਾ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਐਫ.ਆਈ.ਆਰ ਨੰਬਰ 11 ਮਿਤੀ 16-08-2022, ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲਾਂ ਦੇ ਨਾਲ-ਨਾਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇਹ ਮੁਕੱਦਮਾ ਪਹਿਲਾਂ ਹੀ ਦਰਜ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ 17 ਮੁਲਜ਼ਮਾਂ ਵਿੱਚੋਂ 6 ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

ਪੰਜਾਬ ਦਾ ਮੁੱਖ ਮੰਤਰੀ ਸੱਚਾ ਜਾਂ ਫ਼ਿਰ ਗੋਲਡੀ ਬਰਾੜ?

ਮਾਮਲਾ ਭਗਵੰਤ ਮਾਨ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ’ਚ ਹਿਰਾਸਤ ਵਿਚ ਲੈਣ ਦੇ ਕੀਤੇ ਦਾਅਵੇ ਦਾ
ਕਥਿਤ ਗੋਲਡੀ ਬਰਾੜ ਵਲੋਂ ਉੱਘੇ ਪੱਤਰਕਾਰ ਰਿਤੇਸ਼ ਲੱਖੀ ਨਾਲ ਗੱਲਬਾਤ ਕਰਕੇ ਹਿਰਾਸਤ ਵਿਚ ਲੈਣ ਦੇ ਦਾਅਵੇ ਨੂੰ ਝੁਠਲਾਇਆ
ਕੀਤਾ ਦਾਅਵਾ ਕੀਤਾ ਕਿ ਉਹ ਕਦੋਂ ਦਾ ਅਮਰੀਕਾ ਤੇ ਕੈਨੇਡਾ ਛੱਡ ਚੁੱਕਿਆ, ਕਿਹਾ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਂਵਾਗਾ
ਲੰਡਾ ਹਰੀਕੇ ਨੇ ਵੀ ਗੋਲਡੀ ਬਰਾੜ ਨਾਲ ਹੋਣ ਦਾ ਕੀਤਾ ਦਾਅਵਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਦਸੰਬਰ: ਇਸ ਸਾਲ 29 ਮਈ ਦੀ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਮਾਮਲੇ ਵਿਚ ਮਾਸਟਰ ਮਾਈਂਡ ਮੰਨੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਫ਼ਰਿਜਨੋ ਸ਼ਹਿਰ ’ਚ ਉਥੋਂ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਦੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਖ਼ਬਰਾਂ ਦੌਰਾਨ ਹੁਣ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਖ਼ੁਦ ਨੂੰ ਗੋਲਡੀ ਬਰਾੜ ਦੱਸਣ ਵਾਲੇ ਵਿਅਕਤੀ ਨੇ ਪ੍ਰਸਿੱਧ ਪੱਤਰਕਾਰ ਰਿਤੇਸ਼ ਲੱਖੀ ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਬਾਤ ਨੂੰ ਅਫ਼ਵਾਹ ਕਰਾਰ ਦਿੱਤਾ ਹੈ।