ਆਂਦਰਾਂ ਵਿੱਚ ਗੁੰਜਲ, ਜਿਗਰ ਸਿਰੋਸਿਸ, ਹੈਪੇਟਾਈਟਸ-ਸੀ ਅਤੇ ਅਨੀਮੀਆ ਹੋਣ ਕਰਕੇ ਹਾਈ-ਰਿਸਕ ਸੀ ਕੇਸ
ਸੁਖਜਿੰਦਰ ਮਾਨ
ਬਠਿੰਡਾ 19 ਮਈ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਦੇ ਗੈਸਟਰੋ ਸਰਜਨ ਡਾ: ਦੀਪਕ ਬਜਾਜ ਨੇ ਪਿੱਤੇ ਦੀ ਪੱਥਰੀ ਸਮੇਤ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਇੱਕ ਮਹਿਲਾ ਮਰੀਜ ਨੂੰ ਸਫਲ ਆਪ੍ਰੇਸਨ ਕਰਕੇ ਜੀਵਨਦਾਨ ਦਿੱਤਾ। ਆਂਤੜੀਆਂ ਦੀ ਗੁੰਜਲ, ਲੀਵਰ ਸਿਰੋਸਿਸ, ਹੈਪੇਟਾਈਟਸ-ਸੀ ਅਤੇ ਅਨੀਮੀਆ ਹੋਣ ਕਰਕੇ ਇਹ ਇਕ ਹਾਈ-ਰਿਸਕ ਕੇਸ ਸੀ।
ਜਾਣਕਾਰੀ ਦਿੰਦਿਆਂ ਡਾ: ਬਜਾਜ ਨੇ ਦੱਸਿਆ ਕਿ ਮਰੀਜ ਸਿੰਦਰ ਕੌਰ (47) ਵਾਸੀ ਅਕਲਿਆ ਪਿੱਤੇ ਦੀ ਪੱਥਰੀ ਦੇ ਦਰਦ ਤੋਂ ਪ੍ਰੇਸਾਨ ਸੀ । ਉਸ ਦੇ ਟੈਸਟ ਰਿਪੋਰਟਾਂ ਵਿਚ ਲੀਵਰ ਸਿਰੋਸਿਸ, ਹੈਪੇਟਾਈਟਸ-ਸੀ ਅਤੇ ਅਨੀਮੀਆ ਦੀ ਪੁਸਟੀ ਹੋਈ ਹੈ। ਪਿੱਤੇ ਦੇ ਆਲੇ-ਦੁਆਲੇ ਅੰਤੜੀਆਂ ਦੀਆਂ ਗੁੰਜਲਾਂ ਬਣ ਜਾਣ ਕਾਰਨ ਅਪਰੇਸਨ ਦੌਰਾਨ ਜਿਆਦਾ ਖੂਨ ਵਗਣ ਦਾ ਡਰ ਸੀ, ਪਰ ਆਧੁਨਿਕ ਤਕਨੀਕ ਨਾਲ ਮਰੀਜ ਦਾ ਨਾ ਸਿਰਫ ਸਫਲ ਆਪ੍ਰੇਸਨ ਕੀਤਾ ਗਿਆ ਸਗੋਂ ਦੂਜੇ ਦਿਨ ਉਸ ਨੂੰ ਛੁੱਟੀ ਵੀ ਦੇ ਦਿੱਤੀ ਗਈ।ਉਨ੍ਹਾਂ ਦੀ ਟੀਮ ਨੇ ਮਰੀਜ਼ ਦਾ ਸਫਲ ਅਪ੍ਰੇਸ਼ਨ ਕੀਤਾ ਅਤੇ ਦੂਜੇ ਦਿਨ ਉਸਨੂੰ ਸਥਾਈ ਹਾਲਾਤ ‘ਚ ਡਿਸਚਾਰਜ ਵੀ ਕਰ ਦਿੱਤਾ ਗਿਆ। ਮਰੀਜ ਸਿੰਦਰ ਨੇ ਦੱਸਿਆ ਕਿ ਇੱਕੋ ਵੇਲੇ ਕਈ ਬਿਮਾਰੀਆਂ ਹੋਣ ਕਾਰਨ ਕਈ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਡਾਕਟਰ ਦੀਪਕ ਨੇ ਉਸ ਦਾ ਸਫਲ ਇਲਾਜ ਕਰਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ ਹੈ। ਇਸ ਮੌਕੇ ਹਸਪਤਾਲ ਦੇ ਐਨਸਥੀਸਿਸਟ ਡਾ: ਰਾਹੁਲ ਬਾਂਸਲ ਵੀ ਹਾਜਰ ਸਨ।
ਪਿੱਤੇ ‘ਚ ਪੱਥਰੀ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਔਰਤ ਨੂੰ ਮਿਲਿਆ ਜੀਵਨ ਦਾਨ
ਬਾਬਾ ਫ਼ਰੀਦ ਕਾਲਜ ਨੇ ‘ਬੀਜਾਂ ਦੀ ਸ਼ੁੱਧਤਾ‘ ਬਾਰੇ ਮਾਹਿਰ ਗੱਲਬਾਤ ਕਰਵਾਈ
ਸੁਖਜਿੰਦਰ ਮਾਨ
ਬਠਿੰਡਾ, 19 ਮਈ: ਵਿਦਿਆਰਥੀਆਂ ਵਿੱਚ ਨਵਾਂ ਗਿਆਨ ਪੈਦਾ ਕਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਐਮ.ਓ.ਯੂ. ਸੰਗਠਨ ਦੇ ਸਹਿਯੋਗ ਨਾਲ ‘ਬੀਜਾਂ ਦੀ ਸ਼ੁੱਧਤਾ‘ ਬਾਰੇ ਇੱਕ ਮਾਹਿਰ ਗੱਲਬਾਤ ਕਰਵਾਈ ਗਈ ਜਿਸ ਵਿੱਚ ਮਾਹਿਰ ਵਜੋਂ ਡਾ. ਅੱਲਾਹ ਰੰਗ, ਐਮ.ਡੀ. ਬਾਇਓਕਾਰਵ ਸੀਡਜ਼, ਪਟਿਆਲਾ ਨੇ ਸ਼ਿਰਕਤ ਕੀਤੀ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ। ਵਰਨਣਯੋਗ ਹੈ ਕਿ ਬਾਇਓਕਾਰਵ ਸੀਡਜ਼ ਕੰਪਨੀ ਭਾਰਤ ਵਿੱਚ ਫੁੱਲਾਂ ਦੇ ਬੀਜਾਂ ਦੀ ਪ੍ਰਮੁੱਖ ਉਤਪਾਦਕ ਹੈ ਅਤੇ ਇਹ ਕੰਪਨੀ ਹਾਲੈਂਡ, ਜਰਮਨੀ, ਯੂ.ਏ.ਈ. ਅਤੇ ਅਮਰੀਕਾ ਸਮੇਤ ਅੱਠ ਵੱਖ-ਵੱਖ ਦੇਸ਼ਾਂ ਵਿੱਚ ਬੀਜ ਨਿਰਯਾਤ ਕਰਦੀ ਹੈ।
ਇਸ ਸੈਮੀਨਾਰ ਵਿੱਚ ਡਾ. ਅੱਲਾਹ ਰੰਗ ਨੇ ਦੱਸਿਆ ਕਿ ਉੱਚ ਗੁਣਵੱਤਾ ਵਾਲੇ ਬੀਜ ਦਾ ਉਤਪਾਦਨ ਆਧੁਨਿਕ ਖੇਤੀ ਦੀ ਬੁਨਿਆਦੀ ਲੋੜ ਹੈ। ਸੁਧਰੇ ਹੋਏ ਬੀਜ ਨਾ ਸਿਰਫ਼ ਜੀਨੋਟਾਈਪਾਂ ਲਈ , ਸਗੋਂ ਨਵੀਂ ਬਿਜਾਈ ਅਤੇ ਉਤਪਾਦਨ ਦੇ ਤਰੀਕਿਆਂ ਅਤੇ ਫ਼ਸਲਾਂ ਦੀ ਸੁਰੱਖਿਆ ਦੀਆਂ ਰਣਨੀਤੀਆਂ ਲਈ ਵੀ ਕੰਮ ਕਰਦੇ ਹਨ ਜੋ ਖੇਤੀਬਾੜੀ ਦੀ ਸਮੁੱਚੀ ਕੁਸ਼ਲਤਾ ਨੂੰ ਬਿਹਤਰ ਬਣਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਜੈਨੇਟਿਕਸ ਸ਼ੁੱਧਤਾ ਮਾਪਦੰਡ ਬੀਜ ਪ੍ਰਮਾਣੀਕਰਨ ਕਾਨੂੰਨਾਂ ਅਤੇ ਰਾਜ ਦੇ ਬੀਜ ਪ੍ਰਮਾਣੀਕਰਨ ਏਜੰਸੀਆਂ ਦੁਆਰਾ ਸਥਾਪਿਤ ਕੀਤੇ ਜਾਂਦੇ ਹਨ ਤਾਂ ਜੋ ਉਤਪਾਦਕਾਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਜੋ ਬੀਜ ਉਹ ਖ਼ਰੀਦ ਰਹੇ ਹਨ ਉਹ ਸਹੀ ਫ਼ਸਲ ਅਤੇ ਕਿਸਮ ਦੇ ਨਾਲ ਸਹੀ ਲੇਬਲ ਕੀਤਾ ਗਿਆ ਹੈ। ਬੀਜ ਸ਼ੁੱਧਤਾ ਦੇ ਮਾਪਦੰਡ ਬੀਜਾਂ ਵਿੱਚ ਗੰਦਗੀ ਦੀ ਪ੍ਰਤੀਸ਼ਤਤਾ ਨੂੰ ਵੀ ਦਰਸਾਉਂਦੇ ਹਨ । ਡਾ. ਅੱਲਾਹ ਰੰਗ ਨੇ ਆਪਣੀ ਸੰਪਰਕ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਉਤਪਾਦਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਹਮੇਸ਼ਾ ਮਦਦ ਕਰਨ ਲਈ ਤਿਆਰ ਹਨ। ਵਿਦਿਆਰਥੀਆਂ ਲਈ ਇਹ ਸੈਮੀਨਾਰ ਬਹੁਤ ਜਾਣਕਾਰੀ ਭਰਪੂਰ ਅਤੇ ਦਿਲਚਸਪ ਰਿਹਾ। ਇਸ ਸੈਮੀਨਾਰ ਵਿੱਚ 100 ਦੇ ਲਗਭਗ ਬੀ.