Saturday, May 16, 2026
Home Blog Page 2392

ਇੱਕ ਵਾਰ ਫਿਰ ਦੂਰਬੀਨ ਨਾਲ ਨੱਕ ਦੇ ਰਸਤੇ ਕੱਢਿਆ ਟਿਊਮਰ

0

ਦਿੱਲੀ ਹਾਰਟ ਹਸਪਤਾਲ ‘ਚ ਹੋ ਰਹੇ ਦਿਮਾਗ ਦੇ ਸਫਲ ਆਪ੍ਰੇਸ਼ਨ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਇੱਕ ਵਾਰ ਫਿਰ ਨੱਕ ਰਾਹੀਂ ਬ੍ਰੇਨ ਟਿਊਮਰ ਸਰਜਰੀ ਕਰਕੇ ਇੱਕ ਹੋਰ ਮਰੀਜ਼ ਨੂੰ ਨਵੀ ਜ਼ਿੰਦਗੀ ਦਿੱਤੀ ਹੈ।ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਨਿਊਰੋਸਰਜਨ ਡਾ: ਵਰੁਣ ਗਰਗ ਨੇ ਦੱਸਿਆ ਕਿ ਫਰੀਦਕੋਟ ਦੀ ਰਹਿਣ ਵਾਲੀ ਮਰੀਜ਼ ਪਰਮਜੀਤ ਕੌਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਨਜ਼ਰ ਖਰਾਬ ਹੋਣ ਦੀ ਸਮੱਸਿਆ ਨਾਲ ਜੂਝ ਰਹੀ ਸੀ, ਐੱਮ.ਆਰ.ਆਈ. ਕਰਵਾਉਣ ਦੇ ਉਸਨੂੰ ਬ੍ਰੇਨ ਟਿਊਮਰ (ਪਿਟਿਊਟਰੀ ਮੈਕਰੋਏਡੀਨੋਮਾ) ਹੋਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਡਾ: ਵਰੁਣ, ਡਾ: ਰੋਹਿਤ ਬਾਂਸਲ, ਡਾ: ਰਾਹੁਲ, ਡਾ: ਉਮਾ ਅਤੇ ਉਨ੍ਹਾਂ ਦੀ ਟੀਮ ਨੇ ਨੱਕ ਰਾਹੀਂ ਟਿਊਮਰ ਕੱਢਣ ਲਈ ਮਰੀਜ਼ ਦੀ ਐਂਡੋਸਕੋਪਿਕ ਟ੍ਰਾਂਸਫੇਨੋਇਡਲ ਸਰਜਰੀ ਕੀਤੀ, ਜਿਸ ਵਿਚ ਮਰੀਜ਼ ਦੇ ਕੋਈ ਚੀਰਾ ਵੀ ਨਹੀਂ ਲਗਾਇਆ ਗਿਆ । ਡਾ. ਰੋਹਿਤ ਨੇ ਦੱਸਿਆ ਕਿ ਇਲਾਕੇ ਵਿੱਚ ਪਹਿਲੀ ਵਾਰ ਦਿੱਲੀ ਹਾਰਟ ਹਸਪਤਾਲ ਵਿੱਚ ਐਂਡੋਸਕੋਪਿਕ ਟ੍ਰਾਂਸਫੇਨੋਇਡਲ ਸਰਜਰੀ ਹੋ ਰਹੀ ਹੈ ਅਤੇ ਹੁਣ ਤੱਕ ਬਹੁਤ ਸਾਰੇ ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ। ਮਰੀਜ਼ ਨੇ ਦੱਸਿਆ ਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਿੱਚ ਵੀ ਸੁਧਾਰ ਹੋ ਰਿਹਾ ਹੈ। ਉਨ੍ਹਾਂ ਸਫਲ ਇਲਾਜ ਲਈ ਡਾਕਟਰਾਂ ਦੀ ਟੀਮ ਅਤੇ ਹਸਪਤਾਲ ਦਾ ਧੰਨਵਾਦ ਵੀ ਕੀਤਾ।

ਵਿੱਤ ਵਿਭਾਗ ਵੱਲੋਂ ਤਿੰਨ ਉੱਚ ਸਿੱਖਿਆ ਸੰਸਥਾਵਾਂ ਨੂੰ 15 ਕਰੋੜ ਜਾਰੀ ਕਰਨ ਦੀ ਪ੍ਰਵਾਨਗੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਸਤੰਬਰ : ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਇਸ ਹਫਤੇ ਤਿੰਨ ਉੱਚ ਸਿੱਖਿਆ ਸੰਸਥਾਵਾਂ ਲਈ 15 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਮਾਝਾ ਖੇਤਰ ਦੀਆਂ ਦੋ ਉੱਚ ਸਿੱਖਿਆ ਸੰਸਥਾਵਾਂ ਲਈ 8.5 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ; ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਆਫ ਲਾਅ, ਕੈਰੋਂ, ਤਰਨਤਾਰਨ ਨੂੰ ਉਸਾਰੀ ਕਾਰਜਾਂ ਲਈ 6.75 ਕਰੋੜ ਰੁਪਏ ਅਤੇ ਆਈ.ਆਈ.ਐਮ, ਅੰਮਿ੍ਰਤਸਰ ਲਈ 1.71 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਸ. ਚੀਮਾ ਨੇ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਡਾ: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ, ਮੁਹਾਲੀ ਨੂੰ ਵਿੱਤੀ ਸਾਲ 2022-23 ਲਈ ਪ੍ਰਵਾਨਿਤ ਬਜਟ ਵਿੱਚੋਂ 6.50 ਕਰੋੜ ਰੁਪਏ ਦੀ ਬਕਾਇਆ ਰਾਸੀ ਇੱਕਮੁਸਤ ਰਕਮ ਵਜੋਂ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਇਨ੍ਹਾਂ ਸੰਸਥਾਵਾਂ ਨੂੰ ਫੰਡਾਂ ਦੀ ਕੋਈ ਘਾਟ ਨਾ ਆਵੇ।

ਸੂਬੇ ਦੇ ਵਿਕਾਸ ਲਈ ਸਨਅਤਾਂ ਜਰੂਰੀ ਪਰ ਵਾਤਾਵਰਣ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਮੀਤ ਹੇਅਰ

