
ਨਵਜੋਤ ਸਿੱਧੂ ਤੇ ਭਗਵੰਤ ਮਾਨ ਵਿਚਕਾਰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਕਾਂਗਰਸੀਆਂ ਨੇ ਚੁੱਕੇ ਸਵਾਲ

ਪੰਜਾਬ ਦੀ ਸ਼ਾਨ ਮੁੜ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ: ਮੁੱਖ ਮੰਤਰੀ ਭਗਵੰਤ ਮਾਨ
ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ ਕੇ ‘ਨਸ਼ੇ ਦੀਆਂ ਸਰਿੰਜਾਂ’ ਨੂੰ ‘ਟਿਫਨ ਬਾਕਸ’ ਵਿੱਚ ਬਦਲਣ ਦਾ ਲਿਆ ਅਹਿਦ
‘ਲੋਕਮਤ ਅਖਬਾਰ’ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਕੀਤੀ ਸ਼ਿਰਕਤ
ਸੁਖਜਿੰਦਰ ਮਾਨ
ਨਾਗਪੁਰ, 8 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਹਰੇਕ ਖੇਤਰ ਵਿੱਚ ਸਾਰੇ ਕਦਮ ਚੁੱਕੇ ਜਾਣਗੇ।
ਮੁੱਖ ਮੰਤਰੀ ਨੇ ਐਤਵਾਰ ਨੂੰ ਇੱਥੇ ਪ੍ਰਮੁੱਖ ਅਖਬਾਰ ਲੋਕਮਤ ਦੀ ਗੋਲਡਨ ਜੁਬਲੀ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਦੀ ਲਾਹਣਤ ਅਤੇ ਪ੍ਰਦੂਸ਼ਣ ਦੇ ਖਾਤਮੇ ਦੇ ਨਾਲ ਨਾਲ ਰੁਜ਼ਗਾਰ, ਖੇਡਾਂ ਅਤੇ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੇ ਸੁਹਿਰਦ ਯਤਨ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਹੈ ਜਿਸ ਕਾਰਨ ਸੂਬਾ ਕਦੇ ਫੌਜ ਵਿੱਚ ਆਪਣੇ ਯੋਧਿਆਂ ਦੇ ਸੂਰਮਗਤੀ ਲਈ, ਖੇਡਾਂ ਵਿੱਚ ਮਰਹੂਮ ਦਾਰਾ ਸਿੰਘ ਵਰਗੇ ਖਿਡਾਰੀਆਂ ਦੀ ਖੇਡ ਅਤੇ ਮਿੱਠੇ- ਸ਼ੀਰੇ ਪਾਣੀ ਲਈ ਜਾਣਿਆ ਜਾਂਦਾ ਪੰਜਾਬ ਬਹੁਤ ਪੱਛੜ ਗਿਆ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੂਬੇ ਵਿੱਚ ਨਸ਼ਿਆਂ ਨੇ ਬਹੁਤ ਪੈਰ ਪਸਾਰੇ ਹਨ, ਪਰ ਸਾਡੀ ਸਰਕਾਰ ਇਨਾਂ ਸਾਰੀਆਂ ਲਾਹਣਤਾਂ ਨੂੰ ਠੱਲ ਪਾ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਵੇਗੀ।
ਮੁੱਖ ਮੰਤਰੀ ਨੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਲੋੜ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ‘ਨਸ਼ਿਆਂ ਦੀਆਂ ਸਰਿੰਜਾਂ’ ਨੂੰ ‘ਟਿਫਨ ਬਾਕਸ’ ਨਾਲ ਬਦਲਣ ਦੀ ਲੋੜ ਹੈ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਲਾਹੇਵੰਦ ਰੋਜ਼ਗਾਰ ਨਾਲ ਜੁੜਿਆ ਹੋਵੇ ਉਹ ਦਫਤਰ ਵਿੱਚ ਟਿਫਿਨ ਬਾਕਸ ਲੈ ਕੇ ਜਾਂਦਾ ਹੈ ਅਤੇ ਉਸ ਕੋਲ ਨਸ਼ਾ ਕਰਨ ਦਾ ਕੋਈ ਸਮਾਂ ਹੀ ਨਹੀਂ ਹੰੁਦਾ। ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮਹਿਜ਼ 50 ਦਿਨਾਂ ਦੇ ਅੰਦਰ ਸੂਬੇ ਦੇ ਨੌਜਵਾਨਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਮੈਰਿਟ ਅਧਾਰਤ ਵਿਧੀ ਰਾਹੀਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਸਬੰਧੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਵੰਡਪਾਊ ਰਾਜਨੀਤੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੰਡੀਆਂ ਪਾਉਣ ਵਾਲੀਆਂ ਕੋਝੀਆਂ ਚਾਲਾਂ ਚੱਲਣ ਵਾਲਿਆਂ ਦੇ ਵਿਰੁੱਧ ਦੇਸ਼ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਕੀਤਾ ਗਿਆ ਲੋਕ ਭਲਾਈ ਅਤੇ ਵਿਕਾਸ ਅਧਾਰਤ ਏਜੰਡਾ ਹੀ ਫੁੱਟ ਪਾਊ ਰਾਜਨੀਤੀ ਨੂੰ ਠੱਲ ਪਾਉਣ ਦਾ ਇੱਕੋ ਇੱਕ ਹਥਿਆਰ ਹੈ। ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਾਸੀਆਂ ਨੂੰ ਇੱਕਜੁੱਟ ਹੋ ਕੇ ਸਮਾਜ ਵਿੱਚ ਅਜਿਹੇ ਫਿਰਕੂ ਬੀਜ ਬੀਜਣ ਵਾਲੀਆਂ ਪਾਰਟੀਆਂ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਬਰਤਾਨਵੀ ਸ਼ਾਸਨ ਦੇ 200 ਸਾਲਾਂ ਦੇ ਮੁਕਾਬਲੇ ਨਾਲੋਂ ਵੀ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ।ਉਨਾਂ ਕਿਹਾ ਕਿ ਪੰਜਾਬੀਆਂ ਨੇ ਉਨਾਂ ਦੀ ਸਰਕਾਰ ਨੂੰ ਵੱਡੇ ਫਤਵੇ ਨਾਲ ਸੱਤਾ ਸੌਂਪ ਕੇ ਬਹੁਤ ਮਾਣ ਦਿੱਤਾ ਹੈ ਅਤੇ ਉਹ ਸੂਬੇ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਉਣ ਲਈ ਵਚਨਬੱਧ ਹਨ। ਮਾਨ ਨੇ ਕਿਹਾ ਕਿ ਇਸ ਫਤਵੇ ਨਾਲ ਬਹੁਤ ਸਾਰੀਆਂ ਜਿੰਮੇਵਾਰੀਆਂ ਵੀ ਜੁੜੀਆਂ ਹਨ ਅਤੇ ਉਹ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਰਾਹ-ਦਸੇਰਾ ਮਿਲਿਆ ਹੈ ਜਿਨਾਂ ਕੋਲ ਅਜਿਹੀਆਂ ਵੱਡੀਆਂ ਜਿੰਮੇਵਾਰੀਆਂ ਨਿਭਾਉਣ ਦੀ ਮੁਹਾਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪਹਿਲਾਂ ਹੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ, ਇੱਕ ਵਿਧਾਇਕ ਇੱਕ ਪੈਨਸ਼ਨ, ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਵਰਗੀਆਂ ਹੋਰ ਅਹਿਮ ਪਹਿਲਕਦਮੀਆਂ ਕੀਤੀਆਂ ਹਨ ਜੋ ਪੰਜਾਬ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣਗੀਆਂ। ਉਨਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਹੋਰ ਫੈਸਲੇ ਲਏ ਜਾਣਗੇ। ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਲੋਕਮਤ ਅਦਾਰੇ ਨੂੰ ਗੋਲਡਨ ਜੁਬਲੀ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ ਤੇ ਅਧਾਰਤ ਪੱਤਰਕਾਰੀ ਨੂੰ ਬਰਕਰਾਰ ਰੱਖਣ ਲਈ ਅਖ਼ਬਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੁੰਦਾ ਹੈ ਅਤੇ ਇਸ ਨੂੰ ਜਮੀਨੀ ਪੱਧਰ ‘ਤੇ ਜਮਹੂਰੀਅਤ ਨੂੰ ਮਜਬੂਤ ਕਰਨ ਲਈ ਆਪਣਾ ਫਰਜ਼ ਬਾਖੂਬੀ ਨਿਭਾਉਣਾ ਚਾਹੀਦਾ ਹੈ। ਮਾਨ ਨੇ ਮੀਡੀਆ ਨੂੰ ਕੁਝ ਪਾਰਟੀਆਂ ਦੇ ਫੁੱਟ ਪਾਊ ਸਿਆਸੀ ਏਜੰਡੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਅਪੀਲ ਕੀਤੀ।ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਕਈ ਹੋਰ ਅਹਿਮ ਹਸਤੀਆਂ ਵੀ ਮੌਜੂਦ ਸਨ।
ਭਿ੍ਰਸ਼ਟਾਚਾਰ ਤੇ ਭਾਈ-ਭਤੀਜ਼ਾਵਾਦ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਹਰਪਾਲ ਚੀਮਾ
ਬਜਟ ਬਾਰੇ ਲੋਕਾਂ ਦੇ ਸੁਝਾਵਾਂ ‘ਤੇ ਅਮਲ ਕਰਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਉਲੀਕੀਆਂ ਜਾਣਗੀਆਂ
ਸਕੀਮਾਂ:ਵਿਤ ਮੰਤਰੀ
ਕਿਹਾ, ਸਨਅਤਕਾਰਾਂ ਦੀਆਂ ਮੁਸਕਲਾਂ ਦਾ ਹੱਲ ਕਰਕੇ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇਗਾ
ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸਕਲਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਲੈ ਰਹੇ ਨੇ ਫ਼ੈਸਲੇ
ਪੰਜਾਬ ਸਰਕਾਰ ਵਲੋਂ ਜਾਰੀ ਪੋਰਟਲ ਅਤੇ ਈ ਮੇਲ ਆਈ.ਡੀ. ‘ਤੇ ਭੇਜੇ ਜਾ ਸਕਦੇ ਹਨ ਸੁਝਾਅ
ਆਪ ਸਰਕਾਰ ਨੇ 55 ਦਿਨਾਂ ‘ਚ ਲਏ ਇਤਿਹਾਸਕ ਫ਼ੈਸਲੇ
ਪੰਜਾਬ ਦੇ ਵਿੱਤ ਮੰਤਰੀ ਨੇ ਐਮਆਰਐਸਪੀਟੀਯੂ ਵਿਖੇ ਪੰਜ ਜ਼ਿਲ੍ਹਿਆਂ ਦੇ ਵਿਧਾਇਕਾਂ ਤੇ ਉਦਯੋਗਪਤੀਆਂ ਕੋਲੋਂ ਜਨਤਾ ਬਜਟ ਲਈ ਲਏ ਸੁਝਾਅ
ਸੁਖਜਿੰਦਰ ਮਾਨ
ਬਠਿੰਡਾ, 8 ਮਈ : ਸੂਬੇ ’ਚ ਆਪ ਸਰਕਾਰ ਵਲੋਂ ਕਿਸੇ ਵੀ ਕੀਮਤ ’ਤੇ ਭਿ੍ਰਸ਼ਟਾਚਾਰ ਅਤੇ ਭਾਈ-ਭਤੀਜ਼ਾਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਮਾਲਵੇ ਦੇ ਪੰਜ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ) ਦੇ ਵਿਧਾਇਕਾਂ, ਸਨਅਤਕਾਰਾਂ ਅਤੇ ਵਪਾਰੀ ਵਰਗ ਕੋਲੋਂ ਜਨਤਾ ਬਜਟ 2022-23 ਲਈ ਸੁਝਾਅ ਲੈਣ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਵਿਚ ਬਣਿਆ ਨਾਪਾਕ ਗਠਜੋੜ ਤੋੜਣਾ ਹੈ, ਜਿਸ ਵਿਚ ਉਹ ਸਫ਼ਲ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਜਨਤਾ ਦੀ ਹੈ, ਜਿਸਦੇ ਚੱਲਦੇ ਬਜਟ ਲਈ ਜੋ ਲੋਕਾਂ ਦੇ ਸੁਝਾਅ ਮੰਗੇ ਜਾ ਰਹੇ ਹਨ, ਇਹ ਫ਼ੈਸਲਾ ਇੱਕ ਇਤਿਹਾਸਕ ਤੇ ਮੀਲਪੱਥਰ ਸਾਬਤ ਹੋਵੇਗਾ।
ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਦੀਆਂ ਮੁਸਕਲਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਉਦਯੋਗਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਜੇਕਰ ਹੁਣ ਵੀ ਉਦਯੋਗਾਂ ਦੇ ਵਿਕਾਸ ਲਈ ਕੁਝ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ ਤੇ ਸੂਬਾ ਤਰੱਕੀ ਨਹੀਂ ਕਰ ਸਕੇਗਾ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਜਨਤਾ ਬਜਟ ਲਈ ਲੋਕਾਂ ਦੇ ਸੁਝਾਅ ਲੈ ਕੇ ਲੋਕ ਹਿੱਤ ਵਿੱਚ ਹਰ ਵਰਗ ਨਾਲ ਸਬੰਧਤ ਬਜਟ ਪੇਸ ਕੀਤਾ ਜਾਵੇਗਾ। ਉਨ੍ਹਾਂ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਸਨਅਤਕਾਰਾਂ ਦੀਆਂ ਮੁਸਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਸੁਝਾਅ ਲਏ ਜਾਣਗੇ ਤਾਂ ਲੋਕ ਆਪਣੀਆਂ ਮੁਸਕਲਾਂ ਵੀ ਦੱਸਣਗੇ ਅਤੇ ਉਸੇ ਅਨੁਸਾਰ ਉਨ੍ਹਾਂ ਦੀਆਂ ਮੁਸਕਲਾਂ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਬਜਟ ਲਈ ਵੱਧ ਤੋਂ ਵੱਧ ਹਾਂ ਪੱਖੀ ਸੁਝਾਅ ਦਿੱਤੇ ਜਾਣ ਤਾਂ ਜੋ ਪੰਜਾਬ ਅੰਦਰ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਬਣਾਇਆ ਜਾ ਸਕੇ। ਸ. ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਿਛਲੇ ਲੰਮੇਂ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਪਛਵਾੜਾ ਕੋਲਾ ਖਾਣ ਦਾ ਛੇਤੀ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਬਿਜਲੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ।
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਠੋਸ ਫੈਸਲੇ ਲਏ ਜਾ ਰਹੇ ਹਨ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਪਿਛਲੀਆਂ ਸਰਕਾਰਾਂ ਅਖੀਰਲੇ ਸਾਲ ਜਾਗਦੀਆਂ ਸਨ ਤੇ ਪਹਿਲੇ ਚਾਰ ਸਾਲ ਸੁੱਤੀਆਂ ਰਹਿੰਦੀਆਂ ਸਨ ਪਰ ਆਪ ਸਰਕਾਰ ਵਲੋਂ ਸ਼ੁਰੂਆਤੀ ਦਿਨਾਂ ਵਿੱਚ ਹੀ ਵੱਖ-ਵੱਖ ਵਿਭਾਗਾਂ ਵਿੱਚ 26454 ਸਰਕਾਰੀ ਨੌਕਰੀਆਂ ਦਾ ਇਸਤਿਹਾਰ ਦੇਣ ਸਮੇਤ ਹੋਰ ਵੀ ਕਈ ਇਤਿਹਾਸਕ ਫ਼ੈਸਲੇ ਲਏ ਹਨ। ਇੱਥੋਂ ਤੱਕ ਕਿ ਸਾਡੇ ਪਹਿਲੇ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਤੋਂ ਸੁਝਾਅ ਮੰਗਣਾ ਆਪਣੇ ਆਪ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ।”
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਲੋਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੋਰਟਲ … ਤੇ ਹੁਣ ਈ ਮੇਲ ਆਈ.ਡੀ. @. ਵੀ ਜਾਰੀ ਕੀਤੀ ਗਈ ਹੈ ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਵੀ ਸੁਝਾਅ ਦੇ ਸਕਦੇ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਨੂੰ ਵੀ ਆਦੇਸ ਦਿੱਤੇ ਗਏ ਹਨ ਕਿ ਉਹ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਸੁਝਾਅ ਇਕੱਤਰ ਕਰਨ ਤਾਂ ਜੋ ਪੰਜਾਬ ਨੂੰ ਮੁੜ ਖੁਸਹਾਲ ਬਣਾਇਆ ਜਾ ਸਕੇ।
ਇਸ ਮੌਕੇ ਵਿੱਤ ਮੰਤਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਾ ਬਜਟ ਜਨਤਾ ਪੱਖੀ ਬਜਟ ਹੋਵੇਗਾ। ਇਸ ਕਰਕੇ ਸਨਅਤਕਾਰਾਂ, ਵਪਾਰੀ ਵਰਗ ਤੇ ਆਮ ਲੋਕਾਂ ਕੋਲੋਂ ਲੋੜੀਂਦੇ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਨਤਾ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ 100 ਫੀਸਦੀ ਆਮ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸੇ ਵੀ ਕੀਮਤ ਤੇ ਭਾਈ ਭਤੀਜਾਵਾਦ, ਰਿਸ਼ਵਤਖੋਰੀ ਤੇ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੰਜਾਬ ਅੰਦਰ ਸਰਕਾਰੀ ਜ਼ਮੀਨਾਂ ਤੇ ਕੀਤੇ ਨਜਾਇਜ਼ ਕਬਜ਼ੇ ਹਰ ਹਾਲਤ ਵਿੱਚ ਛੁਡਵਾਏ ਜਾਣਗੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਜਿੱਥੇ ਜਨਤਾ ਬਜਟ ਸਬੰਧੀ ਲਏ ਜਾ ਰਹੇ ਸੁਝਾਵਾਂ ਦੀ ਪ੍ਰਸੰਸਾਂ ਕੀਤੀ ਉੱਥੇ ਉਨ੍ਹਾਂ ਆਪਣੇ ਹਲਕੇ ਮਲੋਟ ਨਾਲ ਸਬੰਧ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਹੱਲ ਲਈ ਵੀ ਲੋੜੀਂਦੇ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਪਹੁੰਚੀਆਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਬਠਿੰਡਾ ਚ ਥਰਮਲ ਦੀ ਜ਼ਮੀਨ ਤੇ ਉਦਯੋਗਿਕ ਪਾਰਕ ਬਣਾਉਣ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਸਾਰਥਿਕ ਹੱਲ ਕਰਨ ਦੀ ਵੀ ਮੰਗ ਕੀਤੀ।