ਐਸ.ਸੀ. (ਐਗਰੀਕਲਚਰ) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਖੀਰ ਵਿਚ ਸਵਾਲ-ਜਵਾਬ ਦੇ ਸਿਲਸਿਲੇ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਮਾਹਿਰ ਨੇ ਤਸੱਲੀਬਖ਼ਸ਼ ਜਵਾਬ ਦੇ ਕੇ ਹਰ ਸ਼ੰਕਾ ਨੂੰ ਦੂਰ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ
ਨਵਜੋਤ ਸਿੱਧੂ ਨੇ ਮਹਿੰਗਾਈ ਦੇ ਵਿਰੁਧ ਪਟਿਆਲਾ ’ਚ ਹਾਥੀ ’ਤੇ ਚੜ ਕੇ ਕੀਤਾ ਪ੍ਰਦਰਸ਼ਨ
ਸੁਖਜਿੰਦਰ ਮਾਨ
ਪਟਿਆਲਾ, 19 ਮਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪਟਿਆਲਾ ਸ਼ਹਿਰ ਵਿਚ ਹਾਥੀ ਉਪਰ ਚੜ੍ਹ ਕੇ ਮਹਿੰਗਾਈ ਦੇ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ-ਨਾਲ ਸੂਬੇ ਦੀ ਭਗਵੰਤ ਮਾਨ ਸਰਕਾਰ ਵਿਰੁਧ ਭੜਾਸ ਕੱਢਦਿਆਂ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਕੀਤੀ। ਸਿੱਧੂ ਨੇ ਇਸ ਮੌਕੇ ਅਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਮਹਿੰਗਾਈ ਇੰਨੀਂ ਵਧ ਗਈ ਹੈ ਕਿ ਆਮ ਲੋਕਾਂ ਦੀ ਜਰੂਰਤ ਲਈ ਲੋੜੀਦੀਆਂ ਵਸਤੂਆਂ ਪਹੁੰਚ ਤੋਂ ਬਾਹਰ ਹੁੰੰਦੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਦਾਲਾਂ ਘਿਓ ਸਿਲੰਡਰ ਅਤੇ ਹੋਰ ਰੋਜਾਨਾ ਵਰਤੋਂ ਵਾਲੀਆਂ ਵਸਤੂਆਂ ਵਿੱਚ ਰਿਕਾਰਡ ਤੋੜ ਵਾਧੇ ਕੀਤੇ ਜਾ ਰਹੇ ਹਨ। ਸਿੱਧੂ ਨੇ ਮੰਗ ਕੀਤੀ ਕਿ ਅਮਰਵੇਲ ਵਾਂਗ ਵਧਦੀ ਮਹਿੰਗਾਈ ’ਤੇ ਤੁਰੰਤ ਨੱਥ ਪਾਈ ਜਾਵੇ।
ਜਾਖੜ ਨੇ ਕਾਂਗਰਸ ਦਾ ਹੱਥ ਛੱਡ, ਫ਼ੜਿਆ ਕਮਲ ਦਾ ਫੁੱਲ
ਸੁਖਜਿੰਦਰ ਮਾਨ
ਨਵੀਂ ਦਿੱਲੀ, 19 ਮਈ: ਕਾਂਗਰਸ ਪਾਰਟੀ ਨੂੰ ਅੱਜ ਪੰਜਾਬ ਵਿਚ ਦੋ ਵੱਡੇ ਝਟਕੇ ਲੱਗੇ ਹਨ, ਜਿੱਥੈ ਇੱਕ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ, ਉਥੇ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਦੇ ਹੈਡਕੁਆਟਰ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਸਵਾਗਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਸਣੇ ਕਈ ਵੱਡੇ ਭਾਜਪਾ ਆਗੂ ਮੌਜੂਦ ਸਨ। ਤਿੰਨ ਪੀੜੀਆਂ ਤੋਂ ਕਾਂਗਰਸੀ ਚੱਲੇ ਆ ਰਹੇ ਜਾਖ਼ੜ ਪ੍ਰਵਾਰ ਦੇ ਇਹ ਮਹੱਤਵਪੂਰਨ ਆਗੂ ਕੈਪਟਨ ਅਮਰਿੰਦਰ ਸਿੰਘ ੂਨੂੰ ਹਟਾਉਣ ਤੋਂ ਬਾਅਦ ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਹਾਈਕਮਾਂਡ ਵਲੋਂ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਦੁਖੀ ਚੱਲ ਰਹੇ ਸਨ। ਉਹ ਆਨੇ-ਬਹਾਨੇ ਇਸ ਮੁੱਦੇ ਨੂੰ ਲੈ ਕੇ ਕੇਂਦਰੀ ਆਗੂ ਅੰਬਿਕਾ ਸੋਨੀ ਦੇ ਨਾਲ ਨਾਲ ਹਾਈਕਮਾਂਡ ਨੂੰ ਵੀ ਨਿਸ਼ਾਨੇ ’ਤੇ ਲੈ ਰਹੇ ਸਨ। ਪਿਛਲੇ ਦਿਨੀਂ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲਾਂਕਿ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ ਪ੍ਰੰਤੂ ਚਰਚਾ ਮੁਤਾਬਕ ਭਾਜਪਾ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ ਜਾਂ ਫ਼ਿਰ ਸੰਗਰੂਰ ’ਚ ਹੋਣ ਵਾਲੀ ਜਿਮਨੀ ਚੋਣ ਵਿਚ ਲੋਕ ਸਭਾ ਲਈ ਵੀ ਲੜਾ ਸਕਦੀ ਹੈ।ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸਾਬਕਾ ਸਾਥੀ ਸੁਨੀਲ ਜਾਖ਼ੜ ਦੇ ਭਾਜਪਾ ਵਿਚ ਸਾਮਲ ਹੋਣ ਦੇ ਫੈਸਲੇ ’ਤੇ ਵਧਾਈ ਦਿੰਦਿਆਂ ਕਿਹਾ ਕਿ ‘‘ ਉਨ੍ਹਾਂ ਵਰਗੇ ਇਮਾਨਦਾਰ ਤੇ ਨੇਕ ਨੇਤਾ ਹੁਣ ਕਾਂਗਰਸ ਵਿਚ ਸਾਹ ਨਹੀਂ ਲੈ ਸਕਦੇ। ’’ ਕੈਪਟਨ ਨੇ ਇਹ ਕਿਹਾ ਕਿ ਇੱਕ ਸਾਲ ਪਹਿਲਾਂ ਉਹ ਮੁੱਖ ਮੰਤਰੀ ਸਨ ਤੇ ਸ਼੍ਰੀ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਭ ਕੁੱਝ ਵਧੀਆਂ ਚੱਲ ਰਿਹਾ ਸੀ।’’ ਪ੍ਰੰਤੂ ਹਾਈਕਮਾਂਡ ਦੇ ਇੱਕ ਗਲਤ ਫੈਸਲੇ ਨੇ ਸਭ ਕੁੱਝ ਤਬਾਹ ਕਰ ਦਿੱਤਾ ਅਤੇ ਹੁਣ ਕਾਂਗਰਸ ਪੂਰਨ ਤਬਾਹੀ ਵੱਲ ਜਾ ਰਹੀ ਹੈ। ਹਾਲਾਂਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖ਼ੜ ਦੇ ਭਾਜਪਾ ਵਿਚ ਸਮੂਲੀਅਤ ਉਪਰ ਨਰਾਜ਼ਗੀ ਜਤਾਈ ਹੈ।