0

ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਨੇ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਨੂੰ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਸਤੰਬਰ: ਸੂਬੇ ਦੇ ਉਦਯੋਗਿਕ ਵਿਕਾਸ ਲਈ ਸਨਅਤਾਂ ਦਾ ਅਹਿਮ ਰੋਲ ਹੈ ਪਰ ਇਸ ਦੇ ਨਾਲ ਹੀ ਵਾਤਾਵਰਣ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਹ ਗੱਲ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਹੀ। ਮੀਟਿੰਗ ਦੌਰਾਨ ਉਦਯੋਗਪਤੀਆਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸਿਸਾਂ ਵਿੱਚ ਪੂਰਨ ਸਹਿਯੋਗ ਭਰੋਸਾ ਦੇਣ ਦੀ ਗੱਲ ਵੀ ਕਹੀ। ਮੰਤਰੀ ਨੇ ਵੀ ਉਦਯੋਗਪਤੀਆਂ ਨੂੰ ਵਿਸਵਾਸ ਦਿਵਾਇਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬੇਲੋੜਾ ਪ੍ਰੇਸਾਨ ਨਹੀਂ ਕੀਤਾ ਜਾਵੇਗਾ ਜਿਸ ਸੰਬੰਧੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਹਨ ਕਿ ਉਦਯੋਗ ਪੱਖੀ ਮਾਹੌਲ ਸਿਰਜਿਆ ਜਾਵੇ। ਮੀਤ ਹੇਅਰ ਨੇ ਕਿਹਾ ਕਿ ਚੌਗਿਰਦੇ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਣ ਛੱਡ ਕੇ ਜਾਣਾ ਸਭ ਦਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਦੂਸਣ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਕ ਵਾਰ ਵਰਤੋਂ ਵਾਲੇ ਪਲਾਸਟਿਕ ਉੱਤੇ ਪੂਰਨ ਪਾਬੰਦੀ ਦੇ ਨਾਲ ਸਨਅਤੀ ਪ੍ਰਦੂਸਣ ਨੂੰ ਠੱਲ੍ਹ ਪਾਉਣ ਅਤੇ ਬੁੱਢਾ ਦਰਿਆ ਦੀ ਸਫਾਈ ਸਮੇਤ ਹੋਰ ਕਈ ਪ੍ਰਾਜੈਕਟ ਸੁਰੂ ਕੀਤੇ ਹਨ। ਸਨਅਤੀ ਨੁਮਾਇੰਦਿਆਂ ਨੇ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਨੂੰ ਵਿਸਵਾਸ ਦਿਵਾਇਆ ਕਿ ਸਰਕਾਰ ਦੀਆਂ ਕੋਸਿਸਾਂ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਜਿਨ੍ਹਾਂ ਸਨਅਤਾਂ ਵੱਲੋਂ ਟਰੀਟਮੈਂਟ ਪਲਾਂਟ ਲਗਾਏ ਗਏ ਹਨ, ਉਨ੍ਹਾਂ ਨੂੰ ਸੋਧੇ ਹੋਏ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਮੀਤ ਹੇਅਰ ਨੇ ਇਹ ਗੱਲ ਮੁੜ ਦੁਹਰਾਉਂਦਿਆ ਕਿਹਾ ਕਿ ਵਾਤਾਵਰਣ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਿਹੜੀਆਂ ਸਨਅਤਾਂ ਸਾਰੇ ਨਿਯਮਾਂ ਦਾ ਪਾਲਣ ਕਰਦੀਆਂ ਹਨ, ਉਨ੍ਹਾਂ ਦੀ ਜਾਇਜ ਮੰਗਾਂ ਦੇ ਹੱਲ ਲਈ ਵਿਭਾਗ ਵੱਲੋਂ ਸਕਰਾਤਮਕ ਰੁਖ ਅਪਣਾਇਆ ਜਾਵੇਗਾ।ਮੀਟਿੰਗ ਵਿੱਚ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਵਿੱਚ ਅਦਿਤਿਆ ਕੰਵਰ, ਵਿਵੇਕ ਸਰਮਾ, ਨੀਰਜ ਅਬੋਟ, ਐਚ.ਕੇ.ਸਿੰਘਲ, ਐਸ.ਕੇ.ਸਰਮਾ. ਸਾਂਚਿਤ ਸੂਦ, ਨੰਦਨ ਜੈਨ ਤੇ ਚੇਤੰਨਿਆ ਡਾਵਰ ਹਾਜਰ ਸਨ।

ਵੋਟਰ ਸੂਚੀਆਂ ਦੀ ਤਰੁੱਟੀ ਲਈ 4 ਸਤੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਐਸ.ਡੀ.ਐਮ ਮਾਨ

0

ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ/ਬਠਿੰਡਾ, 03 ਸਤੰਬਰ:-ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਤਿਆਰ ਕਰਨ ਦੇ ਮੰਤਵ ਨਾਲ 01 ਅਗਸਤ 2022 ਤੋਂ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਰਜਿਸਟਰ ਹੋਏ ਵੋਟਰਾਂ ਦੇ ਡਾਟੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਕੇ ਉਨ੍ਹਾਂ ਦੀ ਵੋਟਰ ਸੂਚੀ ਵਿੱਚ ਐਂਟਰੀ ਨੂੰ ਤਸਦੀਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ੍ਰੀ ਕੰਵਰਜੀਤ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫਸਰਾ ਵੱਲੋਂ ਵੋਟਰਾਂ ਦੇ ਘਰ-ਘਰ ਜਾ ਕੇ ਆਨ-ਲਾਈਨ ਵਿਧੀ (ਮੋਬਾਇਲ ਐਪ ਰਾਹੀਂ) ਅਤੇ ਆਫ-ਲਾਈਨ ਵਿਧੀ ਰਾਹੀਂ ਫਾਰਮ ਨੰਬਰ 6-ਬੀ ਪ੍ਰਾਪਤ ਕਰਕੇ ਆਨ-ਲਾਈਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਵੋਟਰਾਂ ਪਾਸੋਂ ਆਧਾਰ ਨੰਬਰ ਪ੍ਰਾਪਤ ਕਰਕੇ ਇਸਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ 04 ਸਤੰਬਰ 2022 (ਦਿਨ ਐਤਵਾਰ) ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵੱਲੋਂ ਸਪੈਸ਼ਲ ਕੈਂਪ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਉਕਤ ਮਿਤੀ ਵਾਲੇ ਦਿਨ ਆਪਣੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਪੋਲਿੰਗ ਸਟੇਸ਼ਨ ਦੇ ਸਬੰਧਤ ਬੂਥ ਲੈਵਲ ਅਫਸਰ ਕੋਲ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਵਾਉਣ, ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਉਸ ਵੋਟਰ ਦੀ ਐਂਟਰੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਕੁੱਲ 11 ਦਸਤਾਵੇਜ਼ਾ ਵਿੱਚੋ ਕੋਈ ਇੱਕ ਦਸਤਾਵੇਜ ਜਿਵੇਂ ਮਗਨਰੇਗਾ ਨੌਕਰੀ ਕਾਰਡ, ਬੈਂਕ ਜਾਂ ਡਾਕਖਾਨੇ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸ ਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ.ਪੀ.ਆਰ ਦੇ ਤਹਿਤ ਆਰ.ਜੀ.ਆਈ ਵੱਲੋਂ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਮੇਤ ਪੈਨਸ਼ਨ ਦਸਤਾਵੇਜ, ਕੇਂਦਰੀ, ਰਾਜ ਸਰਕਾਰ, ਪੀ.ਐਸ.ਯੂ, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਸ਼ਨਾਖਤੀ ਕਾਰਡ, ਸੰਸਦ ਮੈਂਬਰਾਂ, ਵਿਧਾਇਕਾਂ, ਐਮ.ਐਲ.ਸੀ ਨੂੰ ਜਾਰੀ ਕੀਤਾ ਅਧਿਕਾਰ ਸ਼ਨਾਖਤੀ ਕਾਰਡ, ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਵਿਲੱਖਣ ਦਿਵਿਆਂਗਤਾ ਸ਼ਨਾਖਤੀ ਕਾਰਡ (ਯੂ.ਡੀ.ਆਈ.ਡੀ) ਦੀ ਕਾਪੀ ਦੇ ਕੇ ਤਸਦੀਕ ਕਰਵਾ ਸਕਦਾ ਹੈ ।

ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ’ਚ ਅਰਮਾਨ ਬਰਾੜ ਨੇ ਜਿੱਤੇ ਸੋਨ ਤਮਗੇ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 3 ਸਤੰਬਰ: ਜਿਲਾ ਪੱਧਰੀ ਨਿਸਾਨੇਬਾਜੀ ਮੁਕਾਬਲੇ ਵਿਚ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਅਰਮਾਨ ਬਰਾੜ ਨੇ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਲੜੀਵਾਰ ਦੋ ਸੋਨ ਤਮਗੇ ਹਾਸਿਲ ਕੀਤੇ ਹਨ। ਇਹਨਾ ਮੁਕਾਬਲਿਆ ਵਿਚ ਜੇਤੂ ਖਿਡਾਰੀਆ ਨੂੰ ਜਿਲਾ ਮਾਲ ਅਫਸਰ ਬਲਕਰਨ ਸਿੰਘ ਮਾਹਲ ਨੇ ਇਨਾਮ ਤਕਸੀਮ ਕੀਤੇ। ਜਿਕਰਯੋਗ ਹੈ ਕਿ ਅਰਮਾਨ ਬਰਾੜ ਇਸਤਂੋ ਪਹਿਲਾ ਵੀ ਕਈ ਸੋਨ ਤਮਗੇ ਜਿੱਤ ਚੁੱਕਿਆ ਹੈ । ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ ਬੂਟਾ ਸਿੰਘ ਸਿੱਧੂ ਨੇ ਵੀ ਅਰਮਾਨ ਨੂੰ ਸਨਮਾਨਿਤ ਕੀਤਾ, ਜਿੱਥੇ ਉਹ ਬੀ ਬੀ ਏ ਵਿਭਾਗ ਦਾ ਵਿਦਿਆਰਥੀ ਹੈ । ਅਰਮਾਨ ਬਰਾੜ ਦੇ ਦਾਦਾ ਮਹਿੰਦਰ ਸਿੰਘ ਸਾਬਕਾ ਸਰਪੰਚ ਨੇ ਕੋਚ ਗੁਰਪਾਲ ਸਿੰਘ ਦਾ ਧੰਨਵਾਦ ਕੀਤਾ।

 

ਅੱਖਾਂ ਦੇ ਮਹਾਂਦਾਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋੜ : ਡਾ. ਸੁਰਿੰਦਰ ਸਿੰਘ ਝੱਮਟ