ਇਸ ਮਾਮਲੇ ਵਿਚ ਉਕਤ ਗੈਂਗਸਟਰ ਦੇ ਕੀਤੇ ਦਾਅਵੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋ ਦਿਨ ਪਹਿਲਾਂ ਗੁਜਰਾਤ ਵਿਚ ਕੀਤੇ ਦਾਅਵੇ ’ਤੇ ਸਵਾਲੀਆਂ ਨਿਸ਼ਾਨ ਲੱਗ ਗਏ ਹਨ, ਜਿੰਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਬਤੌਰ ਸੂਬੇ ਦੇ ਸੰਵਿਧਾਨਕ ਮੁਖੀ ਦੇ ਨਾਤੇ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈਣ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ ਜਿਸ ਦਿਨ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈਣ ਦੀਆਂ ਖ਼ਬਰਾਂ ਚੈਨਲਾਂ ’ਤੇ ਚੱਲ ਰਹੀਆਂ ਸਨ, ਉਸ ਦਿਨ ਜਾਂ ਉਸਤੋਂ ਬਾਅਦ ਮੁੱਖ ਮੰਤਰੀ ਸ: ਮਾਨ ਤੋਂ ਇਲਾਵਾ ਪੰਜਾਬ ਪੁਲਿਸ ਜਾਂ ਕੇਂਦਰੀ ਏਜੰਸੀ ਦੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਸੀ। ਜਿਸਦੇ ਚੱਲਦੇ ਇਸ ਮਾਮਲੇ ਵਿਚ ਵਿਰੋਧੀ ਧਿਰਾਂ ਵਲੋਂ ਮੁੱਖ ਮੰਤਰੀ ’ਤੇ ਦਾਅਵਿਆਂ ਉਪਰ ਉਂਗਲ ਚੁੱਕੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਵੀ ਇੱਕ ਵਾਰ ਪਹਿਲਾਂ ਗੋਲਡੀ ਬਰਾੜ ਨੇ ਕਥਿਤ ਤੌਰ ’ਤੇ ਉਕਤ ਪੱਤਰਕਾਰ ਨਾਲ ਗੱਲਬਾਤ ਕੀਤੀ ਸੀ। ਹੁਣ ਫ਼ਿਰ ਮੁੜ ਉਕਤ ਗੈਂਗਸਟਰ ਵਲੋਂ ਕਥਿਤ ਤੌਰ ’ਤੇ ਪੱਤਰਕਾਰ ਨਾਲ ਖੁੱਲੇ ਤੌਰ ’ਤੇ ਗੱਲਬਾਤ ਕਰਕੇ ਇਕੱਲੇ ਪੰਜਾਬ ਹੀ ਨਹੀਂ, ਪੂਰੇ ਦੇਸ ਦੇ ਖੁਫ਼ੀਅ ਤੰਤਰ ਉਪਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਅਪਣੀ ਗੱਲਬਾਤ ਵਿਚ ਅਪਣੇ ਭਰਾ ਗੁਰਲਾਲ ਬਰਾੜ ਪਹਿਲਵਾਨ ਦੀ ਹੋਈ ਮੌਤ ਦਾ ਮਾਮਲਾ ਮੁੜ ਚੁਕਦਿਆਂ ਰੋਸ਼ ਜਾਹਰ ਕੀਤਾ ਕਿ ਉਸ ਸਮਂੇ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕੇਸ ਦੀ ਤਰ੍ਹਾਂ ਪੜਤਾਲ ਨਹੀਂ ਕੀਤੀ ਤੇ ਨਾ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ’ਚ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਅਪਣੇ ਘਰ ਵਾਪਸ ਆਉਂਣਾ ਚਾਹੁੰਦੇ ਸਨ ਪ੍ਰੰਤੂ ਸਿਸਟਮ ਤੋਂ ਅੱਕ ਕੇ ਹਥਿਆਰ ਚੁੱਕਣ ਲਈ ਮਜਬੂਰ ਹੋਏ ਹਨ ਪ੍ਰੰਤੂ ਹੁਣ ਇੰਨ੍ਹਾਂ ਅੱਗੇ ਜਾ ਚੁੱਕੇ ਹਨ ਕਿ ਇੱਥੋਂ ਵਾਪਸ ਮੁੜਣਾ ਕਾਫ਼ੀ ਔਖਾ ਹੈ। ਇਸਦੇ ਇਲਾਵਾ ਗੋਲਡੀ ਬਰਾੜ ਨੇ ਵੀ ਇਹ ਵੀ ਵੱਡਾ ਦਾਅਵਾ ਕੀਤਾ ਕਿ ਉਹ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਉਣਗੇ ਤੇ ਜੇਕਰ ਅਜਿਹੀ ਨੌਬਤ ਆਈ ਤਾਂ ਖੁਦ ਨੂੰ ਗੋਲੀ ਮਾਰ ਲੈਣਗੇ। ਇਸਤੋਂ ਇਲਾਵਾ ਲੰਡਾ ਤੇ ਗੋਲਡੀ ਨੇ ਪਾਕਿਸਤਾਨ ’ਚ ਰਹਿ ਰਹੇ ਕਥਿਤ ਗੈਂਗਸਟਰ ਕਮ ਅੱਤਵਾਦੀ ਹਰਵਿੰਦਰ ਸਿੰਘ ਰਿੰਦੇ ਦੇ ਵੀ ਜਿੰਦਾ ਹੋਣ ਦਾ ਦਾਅਵਾ ਕੀਤਾ।

ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ: ਬਾਜਵਾ ਨੇ ਵਿਦੇਸ਼ ਮੰਤਰਾਲੇ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਕੀਤੀ ਅਧਿਕਾਰਤ ਬਿਆਨ ਦੀ ਮੰਗ

0

ਬਾਜਵਾ ਨੇ ਕਿਹਾ ਹੈ ਕਿ ਉਹ ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ ਮੁੱਖ ਮੰਤਰੀ ਮਾਨ ਦੀ ਪੁਸ਼ਟੀ ‘ਤੇ ਸ਼ੱਕ ਕਰਦੇ ਹਨ ਕਿਉਂਕਿ ਉਹ (ਮਾਨ) ਪਹਿਲਾਂ ਵੀ ਕਈ ਮੁੱਦਿਆਂ ‘ਤੇ ਝੂਠ ਬੋਲਦੇ ਫੜੇ ਗਏ ਹਨ।
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਦਸੰਬਰ:ਅਮਰੀਕਾ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਮੰਨੇ ਜਾਂਦੇ ਕਥਿਤ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਅਟਕਲਾਂ ਨੂੰ ਖ਼ਤਮ ਕਰਨ ਲਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਿਸੇ ਅਧਿਕਾਰੀ ਤੋਂ ਵਿਸਤਰਿਤ ਅਧਿਕਾਰਤ ਬਿਆਨ ਦੀ ਮੰਗ ਕੀਤੀ ਹੈ।”ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰ ਸਾਨੂੰ ਉਨ੍ਹਾਂ ਪੁਸ਼ਟੀ ‘ਤੇ ਸ਼ੱਕ ਹੈ ਕਿਉਂਕਿ ਮਾਨ ਪਹਿਲਾਂ ਵੀ ਕਈ ਮੁੱਦਿਆਂ ‘ਤੇ ਝੂਠ ਬੋਲਦੇ ਫੜੇ ਗਏ ਹਨ। ਮਾਨ ਅਕਸਰ ਬਿਆਨ ਦਿੰਦੇ ਹਨ ਜਾਂ ਵਾਅਦੇ ਕਰਦੇ ਹਨ ਜੋ ਬਾਅਦ ਵਿੱਚ ਗੁਮਰਾਹਕੁਨ ਜਾਂ ਖੋਖਲੇ ਸਾਬਤ ਹੋਏ “, ਬਾਜਵਾ ਨੇ ਕਿਹਾ।ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਜਰਮਨੀ ਦੀ ਆਪਣੀ ਫੇਰੀ ਦੌਰਾਨ, ਮਾਨ ਨੇ ਝੂਠੀ ਘੋਸ਼ਣਾ ਕੀਤੀ ਸੀ ਕਿ ਆਟੋਮੋਬਾਇਲ ਦੀ ਦਿੱਗਜ, ਬੀ. ਐਮ. ਡਬਲਯੂ. ਪੰਜਾਬ ਵਿੱਚ ਇੱਕ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ ਹੈ। ਇਸ ਘੋਸ਼ਣਾ ਤੋਂ ਇੱਕ ਦਿਨ ਬਾਅਦ, ਬੀ. ਐਮ. ਡਬਲਯੂ. ਨੇ ਇੱਕ ਬਿਆਨ ਜਾਰੀ ਕੀਤਾ ਕਿ ਉਸਦੀ ਪੰਜਾਬ ਵਿੱਚ ਇੱਕ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।”ਉਨ੍ਹਾਂ (ਮਾਨ) ਨੇ ਕਿਸਾਨਾਂ ਨੂੰ ਮੂੰਗੀ ਦੀ ਦਾਲ ਉਗਾਉਣ ਲਈ ਖੋਖਲੇ ਵਚਨਬੱਧਤਾ ਨਾਲ ਪ੍ਰੇਰਿਆ ਕਿ ਪੰਜਾਬ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਉਪਜ ਦੀ ਖ਼ਰੀਦ ਕਰੇਗੀ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਪ ਨੂੰ ਠਗਿਆ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਦੀ ਸਿਰਫ਼ 10 ਫ਼ੀਸਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦੀ ਗਈ ਸੀ। ਵਿਰੋਧੀ ਧਿਰ ਦੇ ਆਗੂ ਨੇ ਇੱਕ ਬਿਆਨ ਵਿੱਚ ਕਿਹਾ, ਮੁੱਖ ਮੰਤਰੀ ਮਾਨ ਦੇ ਭਰੋਸੇ ਤੋਂ ਬਾਅਦ ਝੋਨਾ ਲਾਉਣ ਵਾਲੇ ਕਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਪਰ ਬਾਅਦ ਵਿੱਚ ਉਹ ਮੁਆਵਜ਼ੇ ਨੂੰ ਲੈ ਕੇ ਨਿਰਾਸ਼ ਹੋਏ।ਬਾਜਵਾ ਨੇ ਕਿਹਾ ਕਿ ਗੁਜਰਾਤ ‘ਚ ਸਟਾਰ ਪ੍ਰਚਾਰਕ ਵਜੋਂ ਮੁੱਖ ਮੰਤਰੀ ਮਾਨ ਨੇ ਕਾਨੂੰਨ ਵਿਵਸਥਾ, ਰੁਜ਼ਗਾਰ ਦੀ ਸਥਿਤੀ, ਪੁਰਾਣੀ ਪੈਨਸ਼ਨ ਸਕੀਮ ਅਤੇ ਸੂਬੇ ਦੀ ਵਿੱਤੀ ਹਾਲਤ ਸਮੇਤ ਕਈ ਮੁੱਦਿਆਂ ‘ਤੇ ਝੂਠ ਬੋਲਿਆ ਸੀ। ਉਨ੍ਹਾਂ ਦੇ ਝੂਠਾਂ ਦੀ ਸੂਚੀ ਲੰਬੀ ਹੈ, ਇਸ ਲਈ ਮੁੱਖ ਮੰਤਰੀ ਦੇ ਦਾਅਵੇ ‘ਤੇ ਵਿਸ਼ਵਾਸ ਕਰਨਾ ਔਖਾ ਹੈ।”ਕਿਉਂਕਿ ਗੋਲਡੀ ਬਰਾੜ ਨੂੰ ਗਾਇਕ ਅਤੇ ਰੈਪਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ, ਇਸ ਲਈ ਪੰਜਾਬ ਦੇ ਲੋਕਾਂ ਦੀਆਂ ਇਸ ਕੇਸ ਨਾਲ ਸਖ਼ਤ ਭਾਵਨਾਵਾਂ ਹਨ, ਇਸ ਲਈ, ਉਹ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਸਚਾਈ ਜਾਣਨ ਦੇ ਹੱਕਦਾਰ ਹਨ” , ਬਾਜਵਾ ਨੇ ਕਿਹਾ।

