Thursday, May 14, 2026
Home Blog Page 2466

ਸੰਯੁਕਤ ਅਧਿਆਪਕ ਫਰੰਟ ਨੇ ਵਿੱਤ ਮੰਤਰੀ ਦੇ ਨਾਂ ਡੀ.ਸੀ. ਨੂੰ ਦਿੱਤਾ ਮੰਗ ਪੱਤਰ

0

ਵਿੱਤੀ ਬਜਟ ਵਿੱਚ ਅਧਿਆਪਕਾਂ ਦੇ ਵਿੱਤੀ ਅਤੇ ਭਰਤੀ ਸਬੰਧੀ ਮਸਲਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇ ਮਾਨ-ਸਰਕਾਰ: ਰੇਸਮ ਸਿੰਘ
ਲੋਕ-ਰਾਇ ਨਾਲ ਬਜਟ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪੂਰੇ:ਵਿਕਾਸ ਗਰਗ ਰਾਮਪੁਰਾ
ਸੁਖਜਿੰਦਰ ਮਾਨ
ਬਠਿੰਡਾ, 15 ਜੂਨ: ਸਿੱਖਿਆ ਖੇਤਰ ਨੂੰ ਦਰਪੇਸ਼ ਮਸਲਿਆਂ ‘ਤੇ ਚਿੰਤਾ ਵਿਅਕਤ ਕਰਦਿਆਂ ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਕਨਵੀਨਰਜ ਰੇਸਮ ਸਿੰਘ, ਵਿਕਾਸ ਗਰਗ ਰਾਮਪੁਰਾ,ਮਨਪ੍ਰੀਤ ਬੰਗੀ,ਯੁੱਧਜੀਤ ਸਿੰਘ ਤੇ ਬਲਜਿੰਦਰ ਸਿੰਘ ਨੇ ਅੱਜ ਅਪਣੀਆਂ ਮੰਗਾਂ ਨੂੰ ਲੈ ਕੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਇੱਕ ਮੰਗ ਡਿਪਟੀ ਕਮਿਸ਼ਨਰ ਨੂੰ ਸੋਂਪਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਖੇਤਰ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਦੀ ਗੱਲ ਤਾਂ ਕਰ ਰਹੇ ਹਨ ਪਰ ਸਿੱਖਿਆ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਦਾ ਹਕੀਕੀ ਰੂਪ ‘ਚ ਹੱਲ ਕੀਤੇ ਬਿਨਾਂ ਇਹ ਸੰਭਵ ਨਹੀਂ ਜਾਪਦਾ। ਇਸਦੇ ਲਈ ‘ਆਪ‘ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਿਹੜੇ ਵਾਅਦੇ ਕੀਤੇ ਸਨ, ਉਹ ਆਪਣੇ ਪਹਿਲੇ ਬਜਟ ਸੈਸ਼ਨ ਵਿੱਚ ਹੀ ਪੂਰੇ ਕਰੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿੱਤੀ ਮਸਲਿਆਂ ਅਤੇ ਸਿੱਖਿਆ ਨਾਲ ਸੰਬੰਧਤ ਦੂਜੇ ਮਸਲਿਆਂ ਨੂੰ ਗੰਭੀਰਤਾ ਨਾਲ ਲਵੇ। ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ ਕੰਪਿਊਟਰ ਫੈਕਲਟੀ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦਿੰਦੇ ਹੋਏ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਬਿਨਾਂ ਕਿਸੇ ਸ਼ਰਤ ਦੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਥੇਬੰਦੀਆਂ ਦੀ ਮੰਗ ਅਨੁਸਾਰ ਸੋਧ ਕੇ ਮੁੜ ਲਾਗੂ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਦੇ ਰੋਕੇ ਗਏ ਏ.ਸੀ.ਪੀ. ਕੇਸ ਦੇ ਲਾਭ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਦੇ ਖਤਮ ਕੀਤੇ ਭੱਤੇ ਜਿਵੇਂ ਪੇਂਡੂ ਭੱਤਾ, ਹੈਂਡੀਕੈਪ ਭੱਤਾ, ਬਾਰਡਰ ਏਰੀਆ ਭੱਤਾ, ਸਾਇੰਸ ਪ੍ਰੈਕਟੀਕਲ ਭੱਤਾ ਅਤੇ ਹੋਰ ਸਾਰੇ ਭੱਤਿਆਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਫਰੰਟ ਦੇ ਆਗੂ ਭੋਲਾ ਰਾਮ,ਅਮਨਦੀਪ ਮਾਨਵਾਲਾ,ਕੁਲਵਿੰਦਰ ਵਿਰਕ,ਹਰਪ੍ਰੀਤ ਜਟਾਣਾ, ਰਾਜਇਕਬਾਲ ਤੇ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਸਕੀਮਾਂ ਅਧੀਨ ਰੱਖੇ ਹੋਏ ਸਮੂਹ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਬਿਨਾਂ ਕਿਸੇ ਸ਼ਰਤ ਦੇ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਕਰਨ ਦੇ ਲਈ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। 180 ਈ.ਟੀ.ਟੀ. ਅਧਿਆਪਕ, 3582 ਮਾਸਟਰ ਕਾਡਰ, 873 ਡੀ.ਪੀ.ਈ. ਤੇ ਲਾਗੂ ਕੀਤੇ ਕੇਂਦਰੀ ਪੈਂਟਰਨ ਦੇ ਸਕੇਲ ਵਾਪਸ ਲਏ ਜਾਣ। 17 ਜੁਲਾਈ 2020 ਦੇ ਨੋਟੀਫਿਕੇਸ਼ਨ ਅਨੁਸਾਰ ਨਵੀਂਆਂ ਭਰਤੀਆਂ ਤੇ ਲਾਗੂ ਕੀਤੇ ਗਏ ਕੇਂਦਰੀ ਪੈਟਰਨ ਦੇ ਪੇਅ ਸਕੂਲ ਰੱਦ ਕਰਦਿਆਂ ਪੰਜਾਬ ਰਾਜ ਦੇ ਆਪਣੇ ਸਕੇਲ ਮੁੜ ਬਹਾਲ ਕੀਤੇ ਜਾਣ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜਿਲ੍ਹੇ ਦੇ ਸਮੁੱਚੇ ਬੀ.ਐੱਲ.ਓਜ ਦੀ ਵੈਬ ਕਾਸਟਿੰਗ ਦੀ ਬਣਦੀ ਰਾਸ਼ੀ ਤੁਰੰਤ ਜਾਰੀ ਕੀਤਾ ਜਾਵੇ।ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਉਪਰੰਤ 2016 ਤੋਂ ਬਨਣ ਵਾਲੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਬਜਟ ਦੀ ਘਾਟ ਕਾਰਨ ਰੋਕੇ ਗਏ ਪ੍ਰਾਇਮਰੀ ਅਧਿਆਪਕਾਂ ਦੇ ਜੁਲਾਈ 2021 ਤੋਂ ਬਣਦੇ ਪੇਅ-ਕਮਿਸ਼ਨ ਦੀ ਬਕਾਏ ਵੀ ਤੁਰੰਤ ਜਾਰੀ ਕੀਤੇ ਜਾਣ। ਕੇਂਦਰੀ ਪੇਅ ਕਮਿਸ਼ਨ ਦੀ ਤਰਜ਼ ‘ਤੇ ਡੀ.ਏ. ਵਿੱਚ ਵਾਧੇ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇਂ ਵੀ ਲਾਗੂ ਕੀਤਾ ਜਾਵੇ। ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾਂ ਦੇ ਸਿੱਧੇ ਅਤੇ ਅਸਿੱਧੇ ਤੌਰ ਤੇ ਲਾਗੂ ਕੀਤੇ ਗਏ ਤਨਖਾਹ ਕਟੌਤੀ ਦੇ ਫੈਸਲਿਆਂ ਨੂੰ ਰੱਦ ਕਰਦੇ ਹੋਏ ਪੂਰੀ ਤਨਖਾਹ ਦੇ ਬਣਦੇ ਬਕਾਏ ਜਾਰੀ ਕੀਤੇ ਜਾਣ। 15.01.2015 ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਇਸ ਨੋਟੀਫਿਕੇਸ਼ਨ ਅਧੀਨ ਭਰਤੀ ਹੋਏ ਮੁਲਾਜ਼ਮਾਂ ਦੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਅਤੇ ਭੱਤੇ ਲਾਗੂ ਕਰਦੇ ਹੋਏ ਬਣਦੇ ਬਕਾਏ ਜਾਰੀ ਕੀਤੇ ਜਾਣ।