0

ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਦੋ ਇਨਸਾਨਾਂ ਨੂੰ ਰੌਸ਼ਨੀ ਦੇ ਸਕਦਾ ਹੈ :
ਡਾ. ਪਰਮਵੀਰ ਸਿੰਘ ਅਪਥਾਲਮਿਕ ਅਫਸਰ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ, 3 ਸਤੰਬਰ : ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਢੁੱਡੀਕੇ ਵਿਖੇ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ 37ਵਾਂ ਅੱਖਾਂ ਦਾਨ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ । ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਸਬੰਧੀ ਜਾਗਰੂਕ ਕਰਨਾ ਹੈ ।ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਕਿਹਾ ਕਿ ਅੰਨਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਂਵਾ ਵਿੱਚੋਂ ਇੱਕ ਹੈ । ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੋਰਨੀਆ ਸਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨੇਪਣ ਦੇ ਮੁੱਖ ਕਾਰਨ ਹਨ । ਬਿਮਾਰੀ, ਸੱਟ, ਕੁਪੋਸ਼ਣ ਅਤੇ ਇਨਫੈਕਸ਼ਨ ਦੇ ਕਾਰਨ ਕੋਰਨੀਆ ਧੁੰਦਲਾ ਹੋ ਸਕਦਾ ਅਤੇ ਨਜਰ ਘੱਟ ਜਾਂਦੀ ਹੈ । ਉਹਨਾਂ ਬਲਾਕ ਢੁੱਡੀਕੇ ਦੇ ਪੰਤਵੰਤੇ ਸੱਜਣਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਲਈ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦਿ੍ਰਸ਼ਟੀ ਦਾ ਤੋਹਫਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ । ਜਿਕਰਯੋਗ ਹੈ ਕਿ ਸਾਡੇ ਦੇਸ਼ ਵਿੱਚ ਅੰਦਾਜਨ 46 ਲੱਖ ਲੋਕ ਕੋਰਨੀਅਲ ਅੰਨੇਪਣ ਨਾਲ ਪੀੜਤ ਹਨ ਅਤੇ ਲਗਭਗ 54 ਹਜਾਰ ਅੱਖਾਂ ਸਲਾਨਾ ਇੱਕਤਰ ਕੀਤੀਆਂ ਜਾਂਦੀਆਂ ਜਦੋਂ ਕਿ ਦੇਸ਼ ਵਿੱਚ 1.5 ਲੱਖ ਅੱਖਾਂ ਦੀ ਪ੍ਰਤਿ ਸਾਲ ਲੋੜ ਹੈ । ਉਹਨਾਂ ਦੱਸਿਆ ਕਿ ਅੱਖਾਂ ਦੇ ਦਾਨ ਸਬੰਧੀ ਰਜਿਸ਼ਟਰੇਸ਼ਨ ਫਾਰਮ ਪੰਜਾਬ ਦੇ ਸਮੂਹ ਜਿਲਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਨਜਰ ਕੇਂਦਰਾਂ ਤੇ ਉਪਲਬਧ ਹੈ । ਹੁਣ ਲੋਕਾਂ ਦੀ ਸਹੂਲਤ ਨੰੁ ਧਿਆਨ ਵਿੱਚ ਰੱਖਦੇ ਹੋਏ ਹੁਣ ਆਨਲਾਈਨ ਵੈਬਸਾਈਟ ਤੇ ਜਾਕੇ ਵੀ ਅੱਖਾਂ ਦੇ ਦਾਨ ਸਬੰਧੂ ਰਜਿਸ਼ਟਰੇਸ਼ਨ ਫਾਰਮ ਭਰਿਆ ਜਾ ਸਕਦਾ ਹੈ ਅਤੇ ਫਾਰਮ ਦਾ ਪਿ੍ਰੰਟ ਵੀ ਲਿਆ ਜਾ ਸਕਦਾ ਹੈ । ਸਰਕਾਰੀ ਹਸਪਤਾਲ ਢੁੱਡੀਕੇ ਦੇ ਸਟਾਫ ਵੱਲੋਂ ਵੀ ਅੱਖਾਂ ਦਾਨ ਸਬੰਧੀ ਫਾਰਮ ਭਰੇ ਗਏ ਹਨ ।
ਇਸ ਮੌਕੇ ਅਪਥਾਲਮਿਕ ਅਫਸਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਕੋਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨਾਪਣ ਪੁਤਲੀ ਬਦਲਣ ਦੇ ਅਪਰੇਸ਼ਨ ਨਾ ਦੂਰ ਕੀਤਾ ਜਾ ਸਕਦਾ ਹੈ । ਜਿੱਥੇ ਧੁੰਦਲੇ ਕੋਰਨੀਆ ਦੀ ਥਾਂ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੋਰਨੀਆ ਮਰੀਜ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ । ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਕੀਤੀਆਂ ਜਾ ਸਕਦੀਆਂ ਹਨ । ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ । ਅੱਖਾਂ ਦਾਨ ਕਰਨ ਵਾਲੇ ਦੀ ਕੋਈ ਵੀ ਉਮਰ ਹੋਵੇ, ਉਸਦੇ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਨਜ ਪਾਏ ਹੋਣ ਤਾਂ ਅੱਖਾਂ ਦਾਨ ਹੋ ਸਕਦੀਆਂ ਹਨ । ਲਖਵਿੰਦਰ ਸਿੰਘ ਬਲਾਕ ਐਜੂਕੇਟਰ ਅਤੇ ਰਾਜ ਕੁਮਾਰ ਫਾਰਮੇਸੀ ਅਫਸਰ ਨੇ ਦੱਸਿਆ ਕਿ ਮੌਤ ਹੋਣ ਉਪਰੰਤ ਅੱਖਾਂ ਦਾਨ ਕਰਨ ਲਈ ਸਭ ਤੋਂ ਨੇੜੇ ਦੇ ਆਈ ਬੈਂਕ ਨਾਲ ਰਾਬਤਾ ਕਾਇਮ ਕੀਤਾ ਜਾਵੇ । ਅੱਖਾਂ ਦਾਨ ਕਰਨ ਲਈ ਅੱਖਾਂ ਦੇ ਬੈਂਕ ਦੀ ਟੀਮ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਦੇ ਉਤੇ ਗਿੱਲ ਸਾਫ ਕੱਪੜਾ ਰੱਖਿਆ ਜਾਵੇ ਤਾਂ ਜੋ ਅੱਖਾਂ ਖਰਾਬ ਹੋਣ ਤੋਂ ਬਚਾਇਆ ਜਾ ਸਕੇ । ਵਿਅਕਤੀ ਦੀ ਮੌਤ ਹੋਣ ਉਪਰੰਤ ਅੱਖਾਂ ਦਾਨ ਲਈ ਆਈ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਮੁਕੰਮਲ ਕਰ ਲਈ ਜਾਂਦੀ ਹੈ । ਆਈ ਬੈਂਕ ਦੀ ਟੀਮ ਵੱਲੋਂ ਅੱਖਾਂ ਦਾਨ ਲੈਣ ਮਗਰੋਂ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਅੰਤਿਮ ਦਰਸ਼ਨ ਸਮੇਂ ਬੁਰਾ ਨਾ ਲੱਗੇ । ਉਹਨਾਂ ਕਿਹਾ ਕਿ ਏਡਜ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ । ਉਹਨਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਅੱਖਾਂ ਦੀ ਪੁਤਲੀ ਬਦਲਣ ਦੇ ਅਪਰੇਸ਼ਨ ਮੁਫਤ ਕੀਤੇ ਜਾਂਦੇ ਹਨ ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਨਾਅਰਾ: “ਇੱਥੇ ਦਾਖਲਾ ਲਓ, ਵਿਦੇਸ ਪੜੋਂ’’