ਇਸ ਤੋਂ ਪਹਿਲਾਂ ਮੌਜੂਦ ਵਿਧਾਇਕਾਂ ਤੋਂ ਇਲਾਵਾ ਵੱਖ-ਵੱਖ ਸਨਅਤਕਾਰਾਂ ਅਤੇ ਵਪਾਰੀ ਵਰਗ ਵਲੋਂ ਉਦਯੋਗ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਜਿੱਥੇ ਸਾਂਝੀਆਂ ਕੀਤੀ ਉੱਥੇ ਉਨ੍ਹਾਂ ਵਲੋਂ ਉਦਯੋਗ ਦੇ ਹੁਲਾਰੇ ਲਈ ਆਪਣੇ ਵਡਮੁੱਲੇ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਮੌਕੇ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ, ਵਿਧਾਇਕ ਭੁੱਚੋਂ ਮਾਸਟਰ ਜਗਸੀਰ ਸਿੰਘ, ਵਿਧਾਇਕ ਤਲਵੰਡੀ ਸਾਬੋ ਸ਼੍ਰੀਮਤੀ ਬਲਜਿੰਦਰ ਕੌਰ, ਵਿਧਾਇਕ ਮੌੜ ਸੁਖਵੀਰ ਸਿੰਘ ਮਾਈਸਰਖਾਨਾ, ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਨਾਵਾਲੀ, ਵਿਧਾਇਕ ਬੁੱਢਲਾਡਾ ਪਿ੍ਰੰਸੀਪਲ ਬੁੱਧਰਾਮ, ਵਿਧਾਇਕ ਲੰਬੀ ਸ. ਗੁਰਮੀਤ ਸਿੰਘ ਖੁੱਡੀਆ, ਵਿਧਾਇਕ ਫ਼ਿਰੋਜ਼ਪੁਰ (ਦਿਹਾਤੀ) ਸ਼੍ਰੀ ਰਜ਼ਨੀਸ਼ ਦਯੀਆ, ਵਿਧਾਇਕ ਗੁਰੂ ਹਰਸਹਾਏ ਸ਼੍ਰੀ ਫ਼ੌਜਾ ਸਿੰਘ, ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਣਾ, ਵਿਧਾਇਕ ਬੱਲੂਆਣਾ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਵਿਧਾਇਕ ਜਲਾਲਾਬਾਦ ਸ਼੍ਰੀ ਜਗਦੀਪ ਕੰਬੋਜ਼ ਗੋਲਡੀ, ਡਿਪਟੀ ਕਮਿਸਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਵਿੱਤ ਵਿਭਾਗ ਦੇ ਡਿਪਟੀ ਸੈਕਟਰੀ ਸ਼੍ਰੀ ਉਦੈਦੀਪ ਸਿੰਘ ਸਿੱਧੂ, ਟੈਕਟੇਸ਼ਨ ਵਿਭਾਗ ਦੇ ਵਧੀਕ ਕਮਿਸ਼ਨਰ ਸ਼੍ਰੀ ਟੀਐਸ ਵਿਰਕ, ਜੁਆਇੰਟ ਕਮਿਸ਼ਨਰ ਟੈਕਟੇਸ਼ਨ ਸ਼੍ਰੀ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਟੈਕਟੇਸ਼ਨ ਬਠਿੰਡਾ ਸ਼੍ਰੀ ਸੰਜੀਵ ਮਦਾਨ, ਐਸਡੀਐਮ ਸ਼੍ਰੀਮਤੀ ਅਨਾਯਤ, ਜ਼ਿਲ੍ਹਾ ਉਦਯੋਗ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰੀਤ ਮਹਿੰਦਰ ਬਰਾੜ ਤੋਂ ਇਲਾਵਾ ਸਨਅਤਕਾਰ ਅਤੇ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।
ਜੇਲ ਵਾਰਡਨ ਦੀ ਕੁੱਟਮਾਰ ਕਰਨ ਵਾਲਾ ਜੇਲ੍ਹ ਸੁਪਰਡੈਂਟ ਤਬਦੀਲ
ਬਿਕਰਮ ਮਜੀਠਿਆ ਦੀ ਜੇਲ੍ਹ ’ਚ ਆਮਦ ਨੂੰ ਲੈ ਕੇ ਚਰਚਾ ਵਿਚ ਆਏ ਸਨ ਸੁੱਚਾ ਸਿੰਘ
ਸੁਖਜਿੰਦਰ ਮਾਨ
ਪਟਿਆਲਾ, 8 ਮਈ : ਪਿਛਲੇ ਦਿਨੀਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਮਿਲਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਪਣੀ ਸਰਕਾਰੀ ਰਿਹਾਇਸ਼ ’ਚ ਮਿਲਣ ਨੂੰ ਲੈ ਕੇ ਚਰਚਾ ਵਿਚ ਆਏ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸੁੱਚਾ ਸਿੰਘ ਵਿਰੁਧ ਕੇਸ ਦਰਜ਼ ਕਰਨ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਦੇ ਉਨ੍ਹਾਂ ਦੇ ਇੱਕ ਹੋਰ ਸਹਾਇਕ ਵਿਰੁਧ ਪਟਿਆਲਾ ਪੁਲਿਸ ਨੇ ਹੋਮਗਾਰਡ ਜਵਾਨ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਸੀ। ਸੁੱਚਾ ਸਿੰਘ ਨੂੰ ਪਟਿਆਲਾ ਤੋਂ ਬਦਲ ਕੇ ਮੁੱਖ ਦਫ਼ਤਰ ਵਿਖੇ ਭਲਾਈ ਅਫ਼ਸਰ ਤੈਨਾਤ ਕੀਤਾ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ਮਨਜੀਤ ਸਿੰਘ ਟਿਵਾਣਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਦਾ ਨਵਾਂ ਸੁਪਰਡੈਂਟ ਤੈਨਾਤ ਕੀਤਾ ਹੈ। ਜੇਲ੍ਹ ਸੁਪਰਡੈਂਟ ਟਿਵਾਣਾ ਇਸਤੋਂ ਪਹਿਲਾਂ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਦੇ ਸੁਪਰਡੈਂਟ ਸਨ।ਇਹ ਵੀ ਪਤਾ ਚਲਿਆ ਹੈ ਕਿ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਤੋਂ ਇਲਾਵਾ ਇੱਥੇ ਡਿਪਟੀ ਸੁਪਰਡੈਂਟ ਵਜੋਂ ਤਾਇਨਾਤ ਰਾਜਦੀਪ ਸਿੰਘ ਬਰਾੜ ਨੂੰ ਵੀ ਬਦਲਿਆ ਗਿਆ ਹੈ। ਉਧਰ ਇਸਤੋਂ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਵਜੋਂ ਬਦਲੇ ਗਏ ਸ਼ਿਵਰਾਜ ਸਿੰਘ ਨੰਦਗੜ੍ਹ ਨੂੰ ਹੁਣ ਕੇਂਦਰੀ ਜੇਲ੍ਹ ਲੁਧਿਆਣਾ ਦਾ ਸੁਪਰਡੈਂਟ ਲਾਇਆ ਹੈ।
ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਕੀਤੀ ਧੂਹ-ਘੜੀਸ
ਸੁਖਜਿੰਦਰ ਮਾਨ
ਬਰਨਾਲਾ, 8 ਮਈ : ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ ਦਾ ਘਿਰਾਓ ਕਰਨ ਜਾ ਰਹੇ ਬੇਰੁਜਗਾਰ ਪੀਟੀਆਈ ਅਧਿਆਪਕ ਯੂਨੀਅਨ ਨਾਲ ਅੱਜ ਪੁਲਿਸ ਦੀ ਝੜਪ ਹੋ ਗਈ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਪੁਲਿਸ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਕਿ ਇਸ ਦੌਰਾਨ ਕਈ ਅਧਿਆਪਕਾਂ ਦੇ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਏ। ਇਸ ਮੌਕੇ ਪੀਟੀਆਈ ਬੇਰੁਜਗਾਰ ਅਧਿਆਪਕ ਯੂਨੀਅਨ ਨੇ ਦੋਸ ਲਾਇਆ ਕਿ ਮੌਜੂਦਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਰਕਾਰ ਬਣਨ ਤੋਂ ਪਹਿਲਾਂ ਨਾ ਸਿਰਫ਼ ਉਨ੍ਹਾਂ ਨਾਲ ਧਰਨੇ ’ਤੇ ਬੈਠਦੇ ਸਨ, ਬਲਕਿ ਇਹ ਵੀ ਦਾਅਵਾ ਕਰਦੇ ਸਨ ਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਉਨ੍ਹਾਂ ਨੂੰ ਧਰਨੇ ਦੇਣ ਦੀ ਜਰੂਰਤ ਨਹੀਂ ਹੋਵੇਗੀ ਕਿਉਂਕਿ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ’ਤੇ ਬੇਰੁਜ਼ਗਾਰੀ ਨੂੰ ਖ਼ਤਮ ਕਰੇਗੀ। ਪ੍ਰੰਤੂ ਅੱਜ ਉਹ ਬੇਰੁਜ਼ਗਾਰਾਂ ਅਧਿਆਪਕਾਂ ਦਾ ਫ਼ੋਨ ਚੁੱਕਣ ਤੋਂ ਵੀ ਭੱਜਦੇ ਹਨ।
ਬੇਸਹਾਰਾ ਲੋਕਾਂ ਲਈ ਸਹਾਰਾ ਆਸਰਮ ਦੀ ਸੁਰੂਆਤ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 8 ਮਈ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਬੇਸਹਾਰਾ ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੀ ਹੈ, ਵੱਲੋਂ ਅੱਜ ਬਠਿੰਡਾ ਗੋਨਿਆਣਾ ਰੋਡ ‘ਤੇ ਸਥਿਤ ਵਿਸਵਾਸ ਨਗਰ ਵਿਖੇ ਬੇਸਹਾਰਾ ਸਮਾਜ ਦੇ ਲੋਕਾਂ ਲਈ ਸਹਾਰਾ ਆਸਰਮ ਦਾ ਉਦਘਾਟਨ ਕੀਤਾ ਗਿਆ।ਸਹਾਰਾ ਆਸਰਮ ਦਾ ਉਦਘਾਟਨ ਸੇਠ ਮਨੋਹਰ ਲਾਲ ਗੋਨਿਆਣਾ ਨੇ ਕੀਤਾ , ਇਹ ਆਸਰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਸਾਰਿਆ ਗਿਆ ਹੈ, ਜਿਸ ਵਿੱਚ 10 ਕਮਰੇ ਬਣਾਏ ਗਏ ਹਨ। ਜਲਦੀ ਹੀ ਆਧੁਨਿਕ ਸਹੂਲਤਾਂ ਅਤੇ ਹੋਰ ਕਮਰੇ ਬਣਾਏ ਜਾਣਗੇ ਇਨ੍ਹਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਲਈ ਦੱਸਿਆ ਸਹਿਰ ਦੇ 5 ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਜੋ ਸਮੇਂ-ਸਮੇਂ ‘ਤੇ ਆਸਰਮ ‘ਚ ਆ ਕੇ ਇਨ੍ਹਾਂ ਮਰੀਜਾਂ ਦਾ ਇਲਾਜ ਕਰਨਗੇ, ਬਾਕੀ ਮਰੀਜਾਂ ਨੂੰ ਹਸਪਤਾਲ ‘ਚ ਭੇਜਿਆ ਜਾਵੇਗਾ। ਹਸਪਤਾਲ ਦੀ ਲੋੜ ਪੈਣ ‘ਤੇ ਸਹਾਰਾ ਆਸਰਮ ਵਿਖੇ ਦੋ ਐਂਬੂਲੈਂਸਾਂ ਹਰ ਸਮੇਂ ਮੌਜੂਦ ਰਹਿਣਗੀਆਂ।ਵਾਟਰ ਕੂਲਰ ‘ਚ ਆਰ. ਓ. ਪਾਣੀ ਦਾ ਪ੍ਰਬੰਧ ਕਰ ਲਿਆ ਗਿਆ ਹੈ, ਜਲਦੀ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਆਸਰਮ ਦਾ ਵਿਸਥਾਰ ਕੀਤਾ ਜਾਵੇਗਾ।ਇਸ ਮੌਕੇ ਸਹਿਰ ਦੇ ਪਤਵੰਤੇ ਸੱਜਣ ਹਾਜਰ ਸਨ ਅਤੇ ਸਹਾਰਾ ਟੀਮ ਨੂੰ ਸਹਿਯੋਗ ਅਤੇ ਆਸੀਰਵਾਦ ਦਿੱਤਾ।ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਨਾਸਤਾ ਪਰੋਸਿਆ ਗਿਆ। .