ਬਠਿੰਡਾ ਤੋਂ ਭਾਜਪਾ ਟੀਮ ਸੰਗਰੂਰ ਚੋਣਾਂ ’ਚ ਪ੍ਰਚਾਰ ਲਈ ਪੁੱਜੀ

0

ਸੁਖਜਿੰਦਰ ਮਾਨ
ਸੰਗਰੂਰ, 15 ਜੂਨ: ਬਠਿੰਡਾ ਭਾਜਪਾ ਦੀ ਇੱਕ 20 ਮੈਂਬਰੀ ਟੀਮ ਜਿਲ੍ਹਾ ਪ੍ਰਧਾਨ ਸ੍ਰੀ ਵਿਨੋਦ ਬਿੰਟਾ ਦੀ ਅਗਵਾਈ ਵਿੱਚ ਅੱਜ ਸੰਗਰੂਰ ਲੋਕਸਭਾ ਉਪਚੋਣਾਂ ਦੇ ਤਹਿਤ ਹਲਕਾ ਬਰਨਾਲਾ ਸਹਿਰ ਵਿਚ ਪਹੁੰਚੀ। ਇਸ ਟੀਮ ਨੇ ਸੰਗਰੂਰ ਲੋਕ ਸਭਾ ਉਪ ਚੋਣ ’ਚ ਭਾਰਤੀ ਜਨਤਾ ਪਾਰਟੀ,ਪੰਜਾਬ ਲੋਕ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਸੰਜੁਕਤ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਆਮ ਜਨਤਾ ਦੇ ਨਾਲ ਨਾਲ ਆਪਣੇ ਆਪਣੇ ਨਿੱਜੀ ਰਿਸ਼ਤੇਦਾਰਾਂ ਤੱਕ ਪਹੁੰਚ ਕਰਕੇ ਭਾਜਪਾ ਦੇ ਹੱਕ ਵਿਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ । ਜਿਲ੍ਹਾ ਮਹਾਂਮੰਤ੍ਰੀ ਉਮੇਸ਼ ਸ਼ਰਮਾ ਨੇ ਦੱਸਿਆ ਕਿ ਬਠਿੰਡਾ ਭਾਜਪਾ ਦੀ ਡਿਊਟੀ ਖ਼ਾਸ ਕਰਕੇ ਬਰਨਾਲਾ ਅਤੇ ਤਪਾ ਮੰਡੀ ਦੇ ਏਰੀਆ ਵਿਚ ਲਗਾਈ ਗਈ ਹੈ ਅਤੇ ਚੋਣਾਂ ਤਕ 20 ਤੋਂ 30 ਕਾਰਜਕਰਤਾਵਾਂ ਦਾ ਕਾਫ਼ਲਾ ਰੋਜ਼ ਜਾਏਗਾ । ਬਰਨਾਲਾ ਗਈ ਟੀਮ ਵਿਚ ਜਿਲਾ ਮਹਾਂਮੰਤਰੀ ਉਮੇਸ ਸਰਮਾ,ਜਿਲਾ ਉਪ ਪ੍ਰਧਾਨ ਰਾਜੇਸ ਨੋਨੀ, ਜਤਿੰਦਰ ਸਿੰਘ ਅਰੋੜਾ, ਬਲਵੰਤ ਸ਼ਰਮਾ, ਸੁਰੇਸ ਕੁਮਾਰ ਸੁਰਿੰਦਰ, ਰਾਜੇਸ਼ ਬੰਸਲ, ਰਾਜੀਵ ਸ਼ਰਮਾ,ਅਸ਼ੋਕ ਚੋਹਾਨ, ਜਿਲਾ ਮੀਡੀਆ ਇੰਚਾਰਜ ਬੌਬੀ ਕਾਲੀਆ ਅਤੇ ਹੋਰ ਕਾਰਜਕਰਤਾ ਮੌਜੂਦ ਸਨ।

ਪਾਵਰਕਾਮ ਦੇ ਅਧਿਕਾਰੀਆਂ ਦੀ ਸ਼ਹਿ ’ਤੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਗਰਿੱਡਾਂ ਦੇ ਬਾਹਰ ਬੈਠੇ ਠੇਕੇਦਾਰ: ਰਾਮਾ