0

ਤਕਨੀਕੀ ਸਿੱਖਿਆ ਮਨੁੱਖੀ ਸਰੋਤ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ: ਵੀ.ਸੀ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਦਿਆਰਥੀਆਂ ਨੂੰ ਵਿਸਵ ਪੱਧਰੀ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੇ ਨਾਲ ਨਾਲ, ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਵੱਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਧੀਆ ਪਲੇਸਮੈਂਟ ਅਤੇ ਪੜ੍ਹਾਈ ਲਈ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰੇਗੀ।ਇਹ ਦਾਅਵਾ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰਸਿੱਧ ਅਕਾਦਮਿਕ ਅਤੇ ਖੋਜਕਾਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਸਵ ਪੱਧਰੀ ਖੋਜ ਵਿਗਿਆਨੀ ਅਤੇ ਨਾਮਵਰ ਫੈਕਲਟੀ ਹੈ, ਜੋ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਵੱਖ-ਵੱਖ ਮਾਰਗਾਂ ਰਾਹੀਂ ਵਿਦੇਸਾਂ ਵਿੱਚ ਪੜ੍ਹਾਈ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਅਕਾਦਮਿਕ ਸੈਸਨ 2022-23 ਲਈ ਦਾਖਲਾ ਇੰਜੀਨੀਅਰਿੰਗ, ਆਰਕੀਟੈਕਚਰ ਅਤੇ ਯੋਜਨਾ, ਵਣਜ ਅਤੇ ਪ੍ਰਬੰਧਨ, ਫਾਰਮੇਸੀ, ਫੂਡ ਸਾਇੰਸ ਅਤੇ ਤਕਨਾਲੋਜੀ, ਖੇਤੀਬਾੜੀ, ਐਰੋਨਾਟਿਕਲ, ਏਰੋਸਪੇਸ, ਕੰਪਿਊਟੇਸਨਲ ਸਾਇੰਸਜ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਹੁਨਰ ਵਿਕਾਸ ਲਈ ਖੁੱਲ੍ਹੇ ਹਨ। ਅਕਾਦਮਿਕ ਸੈਸਨ ਤੋਂ ਸੁਰੂ ਕੀਤੇ ਗਏ ਨਵੇਂ ਕੋਰਸਾਂ ਵਿੱਚ ਉਭਰਦੀਆਂ ਤਕਨੀਕਾਂ ਜਿਵੇਂ ਕਿ ਡੇਟਾ ਸਾਇੰਸ, ਬਲਾਕਚੈਨ, ਪ੍ਰੋਗਰਾਮਿੰਗ ਭਾਸਾਵਾਂ, ਸਾਈਬਰ ਕ੍ਰਾਈਮ, ਮਸੀਨ ਲਰਨਿੰਗ, ਪੇਟੈਂਟ ਅਤੇ ਆਈਪੀਆਰ, ਬਿਜਨਸ ਇੰਟੈਲੀਜੈਂਸ ਅਤੇ ਹੋਰ ਬਹੁਤ ਸਾਰੇ ਆਨਲਾਈਨ ਪ੍ਰਮਾਣਿਤ ਕੋਰਸ ਸਾਮਲ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਐਮਆਰਐਸ-ਪੀਟੀਯੂ ਟਰੈਵਲ ਏਜੰਟਾਂ ਦੇ ਸੋਸਣ ਤੋਂ ਬਚਾਉਣ ਲਈ ਇੱਕ ਵਿਲੱਖਣ “ਇੱਥੇ ਦਾਖਲਾ ਲਓ, ਵਿਦੇਸ ਪੜ੍ਹੋ“ ਪਾਥਵੇ ਪ੍ਰੋਗਰਾਮ ਪ੍ਰਦਾਨ ਕਰਦਾ ਹੈ। ਇਹ ਸਕੀਮ ਵਿਦੇਸਾਂ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਆਪਣੇ ਮਜਬੂਤ ਅੰਤਰਰਾਸਟਰੀ ਵਟਾਂਦਰਾ ਪ੍ਰੋਗਰਾਮ ਦੇ ਤਹਿਤ, ਯੂਨੀਵਰਸਿਟੀ ਨੇ ਵੇਨ ਸਟੇਟ ਯੂਨੀਵਰਸਿਟੀ (ਯੂਐਸਏ), ਥੌਮਸਨ ਰਿਵਰਜ ਯੂਨੀਵਰਸਿਟੀ (ਕੈਨੇਡਾ), ਸਿਨਰਜੀ ਯੂਨੀਵਰਸਿਟੀ (ਰੂਸ), ਯੂਨੀਵਰਸਿਟੀ ਕੈਨੇਡਾ ਵੈਸਟ, ਵੈਨਕੂਵਰ (ਕੈਨੇਡਾ), ਐਡਮੰਟਨ ਦੀ ਕੋਨਕੋਰਡੀਆ ਯੂਨੀਵਰਸਿਟੀ ( ਕੈਨੇਡਾ), ਵੈਨਕੂਵਰ ਆਈਲੈਂਡ ਯੂਨੀਵਰਸਿਟੀ (ਕੈਨੇਡਾ), ਸਿਨਰਜੀ ਯੂਨੀਵਰਸਿਟੀ (ਰੂਸ), (ਫਰਾਂਸ) ਅਤੇ ਕ੍ਰੈਡਿਟ ਟ੍ਰਾਂਸਫਰ ਅਧਿਐਨ ਲਈ ਹੋਰ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਹਨ, ਜੋ ਕਿ ਵਿਦੇਸਾਂ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਦਰਵਾਜੇ ਖੋਲ੍ਹਣ ਦਾ ਰਾਹ ਪੱਧਰਾ ਕਰਦੇ ਹਨ।ਐਮਆਰਐਸ-ਪੀਟੀਯੂ ਅਤੇ ਵੇਨ ਸਟੇਟ ਯੂਨੀਵਰਸਿਟੀ (ਡਬਲਯੂਐਸਯੂ), ਪ੍ਰੋ. ਸਿੱਧੂ ਨੇ ਐਮਆਰਐਸ-ਪੀਟੀਯੂ ਵਿੱਚ ਸਹਿਯੋਗੀ ਪਾਥਵੇਅ ਸਿੱਖਿਆ ਪ੍ਰੋਗਰਾਮਾਂ ਬਾਰੇ ਵੇਰਵੇ ਦਿੰਦੇ ਹੋਏ ਕਿਹਾ ਕਿ ਇੱਕ ਵਿਦਿਆਰਥੀ ਐਮਆਰਐਸ-ਪੀਟੀਯੂ ਵਿੱਚ ਤਿੰਨ ਸਾਲਾਂ ਤੱਕ ਪੜ੍ਹਾਈ ਕਰੇਗਾ ਅਤੇ ਚੌਥੇ ਸਾਲ ਵੇਨ ਸਟੇਟ ਯੂਨੀਵਰਸਿਟੀ ਵਿਖੇ 4 ਸਾਲ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਵੇਨ ਸਟੇਟ ਯੂਨੀਵਰਸਿਟੀ ਤੋਂ ਬੀ.ਟੈਕ ਦੀ ਡਿਗਰੀ ਮਿਲੇਗੀ। ਜਦੋਂ ਕਿ 3 ਪਲੱਸ 2 ਪ੍ਰੋਗਰਾਮ ਅਧੀਨ ਚੌਥੇ ਅਤੇ ਪੰਜਵੇਂ ਸਾਲ ਦਾ ਅਧਿਐਨ ਵੇਨ ਸਟੇਟ ਯੂਨੀਵਰਸਿਟੀ ਵਿਖੇ ਕਰੇਗਾ। ਇਸ 5 ਸਾਲਾ ਪ੍ਰੋਗਰਾਮ ਤਹਿਤ ਦੋਵੇਂ ਬੀ.ਟੈਕ. ਅਤੇ ਮਾਸਟਰ ਡਿਗਰੀਆਂ ਵੇਨ ਸਟੇਟ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।
ਏਮਜ ਅਤੇ ਐਮਆਰਐਸਪੀਟੀਯੂ ਨੇ ਨਵੀਂ ਅਕਾਦਮਿਕ ਭਾਈਵਾਲੀ ਨੂੰ ਉਤਸਾਹਿਤ ਕਰਨ ਲਈ ਸਮਝੌਤਾ ਕੀਤਾ:- ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮਆਰਐਸ-ਪੀਟੀਯੂ), ਬਠਿੰਡਾ ਨੇ ਨਵੀਂ ਅਕਾਦਮਿਕ ਨੂੰ ਉਤਸਾਹਿਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ), ਬਠਿੰਡਾ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਭਾਈਵਾਲੀ ਤਹਿਤ ਹਸਪਤਾਲਾਂ ਦੇ ਸਿਹਤ ਸੰਭਾਲ ਅਤੇ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਅਕਾਦਮਿਕ ਸੈਸਨ (2022-23) ਤੋਂ ਐਮ.ਬੀ.ਏ. – ਹਸਪਤਾਲ ਪ੍ਰਸਾਸਨ ਦੀ ਸੁਰੂਆਤ ਕੀਤੀ ਗਈ ਹੈ। ਐਮ.ਓ.ਯੂ. ਦਾ ਉਦੇਸ ਮੈਡੀਕਲ ਸਾਇੰਸਜ, ਹਸਪਤਾਲ ਪ੍ਰਸਾਸਨ, ਵਿਸਲੇਸਣ, ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਵਿਆਪਕ ਖੇਤਰ ਵਿੱਚ ਦੋਵਾਂ ਵੱਕਾਰੀ ਸੰਸਥਾਵਾਂ ਦਰਮਿਆਨ ਸਾਂਝੀ ਲੋੜ ਅਧਾਰਿਤ ਅਕਾਦਮਿਕ, ਵਿਗਿਆਨਕ ਅਤੇ ਖੋਜ ਪ੍ਰੋਗਰਾਮਾਂ ਦੇ ਸਹਿਯੋਗ ਦੀ ਸੁਰੂਆਤ ਕਰਨਾ ਹੈ।
ਡਾ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਐਮਆਰਐਸ-ਪੀਟੀਯੂ ਨੇ ਸੁਰੂਆਤੀ ਸਮੂਹ ਵਿੱਚ ਅਟਲ ਰੈਂਕਿੰਗ ਆਫ ਇੰਸਟੀਚਿਊਸਨਜ ਆਨ ਇਨੋਵੇਸਨ ਅਚੀਵਮੈਂਟਸ (ਏਆਰਆਈਆਈਏ) ਵਿੱਚ ਪੂਰੇ ਭਾਰਤ ਵਿੱਚ ਚੌਥਾ ਰੈਂਕ ਅਤੇ ਸਮੁੱਚੇ ਤੌਰ ‘ਤੇ 62ਵਾਂ ਰੈਂਕ ਪ੍ਰਾਪਤ ਕੀਤਾ, ਜੋ ਕਿ ਸੰਸਥਾ ਲਈ ਇੱਕ ਮਾਣ ਵਾਲੀ ਗੱਲ ਹੈ। ਐਮ.ਆਰ.ਐਸ.-ਪੀ.ਟੀ.ਯੂ. ਨੌਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਤੇਜ ਕਰਨ ਲਈ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਸਾਇੰਸਜ ਨੂੰ ਹੁਲਾਰਾ ਦੇਣ ‘ਤੇ ਵੀ ਧਿਆਨ ਕੇਂਦਰਤ ਕਰਦਾ ਹੈ। ਐਮ.ਆਰ.ਐਸ.-ਪੀ.ਟੀ.ਯੂ.ਕੋਲ ਖੋਜ ਦੇ ਉਦੇਸਾਂ ਲਈ ਸਟੇਟ ਆਫ ਦਾ ਆਰਟ, ਫੂਡ ਟੈਸਟਿੰਗ ਲੈਬਾਰਟਰੀ ਅਤੇ (ਆਈਡੀਆ ਵਿਕਾਸ, ਮੁਲਾਂਕਣ ਅਤੇ ਐਪਲੀਕੇਸਨ) ਲੈਬ ਵੀ ਹੈ।ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ, ਡੀਨ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ, ਡਾ: ਮਨਜੀਤ ਬਾਂਸਲ, ਡਾਇਰੈਕਟਰ, ਲੋਕ ਸੰਪਰਕ, ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ, ਸ੍ਰੀ ਹਰਜੋਤ ਸਿੰਘ ਸਿੱਧੂ ਵੀ ਇਸ ਮੌਕੇ ਹਾਜਰ ਸਨ।