ਥਾਣੇਦਾਰ ਰਾਜਪਾਲ ਸਿੰਘ ਨੇ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ਼ ਵਜੋਂ ਅਹੁੱਦਾ ਸੰਭਾਲਿਆ

0

ਇਲਾਕੇ ਦੇ ਮੋਹਤਬਵਰਾਂ ਨਾਲ ਮੀਟਿੰਗ ਕਰਕੇ ਇਲਾਕੇ ’ਚ ਅਮਨ ਤੇ ਸ਼ਾਂਤੀ ਅਤੇ ਨਸ਼ਾ ਤਸਕਰੀ ਰੋਕਣ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 5 ਦਸੰਬਰ: ਜਿਲ੍ਹਾ ਪੁਲਿਸ ਕਪਤਾਨ ਜੇ. ਇਲਨਚੇਲੀਅਨ ਵਲੋਂ ਕਿਲੀ ਨਿਹਾਲ ਸਿੰਘ ਵਾਲਾ ਦੇ ਨਵੇਂ ਨਿਯੁਕਤ ਕੀਤੇ ਇੰਚਾਰਜ਼ ਥਾਣੇਦਾਰ ਰਾਜਪਾਲ ਸਿੰਘ ਨੇ ਅੱਜ ਅਪਣਾ ਚਾਰਜ਼ ਸੰਭਾਲ ਲਿਆ। ਇਸ ਮੌੇਕੇ ਉਨ੍ਹਾਂ ਇਲਾਕੇ ਦੇ ਮੋਹਤਬਵਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿਵਾਇਆ ਕਿ ਗੈਰ-ਸਮਾਜੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕਰਕੇ ਇਲਾਕੇ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖੀ ਜਾਵੇਗੀ। ਨਵਨਿਯੁਕਤ ਥਾਣੇਦਾਰ ਨੇ ਦਾਅਵਾ ਕੀਤਾ ਕਿ ਡੀਜੀਪੀ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਐਸ.ਐਸ.ਪੀ ਸਾਹਿਬ ਦੇ ਹੁਕਮਾਂ ਤਹਿਤ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸਿਆਂ ਨਹੀਂ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੂੰ ਵੀ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਅਮਨ ਸ਼ਾਂਤੀ ਬਣਾਈ ਰੱਖਣਾ ਹੁੰਦਾ ਹੈ ਜਿਸਦੇ ਚੱਲਦੇ ਉਹ ਇਸ ਪਾਸੇ ਕੋਈ ਕਸਰ ਬਾਕੀ ਨਹੀਂ ਛੱਡਣਗੇ। ਥਾਣੇਦਾਰ ਰਾਜਪਾਲ ਸਿੰਘ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੁਰਮ ਨੂੰ ਖ਼ਤਮ ਕਰਨ ਲਈ ਜਨਤਾ ਦਾ ਸਾਥ ਬਹੁਤ ਮਹੱਤਵਪੂਰਨ ਹੈ ਤੇ ਜਿਸਦੇ ਚੱਲਦੇ ਲੋਕ ਬੇਝਿਜਕ ਹੋ ਕੇ ਉਨ੍ਹਾਂ ਤੱਕ ਪਹੁੰਚ ਕਰ ਸਕਦੇ ਹਨ।