0

ਸੁਖਜਿੰਦਰ ਮਾਨ
ਬਠਿੰਡਾ, 15 ਜੂਨ: ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਖੇਤੀ ਖੇਤਰ ਲਈ ਸਵੈ ਇੱਛਾ ਨਾਲ ਲੋਡ ਵਧਾਉਣ ਲਈ ਪ੍ਰ੍ਰਤੀ ਕਿਲੋਵਾਟ ਫ਼ੀਸ ਘਟਾਉਣ ਦੇ ਫੈਸਲੇ ਨੂੰ ਵਧੀਆਂ ਕਰਾਰ ਦਿੰਦਿਆਂ ਬੀ ਕੇ ਯੂ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਸਕੱਤਰ ਜਨਰਲ ਰਾਮ ਕਰਨ ਸਿੰਘ ਰਾਮਾ ਨੇ ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਦੀ ਸ਼ਹਿ ’ਤੇ ਗਰਿੱਡਾਂ ਦੇ ਬਾਹਰ ਬੈਠੇ ਠੇਕੇਦਾਰਾਂ ਦੀ ਲੁੱਟ ਰੋਕਣ ਲਈ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਪੂਰੇ ਪੰਜਾਬ ਵਿੱਚ ਖੇਤੀ ਨਾਲ ਸਬੰਧਿਤ ਮੋਟਰ ਕੁਨੈਕਸਨਾ ਵਿੱਚ ਵੀਹ ਐਚ ਪੀ ਪਾਵਰ ਲੋਡ ਵਧਾਉਣ ਨੂੰ ਮਨਜੂਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ ਐੱਸ ਪੀ ਸੀ ਐਲ ਵੱਲੋਂ ਟਿਊਬਵੈਲ ਖਪਤਕਾਰਾਂ ਦੇ ਅਣ ਅਧਿਕਾਰਿਤ ਲੋਡ ਵਿੱਚ ਵਾਧੇ ਲਈ ਜਾਰੀ ਕਮਰਸੀਅਲ ਸਰਕੂਲਰ ਨੰਬਰ 1322 ਮਿੱਤੀ 10 ਜੂਨ 2022 ਤੋਂ ਲਾਗੂ ਕਰ ਦਿੱਤਾ ਹੈ ਇਸ ਸਕੀਮ ਤਹਿਤ ਟਿਊਬਵੈੱਲ ਕੁਨੈਕਸਨ ਦੇ ਲੋਡ ਵਧਾਉਣ ਲਈ ਕੋਈ ਜੁਰਮਾਨਾ ਸਰਚਾਰਜ ਨਹੀਂ ਲੱਗੇਗਾ। ਇਸ ਸਕੀਮ ਤਹਿਤ ਸਿਰਫ ਪੰਚੀ ਸੋ ਰੁਪਏ ਦੋ ਸੋ ਰੁਪਏ ਪੀ ਐੱਸ ਪੀ ਸੀ ਐਲ ਖਪਤਕਾਰਾਂ ਤੋਂ ਕੈਸ ਕਾਉੰਟਰ ਕਰਵਾਏ ਜਾਣਗੇ ਅਤੇ ਫਾਰਮ ਆਦਿ ਵੀ ਦਫਤਰ ਵਿਚੋਂ ਹੀ ਮਿਲਣਗੇ। ਕਿਸਾਨ ਆਗੂ ਰਾਮਾ ਨੇ ਦੋਸ਼ ਲਗਾਇਆ ਕਿ ਪਾਵਰਕਾਮ ਦੇ ਹੇਠਲੇ ਅਧਿਕਾਰੀ ਪੰਜਾਬ ਸਰਕਾਰ ਦੇ ਇੰਨ੍ਹਾਂ ਹੁਕਮਾਂ ਦੀਆਂ ਸਰੇਆਮ ਧੱਜ਼ੀਆਂ ਉਡਾ ਰਹੇ ਹਨ ਤੇ ਕਿਸਾਨਾਂ ਨੂੰ ਗਰਿੱਡਾਂ ਚੋਂ ਫਾਰਮ ਦੇਣ ਦੀ ਬਜਾਏ ਉਨ੍ਹਾਂ ਨੂੰ ਬਾਹਰ ਬੈਠੇ ਠੇਕੇਦਾਰਾਂ ਤੋਂ ਟੈਸਟ ਰਿਪੋਟ ਭਰਾਉਣ ਲਈ ਮਜਬੂਰ ਕਰਦੇ ਹਨ, ਜੋ ਬਿਨ੍ਹਾਂ ਕਾਰਨ ਤੋਂ ਕਿਸਾਨਾਂ ਦੀ ਸੈਕੜੇ ਰੁਪਇਆਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਇਸ ਲੁੱਟ ’ਤੇ ਨੱਥ ਨਾ ਪਾਈ ਤਾਂ ਕਿਸਾਨ ਸੰਘਰਸ਼ ਲਈ ਮਜਬੂਰ ਹੋਣਗੇ।

ਪਾਣੀ ਦੇ ਕੈਂਪਰ ਨੂੰ ਲੈ ਕੇ ਹੋਏ ਵਿਵਾਦ ’ਚ ਰਾਮਾ ਮੰਡੀ ਦੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ

0

ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਸੂਬੇ ਵਿਚ ਹਥਿਆਰਾਂ ਦੀ ਵਧਦੀ ਦੁਰਵਰਤੋਂ ਦੇ ਚੱਲਦਿਆਂ ਮੰਗਲਵਾਰ ਨੂੰ ਜ਼ਿਲ੍ਹੇ ਦੇ ਸ਼ਹਿਰ ਰਾਮਾ ਮੰਡੀ ਵਿਖੇ ਦਿਨ-ਦਿਹਾੜੇ ਦੋ ਗੁਆਂਢੀ ਦੁਕਾਨਦਾਰਾਂ ਵਿਚ ਪਾਣੀ ਦੇ ਕੈਂਪਰ ਨੂੰ ਲੈ ਕੇ ਹੋਈ ਲੜਾਈ ਵਿਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੁਜਰਮ ਫ਼ਰਾਰ ਹੋ ਗਏ ਜਦੋਂਕਿ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿਚ ਜਖ਼ਮੀ ਹੋਏ ਦੁਕਾਨਦਾਰ ਦੀ ਹਸਪਤਾਲ ਵਿਚ ਮੌਤ ਹੋ ਗਈ। ਜਦੋਂਕਿ ਇੱਕ ਹੋਰ ਵਿਅਕਤੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਿ੍ਰਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਸ਼ੇਖੂ ਵਜੋਂ ਹੋਈ ਹੈ ਜਦੋਂਕਿ ਉਸ ਦਾ ਭਰਾ ਹਰਪ੍ਰੀਤ ਸਿੰਘ ਜਖਮੀ ਹੈ। ਪਤਾ ਲੱਗਿਆ ਹੈ ਕਿ ਮਿ੍ਰਤਕ ਗੁਰਪੀ੍ਰਤ ਸਿੰਘ ਰਾਮਾ ਮੰਡੀ ’ਚ ਦਰਜ਼ੀ ਦਾ ਕੰਮ ਕਰਦਾ ਹੈ। ਉਸਦਾ ਅਪਣੇ ਗੁਆਂਢੀ ਦੁਕਾਨਦਾਰ ਸਤੀਸ਼ ਕੁਮਾਰ ਨਾਲ ਲੰਮੇ ਸਮੇਂ ਤੋਂ ਮਨ-ਮੁਟਾਵ ਚੱਲ ਰਿਹਾ ਸੀ। ਅੱਜ ਵੀ ਪਾਣੀ ਦੇ ਕੈਂਪਰ ਰੱਖਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ। ਜਿਸਤੋਂ ਬਾਅਦ ਦੂਜੀ ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਤੇ ਉਸਦੇ ਭਰਾ ਮਨੀਸ਼ ਕੁਮਾਰ ਨੇ ਗੁਰਪ੍ਰੀਤ ਤੇ ਹਰਪ੍ਰੀਤ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਚੱਲਦੇ ਹੀ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ ਤੇ ਪੁਲਿਸ ਵੀ ਪੁੱਜ ਗਈ। ਇਸ ਦੌਰਾਨ ਮਿ੍ਰਤਕ ਦਰਜੀ ਦੇ ਪਰਿਵਾਰ ਅਤੇ ਸਮਰਥਕਾਂ ਨੇ ਮੰਡੀ ‘ਚ ਧਰਨਾ ਲਗਾਉਂਦਿਆਂ ਮੁਜਰਮਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਰੱਖੀ। ਥਾਣਾ ਰਾਮਾਂ ਦੇ ਐਸਐਚਓ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਸ਼ਰਦ ਪਵਾਰ ਨੇ ਵਿਰੋਧੀ ਧਿਰਾਂ ਵਲੋਂ ਰਾਸਟਰਪਤੀ ਦੇ ਅਹੁੱਦੇ ਲਈ ਚੋਣ ਲੜਣ ਤੋਂ ਕੀਤਾ ਇੰਨਕਾਰ!