ਨਸ਼ੇ ਦੇ ਮੁੱਦੇ ’ਤੇ ਡਰਾਮੇ ਕਰਨ ਵਾਲੀ ‘ਆਪ’ ਦੇ ਰਾਜ ’ਚ ਰੋਜ਼ਾਨਾ ਨੌਜਵਾਨਾਂ ਦੀ ਨਸ਼ੇ ਕਾਰਨ ਜਾ ਰਹੀ ਹੈ ਜਾਨ : ਜਸਵੀਰ ਸਿੰਘ ਗੜ੍ਹੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਸਤੰਬਰ: ਰੋਜ਼ਾਨਾ ਨਸ਼ੇ ਨਾਲ ਜਾ ਰਹੀਆਂ ਨੌਜਵਾਨਾਂ ਦੀਆਂ ਜਾਨਾਂ ਪੰਜਾਬ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਰਕਾਰ ਨਸ਼ਿਆਂ ਉਤੇ ਕਾਬੂ ਪਾਉਣ ਦੇ ਝੂਠੇ ਵਾਅਦੇ ਕਰ ਰਹੀ ਹੈ, ਜਦੋਂ ਕਿ ਰੋਜ਼ਾਨਾਂ ਲੋਕਾਂ ਦੇ ਘਰਾਂ ਵਿਚੋਂ ਨੌਜਵਾਨਾਂ ਦੀਆਂ ਅਰਥੀਆਂ ਉਠ ਰਹੀਆਂ ਹਨ। ਇਹ ਪ੍ਰਗਟਾਵਾ ਇਕ ਬਿਆਨ ਰਾਹੀਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਚੋਹਲਾ ਸਾਹਿਬ ਦੇ ਨਜ਼ਦੀਕੀ ਪਿੰਡ ਧੁੰਨ ਢਾਏ ਵਾਲਾ ਦੇ ਇਕ ਕਿਸਾਨ ਦੇ ਦੋ ਨੌਜਵਾਨਾਂ ਦੀ ਕੁਝ ਦਿਨਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਬਹੁਤ ਦੁੱਖ ਦੀ ਖਬਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚੋਂ ਬਾਹਰ ਰਹਿੰਦੇ ਹੋਏ ਨਸ਼ੇ ਦੇ ਮੁੱਦੇ ਉਤੇ ਤਰ੍ਹਾਂ ਤਰ੍ਹਾਂ ਦੇ ਵਿਰੋਧ ਵਿਖਾਵੇ ਕਰਕੇ ਸੱਤਾ ਲਈ ਨਾਟਕ ਖੇਡਦੀ ਰਹੀ। ਉਨ੍ਹਾਂ ਕਿਹਾ ਕਿ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਨਸ਼ਾ ਵੇਚਣ ਵਾਲਿਆਂ ਉਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠੇ ਦਿਖਾਵੇ ਕਰਨ ਦੀ ਬਜਾਏ ਜ਼ਮੀਨੀ ਪੱਧਰ ਉਤੇ ਨਸ਼ਾ ਰੋਕਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਨੂੰ ਜ਼ਰੂਰ ਸਮਝਣ ਕਿ ਉਹ ਹੁਣ ਇਕ ਕਮੇਡੀਅਨ ਕਲਾਕਾਰ ਨਹੀਂ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠੇ ਹਨ। ਲੋਕਾਂ ਨੂੰ ਝੂਠੀਆਂ ਗੱਲ ਕਰਕੇ ਮਨ ਪ੍ਰਚਾਵੇ ਦੀ ਥਾਂ ਕੁਝ ਕਰਕੇ ਵਿਖਾਉਣ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਸ਼ੇ ਵਰਗੇ ਮੁੱਦਿਆਂ ਸਮੇਤ ਹੋਰ ਲੋਕ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰੇਗੀ।