34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਹੋਈ ਕੈਦ
ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਪਟਿਆਲਾ ਜੇਲ੍ਹ ਭੇਜਣ ਦੀ ਤਿਆਰੀ
ਸੁਖਜਿੰਦਰ ਮਾਨ
ਨਵੀਂ ਦਿੱਲੀ, 19 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ �ਿਕਟਰ ਨਵਜੋਤ ਸਿੰਘ ਸਿੱਧੂ ਨੂੰ ਦੇਸ ਦੀ ਸਰਬਉਚ ਅਦਾਲਤ ਨੇ ਅੱਜ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ਵਿਚ ਅਪਣੀ ਪਹਿਲੀ ਟਿੱਪਣੀ ਦਿੰਦਿਆਂ ਸਿੱਧੂ ਨੇ ਅਦਾਲਤ ਦੇ ਫੈਸਲੇ ਨੂੰ ਸਿਰਮੱਥੇ ਮੰਨਣ ਦਾ ਐਲਾਨ ਕੀਤਾ ਹੈ ਪ੍ਰੰਤੂ ਕਾਨੂੰਨੀ ਮਾਹਰਾਂ ਮੁਤਾਬਕ ਅਦਾਲਤ ਦੇ ਫੈਸਲੇ ਤੋਂ ਬਾਅਦ ਜਲਦੀ ਹੀ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸਦੇ ਲਈ ਸਿੱਧੂ ਵਲੋਂ ਅਪਣੀ ਪਟਿਆਲਾ ਸਥਿਤ ਰਿਹਾਇਸ਼ ਵਿਖੇ ਕਾਨੂੰਨੀ ਮਾਹਰਾਂ ਨਾਲ ਮਸਵਰੇ ਕੀਤੇ ਜਾ ਰਹੇ ਹਨ। ਚਰਚਾ ਮੁਤਾਬਕ ਅਦਾਲਤੀ ਫੈਸਲੇ ਪਿੱਛੋਂ ਪੁਲਿਸ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿਚ ਭੇਜ ਸਕਦੀ ਹੈ, ਜਿੱਥੇ ਕਿ ਇਸਤੋਂ ਪਹਿਲਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵੀ ਬੰਦ ਹਨ। ਜਿਸਦੇ ਚੱਲਦੇ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਖੁਦ ਜਾ ਕੇ ਆਤਮ ਸਮਰਪਣ ਕਰਦੇ ਹਨ ਜਾਂ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਜਾਂਦਾ ਹੈ। ਗੌਰਤਲਬ ਹੈ ਕਿ ਇਹ ਮਾਮਲਾ 27 ਦਸੰਬਰ 1988 ਦਾ ਹੈ, ਜਦ ਪਟਿਆਲਾ ਦੇ ਸ਼ੇਰਾਵਾਲੇ ਗੇਟ ਮਾਰਕੀਟ ਵਿੱਚ ਨਵਜੋਤ ਸਿੰਘ ਸਿੱਧੂ ਤੇ 65 ਸਾਲਾਂ ਬਜ਼ੁਰਗ ਗੁਰਨਾਮ ਸਿੰਘ ਵਿਚਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਇਸ ਝਗੜੇ ਵਿੱਚ ਸਿੱਧੂ ਨੇ ਉਕਤ ਬਜ਼ੁਰਗ ਦੇ ਘਸੁੰਨੀ ਮਾਰਿਆ ਸੀ ਜਿਸ ਕਾਰਨ ਉਹ ਜਖਮੀ ਹੋ ਗਿਆ ਤੇ ਬਾਅਦ ਵਿਚ ਹਸਪਤਾਲ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ਸੀ। ਸਰਬਉਚ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਧਾਰਾ 323 ਦੇ ਤਹਿਤ ਸਜ਼ਾ ਸੁਣਾਈ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਫੈਸਲਾ
ਸੂਬਿਆਂ ਦੇ ਅਧਿਕਾਰ ਵਾਲੇ ਬੰਦੀ ਸਿੰਘ ਛੁਡਾਉਣ ਲਈ ਦਿੱਲੀ ਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਵੀ ਮਿਲੇਗਾ ਵਫ਼ਦ
ਪਲੇਠੀ ਇਕੱਤਰਤਾ ਦੌਰਾਨ ਮੈਂਬਰਾਂ ਨੇ ਮਾਮਲੇ ਸਬੰਧੀ ਪੰਥਕ ਇਕਜੁਟਤਾ ’ਤੇ ਪਹਿਰਾ ਦੇਣ ਦੀ ਵਚਨਬਧਤਾ ਪ੍ਰਗਟਾਈ
ਸੁਖਜਿੰਦਰ ਮਾਨ
ਅੰਮਿ੍ਰਤਸਰ, 19 ਮਈ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਕੀਤੀ ਗਈ 11 ਮੈਂਬਰੀ ਉੱਚ ਤਾਕਤੀ ਕਮੇਟੀ ਦੀ ਪਲੇਠੀ ਇਕੱਤਰਤਾ ਦੌਰਾਨ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਜ਼ੋਰਦਾਰ ਢੰਗ ਨਾਲ ਮਾਮਲਾ ਉਠਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨਾਲ ਵੀ ਰਾਜਾਂ ਦੇ ਅਧਿਕਾਰ ਵਾਲੇ ਸਿੰਘਾਂ ਦੀ ਰਿਹਾਈ ਦੇ ਫੈਸਲੇ ਤੁਰੰਤ ਕਰਨ ਲਈ ਮੁਲਾਕਾਤ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਇਸ ਕਮੇਟੀ ਦੀ ਹੋਈ ਇਕੱਤਰਤਾ ’ਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਦਲਾਂ ’ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਉੱਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਤਖ਼ਤ ਸ੍ਰੀ ਹਰਿਮੰਦਰ ਜੀ ਪਟਨ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਿਨਹਾਸ ਵੱਲੋਂ ਸ. ਪਰਮਜੋਤ ਸਿੰਘ ਚਾਹਲ ਸ਼ਾਮਲ ਹੋਏ।
ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਗਏ ਸਾਂਝੇ ਪੰਥਕ ਯਤਨਾਂ ਤਹਿਤ ਬਣਾਈ ਗਈ ਕਮੇਟੀ ਨੇ ਇਕਜੁਟਤਾ ਨਾਲ ਇਸ ਮਾਮਲੇ ਨੂੰ ਹਰ ਪੱਧਰ ’ਤੇ ਉਠਾਉਣ ਦਾ ਫੈਸਲਾ ਕੀਤਾ ਹੈ ਅਤੇ ਮੁੱਢਲੇ ਤੌਰ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਤਨ ਹੋਵੇਗਾ ਕਿ ਇਹ ਮੁਲਾਕਾਤ 15 ਦਿਨਾਂ ਦੇ ਅੰਦਰ-ਅੰਦਰ ਹੋ ਸਕੇ। ਇਸ ਦੇ ਨਾਲ ਹੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਜਿਨ੍ਹਾਂ ਦੀ ਰਿਹਾਈ ਵਿਚ ਦੋ ਸੂਬਿਆਂ ਦੀਆਂ ਸਰਕਾਰਾਂ ਅੜਿੱਕਾ ਬਣੀਆਂ ਹੋਈਆਂ ਹਨ, ਨੂੰ ਲੈ ਕੇ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਵੀ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਤਰਤਾ ਵਿਚ ਸਾਰੇ ਮੈਂਬਰਾਂ ਨੇ ਪੰਥਕ ਏਕਤਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਇਕਸੁਰਤਾ ਨਾਲ ਇਸ ਮਾਮਲੇ ਨੂੰ ਅੰਜ਼ਾਮ ਤੱਕ ਲੈਜਾਣ ਦਾ ਪ੍ਰਣ ਲਿਆ ਹੈ ਅਤੇ ਆਪਣੇ ਜੁੰਮੇ ਲੱਗੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਦੀ ਇਕ ਸਲਾਹਕਾਰ ਕਮੇਟੀ ਗਠਤ ਕਰਨ ਅਤੇ ਸਮੂਹ ਜਥੇਬੰਦੀਆਂ ਦੇ ਵਿਚਾਰ ਲੈਣ ਦਾ ਵੀ ਫੈਸਲਾ ਹੋਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਲੋੜ ਅਨੁਸਾਰ ਇਸ ਕਮੇਟੀ ਦੇ ਅੱਗੇ ਸਬ-ਕਮੇਟੀਆਂ ਵੀ ਗਠਤ ਕੀਤੀਆਂ ਜਾਣਗੀਆਂ। ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਿਸੇ ਵੀ ਆਗੂ ਨੂੰ ਮਿਲਣ ਲਈ ਸਾਰੀ ਕਮੇਟੀ ਇਕਜੁਟ ਹੋ ਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਸਿੱਖ ਸੰਘਰਸ਼ ਦੇ ਸਮੁੱਚੇ ਬੰਦੀ ਸਿੰਘਾਂ ਬਾਰੇ ਵਿਸਥਾਰਤ ਸੂਚੀ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਿੱਖ ਬੰਦੀਆਂ ਬਾਰੇ ਮੁਕੰਮਲ ਜਾਣਕਾਰੀ ਅਤੇ ਮੌਜੂਦਾ ਸਥਿਤੀ ਬਾਰੇ ਅੰਕਿਤ ਕੀਤਾ ਜਾਵੇਗਾ। ਇਸ ਦਾ ਮੰਤਵ ਸਰਕਾਰਾਂ ਤੱਕ ਸਹੀ ਪਹੁੰਚ ਲੈ ਕੇ ਜਾਣਾ ਹੈ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟ ਚੁੱਕੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਮੇਟੀ ਦੀ ਇਕੱਤਰਤਾ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਨਿਰੰਤਰ ਯਤਨਸ਼ੀਲ ਜਥੇਬੰਦੀਆਂ ਅਤੇ ਸਿੱਖ ਆਗੂਆਂ ਦਾ ਧੰਨਵਾਦ ਮਤਾ ਵੀ ਪਾਸ ਕੀਤਾ ਗਿਆ ਹੈ ਅਤੇ ਇਸ ਸਬੰਧ ਵਿਚ ਸੰਘਰਸ਼ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਸ਼ਹਾਦਤ ਨੂੰ ਸਤਿਕਾਰ ਅਤੇ ਬਾਪੂ ਸੂਰਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਸਮੂਹ ਕਮੇਟੀ ਮੈਂਬਰਾਂ ਨੇ ਕੀਤੀ ਹੈ। ਇਸੇ ਦੌਰਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਬੀਤੇ ਸਾਲ ਹੋਲਾ ਮਹੱਲ ਮੌਕੇ ਕੋਵਿਡ ਪਾਬੰਦੀਆਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਗਰ ਕੀਰਤਨ ਸਜਾਉਣ ਕਾਰਨ ਜਿਨ੍ਹਾਂ 465 ਸਿੱਖਾਂ ’ਤੇ ਕੇਸ ਦਰਜ ਹੋਏ ਹਨ, ਉਨ੍ਹਾਂ ਦੀ ਪੈਰਵਾਈ ਵੀ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਕੇਸ ਖਾਰਜ ਕਰਵਾਉਣ ਲਈ ਕਾਰਵਾਈ ਕਰਾਂਗੇ।
ਮੁੱਖ ਮੰਤਰੀ ਵੱਲੋਂ ਅਮਿਤ ਸਾਹ ਨਾਲ ਮੁਲਾਕਾਤ, ਬਾਸਮਤੀ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ
ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਕੁਇੰਟਲ 500 ਰੁਪਏ ਮੁਆਵਜ਼ੇ ਦੀ ਮੰਗ ਰੱਖੀ
ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਾਉਣ ਦਾ ਮੁੱਦਾ ਉਠਾਇਆ
ਡਰੋਨ ਰਾਹੀਂ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਰੋਕਣ ਲਈ ਐਂਟੀ ਡਰੋਨ ਤਕਨੀਕ ਦੀ ਮੰਗ ਕੀਤੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਦਿੱਤੀਆਂ
ਸੁਖਜਿੰਦਰ ਮਾਨ
ਨਵੀਂ ਦਿੱਲੀ, 19 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੁਲਾਕਾਤ ਕੀਤੀ ਅਤੇ ਘੱਟੋ-ਘੱਟ ਸਮਰਥਨ ਮੁੱਲ ਉਤੇ ਬਾਸਮਤੀ ਦੀ ਖਰੀਦ ਕਰਨ ਲਈ ਨੋਟੀਫਿਕੇਸਨ ਜਾਰੀ ਕਰਨ ’ਤੇ ਜ਼ੋਰ ਪਾਇਆ।ਮੁੱਖ ਮੰਤਰੀ ਨੇ ਅਮਿਤ ਸਾਹ ਨੂੰ ਦੱਸਿਆ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣਾ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਸੂਬੇ ਵਿੱਚ ਬਹੁਮੁੱਲੇ ਕੁਦਰਤੀ ਸਰੋਤ-ਪਾਣੀ ਨੂੰ ਬਚਾਉਣ ਵਿੱਚ ਬਹੁਤ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਸੂਬੇ ਵਿੱਚ ਕਣਕ ਦਾ ਝਾੜ ਘੱਟ ਨਿਕਲਣ ਦੇ ਇਵਜ਼ ਵਿਚ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਏ ਮੁਆਵਜਾ ਦੇਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਸੀਜਨ ਦੌਰਾਨ ਤਪਸ਼ ਵਧਣ ਕਰਕੇ ਪੰਜਾਬ ਵਿੱਚ ਕਣਕ ਦੇ ਦਾਣਿਆਂ ਨੂੰ ਨੁਕਸਾਨ ਪੁੱਜਾ ਹੈ ਅਤੇ ਇਸ ਲਈ ਕਿਸਾਨਾਂ ਨੂੰ ਘੱਟ ਝਾੜ ਲਈ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜਾ ਦੇ ਕੇ ਇਸ ਭਰਪਾਈ ਕੀਤੀ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਸਾਡੇ ਦੇਸ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ’ਚ ਵੱਡਾ ਯੋਗਦਾਨ ਪਾਇਆ ਹੈ ਅਤੇ ਹੁਣ ਕੇਂਦਰ ਸਰਕਾਰ ਨੂੰ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ।
ਇੱਕ ਹੋਰ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਅਮਿਤ ਸਾਹ ਨੂੰ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਨਾਲ ਸਬੰਧਤ ਹੁਕਮ ਰੱਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਪੱਖਪਾਤੀ ਕਦਮ ਹੈ ਜਿਸ ਨੇ ਹਰ ਪੰਜਾਬੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬੇ ਦੇ ਸੰਘੀ ਢਾਂਚੇ ਨੂੰ ਢਾਹ ਲਾਉਣ ਕਰਨ ਵਾਲੇ ਇਸ ਪਿਛਾਂਹਖਿੱਚੂ ਕਦਮ ਨੂੰ ਵਾਪਸ ਲੈਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅਮਿਤ ਸਾਹ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਬਾਸਮਤੀ ਦੀ ਖਰੀਦ ਲਈ ਨੋਟੀਫਿਕੇਸਨ ਜਾਰੀ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋਂ ਕੱਢਣਾ ਸਮੇਂ ਦੀ ਲੋੜ ਹੈ, ਜਿਸ ਲਈ ਬਾਸਮਤੀ ਨੂੰ ਉਤਸਾਹਿਤ ਕਰਨਾ ਜਰੂਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਾਣੀ ਦੇ ਰੂਪ ਵਿੱਚ ਕੀਮਤੀ ਸਰੋਤ ਨੂੰ ਬਚਾਉਣ ਵਿੱਚ ਮਦਦ ਮਿਲੇਗੀ।
ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸਿਸਾਂ ‘ਤੇ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਵਿੱਚ ਨੀਮ ਫੌਜੀ ਬਲਾਂ ਦੀਆਂ 10 ਵਾਧੂ ਟੁਕੜੀਆਂ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਸੂਬੇ ਵਿੱਚ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਤੁਰੰਤ ਅਲਾਟ ਕੀਤੀਆਂ। ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੇਸ ਦੀ ਸੁਰੱਖਿਆ ਅਤੇ ਅਖੰਡਤਾ ਦੀ ਰਾਖੀ ਲਈ ਪੰਜਾਬ ਅਹਿਮ ਭੂਮਿਕਾ ਨਿਭਾਏਗਾ।
ਮੁੱਖ ਮੰਤਰੀ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਵਧ ਰਹੀ ਨਸਿਆਂ ਅਤੇ ਹਥਿਆਰਾਂ ਦੀ ਤਸਕਰੀ ‘ਤੇ ਵੀ ਡੂੰਘੀ ਫਿਕਰਮੰਦੀ ਜ਼ਾਹਰ ਕੀਤੀ ਅਤੇ ਅਮਿਤ ਸਾਹ ਨੂੰ ਅਜਿਹੀਆਂ ਕੋਸਿਸਾਂ ਨੂੰ ਨਾਕਾਮ ਕਰਨ ਲਈ ਸੂਬੇ ਨੂੰ ਤੁਰੰਤ ਐਂਟੀ ਡਰੋਨ ਤਕਨੀਕ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦੇਸ ਦੀ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ ਜਿਸ ਲਈ ਸਿਆਸਤ ਤੋਂ ਉੱਪਰ ਉੱਠ ਕੇ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਦੇਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਸਰਹੱਦਾਂ ‘ਤੇ ਸੁਰੱਖਿਆ ਹੋਰ ਮਜਬੂਤ ਕਰਨੀ ਹੋਵੇਗੀ।