ਬੁੱਧਵਾਰ ਨੂੰ ਮਮਤਾ ਬੈਨਰਜੀ ਨੇ ਵਿਰੋਧੀ ਧਿਰਾਂ ਦੀ ਸੱਦੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 14 ਜੂਨ: ਅਗਲੇ ਮਹੀਨੇ ਦੇਸ ਦੇ ਸਰਬਉੱਚ ਅਹੁੱਦੇ ਰਾਸਟਰਪਤੀ ਲਈ ਹੋਣ ਜਾ ਰਹੀ ਚੋਣ ’ਚ ਵਿਰੋਧੀ ਧਿਰਾਂ ਵਲੋਂ ਉਮੀਦਵਾਰ ਬਣਨ ਦੀ ਪੇਸ਼ਕਸ ਮਰਾਠਾ ਆਗੂ ਸ਼ਰਦ ਪਵਾਰ ਵਲੋਂ ਠੁਕਰਾਉਣ ਦੀ ਚਰਚਾ ਹੈ। ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਖੱਬੀਆਂ ਧਿਰਾਂ ਦੇ ਆਗੂਆਂ ਵਲੋਂ ਦਿੱਲੀ ’ਚ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲਈ ਵਿਰੋਧੀ ਦਲਾਂ ਦਾ ਸਾਂਝਾ ਉਮੀਦਵਾਰ ਬਣਨ ਦੀ ਪੇਸ਼ਕੇਸ਼ ਕੀਤੀ ਸੀ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀ ਪਵਾਰ ਚੋਣ ਲੜਣ ਲਈ ਤਿਆਰ ਨਹੀਂ ਹਨ। ਉਧਰ ਸ਼੍ਰੀ ਪਵਾਰ ਦੀ ਨਾਂਹ ਨੁਕਰ ਤੋਂ ਬਾਅਦ ਵਿਰੋਧੀਆਂ ਨੂੰ ਇਕਜੁਟ ਰੱਖਣ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰਾਂ ਵੱਲੋਂ ਸਾਂਝਾ ਉਮੀਦਵਾਰ ਚੁਣਨ ਲਈ ਮੀਟਿੰਗ ਸੱਦੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਚਰਚਾ ਮੁਤਾਬਕ ਕਾਂਗਰਸ ਪਾਰਟੀ ਦੇ ਆਗੂ ਵੀ ਇਸ ਵਿਚ ਸ਼ਾਮਲ ਹੋਣਗੇ।