ਮਾਪੇ ਅਧਿਆਪਕ ਮਿਲਣੀ ਬਠਿੰਡਾ ਵਿੱਚ ਭਾਰੀ ਉਤਸਾਹ ਰਿਹਾ,ਸਕੂਲਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ

0

ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਸੂਬੇ ਦੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ‘ਤੇ ਅੱਜ ਪੰਜਾਬ ਭਰ ਵਿਚ ਹੋਈ ਮਾਪੇ-ਅਧਿਆਪਕ ਮਿਲਣੀ ਦੌਰਾਨ ਸਰਕਾਰੀ ਸਕੂਲਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬਠਿੰਡਾ ਵਿਚ ਵੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਸਿਵ ਪਾਲ ਗੋਇਲ ਅਤੇ ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਾਰੇ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ । ਇਸ ਦੌਰਾਨ ਜ਼ਿਲ੍ਹੇ ਭਰ ਦੇ ਉੱਚ ਅਧਿਕਾਰੀਆਂ ਤੋਂ ਲੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲਾਂ ਵਿੱਚ ਟੀਮਾਂ ਨੇ ਪਹੁੰਚ ਕੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਸਰਕਾਰੀ ਸਹੂਲਤਾਂ ਅਤੇ ਬੱਚੇ ਦੀ ਪੜ੍ਹਾਈ ਸੰਬੰਧੀ ਜਾਣੂ ਕਰਵਾਇਆ ਗਿਆ । ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਬਹੁਤ ਸਾਰੇ ਪਿੰਡਾਂ ਅਤੇ ਸਹਿਰਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ । ਇਸ ਮੌਕੇ ਸਿਵ ਪਾਲ ਗੋਇਲ ਅਤੇ ਮੇਵਾ ਸਿੰਘ ਸਿੱਧੂ ਨੇ ਕਿਹਾ ਕਿ ਸਾਡਾ ਮਕਸਦ ਬੱਚੇ ਨੂੰ ਕਿਤਾਬੀ ਗਿਆਨ ਨਾਲ ਜੋੜਣਾ ਨਹੀ , ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨਾ ਖੇਡਾ ਨਾਲ ਜੋੜਨਾ ਜਰੂਰੀ ਹੈ । ਜੋ ਕਿ ਇਸ ਮੌਕੇ ਵਿਦਿਆਰਥੀਆਂ ਦੀ ਕਾਰਜਗੁਜਾਰੀ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ । ਇਸ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਬਹੁਤ ਹੁਨਰ ਹੈ, ਜਿਸ ਨੂੰ ਵੱਧ ਤੋਂ ਵੱਧ ਪੋਸਟਰ, ਮੇਕਿੰਗ ਪੇਂਟਿੰਗ ਗੀਤ ਸੰਗੀਤ ਕਲਾ ਵੀ ਬੱਚਿਆਂ ਦਾ ਇੱਕ ਹਿੱਸਾ ਹੈ । ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਨੂੰ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ ਗਿਆ । ਇਸ ਮੌਕੇ ਮਿਲਣੀ ਵਿੱਚ ਮਾਪਿਆਂ ਦੀ ਵੱਧ ਤੋਂ ਵੱਧ ਮਾਪਿਆਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਗਿਆ । ਸਾਰੇ ਪ੍ਰੋਜੈਕਟਰਾਂ ਅਤੇ ਐਲ ਸੀ ਡੀਜ ਕੰਮਪਿਊਟਰ ਲੈਬ ਨੂੰ ਸਵੇਰ ਤੋਂ ਹੀ ਚਾਲੂ ਰੱਖਿਆ ਗਿਆ ਅਤੇ ਸਕੂਲਾਂ ਵਿਚ ਕਿਤਾਬਾਂ ਅਤੇ ਮੈਗਜੀਨ ,ਗਣਿਤ ਮੇਲਾ ਤੇ ਸਾਇੰਸ ਮੇਲਾ ਪਰਦਾਸਨੀ ਲਗਾਈਂ ਗਈ । ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਭੁਪਿੰਦਰ ਕੌਰ, ਇਕਬਾਲ ਸਿੰਘ ਬੁੱਟਰ , ਮਹਿੰਦਰ ਪਾਲ ਸਿੰਘ , ਬਲਾਕ ਸਿੱਖਿਆ ਅਫਸਰ ਐਲੀਮੈਂਟਰੀ ਦਰਸਨ ਸਿੰਘ ਜੀਦਾ ਬਠਿੰਡਾ , ਲਖਵਿੰਦਰ ਸਿੰਘ ਸੰਗਤ, ਭਰਭੂਰ ਸਿੰਘ ਭਗਤਾ , ਸੁਨੀਲ ਕੁਮਾਰ ਤਲਵੰਡੀ ਸਾਬੋ ਜਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਰਣਜੀਤ ਸਿੰਘ , ਦਲਜੀਤ ਸਿੰਘ , ਸਮੂਹ ਬੀ ਐਮ ਟੀ , ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪਿ੍ਰੰਸੀਪਲ ਜਸਪਾਲ ਸਿੰਘ ਰੁਪਾਣਾ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਆਦਿ ਅਧਿਕਾਰੀਆਂ ਨੇ ਸਕੂਲਾਂ ਵਿੱਚ ਮਾਪਿਆਂ ਨਾਲ ਗੱਲਬਾਤ ਕਰ ਕੇ ਮਾਪਿਆਂ ਦੇ ਵਿਚਾਰ ਜਾਣੇ ਅਤੇ ਪੜ੍ਹਾਈ ਅਤੇ ਖੇਡਾਂ ਦੇ ਪੱਖ ਤੋਂ ਮਿਆਰ ਨੂੰ ਉੱਚਾ ਚੁੱਕਣ ਲਈ ਬਚਨਵੱਧ ਕੀਤਾ ਗਿਆ ।