ਮੁੱਖ ਮੰਤਰੀ ਨੇ ਅਮਿਤ ਸਾਹ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਫਿਰਕੂ ਸਦਭਾਵਨਾ, ਅਮਨ-ਸਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਨੂੰ ਹਰ ਹੀਲੇ ਬਰਕਰਾਰ ਰੱਖੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੇ ਮਨਸੂਬੇ ਨਾਕਾਮ ਕੀਤੇ ਜਾਣਗੇ ਅਤੇ ਸੂਬੇ ਦੀ ਅਮਨ ਸਾਂਤੀ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ, ਹਮੇਸਾ ਹੀ ਮੁਲਕ ਦੀ ਖੜਗਭੁਜਾ ਰਿਹਾ ਹੈ ਅਤੇ ਸੂਬਾ ਇਸ ਸਾਨਦਾਰ ਪਰੰਪਰਾ ਨੂੰ ਕਾਇਮ ਰੱਖੇਗਾ।
ਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਮਈ:ਪੰਜਾਬ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਚੈਪਟਰ ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾ ਦਿੱਤਾ ਹੈ।
ਮੀਟਿੰਗ ਦੌਰਾਨ ਡਾ. ਸਿੰਗਲਾ ਨੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਲੋਕਾਂ ਦਾ ਇਲਾਜ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਜੋ ਉਣਤਾਈਆਂ ਛੱਡੀਆਂ ਗਈਆਂ ਹਨ ਉਹਨਾਂ ਨੂੰ ਜਲਦ ਦੂਰ ਕਰਦੇ ਹੋਏ ਇਸ ਯੋਜਨਾ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਸਿਹਤ ਮੰਤਰੀ ਨੇ ਆਈ.ਐਮ.ਏ. ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਵਿੱਚ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਲੋਕਾਂ ਦਾ ਇਲਾਜ ਕਰਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ। ਇਸ ਮੌਕੇ ਬੋਲਦਿਆਂ ਆਈ.ਐਮ.ਏ. ਪੰਜਾਬ ਚੈਪਟਰ ਦੇ ਪ੍ਰਧਾਨ ਡਾ. ਪਰਮਜੀਤ ਮਾਨ ਨੇ ਸਿਹਤ ਮੰਤਰੀ ਨੂੰ ਭਰੋਸਾ ਦਵਾਇਆ ਕਿ ਸੂਬੇ ਵਿੱਚ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਮਰੀਜਾਂ ਦਾ ਇਲਾਜ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਭਲਕੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਐਸ.ਪੀ.ਐਸ. ਸੂਚ, ਡਾ. ਆਰ.ਐਸ. ਬੱਲ, ਡਾ. ਮਨੋਜ ਸੋਬਤੀ, ਡਾ. ਆਰ.ਐਸ. ਪਰਮਾਰ, ਡਾ. ਰਾਕੇਸ਼ ਵਿੱਗ, ਡਾ. ਜਨਕ ਰਾਜ ਸਿੰਗਲਾ, ਡਾ. ਭਗਵੰਤ ਸਿੰਘ, ਡਾ. ਸੁਨੀਲ ਕਤਿਆਲ, ਡਾ. ਸੰਜੀਵ ਮਿੱਤਲ, ਡਾ. ਅਸ਼ੀਸ਼ ਓਹਰੀ, ਡਾ. ਸਰਬਜੀਤ ਸਿੰਘ ਅਤੇ ਡਾ. ਦਿਵਿਆਂਸ਼ ਗੁਪਤਾ ਹਾਜ਼ਰ ਸਨ।
ਖਾਣੇ ਦੇ ਮਾਮਲੇ ’ਚ ਸਕੂਲ ਮੁਖੀਆਂ ਨੂੰ ਤਲਬ ਕਰਨ ਦੀ ਡੀ.ਟੀ.ਐਫ਼. ਨੇ ਕੀਤੀ ਨਿਖੇਧੀ
ਮੁੱਖ ਮੰਤਰੀ ਮਾਨ ਦੇ ਇਤਰਫ਼ਾ ਭਾਸ਼ਣ ਨਾਲ ਕਿਸੇ ਵੀ ਪ੍ਰਕਾਰ ਦੀ ਭੁੱਖ-ਪਿਆਸ ਸ਼ਾਂਤ ਨਹੀਂ ਹੋ ਸਕੀ – ਦਿਗਵਿਜੇਪਾਲ
ਅਧਿਆਪਕ ਵਰਗ ਦੇ ਪ੍ਰਤੀਨਿਧਾਂ ਨਾਲ ਆਪਸੀ ਸੰਵਾਦ ਦੇ ਵਿਆਪਕ ਪ੍ਰਬੰਧਾਂ ਵਿੱਚ ਹੋਣ ਮੀਟਿੰਗਾਂ: ਰੇਸ਼ਮ ਸਿੰਘ
ਸੁਖਜਿੰਦਰ ਮਾਨ
ਬਠਿੰਡਾ,18 ਮਈ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਉਸ ਪੱਤਰ ਦੀ ਕਰੜੀ ਆਲੋਚਨਾ ਕੀਤੀ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਕੁਝ ਸਕੂਲ ਮੁਖੀਆਂ ਨੂੰ ਮੁੱਖ ਦਫਤਰ ਵਿਖੇ ਸੱਦ ਕੇ ਆਪਣੇ ਕਥਿਤ ਅਨੁਸ਼ਾਸਨਹੀਣ ਵਰਤਾਓ ਲਈ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਉਕਤ ਮੀਟਿੰਗ ਮੌਕੇ, ਦੂਰ-ਦੂਰਾਂਡਿਓ ਆਏ ਉਕਤ ਸਕੂਲ ਮੁਖੀਆਂ ਦੇ ਸਿਰ ਆਪਣੇ ਕੁਪ੍ਰਬੰਧਾਂ ਦਾ ਠੀਕਰਾ ਭੰਨ੍ਹਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਤੱਥ ਇਹ ਹੈ ਕਿ ਵਿਆਪਕ ਤੌਰ ਉੱਤੇ ਇਕ ‘ਇਸ਼ਤਿਹਾਰਬਾਜ਼ ਸ਼ੋਅ‘ ਸਾਬਿਤ ਹੋਈ ਉਕਤ ਮੀਟਿੰਗ ਵਿੱਚ, ਸਤਿਕਾਰਤ ਸਕੂਲ ਮੁਖੀਆਂ ਦੇ ਬੈਠਣ ਦੇ ਪ੍ਰਬੰਧਾਂ ਪ੍ਰਤੀ ਪ੍ਰਬੰਧਕਾਂ ਨੇ ਕੋਈ ਸੰਵੇਦਨਾ ਨਹੀਂ ਸੀ ਦਿਖਾਈ।