ਸਮਾਜ ਸੇਵੀ ਉਦਯੋਗਪਤੀ ਗੁਰਦਾਸ ਗਰਗ ਨੇ ਸਹਾਰਾ ਜਨ ਸੇਵਾ ਨੂੰ ਇੱਕ ਲੱਖ ਇੱਕ ਹਜਾਰ ਰੁਪਏ ਅਤੇ ਪਿਆਰੇ ਲਾਲ ਬਾਂਸਲ ਸੇਵਾਮੁਕਤ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ 51 ਹਜਾਰ, ਨਿਰਮਲ ਵਰਮਾ ਨੇ 21 ਹਜਾਰ, ਵਿਜੇ ਜਿੰਦਲ ਨੇ 11 ਹਜਾਰ ਰੁਪਏ ਸਹਾਰਾ ਨੂੰ ਦਾਨ ਦਿੱਤੇ। ਹੋਰਨਾਂ ਵੱਲੋਂ ਵੀ ਸਹਾਰਾ ਨੂੰ ਦਾਨ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਵਿਜੇ ਜਿੰਦਲ ਠੇਕੇਦਾਰ, ਸਮਾਜ ਸੇਵਕ ਜਨਕ ਰਾਜ ਅਗਰਵਾਲ, ਟੇਕ ਚੰਦ, ਜੱਗਾ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਬਿੰਦੀ, ਡਾ: ਸੁਮਿਤ ਸਿੰਗਲਾ, ਸਮਾਜ ਸੇਵਕ ਰਾਜਨ ਗਰਗ, ਸੰਦੀਪ ਗਿੱਲ, ਰਾਜਿੰਦਰ ਕੁਮਾਰ, ਕਮਲ ਗਰਗ, ਪੰਕਜ ਕੁਮਾਰ, ਸੁਨੀਲ ਗਰਗ , ਸੁਮਿਤ ਢੀਂਗਰਾ, ਜਤਿੰਦਰ ਬਾਂਸਲ, ਰਜਿੰਦਰ ਬਾਂਸਲ, ਚੋਪੜਾ, ਮਨੀ ਵਰਮਾ, ਗੌਤਮ ਗੋਇਲ, ਗੁਰਪ੍ਰੀਤ ਬਿਰਦੀ, ਰਮਨ ਸਿੰਧੂ, ਵਿਜੇ ਵਿੱਕੀ, ਅਸੋਕ ਗੋਇਲ, ਸੰਦੀਪ ਗੋਇਲ, ਰੂਬਲ ਜੋੜਾ, ਸੂਰਜ ਭਾਨ, ਪਾਰਥ, ਰਾਜਿੰਦਰ ਕੁਮਾਰ, ਰਵੀ ਵਰਮਾ, ਰਵਿੰਦਰ ਬਾਂਸਲ, ਵਰਿੰਦਰ ਟਾਈਲ, ਭੂਸਨ ਟਾਈਲ ਹਾਜਰ ਸਨ। ਸਹਾਰਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਭਾਰਤ ਦੇ ਵਿਸਵ ਵੱਖ-ਵੱਖ ਸੂਬਿਆਂ ਤੋਂ ਆਏ ਬੇਸਹਾਰਾ ਮਰੀਜ, ਸਮਾਜ ਦੇ ਆਸ-ਪਾਸ ਦੇ ਲੋਕ, ਜਿਨ੍ਹਾਂ ਨੂੰ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ, ਸਰੀਰ ਵਿਚ ਦਰਦ, ਜਖਮਾਂ ਵਿਚ ਕੀੜੇ ਚੱਲ ਰਹੇ ਹਨ, ਸਹਾਰਾ ਟੀਮ ਵੱਲੋਂ ਇਨ੍ਹਾਂ ਲੋਕਾਂ ਵੱਲ ਵਿਸੇਸ ਧਿਆਨ ਦਿੱਤਾ ਜਾਵੇਗਾ। ਸਹਾਰਾ ਦੇ ਸੰਸਥਾਪਕ ਵਿਜੇ ਗੋਇਲ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਜਨਮ ਦਿਨ, ਖੁਸੀ, ਵਿਆਹ ਸਮਾਗਮ ‘ਤੇ ਇਨ੍ਹਾਂ ਬੇਸਹਾਰਾ ਲੋਕਾਂ ਨਾਲ ਕੁਝ ਖੁਸੀਆਂ ਸਾਂਝੀਆਂ ਕਰਨ ਅਤੇ ਇਨ੍ਹਾਂ ਲੋਕਾਂ ਲਈ ਸਹਾਰਾ ਨੂੰ ਪੂਰਾ ਸਹਿਯੋਗ ਦੇਣ ਲਈ ਸਹਾਰਾ ਜਨ ਸੇਵਾ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ।
ਪੰਜਾਬ ਪੁਲਿਸ ਵੱਲੋਂ ਸੰਭਾਵੀ ਟਾਰਗੈਟ ਕਿਲਿੰਗ ਦੀ ਕੋਸ਼ਿਸ਼ ਨਾਕਾਮ; 3 ਪਿਸਤੌਲ, ਗੋਲੀ ਸਿੱਕੇ ਸਮੇਤ 1 ਵਿਅਕਤੀ ਗਿ੍ਰਫਤਾਰ
ਸੁਖਜਿੰਦਰ ਮਾਨ
ਐਸ.ਏ.ਐਸ.ਨਗਰ, 8 ਮਈ:ਮਿਥ ਕੇ ਕਤਲ ਕਰਨ (ਟਾਰਗੇਟ ਕਿਲਿੰਗ) ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਸ ਨੇ ਸ਼ਨਿਚਰਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਇਕ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ।ਗਿ੍ਰਫਤਾਰ ਕੀਤੇ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਉਰਫ ਗੁਰੀ ਸ਼ੇਰਾ ਵਾਸੀ ਪਿੰਡ ਸਿੰਧਵਾਂ ਜਿਲਾ ਫਤਿਹਗੜ ਸਾਹਿਬ ਵਜੋਂ ਹੋਈ ਹੈ। ਅਪਰਾਧਿਕ ਪਿਛੋਕੜ ਵਾਲੇ ਗੁਰੀ ਸ਼ੇਰਾ ਖਿਲਾਫ ਸੂਬੇ ਵਿੱਚ ਜ਼ਬਰਨ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਵੱਖ ਵੱਖ ਕੇਸ ਦਰਜ ਹਨ।ਪੁਲਿਸ ਨੇ ਉਕਤ ਦੋਸ਼ੀ ਕੋਲੋਂ 10 ਕਾਰਤੂਸ ਸਮੇਤ ਦੋ .30 ਕੈਲੀਬਰ ਪਿਸਤੌਲ ਅਤੇ ਇੱਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਪੜ ਰੇਂਜ ਦੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਾਪਤ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਗੁਰੀ ਸ਼ੇਰਾ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਵਾਸੀ ਪਿੰਡ ਮਲਕਪੁਰ ਜੱਟਾਂ, ਪਟਿਆਲਾ, ਜੋ ਹਥਿਆਰਾਂ ਦੀ ਨਜਾਇਜ਼ ਤਸਕਰੀ ਵਿੱਚ ਸ਼ਾਮਲ ਹਨ, ਖਿਲਾਫ ਥਾਣਾ ਸਿਟੀ ਖਰੜ, ਐਸ.ਏ.ਐਸ.ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਐਸ.ਏ.ਐਸ.ਨਗਰ ਦੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਗੁਰੀ ਸ਼ੇਰਾ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਤਿੰਨ ਪਿਸਤੌਲਾਂ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।
ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਗੁਰੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਹਥਿਆਰ ਅਤੇ ਗੋਲੀ ਸਿੱਕਾ ਮੰਗਵਾਉਂਦਾ ਸੀ ਅਤੇ ਉਸ ਨੂੰ ਯੂਰਪੀ ਆਧਾਰਿਤ ਹੈਂਡਲਰ ਵੱਲੋਂ ਪੰਜਾਬ ਦੇ ਇੱਕ ਅਹਿਮ ਸ਼ਹਿਰ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਇਸ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਲਈ ਹਥਿਆਰ/ਗੋਲੀ ਸਿੱਕਾ ਅਤੇ ਲੌਜਿਸਟਿਕ ਸਹਾਇਤਾ ਖਰੀਦਣ ਲਈ 1.50 ਲੱਖ ਰੁਪਏ ਦਿੱਤੇ ਗਏ ਸਨ । ਦੋਸ਼ੀਆਂ ਨੇ ਇਹ ਵੀ ਕਬੂਲਿਆ ਕਿ ਉਹ ਇਹ ਹਥਿਆਰ ਪੰਜਾਬ ਵਿੱਚ ਆਪਣੇ ਗਿਰੋਹ ਦੇ ਮੈਂਬਰਾਂ ਨੂੰ ਵੀ ਪਹੁੰਚਾਉਂਦੇ ਸਨ।
ਡੀ.ਆਈ.ਜੀ. ਨੇ ਕਿਹਾ ਕਿ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਗੁਰੀ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੌਨੀ ਨੂੰ ਵੀ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 30-04-2022 ਨੂੰ ਐਫ.ਆਈ.ਆਰ ਨੰਬਰ 87 ਦਰਜ ਕਰ ਲਈ ਗਈ ਹੈ।
——————–
ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ
2.5 ਕਿਲੋ ਆਈਈਡੀ ਸਮੇਤ 2 ਵਿਅਕਤੀ ਗਿ੍ਰਫਤਾਰ
ਸੁਖਜਿੰਦਰ ਮਾਨ
ਤਰਨਤਾਰਨ, 8 ਮਈ:ਸਰਹੱਦੀ ਸੂਬੇ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਪਿੰਡ ਨੌਸ਼ਹਿਰਾ ਪੰਨੂਆਂ ਜ਼ਿਲਾ ਤਰਨਤਾਰਨ ਤੋਂ 2.5 ਕਿਲੋ ਤੋਂ ਵੱਧ ਵਜ਼ਨ ਵਾਲੇ ਅਤੇ 12* 6*2.5 ਇੰਚ ਦੇ ਕਾਲੇ ਰੰਗ ਦੇ ਧਾਤੂ ਬਕਸੇ ਵਿੱਚ ਪੈਕ ਆਰ.ਡੀ.ਐਕਸ. ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਆਈ.ਈ.ਡੀ ਟਾਈਮਰ, ਡੈਟੋਨੇਟਰ , ਬੈਟਰੀ ਅਤੇ ਛੱਅਰਿਆਂ (ਸ਼੍ਰੈਪਨਲਜ਼) ਨਾਲ ਲੈਸ ਸੀ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ, ਅਜਨਾਲਾ, ਅੰਮਿ੍ਰਤਸਰ ਅਤੇ ਜਗਤਾਰ ਸਿੰਘ ਉਰਫ ਜੱਗਾ (40) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮਿ੍ਰਤਸਰ ਵਜੋਂ ਹੋਈ ਹੈ। ਪੁਲੀਸ ਨੇ ਇਨਾਂ ਕੋਲੋਂ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਬਿੰਦੂ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਅਸਿਸਟੈਂਟ ਵਜੋਂ ਕੰਮ ਕਰਦਾ ਸੀ, ਜਦੋਂ ਕਿ ਜੱਗਾ ਮਜਦੂਰ ਹੈ ਅਤੇ ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ।ਇਹ ਕਾਰਵਾਈ ਪੰਜਾਬ ਪੁਲਿਸ ਦੀ ਇਨਪੁਟਸ ਦੇ ਬਾਅਦ ਹਰਿਆਣਾ ਪੁਲਿਸ ਦੁਆਰਾ ਕਰਨਾਲ ਤੋਂ ਇੱਕ ਮੈਟੈਲਿਕ ਕੇਸਾਂ (2.5 ਕਿਲੋਗ੍ਰਾਮ ) ਵਿੱਚ ਪੈਕ ਕੀਤੇ ਤਿੰਨ ਆਈਈਡੀ ਅਤੇ ਇੱਕ ਪਿਸਤੌਲ ਦੀ ਬਰਾਮਦਗੀ ਸਣੇ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਤੋਂ ਤਿੰਨ ਦਿਨ ਬਾਅਦ ਆਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿੰਦੂ ਅਤੇ ਜੱਗਾ ਧਮਾਕਾਖੇਜ਼ ਸਮੱਗਰੀ ਲੈ ਕੇ ਨੌਸ਼ਹਿਰਾ ਪੰਨੂਆਂ ਦੇ ਇਲਾਕੇ ਵਿੱਚ ਮੌਜੂਦ ਹਨ ਅਤੇ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ।ਉਨਾਂ ਦੱਸਿਆ ਕਿ ਇਸ ਸਬੰਧੀ ਫੌਰੀ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਤਰਨਤਾਰਨ ਰਣਜੀਤ ਸਿੰਘ ਨੇ ਇਲਾਕੇ ਵਿੱਚ ਛਾਪੇਮਾਰੀ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਅਤੇ ਦੋਵੇਂ ਮੁਲਜਮਾਂ ਨੂੰ ਧਾਤੂ ਦੇ ਡੱਬੇ ਵਿੱਚ ਇੱਕ ਆਈਈਡੀ ਸਮੇਤ ਉਸ ਵੇਲੇ ਗਿ੍ਰਫਤਾਰ ਕਰ ਲਿਆ ਗਿਆ ਜਦੋਂ ਉਹ ਸੁੰਨਸਾਨ ਥਾਂ ਤੋਂ ਇਸਨੂੰ ਪਾ੍ਰਪਤ ਕਰਕੇ ਮੋਟਰਸਾਈਕਲ ’ਤੇ ਜਾ ਰਹੇ ਸਨ।
ਐਸਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜਮ ਆਪਣੇ ਸਾਥੀ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਅਜਨਾਲਾ ਦੇ ਹਿਣ ’ਤੇ ਆਈ.ਈ.ਡੀ ਲੈਣ ਲਈ ਗਏ ਸਨ। ਜੋਬਨਜੀਤ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।ਐਸਐਸਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਬਾਅਦ ਵਿੱਚ ਆਈਈਡੀ ਨੂੰ ਨਕਾਰਾ ਕਰ ਦਿੱਤਾ, ਜਿਸ ਵਿੱਚ ਲਗਭਗ 1.5 ਕਿਲੋ ਆਰਡੀਐਕਸ ਸੀ।ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਰਹਾਲੀ ਤਰਨਤਾਰਨ ਵਿਖੇ ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4 ਅਤੇ 5 ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਐਫਆਈਆਰ ਨੰਬਰ 70 ਮਿਤੀ 08.05.2022 ਨੂੰ ਦਰਜ ਕੀਤੀ ਗਈ ਹੈ ਅਗਲੇਰੀ ਜਾਂਚ ਜਾਰੀ ਹੈ।