ਪੰਜਾਬ ਪੁਲਿਸ ਦੇ ਹੱਥ ਆਇਆ ਲਾਰੇਂਸ ਬਿਸਨੋਈ, ਭਾਰੀ ਸੁਰੱਖਿਆ ਹੇਠ ਪੰਜਾਬ ਲਈ ਰਵਾਨਾ

ਦਿੱਲੀ ਦੀ ਅਦਾਲਤ ਨੇ ਇੱਕ ਦਿਨ ਲਈ ਦਿੱਤਾ ਟ੍ਰਾਂਜੈਂਟ ਰਿਮਾਂਡ, ਭਲਕੇ ਕਰਨਾ ਹੋਵੇਗਾ ਮਾਨਸਾ ਅਦਾਲਤ ’ਚ ਪੇਸ਼
ਸਿੱਧੂ ਮੂਸੇਵਾਲਾ ਕਾਂਡ ’ਚ ਮੁੱਖ ਮੁਜ਼ਰਮ ਮੰਨਿਆ ਜਾ ਰਿਹਾ ਹੈ ਲਾਰੇਂਸ ਬਿਸਨੋਈ
ਹੁਣ ਤੱਕ ਦੋ ਸ਼ਾਰਪ ਸੂਟਰਾਂ ਸਹਿਤ ਪੌਣੀ ਦਰਜ਼ਨ ਸ਼ੱਕੀਆਂ ਦੀ ਹੋ ਚੁੱਕੀ ਹੈ ਗਿ੍ਰਫਤਾਰੀ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 14 ਜੂਨ: ਲੰਘੀ 29 ਮਈ ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਮੁੱਖ ਸ਼ਾਜਸਘਾੜਾ ਮੰਨਿਆ ਜਾ ਰਿਹਾ ਲਾਰੇਂਸ ਬਿਸਨੋਈ ਆਖ਼ਰਕਾਰ ਅੱਜ ਪੰਜਾਬ ਪੁਲਿਸ ਦੇ ਹੱਥ ਆ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸਿੱਧੂ ਮੂਸੇਵਾਲਾ ਕਾਂਡ ’ਚ ਬਿਸਨੋਈ ਦੀ ਪੁਛਗਿਛ ਲਈ ਪੰਜਾਬ ਪੁਲਿਸ ਵਲੋਂ ਦਿੱਤੀ ਅਰਜ਼ੀ ਸਵੀਕਾਰ ਕਰਦਿਆਂ ਉਸਨੂੰ ਇੱਕ ਦਿਨਾਂ ਦੇ ਟ੍ਰਾਂਜੈਂਟ ਰਿਮਾਂਡ ’ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਭਲਕੇ ਉਸਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲਾਰੇਂਸ ਬਿਸਨੋਈ ਦੇ ਕਿਮਨਿਲ ਰਿਕਾਕਡ ਨੂੰ ਦੇਖਦਿਆਂ ਪੰਜਾਬ ਪੁਲਿਸ ਦਿੱਲੀ ’ਚ ਭਾਰੀ ਸੁਰੱਖਿਆ ਦਸਤੇ ਲੈ ਕੇ ਪੁੱਜੀ ਹੋਈ ਹੈ। ਦਿੱਲੀ ਤੋਂ ਪੰਜਾਬ ਤੱਕ ਲਾਰੇਂਸ ਦੀ ਵਾਪਸੀ ਬੁਲੇਟ ਪਰੂਫ਼ ਗੱਡੀ ਵਿਚ ਹੋਵੇਗੀ, ਜਿਸਦੇ ਲਈ ਪੁਲਿਸ ਦੋ ਬੁਲੈਟ ਪਰੂਫ਼ ਗੱਡੀਆਂ ਲੈ ਕੇ ਗਈ ਹੈ। ਇਸਤੋਂ ਇਲਾਵਾ ਵਾਪਸੀ ਸਮੇਂ ਪੰਜਾਬ ਪੁਲਿਸ ਦੀਆਂ ਕਰੀਬ ਦੋ ਦਰਜ਼ਨ ਦੇ ਕਰੀਬ ਛੋਟੀਆਂ ਵੱਡੀਆਂ ਗੱਡੀਆਂ ਦਾ ਕਾਫ਼ਲਾ ਲਾਰੇਂਸ ਦੇ ਨਾਲ ਚੱਲੇਗਾ। ਇਸਤੋਂ ਇਲਾਵਾ ਦਿੱਲੀ ਤੋਂ ਮਾਨਸਾ ਤੱਕ ਵਾਪਸੀ ਸਮੇਂ ਪੂੁਰੀ ਵੀਡੀਓਗ੍ਰਾਫੀ ਕੀਤੀ ਜਾਣੀ ਹੈ। ਦਸਣਾ ਬਣਦਾ ਹੈ ਕਿ ਲਾਰੇਂਸ ਬਿਸਨੋਈ ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਲਗਾਤਾਰ ਦੋ ਹਫ਼ਤਿਆਂ ਵੱਖ ਵੱਖ ਮਾਮਲਿਆਂ ਵਿਚ ਲਾਰੇਂਸ ਦਾ ਅਦਾਲਤ ਕੋਲੋ ਪੁਲਿਸ ਰਿਮਾਂਡ ਹਾਸਲ ਕਰ ਲਿਆ ਸੀ। ਉਧਰ ਪੰਜਾਬ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਦੇ ਹੀ ਲਾਰੇਂਸ ਬਿਸਨੋਈ ਵਲੋਂ ਅਪਣੇ ਵਕੀਲ ਰਾਹੀਂ ਦਿੱਲੀ ਅਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਅਰਜੀਆਂ ਦਾਈਰ ਵੀ ਕੀਤੀਆਂ ਸਨ ਪ੍ਰੰਤੂ ਸਫ਼ਲਤਾ ਹੱਥ ਨਹੀਂ ਲੱਗੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਅੱਧੇ ਘੰਟੇ ਬਾਅਦ ਹੀ ਬਿਸਨੋਈ ਦੇ ਖ਼ਾਸ ਮੰਨੇ ਜਾਂਦੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਫ਼ੇਸਬੁੱਕ ਰਾਹੀਂ ਪੋਸਟ ਪਾ ਕੇ ਇਸ ਕਤਲ ਦੀ ਜਿੰਮੇਵਾਰੀ ਚੁੱਕੀ ਸੀ। ਇਸਤੋਂ ਇਲਾਵਾ ਇਸ ਕਾਂਡ ਵਿਚ ਹੁਣ ਤੱਕ ਫ਼ੜੇ ਗਏ ਸਾਰੇ ਹੀ ਕਥਿਤ ਦੋਸ਼ੀਆਂ ਦਾ ਸਬੰਧ ਬਿਸਨੋਈ ਗੈਂਗ ਨਾਲ ਹੀ ਜੁੜਦਾ ਰਿਹਾ ਹੈ। ਉਧਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਰੇਂਸ ਬਿਸਨੋਈ ਦੀ ਪੁਛਗਿਛ ਤੋਂ ਬਾਅਦ ਇਸ ਕੇਸ ਵਿਚ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਸਿਰਸਾ ਨੇ ਸ਼ਰਾਬ ਦੇ ਕਾਰੋਬਾਰ ਵਿਚੋਂ ਚੋਣਵੇਂ ਵਿਅਕਤੀਆਂ ਨੁੰ ਲਾਭ ਦੇਣ ਲਈ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੂੰ ਸੌਂਪੀ ਸ਼ਿਕਾਇਤ