ਡਿਪਟੀ ਕਮਿਸ਼ਨਰ ਨੇ ਹਰਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਲਿਆ ਜਾਇਜ਼ਾ

0

ਕਿਹਾ, ਸਾਰੇ ਪਸ਼ੂਆਂ ਦੇ ਟੈਗ ਲਗਾਉਣੇ ਬਣਾਏ ਜਾਣ ਯਕੀਨੀ
ਬਿਨਾਂ ਪਾਸ ਤੋਂ ਗਊਸ਼ਾਲਾ ਵਿੱਚ ਜਾਣ ਦੀ ਨਹੀਂ ਹੋਵੇਗੀ ਆਗਿਆ
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ, 3 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੀ ਪਿੰਡ ਹਰਰਾਏਪੁਰ ਦੀ ਗਊਸ਼ਾਲਾ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੇ ਗਊਸ਼ਾਲਾ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਬੈਠਕ ਵੀ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਗਊਸ਼ਾਲਾ ਚ ਮੌਜੂਦ ਸਾਰੇ ਪਸ਼ੂਆਂ ਦੇ ਟੈਗ ਲਗਾਉਣੇ ਯਕੀਨੀ ਬਣਾਏ ਜਾਣ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਖਾਸ ਹਦਾਇਤ ਕਰਦਿਆਂ ਕਿਹਾ ਕਿ ਬਿਨ੍ਹਾਂ ਪਾਸ ਤੋਂ ਗਊਸ਼ਾਲਾ ਵਿੱਚ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਾਸੋਂ ਇੱਕ ਸਪੈਸ਼ਲ ਪਾਸ ਜਾਰੀ ਕੀਤਾ ਜਾਵੇਗਾ ਤਾਂ ਹੀ ਗਊਸ਼ਾਲਾ ਵਿੱਚ ਜਾਣ ਦੀ ਆਗਿਆ ਹੋਵੇਗੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗਊਸ਼ਾਲਾ ਵਿੱਚ ਹਰ ਐਤਵਾਰ ਨੂੰ ਮਗਨਰੇਗਾ ਮਜ਼ਦੂਰਾਂ ਨੂੰ ਲਗਾ ਕੇ ਗਊਸ਼ਾਲਾ ਦੀ ਸਾਫ਼-ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਕਿਹਾ ਕਿ ਗਊਸ਼ਾਲਾ ਵਿੱਚ ਸਾਫ਼-ਸਫ਼ਾਈ ਅਤੇ ਪਸ਼ੂਆਂ ਨੂੰ ਹਰਾ-ਚਾਰਾ ਅਤੇ ਪੀਣ ਵਾਲਾ ਪਾਣੀ ਸਮੇਂ ਸਿਰ ਪਿਲਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇੱਕ ਸਪੈਸ਼ਲ ਡਾਕਟਰੀ ਟੀਮ ਗਊਸ਼ਾਲਾ ਵਿੱਚ ਲਗਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਬਿਮਾਰ ਪਸ਼ੂਆਂ ਦਾ ਤਰੁੰਤ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਮਾਰ ਪਸ਼ੂਆਂ ਦੇ ਬੈਠਣ ਲਈ ਥਾਂ ਨੂੰ ਮੁਲਾਇਮ ਰੱਖਿਆ ਜਾਵੇ ਤਾਂ ਜੋ ਪਸ਼ੂ ਨੂੰ ਬੈਠਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਰਪੇਸ਼ ਨਾ ਆਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਮੇਟੀ ਦਾ ਗਠਨ ਕਰਕੇ ਗਊਸ਼ਾਲਾ ਚ ਮੌਜੂਦ ਨਾ ਵਰਤੋਂ ਯੋਗ ਸਮਾਨ ਦੀ ਨਿਲਾਮੀ ਕਰਵਾਈ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਚ ਮਗਨਰੇਗਾ ਕਾਮਿਆਂ ਦੀ ਸਮੱਸਿਆਵਾਂ ਵੀ ਸੁਣੀਆਂ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਰੁਪਿੰਦਰ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਾਜਦੀਪ ਸਿੰਘ, ਪੰਚਾਇਤ ਅਫ਼ਸਰ ਗੋਨਿਆਣਾ ਸ਼੍ਰੀ ਕੁਲਦੀਪ ਸਿੰਘ, ਬੀਡੀਪੀਓ ਗੋਨਿਆਣਾ ਸ਼੍ਰੀ ਸੁਖਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।

Our Visitor

1905741