ਉਨ੍ਹਾਂ ਰੋਸ ਜਤਾਇਆ ਹੈ ਕਿ ਉੱਚ ਸਿੱਖਿਆ ਪ੍ਰਾਪਤ ਸੈਂਕੜੇ ਸਕੂਲ ਮੁਖੀਆਂ ਨੂੰ ਇਸ ਮੀਟਿੰਗ ਵਿੱਚ, ਖਾਣਾ ਤਾਂ ਇਕ ਪਾਸੇ ਰਿਹਾ, ਇਕ ਅਰਦਲੀਆਂ ਵਾਲੀ ਕੁਰਸੀ ਵੀ ਨਸੀਬ ਨਹੀਂ ਹੋਈ। ਉਹਨਾਂ ਕਿਹਾ ਇਹ ਗੱਲ ਕਿਸੇ ਸਟਿੰਗ ਅਪਰੇਸ਼ਨ ਵਿੱਚ ਨਹੀਂ ਉਭਾਰੀ ਗਈ ਕਿ ਬੈਠਣ ਲਈ ਜਗ੍ਹਾ ਦੀ ਘਾਟ ਨੂੰ ਤਾੜਦਿਆਂ, ਖੁਦ ਮੇਜ਼ਬਾਨ ਜ਼ਿਲ੍ਹੇ ਦੇ ਸਕੂਲ ਮੁਖੀਆਂ ਨੇ ਦੂਜੇ ਜ਼ਿਲ੍ਹਿਆਂ ਤੋਂ ਆਏ ਮਹਿਮਾਨਾਂ ਦੇ ਬੈਠਣ ਲਈ ਆਪਣੀਆਂ ਕੁਰਸੀਆਂ ਛੱਡੀਆਂ ਅਤੇ ਸਾਰਾ ਸਮਾਂ ਖੜ੍ਹੇ ਰਹਿ ਕੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਅੱਗੇ ਕਿਹਾ ਇਹ ਮੀਟਿੰਗ ਸਕੂਲ ਮੁਖੀਆਂ ਦੇ ਸੁਝਾਵਾਂ ਲਈ ਇਕ ਗੂਗਲ ਸ਼ੀਟ ਦੇ ਲਿੰਕ ਦਾ ਰਸਮੀ ਐਲਾਨ ਕਰਨ ਤੱਕ, ਸੀਮਤ ਹੋ ਕੇ ਰਹਿ ਗਈ। ਇਸ ਮੌਕੇ ਉੱਪਰ ਕੋਈ ਆਪਸੀ ਸੰਵਾਦ ਨਹੀਂ ਰਚਾਇਆ ਗਿਆ। ਕਿਸੇ ਸਿੱਖਿਆ ਮਾਹਰ ਨੇ ਇਸ ਮੀਟਿੰਗ ਵਿੱਚ ਸੰਬੋਧਨ ਨਹੀਂ ਕੀਤਾ; ਬਲਕਿ ਆਪਣੇ ਵਿੱਦਿਅਕ ਰਿਕਾਰਡ ਪੱਖੋਂ, ਖ਼ੁਦ ਹੀ ਕਮਜ਼ੋਰ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ, ਇਕ ਤਰਫ਼ਾ ਰੂਪ ਵਿੱਚ, ਆਪਣੇ ਤੋਂ ਕਿਤੇ ਜ਼ਿਆਦਾ ਪੜ੍ਹੇ ਲਿਖੇ ਸਕੂਲ ਮੁਖੀਆਂ ਨੂੰ, ਆਪਣਾ ਭਾਸ਼ਣ ਪਰੋਸਦੇ ਹੋਏ ਨਜ਼ਰ ਆਏ।
ਇਸ ਸਬੰਧੀ ਟਿੱਪਣੀ ਕਰਦਿਆਂ ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਹੈ ਕਿ ਅਧਿਆਪਕ ਵਰਗ ਦੇ ਪ੍ਰਤੀਨਿਧਾਂ ਨਾਲ ਅਜਿਹੀਆਂ ਮੀਟਿੰਗਾਂ ਆਪਸੀ ਸੰਵਾਦ ਦੇ ਵਿਆਪਕ ਮਹੌਲ ਅਤੇ ਲੋੜੀਂਦੇ ਪ੍ਰਬੰਧਾਂ ਤਹਿਤ ਹੋਣੀਆਂ ਚਾਹੀਦੀਆਂ ਹਨ।ਆਗੂਆਂ ਨੇ ਰੋਸ ਸਹਿਤ ਕਿਹਾ ਕਿ ਸਕੂਲ ਮੁਖੀ ਦੂਰ-ਦੂਰਾਡੇ ਤੋਂ ਬੜੀ ਮੁਸ਼ਕਲ ਨਾਲ ਉਕਤ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਹਨਾਂ ਕੋਲ ਆਉਣ-ਜਾਣ ਦੇ ਥੋੜ੍ਹੇ ਸਮੇਂ ਦੌਰਾਨ, ਕਿਤੇ ਹੋਰ ਭੋਜਨ ਆਦਿ ਲੈਣ ਦੀ ਗੁੰਜਾਇਸ਼ ਨਹੀਂ ਸੀ। ਉੱਪਰ ਤੋਂ ਬੜੇ ਅਮਾਨਵੀ ਢੰਗ ਨਾਲ ਉਹਨਾ ਨੂੰ, ਖਾਣੇ ਦੀ ਮੇਜ਼ ਉੱਤੇ ਅਜਿਹੇ ਸਟਿੰਗ ਅਪਰੇਸ਼ਨ ਦਾ ਸ਼ਿਕਾਰ ਬਣਾਇਆ ਗਿਆ, ਜਿਸਦੀ ਮਾੜੀ ਆਦਤ, ਸੱਤਾਧਾਰੀ ਪਾਰਟੀ ਦੇ ਕੱਚਘਰੜ ਆਗੂਆਂ ਨੂੰ ਪਈ ਹੋਈ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਿੱਚ ਸੂਚੀਬੱਧ ਕੀਤੇ ਸਕੂਲ ਮੁਖੀਆਂ ਨੂੰ ਮੌਕੇ ਉੱਤੇ ਬਣੇ ਮਹੌਲ ਦਾ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਪਣੇ ਕੁਪ੍ਰਬੰਧਕਾਂ ਦੀ ਜਵਾਬਤਲਬੀ ਕਰੇ।
ਮੈਨੇਜਮੈਂਟ ਦੇ ਤਾਨਾਸਾਹ ਰਵੱਈਏ ਵਿਰੁਧ ਪੰਜਾਬ ਰੋਡਵੇਜ ਤੋਂ ਬਾਅਦ ਪੀਆਰਟੀਸੀ ਦੇ ਡਿਪੂ ਬੰਦ ਕਰਨ ਦਾ ਐਲਾਨ
ਜੇਕਰ ਮੁਲਾਜਮਾਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਡਾਇਰੈਕਟਰ ਟਰਾਂਸਪੋਰਟ ਅਤੇ ਸਕੈਟਰੀ ਟਰਾਂਸਪੋਰਟ ਦਾ ਕੀਤਾ ਜਾਵੇਗਾ ਘਿਰਾੳ: ਕੁਲਵੰਤ ਸਿੰਘ ਮਨੇਸ ਤੇ ਸੰਦੀਪ ਗਰੇਵਾਲ
ਸੁਖਜਿੰਦਰ ਮਾਨ
ਬਠਿੰਡਾ,18 ਮਈ : ਪੰਜਾਬ ਰੋਡਵੇਜ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜਮਾਂ ਨਾਲ ਗੁਲਾਮਾ ਵਾਗ ਵਿਵਹਾਰ ਕਰਨ ਅਤੇ ਕੱਚੇ ਮੁਲਾਜਮਾਂ ਲਈ ਤਾਨੇਸ਼ਾਹੀ ਰਵੱਈਆਂ ਅਪਣਾਉਣ ਤੋ ਤੰਗ ਆ ਕੇ ਦੁਪਹਿਰ 12 ਵਜੇ ਤੋ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਪ੍ਰਤੀ ਰੋਸ ਪ੍ਗਟ ਕੀਤਾ ਗਿਆ। ਡੀਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਦੱਸਿਆ ਕਿ ਟਰਾਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋ ਉਲਟ ਜਾ ਕੇ ਕੱਚੇ ਮੁਲਾਜਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ਕੱਚੇ ਮੁਲਾਜਮ ਜੋ ਕਿ ਲੰਬੇ ਰੂਟਾਂ ਤੇ ਬੱਸਾਂ ਵਿੱਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਦਾਨ ਕਰਦੇ ਹਨ ਉਹਨਾਂ ਦਾ ਰੋਟੀ ਪਾਣੀ ਤੱਕ ਰਸਤੇ ਵਿੱਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਕੋਈ ਮੁਲਾਜਮ ਕਿਸੇ ਵੀ ਢਾਬੇ ’ਤੇ ਰਾਸਤੇ ਵਿੱਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ ਤੇ ਬੱਸ ਰੋਕਦਾ ਹੈ ਤਾਂ ਉਸਦੀ ਨਜਾਇਜ ਰਿਪੋਰਟ ਕਰਕੇ ਉਸਨੂੰ ਡਿਊਟੀ ਤੋ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਦਾ ਹੈ। ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ ਚ ਅਫਸਰਸ਼ਾਹੀ ਬੇਲਗਾਮ ਹੋਈ ਪ੍ਰਤੀਤ ਹੁੰਦੀ ਹੈ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਟਰਾਸਪੋਰਟ ਡਾਇਰੈਕਟਰ ਵੱਲੋ ਤਾਨਾਸ਼ਾਹੀ ਤਰੀਕੇ ਨਾਲ ਟਰਾਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਅਦਾਰੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਣ ਰੈਗੂਲਰ ਜਥੇਬੰਦੀਆਂ ਦੀਆਂ ਗੱਲਾ ਵਿੱਚ ਆ ਕੇ ਮੋਗੇ ਡਿੱਪੂ ਦਾ ਰੋਟਾ ਜੋ ਕਿ ਡਿੱਪੂ ਜਰਨਲ ਮੈਨੇਜਰ ਦਾ ਅਧਿਕਾਰ ਖੇਤਰ ਹੁੰਦਾ ਹੈ ਉਹ ਰੋਟਾ ਟਰਾਸਪੋਰਟ ਡਾਇਰੈਕਟਰ ਮੈਡਮ ਵੱਲੋ ਮੱਖ ਦਫਤਰ ਵਿੱਚ ਰੈਗੂਲਰ ਜਥੇਬੰਦੀਆਂ ਦੇ ਲੀਡਰਾਂ ਕੋਲੋ ਨਿਯਮਾਂ ਨੂੰ ਛਿੱਕੇ ਟੰਗ ਕੇ ਤਿਆਰ ਕਰਵਾਕੇ ਕੱਚੇ ਮੁਲਾਜਮਾਂ ਦੀ ਬਿਨਾਂ ਮਜਬੂਰੀ ਸਮਝੇ ਜਬਰੀ ਡਿਊਟੀ ਕਰਵਾਈ ਜਾ ਰਹੀ ਹੈ ਇਸਦੇ ਉਲਟ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਡਿੱਪੂਆਂ ਚ ਬਠਾਇਆ ਜਾ ਰਿਹਾ ਹੈ।
ਮੀਤ ਪ੍ਰਧਾਨ ਗੁਰਦੀਪ ਝੁਨੀਰ,ਸੈਕਟਰੀ ਕੁਲਦੀਪ ਬਾਦਲ,ਗੁਰਬਿੰਦਰ ਈਨਾ ਖੇੜਾ, ਸੰਦੀਪ ਜਾਖੜ ਅਤੇ ਕੈਸੀਅਰ ਰਵਿੰਦਰ ਬਰਾੜ ਸਿੰਘ ਦੱਸਿਆ ਕਿ ਕੱਚੇ ਮੁਲਾਜਮਾ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਪਿਛਲੇ 15 ਸਾਲਾ ਤੋ ਸੇਵਾ ਨਿਭਾ ਰਹੇ ਹਨ ਪਰੰਤੂ ਇੰਨਾਂ ਸਮਾ ਨਿਕਲਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋ ਕੱਚੇ ਮੁਲਾਜਮਾਂ ਦਾ ਸ਼ੋਸ਼ਣ ਕਰਨ ਲਈ ਅਤੇ ਪਨਬੱਸ ਵਿੱਚ ਚੋਰ ਮੋਰੀਓ ਸਕੈਡਲ ਤੇ ਘਪਲੇ ਕਰਨ ਲਈ ਪਨਬੱਸ ਦੇ ਕੋਈ ਵੀ ਸਰਵਿਸ ਰੂਲ ਤੱਕ ਨਹੀ ਬਣਾਏ ਅਤੇ ਨਾ ਹੀ ਕਿਸੇ ਮੁਲਾਜਮ ਨੂੰ ਪੱਕਾ ਕਰਨ ਲਈ ਜਾ ਕੋਈ ਤਰੱਕੀ ਦੇਣ ਲਈ ਨਿਯਮ ਬਣਾਏ ਨੇ ਇੱਥੋ ਤੱਕ ਕਿ ਪਨਬੱਸ ਮੁਲਾਜਮਾਂ ਨੂੰ ਉਹਨਾਂ ਤੋ ਵੀ ਬਾਅਦ ਵਿੱਚ ਪੰਜਾਬ ਰੋਡਵੇਜ ਵਿੱਚ ਭਰਤੀ ਹੋਏ ਮੁਲਾਜਮਾਂ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਹਨਾਂ ਬੋਲਦੇ ਦੱਸਿਆਂ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇ ਹੱਦ ਪਾਰ ਹੋ ਗਈ ਜਦੋ ਚੰਡੀਗੜ ਡਿੱਪੂ ਦੇ ਇੱਕ ਕੰਡਕਟਰ ਦੀ ਸਵਾਰੀ ਕੋਲ ਖੜੇ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ ਤੇ ਹੀ ਉਸ ਉੱਤੇ ਨਿੱਜੀ ਬੱਸ ਵਾਲੇ ਤੋ ਪੈਸੇ ਲੈਣ ਦਾ ਇਲਜਾਮ ਲਗਾ ਕੇ ਨੌਕਰੀ ਤੋ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਅਤੇ ਬੇਰੁਜਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜਗਾਰ ਨੌਜਵਾਨਾ ਨੂੰ ਪਨਬੱਸ ਵਿੱਚ ਆਉਟਸੋਰਸ ਦੇ ਆਧਾਰ ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰਕੇ ਰੈਗੂਲਰ ਭਰਤੀ ਪਨਬੱਸ ਵਿੱਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ ਤੇ ਚੱਲੀ ਸੀ ਜਿਸ ਤਹਿਤ ਟਰਾਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਲਈ ਮੁਲਾਜਮਾਂ ਦੇ ਸ਼ੋਸ਼ਣ ਨੂੰ ਤੇਜ ਕਰਕੇ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ ਨੂੰ ਦਬਾਇਆ ਜਾ ਸਕੇ।
ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਵੱਲੋ ਐਲਾਨ ਕੀਤਾ ਗਿਆ ਕਿ ਜੇਕਰ ਚੰਡੀਗੜ ਦੇ ਮੁਲਜਮਾਂ ਨੂੰ ਡਿਊਟੀ ਤੇ ਨਾ ਲਿਆ ਗਿਆ ਅਤੇ ਮੋਗੇ ਡਿੱਪੂ ਦਾ ਰੋਟਾ ਵਾਪਸ ਮੋਗੇ ਨਾ ਭੇਜਿਆ ਗਿਆ ਅਤੇ ਢਾਬਿਆ ਸੰਬੰਧੀ ਕੱਢੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ ਨਾਲ ਪੀ ਆਰ ਟੀ ਸੀ ਦੇ ਡਿੱਪੂ ਵੀ ਬੰਦ ਕੀਤੇ ਜਾਣਗੇ ਅਤੇ ਟਰਾਸਪੋਰਟ ਵਿਭਾਗ ਦੇ ਮੁੱਖ ਦਫਤਰ ਦਾ ਘਿਰਾਵ ਕੀਤਾ ਜਾਵੇਗਾ।