0

ਸੁਖਜਿੰਦਰ ਮਾਨ
ਚੰਡੀਗੜ੍ਹ, 14 ਜੂਨ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਐਂਟੀ ਕ੍ਰਪਸ਼ਨ ਸੈਲ ਬ੍ਰਾਂਚ ਦੇ ਸਪੈਸ਼ਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੰਡੋ ਸਪਿਰਟਸ ਤੇ ਬ੍ਰਿੰਡਕੋ ਸਪਿਰਟਸ ਅਤੇ ਆਮ ਆਦਮੀ ਪਾਰਟੀ ਵੱਲੋ ਰਲ ਕੇ ਦਿੱਲੀ ਦੇ ਸਰਕਾਰੀ ਮਾਲੀਆ ‘ਤੇ ਮਾਰੇ ਜਾ ਰਹੇ ਡਾਕੇ ਤੇ ਸਾਜ਼ਿਸ਼ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਉਹਨਾਂ ਨੇ ਲਿਖਤੀ ਸਬੂਤ ਵੀ ਸੌਂਪੇ ਕਿ ਕਿਵੇਂ ਜਿਵੇ ਨਾਇਰ, ਦਿਨੇਸ਼ ਅਰੋੜਾ ਤੇ ਮਨਜੀਤ ਰਾਏ ਜੋ ਪੈਨਰੋਡ ਰਿਕਰ ਦਾ ਮੁਲਾਜ਼ਮ ਹੈ,ਦੇ ਖਿਲਾਫ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਕਿਵੇਂ ਸ੍ਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਨੇ ਦਿੱਲੀ ਦੀ ਆਬਕਾਰੀ ਨੀਤੀ ਦਾ ਲਾਭ ਸਿਰਫ ਚੋਣਵੇਂ ਵਿਅਕਤੀਆ ਨੂੰ ਦੇਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਸਪੈਸ਼ਨ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਦਿੱਲੀ, ਸ੍ਰੀ ਵਿਜੇ ਨਾਇਕ ਸਾਬਕਾ ਸੀ ਈ ਓ ਓਨਲੀ ਮਚ ਲਾਊਡਰ, ਸ੍ਰੀ ਮਨੋਜ ਰਾਏ, ਸ੍ਰੀ ਕੈਲਾਸ਼ ਗਹਿਲੋਤ ਟਰਾਂਸਪੋਰਟ ਤੇ ਵਾਤਾਵਰਣ ਮੰਤਰੀ ਦਿੱਲੀ, ਸ੍ਰੀ ਸਤੇਂਦਰ ਜੈਨ ਸਿਹਤ ਮੰਤਰੀ ਦਿੱਲੀ, ਸ੍ਰੀ ਅਰਾਵਾ ਗੋਪੀਕ੍ਰਿਸ਼ਨ ਕਮਿਸ਼ਨਰ ਆਬਕਾਰੀ, ਦਿੱਲੀ, ਸ੍ਰੀ ਰਾਘਵ ਚੱਢਾ, ਐਮ ਪੀ, ਸ੍ਰੀ ਦਿਨੇਸ਼ ਅਰੋੜਾ, ਸ੍ਰੀ ਅਮਨਦੀਪ ਸਿੰਘ ਢੱਲ ਮਾਲਕ ਬ੍ਰਿਡਕੋ ਸਪਿਰਟਸ, ਸ੍ਰੀ ਸਮੀਰ ਮਹੇਂਦਰੂ ਮਾਲਕ ਇੰਡੋ ਸਪਿਰਟਸ ਤੇ ਹੋਰਨਾਂ ਖਿਲਾਫ ਦਰਖ਼ਾਸਤ ਦਿੱਤੀ ਹੈ।
ਉਹਨਾ ਕਿਹਾ ਕਿ ਇਹਨਾਂ ਲੋਕਾਂ, ਕੰਪਨੀਆਂ ਤੇ ਹੋਰਨਾਂ ਨੇ ਦਿੱਲੀ ਦੇ ਮੰਤਰੀਆਂ ਨਾਲ ਰਲ ਕੇ ਇੰਡੋਸਪਿਰਟਸ ਡਿਸਟ੍ਰੀਬਿਊਸ਼ਨ ਨੁੰ 2021, 22 ਲਈ ਦਿੰਲੀ ਦੀ ਆਬਕਾਰੀ ਨੀਤੀ ਦਾ ਲਾਭ ਪਹੁੰਚਾਇਆ ਤੇ ਸ੍ਰੀ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੇ ਮੰਤਰੀਆਂ ਦਾ ਸਮੂਹ ਜਿਸ ਵਿਚ ਸ੍ਰੀ ਕੈਲਾਸ਼ ਗਹਿਲੋਤ ਤੇ ਸ੍ਰੀ ਸਤੇਂਦਰ ਜੈਨ ਵੀਸ਼ਾਮਲ ਸਨ, ਨੇ ਉਕਤ ਸ੍ਰੀ ਸਮੀਰ ਮਹੇਂਦਰੂ ਤੇ ਸ੍ਰੀ ਅਮਨ ਢੱਲ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਇਆ। ਉਹਨਾਂ ਕਿਹਾ ਕਿ ਅਜਿਹੀ ਨੀਤੀ ਬਣਾਈ ਗਈ ਕਿ ਇਹ ਵੱਡੇ ਲੋਕ ਇਸ ਕਾਰੋਬਾਰ ‘ਤੇ ਕਾਬਜ਼ ਹੋ ਜਾਣ ਤੇ ਬਾਕੀ ਸਾਰੇ ਛੋਟੇ ਕਾਰੋਬਾਰੀ ਇਸ ਧੰਦੇ ਵਿਚੋਂ ਬਾਹਰ ਹੋ ਜਾਣ।
ਉਹਨਾਂ ਦੱਸਿਆ ਕਿ ਦਿੱਲੀ ਨੁੰ 32 ਜ਼ੋਨਾਂ ਵਿਚ ਵੰਡਿਆ ਗਿਆ ਜਿਸ ਵਿਚ 9 ਤੋਂ 10 ਵਾਰਡ ਸ਼ਾਮਲ ਕੀਤੇ ਗਏ ਜਿਸ ਵਾਸਤੇ ਸ਼ਰਾਬ ਲਾਇਸੰਸ ਹਾਸਲ ਕੀਤਾ ਜਾ ਸਕਦਾ ਸੀ। ਉਹਨਾਂ ਦੱਸਿਆ ਕਿ ਇਕ ਜ਼ੋਨ ਦੇ ਲਾਇਸੰਸ ਲਈ 200 ਕਰੋੜ ਰੁਪਏ ਦੀ ਫੀਸ ਰੱਖੀ ਗਈ ਤੇ ਮੌਜੂਦਾ ਰਿਟੇਲਰਾਂ ਨੁੰ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਸ਼ਰਤ ਰੱਖੀ ਗਈ ਕਿ ਇਕ ਲਾਇਸੰਸ ਹੋਲਡਰ ਸਿਰਫ ਦੋ ਜ਼ੋਨ ਲੈ ਸਕਦਾ ਹੈ ਜੋ ਵੱਡੇ ਕਾਰੋਬਾਰੀਆਂ ਦੇ ਹਿੱਸੇ ਆ ਗਈ। ਉਹਨਾਂ ਦੱਸਿਆ ਕਿ ਨੀਵੀਂ ਨੀਤੀ ਦਾ ਮਕਸਦ ਸਿਰਫ ਕਾਰਟਲ ਕਾਇਮ ਕਰਨਾ ਸੀ ਤਾਂ ਜੋ ਕੋਈ ਮੁਕਾਬਲੇ ਵਿਚ ਨਾ ਰਹੇ।
ਉਹਨਾਂ ਹੋਰ ਦੱਸਿਆ ਕਿ ਹੋਲਸੇਲ ਦੇ ਕੰਮ ਵਿਚ ਇਹ ਲਾਭ ਮਿਲਣ ਦੀ ਥਾਂ ‘ਤੇ ਆਮ ਆਦਮੀ ਪਾਰਟੀ ਨੂੰ ਹਰ ਮਹੀਨੇ 30 ਕਰੋੜ ਰੁਪਏ ਨਗਦ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਨੀਤੀ ਇਸ ਮਕਸਦ ਨਾਲ ਬਣਾਈ ਗਈ ਹੈ ਕਿ ਸਾਰਾ ਕਾਰੋਬਾਰ ਸਿਰਫ ਇੰਡੋ ਸਪਿਰਟਸ ਤੇ ਬ੍ਰਿਡਕੋ ਸਪਿਰਸਟਸ ਦੇ ਹੱਥ ਆ ਜਾਵੇ ਤੇ ਅਜਿਹਾ ਕਰਨਾ ਨਾ ਸਿਰਫ ਮੁਕਾਬਲੇਬਾਜ਼ੀ ਬਲਕਿ ਸਹੀ ਧੰਦੇ ਦੇ ਸਿਧਾਂਤਾਂ ਦੇ ਖਿਲਾਫ ਹੈ। ਉਹਨਾ ਕਿਹਾ ਕਿ ਨੀਤੀ ਬਣਾਉਣ ਵੇਲੇ ਸ੍ਰੀ ਮਨੋਰ ਜਾਏ, ਸ੍ਰੀ ਮਨੀਸ਼ ਸਿਸੋਦੀਆ, ਸ੍ਰੀ ਕੇ ਗਹਿਲੋਤ, ਸ੍ਰੀ ਸਤੇਂਦਰ ਜੇਨ, ਸ੍ਰੀ ਅਰਾਵਾ ਗੋਪੀ ਕ੍ਰਿਸ਼ਨ ਤੇ ਕਈ ਹੋਰਨਾਂ ਨੇ ਸ੍ਰੀ ਦਿਨੇਸ਼ ਅਰੋੜਾ ਤੇ ਸ੍ਰੀ ਵਿਜੇ ਨਾਇਰ ਨਾਲ ਰਲ ਕੇ ਕੰਮ ਕੀਤਾ ਤਾਂ ਜੋ ਇਸ ਅਪਰਾਧ ਦੇ ਅਸਲ ਤੱਥ ਛੁਪਾਏ ਜਾ ਸਕਣ। ਉਹਨਾਂ ਕਿਹਾ ਕਿ ਇਹ ਨੀਤੀ ਮਨੋਰ ਰਾਏ ਦੇ ਦਿਮਾਗ ਦੀ ਕਾਢ ਹੈ ਜੋ ਪੈਰਨੋਡ ਰਿਚਰਡ ਦਾ ਮੁਲਾਜ਼ਮ ਹੈ।ਉਹਨਾਂ ਨੇ ਐਂਟੀ ਕ੍ਰਪਸ਼ਨ ਬਿਊਰੋ ਤੇ ਸੀ ਬੀ ਆਈ ਨੂੰ ਅਪੀਲ ਕੀਤੀ ਕਿ ਇਸ ਗੁਨਾਹ ਦਾ ਨੋਟਿਸ ਲਿਆ ਜਾਵੇ ਤੇ ਮਾਮਲੇ ਵਿਚ ਫੌਰੀ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ

0

ਲਾਇਸੈਂਸ ਲਈ www.sarathi.parivahan.gov.in ਉੱਤੇ ਕੀਤਾ ਜਾ ਸਕਦਾ ਅਪਲਾਈ
ਸਾਲਾਨਾ ਪੰਜ ਲੱਖ ਤੋਂ ਵੱਧ ਬਿਨੈਕਾਰਾਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਲਾਇਸੈਂਸ ਹਾਸਲ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਜਿਸ ਨਾਲ ਉਹ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ‘ਤੇ ਸਿਰਫ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ।ਮੁੱਖ ਮੰਤਰੀ ਨੇ ਨਵੇਂ ਪੋਰਟਲ www.sarathi.parivahan.gov.in ਦੀ ਸ਼ੁਰੂਆਤ ਕਰਦਿਆਂ ਕਿਹਾ, “ਇਹ ਇਕ ਇਤਿਹਾਸਕ ਕਦਮ ਹੈ ਜਿਸ ਨਾਲ ਚਾਹਵਾਨ ਲੋਕ ਲਰਨਿੰਗ ਡਰਾਈਵਿੰਗ ਲਾਇਸੰਸ ਸੌਖਿਆ ਹੀ ਆਪਣੇ ਘਰਾਂ ਵਿੱਚ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਹੁਣ ਆਰ.ਟੀ.ਏ. ਦਫ਼ਤਰਾਂ/ਟਰੈਕਾਂ ‘ਤੇ ਜਾਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਘਰ ਬੈਠੇ ਹੀ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਦੀ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਲੋਕ ਚਾਹੁਣ ਤਾਂ ਸੁਵਿਧਾ ਕੇਂਦਰ ਵਿਖੇ ਵੀ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਦੇ ਸਮੇਂ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜਿਸ ਤੋਂ ਬਾਅਦ ਉਹ ਆਨਲਾਈਨ ਲਰਨਿੰਗ ਲਾਇਸੈਂਸ ਟੈਸਟ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਲਾਇਸੈਂਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਜਿਨ੍ਹਾਂ ਨੂੰ ਪਹਿਲਾਂ ਲਾਇਸੈਂਸ ਲੈਣ ਲਈ ਲੰਮੀਆਂ ਕਤਾਰਾਂ ‘ਚ ਖੜ੍ਹਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021-22 ਵਿੱਚ 5.21 ਲੱਖ ਬਿਨੈਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਆਨਲਾਈਨ ਸਹੂਲਤ ਦੇ ਸ਼ੁਰੂ ਹੋਣ ਨਾਲ 5 ਲੱਖ ਤੋਂ ਵੱਧ ਬਿਨੈਕਾਰ ਆਰ.ਟੀ.ਏ. ਦਫ਼ਤਰਾਂ ਵਿੱਚ ਜਾਣ ਤੋਂ ਬਿਨਾਂ ਆਪਣੇ ਲਾਇਸੈਂਸ ਨਿਰਵਿਘਨ ਅਤੇ ਬਿਨਾਂ ਕਿਸੇ ਦਿੱਕਤ ਤੋਂ ਪ੍ਰਾਪਤ ਕਰਨਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰੀਨ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ

ਬਿਸ਼ਨੋਈ ਗੈਂਗ ਦੇ ਦੋ ਵਿਅਕਤੀ ਅਸਲੇ ਸਮੇਤ ਮੋਹਾਲੀ ਤੋਂ ਗ੍ਰਿਫਤਾਰ

ਸੁਖਜਿੰਦਰ ਮਾਨ
ਐਸਏਐਸ ਨਗਰ 14 ਜੂਨ :ਅੱਜ ਪੰਜਾਬ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਓਪ੍ਰੇਸ਼ਨ ਦੌਰਾਨ ਲੋਰੈਸ਼ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਦੋ ਐਕਟਿਵ ਮੈਂਬਰਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ।ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਮੁਹਾਲੀ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਓਪ੍ਰੇਸ਼ਨ ਦੌਰਾਨ ਲੋਰੈਸ਼ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀਆਨ ਪਿੰਡ ਕਿੰਗਰਾ, ਥਾਣਾ ਡੱਬਵਾਲੀ, ਜਿਲ੍ਹਾ ਸਿਰਸਾ (ਹਰਿਆਣਾ) ਨੂੰ ਸਮੇਤ ਦੋ .32 ਕੈਲੀਵਰ ਪਿਸਟਲ, 08 ਜਿੰਦਾ ਕਾਰਤੂਸ ਅਤੇ ਸਕਾਰਪੀਓ ਕਾਰ ਨੰਬਰੀ HR-25 4845 ਦੇ ਦਾਰਾ ਸਟੂਡਿਓ, ਜੁਝਾਰ ਨਗਰ, ਮੋਹਾਲੀ ਤੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ: 73 ਮਿਤੀ 14.06.2022 ਅ/ਧ 25(7), 8 ਅਸਲਾ ਐਕਟ (ਸੋਧ ਅਸਲਾ ਐਕਟ 2019), ਥਾਣਾ ਬਲੌਗੀ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਗਗਨਦੀਪ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਲਗਾਤਾਰ ਮਨਪ੍ਰੀਤ ਸਿੰਘ ਉਰਫ ਮੰਨਾਂ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਟੋਇਟਾ ਕਾਰ ਮੁਹੱਈਆ ਕਰਵਾਈ ਸੀ, ਰਾਂਹੀ ਕਨੇਡਾ ਬੈਠੇ ਗੈਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਹਾਲ ਵਿੱਚ ਹੀ ਮਨਪ੍ਰੀਤ ਸਿੰਘ ਉਰਫ ਮੰਨਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੇਂ ਦੋਸ਼ੀ ਗੋਲਡੀ ਬਰਾੜ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਅਤੇ ਹਰਿਆਣਾ ਦੇ ਨਾਲ ਲਗਦੇ ਬਾਰਡਰ ਏਰੀਆ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਵਿਦੇਸ਼ ਬੈਠੇ ਗੋਲਡੀ ਬਰਾੜ ਦੇ ਇਸ਼ਾਰੇ ਤੇ ਇਹਨਾਂ ਹਥਿਆਰਾਂ ਦੀ ਸ਼ੂਟਰਾਂ ਨੂੰ ਸਪਲਾਈ ਕਰਦੇ ਸੀ।ਸ੍ਰੀ ਵਿਵੇਕ ਸ਼ੀਲ ਸੋਨੀ ਨੇ ਅੱਗੇ ਦੱਸਿਆ ਕਿ ਇਕ ਗੁਪਤ ਸੂਚਨਾਂ ਦੇ ਅਧਾਰ ਤੇ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਗਗਨਦੀਪ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਅਸਲੇ ਅਤੇ ਐਮੂਨੇਸ਼ਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਇਹਨਾਂ ਹਥਿਆਰਾਂ ਦੀ ਖੇਪ ਪਹੁਚਾਉਣ ਲਈ ਜਾ ਰਹੇ ਸਨ।ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।

ਚੰਡੀਗੜ੍ਹ ਸੈਕਟਰ 17 ਤੋਂ ਰੋਜ਼ਾਨਾ ਪਨਬੱਸ ਦੀਆਂ 5 ਸੁਪਰ ਲਗਜ਼ਰੀ ਬੱਸਾਂ ਨਵੀਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ: ਆਰਟੀਏ ਮੋਹਾਲੀ

ਸੁਖਜਿੰਦਰ ਮਾਨ
ਐਸ ਏ ਐਸ ਨਗਰ, 14 ਜੂਨ:ਰੀਜ਼ਨਲ ਟਰਾਂਸਪੋਰਟ ਅਥਾਰਟੀ ਮੋਹਾਲੀ ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਲਈ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਤਹਿਤ ਚੰਡੀਗੜ੍ਹ ਸੈਕਟਰ 17 ਬੱਸ ਅੱਡੇ ਤੋਂ ਵੀ ਪਹਿਲੇ ਦਿਨ ਪੰਜ ਬੱਸਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਹਵਾਈ ਲਈ ਰਵਾਨਾ ਹੋਣਗੀਆਂ।
ਉਨ੍ਹਾਂ ਦੱਸਿਆ ਪਹਿਲੀ ਬੱਸ ਸਵੇਰੇ 7.35 ਵਜੇ ਚੰਡੀਗੜ੍ਹ ਸੈਕਟਰ 17 ਤੋਂ ਚਲ ਕੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਦੁਪਹਿਰ 2.15 ਵਜੇ ਪੁੱਜ ਜਾਵੇਗੀ , ਦੂਜੀ ਸਵੇਰੇ 9.50 ਵਜੇ ਤੇ ਚਲ ਕੇ ਸ਼ਾਮੀ 4.30 ਵਜੇ ਪੁੱਜੇਗੀ, ਤੀਜੀ 1.40 ਵਜੇ ਚਲ ਕੇ ਰਾਤੀ 9.00 ਵਜੇ, ਚੋਥੀ ਸ਼ਾਮੀ 4.35 ਵਜੇ ਚਲ ਕੇ ਰਾਤੀ 10.45 ਵਜੇ ਪੁੱਜ ਜਾਵੇਗੀ ਅਤੇ ਪੰਜਵੀਂ ਸ਼ਾਮੀ 5.50 ਵਜੇ ਚਲ ਕੇ ਰਾਤੀ 12.30 ਵਜੇ ਨਵੀਂ ਦਿੱਲੀ ਹਵਾਈ ਅੱਡੇ ਵਿਖੇ ਪੁੱਜ ਜਾਵੇਗੀ । ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਹਵਾਈ ਅੱਡੇ ਤੋਂ ਵੀ ਬੱਸਾਂ ਸੈਕਟਰ 17 ਚੰਡੀਗੜ੍ਹ ਲਈ ਦੁਪਹਿਰ 2.45 ਵਜੇ, ਰਾਤੀ 8.50 ਵਜੇ,ਰਾਤੀ 10.45 ਵਜੇ, ਰਾਤੀ 11.40 ਵਜੇ ਅਤੇ ਰਾਤੀ 1 ਵਜੇ ਚਲਣਗੀਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ www.punbusonline.com ,www.travelyaari.com ਤੇ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ 0172-2704023, 0172-2606672 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।ਆਰ ਟੀ ਏ ਮੋਹਾਲੀ ਨੇ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ. ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Our Visitor

1902491