ਥਰਮਲ ਮੈਨੇਜਮੈਂਟ ਤੋਂ ਖਫ਼ਾ ਆਊਟਸੋਰਸ਼ਡ ਮੁਲਾਜਮ ਭਲਕੇ ਪਰਿਵਾਰਾਂ ਸਮੇਤ ਦੇਣਗੇ ਧਰਨਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 5 ਦਸੰਬਰ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਵੱਲੋੰ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ’ਤੇ ਹੋਈ ਮੀਟਿੰਗ ਵਿਚ ਸੰਬੋਧਨ ਕਰਦਿਆਂ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਪਾਵਰਕਾਮ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਥਰਮਲ ਦੇ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਪੱਕਾ ਭਰਤੀ ਕਰਨ ਅਤੇ ਹੋਰ ਲੋਕਲ ਮੰਗਾਂ ਨੂੰ ਲੈ ਕੇ 15-16 ਨਵੰਬਰ ਨੂੰ ਥਰਮਲ ਮੁੱਖ ਗੇਟ ਤੇ ਦੋ-ਰੋਜ਼ਾ ਰੋਸ਼ ਧਰਨਾ ਦਿੱਤਾ ਗਿਆ ਸੀ ਅਤੇ ਇਸ ਧਰਨੇ ਦੌਰਾਨ ਥਰਮਲ ਮੈਨੇਜਮੈਂਟ ਵੱਲੋੰ ਜਥੇਬੰਦੀ ਨਾਲ਼ ਹੋਈਆਂ ਮੀਟਿੰਗਾਂ ਵਿੱਚ ਸਮੂਹ ਮੰਗਾਂ ਤੇ ਸਹਿਮਤੀ ਜਿਤਾਉਣ ਦੇ ਨਾਲ਼-ਨਾਲ਼ ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋੰ ਦਿੱਤੀ 15-16 ਨਵੰਬਰ ਦੀ ਸਮੂਹਿਕ ਛੁੱਟੀ ਨੂੰ ਹਾਜ਼ਰੀ ਵਿੱਚ ਤਬਦੀਲ ਕਰਨ ਦਾ ਵੀ ਵਾਅਦਾ ਕੀਤਾ ਸੀ,ਪਰ ਅੱਜ ਥਰਮਲ ਮੈਨੇਜਮੈਂਟ ਇਸ ਵਾਅਦੇ ਤੋਂ ਭੱਜ ਚੁੱਕੀ ਹੈ ਜਿਸ ਦੇ ਦੇ ਵਿਰੋਧ ਵਜੋਂ ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਭਲਕੇ ਥਰਮਲ ਦੇ ਮੁੱਖ ਗੇਟ ਤੇ ਪਰਿਵਾਰਾਂ ਸਮੇਤ ਥਰਮਲ ਦੇ ਮੁੱਖ ਗੇਟ ਤੇ ਸਵੇਰੇ 08 ਵਜ਼ੇ ਤੋਂ ਲਗਾਤਾਰ ਰੋਸ਼ ਧਰਨਾ ਦੇਣਗੇ,ਮੀਟਿੰਗ ਵਿੱਚ ਹਾਜ਼ਿਰ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਤੋਂ ਪਹਿਲਾਂ ਪਾਵਰਕਾਮ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ,ਲੇਬਰ ਐਕਟ 1948 ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ,15 ਅਤੇ 16 ਨਵੰਬਰ ਦੀ ਸਮੂਹਿਕ ਛੁੱਟੀ ਨੂੰ ਹਾਜ਼ਰੀ ਵਿੱਚ ਤਬਦੀਲ ਕੀਤਾ ਜਾਵੇ।