ਨਇੰਟਰਪ੍ਰੀਨਿਓਰਸ਼ਿਪ ਅਤੇ ਇਨੋਵੇਸ਼ਨ ਸੈੱਲ ਨੇ ‘ਇਨੋਵੇਸ਼ਨ ਅਤੇ ਪੇਟੈਂਟਾਂ‘ ਬਾਰੇ ਇੱਕ ਪ੍ਰਭਾਵਸ਼ਾਲੀ ਭਾਸ਼ਣ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 8 ਮਈ : ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਦੇ ਇੰਟਰਪ੍ਰੀਨਿਓਰਸ਼ਿਪ ਅਤੇ ਇਨੋਵੇਸ਼ਨ ਸੈੱਲ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਸਹਿਯੋਗ ਨਾਲ ‘ਇਨੋਵੇਸ਼ਨ ਅਤੇ ਪੇਟੈਂਟਾਂ‘ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦੇ 2 ਸੈਸ਼ਨ ਸਫਲਤਾਪੂਰਵਕ ਕਰਵਾਏ। ਇਸ ਸੈਮੀਨਾਰ ਵਿੱਚ ਬੀ.ਟੈੱਕ. ਆਖ਼ਰੀ ਸਾਲ ਦੇ ਲਗਭਗ 60 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਜਿਸ ਦੌਰਾਨ ਪਹਿਲਾ ਸੈਸ਼ਨ ਇਨੋਵੇਸ਼ਨ ਅਤੇ ਦੂਸਰਾ ਸੈਸ਼ਨ ਪੇਟੈਂਟ ਬਾਰੇ ਕਰਵਾਇਆ ਗਿਆ। ਸੈਸ਼ਨ ਦੀ ਸ਼ੁਰੂਆਤ ਡਾ. ਮਨੀਸ਼ ਗੁਪਤਾ (ਡੀਨ, ਰਿਸਰਚ ਐਂਡ ਇਨੋਵੇਸ਼ਨ ਸੈੱਲ, ਬੀ.ਐਫ.ਜੀ.ਆਈ.) ਦੁਆਰਾ ਸਰੋਤ ਵਿਅਕਤੀ ਸ਼੍ਰੀਮਤੀ ਨੇਹਾ ਗੋਇਲ, ਡਾਇਰੈਕਟਰ ਅਤੇ ਸੰਸਥਾਪਕ, ਯੂਨੀਪੈਟਰਡ ਕੰਸਲਟੈਂਟਸ ਐਲ. ਐਲ. ਪੀ., ਨੋਇਡਾ ਦੇ ਨਿੱਘੇ ਸੁਆਗਤ ਨਾਲ ਕੀਤੀ ਗਈ। ਸ਼੍ਰੀਮਤੀ ਨੇਹਾ ਗੋਇਲ ਆਈ.ਪੀ.ਆਰ. ਭਰਨ ਵਿੱਚ 14 ਸਾਲਾਂ ਦੇ ਤਜਰਬੇ ਦੇ ਨਾਲ ਆਪਣੀ ਉੱਤਮਤਾ ਲਈ ਜਾਣੀ ਜਾਂਦੀ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੋਲਡ ਮੈਡਲਿਸਟ ਹੈ ਅਤੇ ਅੰਤਰਰਾਸ਼ਟਰੀ ਆਈ.ਪੀ.ਆਰ ਫ਼ਰਮਾਂ ਨਾਲ ਕੰਮ ਕਰਦੀ ਹੈ। ਪਹਿਲੇ ਸੈਸ਼ਨ ਦੌਰਾਨ ਸ਼੍ਰੀਮਤੀ ਨੇਹਾ ਗੋਇਲ ਨੇ ਖੋਜ ਤੋਂ ਨਵੀਨਤਾ ਤੱਕ ਦੇ ਪਾੜੇ ਨੂੰ ਪੂਰਾ ਕਰਨ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਸ ਨੇ ਖੋਜਾਂ ਅਤੇ ਨਵੀਨਤਾਵਾਂ ਵਿਚਕਾਰ ਸੰਬੰਧਾਂ, ਪ੍ਰਯੋਗਸ਼ਾਲਾ ਰਿਸਰਚ ਅਤੇ ਇਨੋਵੇਸ਼ਨ ਰਿਸਰਚ ਵਿਚਕਾਰ ਅੰਤਰ ਦੀ ਵਿਆਖਿਆ ਕੀਤੀ ਅਤੇ ਅਕਾਦਮਿਕ-ਇੰਡਸਟਰੀ ਦੇ ਆਪਸੀ ਤਾਲਮੇਲ ਦੇ ਵੱਖ-ਵੱਖ ਮਾਡਲਾਂ, ਮਹਿਸੂਸ ਕੀਤੀਆਂ ਰੁਕਾਵਟਾਂ ਅਤੇ ਇਸ ਯਤਨ ਦੀ ਵਿੱਤੀ ਸਹਾਇਤਾ ਲਈ ਭਾਰਤ ਸਰਕਾਰ ਦੇ ਉਪਰਾਲਿਆਂ ਬਾਰੇ ਚਾਨਣਾ ਪਾਇਆ।ਦੂਜੇ ਸੈਸ਼ਨ ਵਿੱਚ ਸ਼੍ਰੀਮਤੀ ਨੇਹਾ ਗੋਇਲ ਨੇ ਪੇਟੈਂਟ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਸ ਨੇ ਵਿਸਥਾਰ ਨਾਲ ਦੱਸਿਆ ਕਿ ਪੇਟੈਂਟ ਵਿਅਕਤੀਆਂ ਦੀ ਸਿਰਜਣਾਤਮਿਕਤਾ ਨੂੰ ਮਾਨਤਾ ਦੇ ਕੇ ਅਤੇ ਉਨ੍ਹਾਂ ਦੀਆਂ ਮਾਰਕੀਟ ਯੋਗ ਕਾਢਾਂ ਲਈ ਪਦਾਰਥਕ ਇਨਾਮ ਦੀ ਸੰਭਾਵਨਾ ਦੀ ਪੇਸ਼ਕਸ਼ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ। ਇਹ ਪ੍ਰੇਰਨਾ ਜਾਂ ਹੌਸਲਾ ਅਫ਼ਜਾਈ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ, ਜੋ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਈ ਸਵਾਲ ਵੀ ਸਰੋਤ ਵਿਅਕਤੀ ਤੋਂ ਪੁੱਛੇ। ਦੋਵੇਂ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਦਿਲਚਸਪ ਸਨ। ਸੈਸ਼ਨ ਦੀ ਸਮਾਪਤੀ ਮੌਕੇ ਡਾ. ਮਨੀਸ਼ ਗੁਪਤਾ ਨੇ ਮਾਹਿਰ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਕੁੱਲ ਮਿਲਾ ਕੇ ਇਹ ਇੱਕ ਪ੍ਰੇਰਨਾਦਾਇਕ, ਉਤਸ਼ਾਹਜਨਕ ਅਤੇ ਬਹੁਤ ਹੀ ਜਾਣਕਾਰੀ ਭਰਪੂਰ ਸੈਸ਼ਨ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਇੰਟਰਪ੍ਰੀਨਿਓਰਸ਼ਿਪ ਅਤੇ ਇਨੋਵੇਸ਼ਨ ਸੈੱਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।