ਵਿੱਤ ਵਿਭਾਗ ਵੱਲੋਂ 86 ਲੱਖ ਰੁਪਏ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ਦੇ ਮਾਮਲੇ ’ਚ 4 ਅਧਿਕਾਰੀ ਮੁਅੱਤਲ

0

ਕਈਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਦਿੱਤੇ ਹੁਕਮ
ਮਾਨ ਸਰਕਾਰ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ-ਹਰਪਾਲ ਸਿੰਘ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 05 ਦਸੰਬਰ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਸੂਬੇ ਦੇ ਖਜ਼ਾਨਾ ਦਫਤਰਾਂ ਸਬੰਧੀ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ’ਤੇ ਸਖਤ ਕਾਰਵਾਈ ਕਰਦੇ ਹੋਏ ਇਕ ਸੀਨੀਅਰ ਸਹਾਇਕ ਨੂੰ ਮੁਅੱਤਲ ਕਰਨ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਦੋਂਕਿ 86 ਲੱਖ ਰੁਪਏ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ਵਾਲੇ ਇਸ ਮਾਮਲੇ ਵਿੱਚ ਤਿੰਨ ਅਧਿਕਾਰੀ/ਕਰਮਚਾਰੀ ਪਹਿਲਾਂ ਹੀ ਮੁਅੱਤਲ ਹਨ। ਉਨ੍ਹਾਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਵੀ ਦਿੱਤੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਰਾਜ ਦੇ ਖਜ਼ਾਨਾ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਸਬੰਧੀ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੀ ਜਾਂਚ ਕਰਨ ਲਈ 2 ਜੂਨ, 2022 ਨੂੰ ਵਿਭਾਗੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਇਕ ਸੁਪਰਡੈਂਟ, ਇਕ ਸੀਨੀਅਰ ਸਹਾਇਕ ਅਤੇ ਇਕ ਜੂਨੀਅਰ ਸਹਾਇਕ ਪਹਿਲਾਂ ਹੀ ਮੁਅੱਤਲ ਹਨ, ਜਦਕਿ ਇਕ ਸੀਨੀਅਰ ਸਹਾਇਕ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਵਿੱਤੀ ਲੈਣ-ਦੇਣ ਲਈ ਰਾਜ ਪੱਧਰੀ ਅਤੇ ਖੇਤਰੀ ਖਜ਼ਾਨਾ ਦਫਤਰਾਂ ਦੇ ਕਈ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਹਨ।ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਜਾਂਚ ਕਮੇਟੀ ਵੱਲੋਂ ਸੌਂਪੀ ਰਿਪੋਰਟ ਅਨੁਸਾਰ ਕੁੱਲ 86,44,022 ਰੁਪਏ ਦੇ ਸ਼ੱਕੀ ਲੈਣ-ਦੇਣ ਪਾਏ ਗਏ ਹਨ ਅਤੇ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਇਮਾਨਦਾਰ ਅਤੇ ਸਮਰਪਿਤ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕਰੇਗੀ।

Our Visitor

1907388