ਤਲਵੰਡੀ ਸਾਬੋ ਪੁਲਿਸ ਨੇ ਕੀਤਾ ਗਿ੍ਰਫਤਾਰ, ਪ੍ਰਵਾਰ ਸਹਿਤ ਆਇਆ ਸੀ ਤਲਵੰਡੀ ਸਾਬੋ
ਸੁਖਜਿੰਦਰ ਮਾਨ
ਬਠਿੰਡਾ, 7 ਮਈ : ਬੀਤੇ ਕੱਲ ਕੌਮੀ ਸਫ਼ਾਈ ਕਮਿਸ਼ਨ ਦੇ ਨਕਲੀ ਚੇਅਰਮੈਨ ਬਣਕੇ ਆਏ ਵਿਅਕਤੀ ਵਿਰੁਧ ਤਲਵੰਡੀ ਸਾਬੋ ਦੀ ਪੁਲਿਸ ਨੇ ਪਰਚਾ ਦਰਜ਼ ਕਰਦਿਆਂ ਉਸਨੂੰ ਗਿ੍ਰਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਦੀ ਪਹਿਚਾਣ ਗੁੁਰਜੀਤ ਸਿੰਘ ਵਾਸੀ ਰਾਮਗੜ੍ਹ ਸੰਧਵਾ ਜ਼ਿਲ੍ਹਾ ਸੰਗਰੂਰ ਦੇ ਤੌਰ ’ਤੇ ਹੋਈ ਹੈ। ਉਹ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਸੰਗਰੂਰ ਤੋਂ ਅਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਚੁੱਕਿਆ ਹੈ। ਵੀਵੀਆਈਪੀ ਟਰੀਟਮੈਂਟ ਦੀ ਲਾਲਸਾ ਪਾਲਣ ਵਾਲੇ ਇਸ ਸਖ਼ਸ ਵਿਰੁਧ ਇਸਤੋਂ ਪਹਿਲਾਂ ਵੀ ਲਹਿਰਾ ਪੁਲਿਸ ਵਲੋਂ ਅਜਿਹੇ ਹੀ ਇੱਕ ਮਾਮਲੇ ਵਿਚ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਉਸ ਸਮੇਂ ਉਕਤ ਕਥਿਤ ਦੋਸ਼ੀ ਨੇ ਖ਼ੁਦ ਨੂੰ ਹਾਊਸਿੰਗ ਬੋਰਡ ਦਾ ਚੇਅਰਮੈਨ ਦੱਸ ਕੇ ਦਰਜਨਾਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਵੀ ਕਥਿਤ ਦੋਸ਼ੀ ਅਜਿਹੀ ਕਾਰਵਾਈ ਕਰਨ ਦੀ ਤਾਕ ਵਿਚ ਸੀ। ਮਿਲੀ ਸੂਚਨਾ ਮੁਤਾਬਕ ਉਕਤ ਨਕਲੀ ਚੇਅਰਮੈਨ ਨੇ ਖੁਦ ਨੂੰ ਕੌਮੀ ਸਫ਼ਾਈ ਕਮਿਸ਼ਨ ਦਾ ਚੇਅਰਮੈਨ ਦੱਸਦੇ ਹੋਏ ਸਭ ਤੋਂ ਪਹਿਲਾਂ ਥਾਣਾ ਤਲਵੰਡੀ ਸਾਬੋ ਦੇ ਮੁਖੀ ਨੂੰ ਅਪਣੀ ਗੁਰਦੂਆਰਾ ਸਾਹਿਬ ਵਿਖੇ ਆਮਦ ਬਾਰੇ ਦਸਿਆ ਸੀ। ਇਸਤੋਂ ਬਾਅਦ ਉਸਨੇ ਸਫਾਈ ਸੇਵਕ ਯੂਨੀਅਨ ਤਲਵੰਡੀ ਸਾਬੋ ਦੇ ਪ੍ਰਧਾਨ ਕੁਲਦੀਪ ਸਿੰਘ ਨੂੰ ਫ਼ੋਨ ਕੀਤਾ ਤੇ ਸਫ਼ਾਈ ਸੇਵਕਾਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਸੀ। 5 ਮਈ ਦੀ ਸ਼ਾਮ ਨੂੰ ਤਖ਼ਤ ਸਾਹਿਬ ਆਉਣ ’ਤੇ ਉਸਨੂੰ ਉਕਤ ਸਫ਼ਾਈ ਸੇਵਕ ਯੁੂਨੀਅਨ ਦੇ ਪ੍ਰਧਾਨ ਨੇ ਹੀ ਕਮਰਾ ਬੁੱਕ ਕਰਵਾ ਕੇ ਦਿੱਤਾ ਸੀ। ਇਸਤੋਂ ਬਾਅਦ ਉਸਨੇ 6 ਮਈ ਨੂੰ ਐਸਡੀਐਮ ਤਲਵੰਡੀ ਸਾਬੋ ਅਤੇ ਡੀਐਸਪੀ ਤਲਵੰਡੀ ਸਾਬੋ ਨੂੰ ਫੋਨ ਵੀ ਕੀਤਾ ਸੀ। ਪੁਲਿਸ ਨੇ ਵੀ ਨਗਰ ਕੋਂਸਲ ਦਫ਼ਤਰ ’ਚ ਸਫਾਈ ਸੇਵਕਾਂ ਨਾਲ ਫ਼ਰਜੀ ਚੇਅਰਮੈਨ ਦੀ ਹੋਈ ਮੀਟਿੰਗ ਦੌਰਾਨ ਪੁਲਿਸ ਸੁਰੱਖਿਆ ਦਾ ਇੰਤਜਾਮ ਕੀਤਾ ਸੀ। ਇਸ ਮੌਕੇ ਉਕਤ ਨਕਲੀ ਚੇਅਰਮੈਨ ਨੇ ਕਈ ਅਫ਼ਸਰਾਂ ਨੂੰ ਫ਼ੋਨ ਕਰਕੇ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਪੰ੍ਰਤੂ ਉਸ ਵਲੋਂ ਵਾਰ ਵਾਰ ਅਫ਼ਸਰਾਂ ਨੂੰ ਫ਼ੋਨ ਕਰਨ ਦੇ ਚੱਲਦਿਆਂ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਨੂੰ ਸ਼ੱਕ ਪੈ ਗਿਆ, ਜਿਸਤੋਂ ਬਾਅਦ ਉਸਦੇ ਬਾਰੇ ਜਦ ਪਤਾ ਕੀਤਾ ਗਿਆ ਤਾਂ ਉਹ ‘ਲੀਰਾ ਦੀ ਖਿੱਦੋ’ ਹੀ ਨਿਕਲਿਆ। ਜਿਸਦੇ ਚੱਲਦੇ ਸ਼ਾਮ ਨੂੰ ਉਸਨੂੰ ਪੁਲਿਸ ਵਲੋਂ ਦਬੋਚ ਲਿਆ ਗਿਆ। ਥਾਣਾ ਮੁਖੀ ਮੇਜਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਵਿਰੁਧ ਸਫ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਕੁਲਦੀਪ ਸਿੰਘ ਦੀ ਸਿਕਾਇਤ ’ਤੇ ਧਾਰਾ 419,420 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਅੱਜ ਉਸਦਾ ਇੱਕ ਰੋਜ਼ਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਸਫ਼ਾਈ ਕਮਿਸ਼ਨ ਦੇ ਨਕਲੀ ਚੇਅਰਮੈਨ ਵਿਰੁਧ ਦਰਜ਼ ਹੋਇਆ ਕੇਸ
ਬੱਸਾਂ ਸਾੜਨ ਦੇ ਸਹਿ ਦੋਸ਼ੀ ਨਾ ਜਾਨ ਬਖਸ਼ੇ : ਬਲਤੇਜ ਵਾਦਰ
ਸੁਖਜਿੰਦਰ ਮਾਨ
ਬਠਿੰਡਾ, 6 ਮਈ: ਬੀਤੀ 28 ਅਪਰੈਲ ਨੂੰ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕਾ ਬੱਸ ਅੱਡੇ ’ਤੇ ਖੜ੍ਹੀਆਂ ਤਿੰਨ ਪ੍ਰਾਈਵੇਟ ਬੱਸਾਂ ਨੂੰ ਅੱਗ ਲੱਗਣ ਦੇ ਮਾਮਲੇ ਵਿਚ ਬੇਸ਼ੱਕ ਦਿਆਲਪੁਰਾ ਪੁਲਿਸ ਨੇ ਕਥਿਤ ਦੋਸ਼ੀ ਅਵਤਾਰ ਸਿੰਘ ਤਾਰੀ ਨੂੰ ਗਿ੍ਰਫਤਾਰ ਕਰ ਲਿਆ ਹੈ ਪ੍ਰੰਤੂ ਪੀੜਤ ਟ੍ਰਾਂਸਪੋਟਰਾਂ ਨੇ ਇਸ ਕਾਂਡ ਵਿਚ ਹੋਰਨਾਂ ਦੀ ਵੀ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵਾ ਮਿੰਨੀ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹ ਪੁਲਿਸ ਵੱਲੋਂ ਕੀਤੀ ਹੁਣ ਤੱਕ ਦੀ ਤਫਤੀਸ਼ ’ਤੇ ਤਸੱਲੀ ਪ੍ਰਗਟ ਕਰਦੇ ਹਾਂ ਪ੍ਰੰਤੂ ਜੋ 200 ਸੌ ਲਿਟਰ ਡੀਜ਼ਲ ਚੋਰੀ ਹੋਇਆ ਸੀ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਸੀ ਅਤੇ ਜਿਸ ਨੇ ਡੀਜ਼ਲ ਖਰੀਦਿਆ ਹੈ ਉਹ ਵੀ ਇਸ ਕਾਂਡ ਵਿਚ ਸਹਿ ਦੋਸ਼ੀ ਹਨ ਕਿਉਂਕਿ ਜੇਕਰ ਡੀਜਲ ਖਰੀਦਣ ਵਾਲਾ ਪਹਿਲੇ ਦਿਨ ਹੀ ਪੁਲੀਸ ਨੂੰ ਆਪਣੀ ਗੱਲ ਦੱਸ ਦਿੰਦਾ ਤਾਂ ਪਹਿਲੇ ਦਿਨ ਹੀ ਪੁਲੀਸ ਦੀ ਤਫਤੀਸ਼ ਸਹੀ ਦਿਸ਼ਾ ਵੱਲ ਚੱਲ ਸਕਦੀ ਸੀ ਜੋ ਇਸ ਨੂੰ ਕੁਦਰਤੀ ਹਾਦਸਾ ਮੰਨ ਰਹੀ ਸੀ। ਇੰਨ੍ਹਾਂ ਅਪਰੇਟਰਾਂ ਨੇ ਪੁਲਿਸ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਕੇਸ ਿਵਚ ਡੀਜ਼ਲ ਖਰੀਦਣ ਵਾਲੇ ਬੰਦੇ ਨੂੰ ਵੀ ਪੁੱਛਗਿੱਛ ਵਿੱਚ ਸ਼ਾਮਲ ਕਰਕੇ ਸਹਿ ਦੋਸ਼ੀ ਬਣਾਇਆ ਜਾਵੇ ਤਾਂ ਜੋ ਮਰਨ ਵਾਲੇ ਕੰਡਕਟਰ ਨੂੰ ਇਨਸਾਫ ਦਿਵਾਇਆ ਜਾ ਸਕੇ। ਇਸਤੋਂ ਇਲਾਵਾ ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਮਰਨ ਵਾਲੇ ਕੰਡਕਟਰ ਦੇ ਪ੍ਰਵਾਰ ਨੂੰ ਢੁਕਵਾਂ ਮੁਆਵਜਾ ਦੇਣ ਅਤੇ ਜਿੰਨ੍ਹਾਂ ਟਰਾਂਸਪੋਰਟਰਾਂ ਦੀਆਂ ਬੱਸਾਂ ਸੜੀਆਂ ਹਨ, ਨੂੰ ਤੁਰੰਤ ਮੁਆਵਜਾ ਦੇ ਕੇ ਪੈਰਾਂ ਸਿਰ ਖੜ੍ਹਾ ਕੀਤਾ ਜਾਵੇ।
ਸਾਬਕਾ ਸੰਸਦੀ ਸਕੱਤਰ ਨਕਈ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਸੁਖਜਿੰਦਰ ਮਾਨ
ਬਠਿੰਡਾ, 6 ਮਈ : ਪੰਜਾਬ ਸਰਕਾਰ ’ਚ ਮੁੱਖ ਸੰਸਦੀ ਸਕੱਤਰ ਰਹਿ ਚੁੱਕੇ ਸਾਬਕਾ ਵਿਧਾਇਕ ਤੇ ਇਫ਼ਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕਈ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਮਾਤਾ ਜੀ ਵਸ਼ਿੰਦਰ ਕੌਰ ਨਕਈ (85) ਸਵਰਗ ਸੁਧਾਰ ਗਏ। ਮਾਤਾ ਵਸ਼ਿੰਦਰ ਕੌਰ ਦਾ ਅੰਤਿਮ ਸੰਸਕਾਰ ਭਲਕੇ ਰਾਮਪੁਰਾ ਵਿਖੇ ਕੀਤਾ ਜਾਵੇਗਾ। ਪ੍ਰਵਾਰਕ ਮੈਂਬਰਾਂ ਮੁਤਾਬਕ ਮਾਤਾ ਜੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੀ ਮੌਤ ’ਤੇ ਵੱਖ ਵੱਖ ਸਿਆਸੀ ਆਗੂਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਇਫ਼ਕੋ ਦੇ ਅਹੁੱਦੇਦਾਰਾਂ ਨੇ ਨਕਈ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਦਸਣਾ ਬਣਦਾ ਹੈ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਸ: ਨਕਈ ਦੇ ਪਿਤਾ ਤੇ ਇਫ਼ਕੋ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਨਕਈ ਦਾ ਵੀ ਦਿਹਾਂਤ ਹੋ ਗਿਆ ਸੀ।
ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦਾ ਅਕਸ ਖ਼ਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਕਰੜੀ ਨਿਖੇਧੀ
ਕਿਹਾ, ਵੇਰਕਾ ਦੀ ਚੜ੍ਹਤ ਦੇਖ ਕੇ ਵਿਰੋਧੀ ਘਬਰਾਏ
ਮਿਲਕਫ਼ੈੱਡ ਵੱਲੋਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਮਈ:ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਤੁਰਕੀ ਵਿੱਚ ਸਾਲ 2020 ‘ਚ ਬਣੀ ਪੁਰਾਣੀ ਵੀਡੀਉ ਰਾਹੀਂ ਵੇਕਰਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਿਲਕਫ਼ੈੱਡ ਵੱਲੋਂ ਸੂਚਨਾ ਤਕਨਾਲੌਜੀ ਐਕਟ, 2000 ਤਹਿਤ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗ਼ੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਦੱਸ ਦੇਈਏ ਕਿ ਸੋਸ਼ਲ ਮੀਡਿਆ ‘ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ਵਿੱਚ ਬਣੀ ਇਕ ਪੁਰਾਣੀ ਵੀਡੀਉ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬਰਾਂਡ ਦੇ ਸਾਫ਼ ਅਕਸ ਨੂੰ ਖੋਰਾ ਲਾਇਆ ਜਾ ਸਕੇ।
ਵਿੱਤ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਾਇਰਲ ਵੀਡਿਉ ਦੀ ਤਸਵੀਰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਇਹ ਕੋਝੀ ਹਰਕਤ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ।ਸ. ਚੀਮਾ ਨੇ ਇਸ ਵੀਡਿਉ ‘ਤੇ ਵੇਰਕਾ ਦਾ ਨਾਮ ਲਿਖ ਕੇ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪੁੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਇਹ ਵੀਡਿਉ ਚਲਾਈ ਜਾ ਰਹੀ ਹੋਵੇ, ਉਥੋਂ ਪੋਸਟ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਵੇਰਕਾ ਨਾਲ ਸਬੰਧਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਖਪਤਕਾਰਾਂ ਅਤੇ ਦੁੱਧ ਉਤਪਾਦਕਾਂ ਦਾ ਨੁੁਕਸਾਨ ਹੋਵੇਗਾ।ਜ਼ਿਰਯੋਗ ਹੈ ਕਿ ਵੇਰਕਾ ਦੇ ਸਾਰੇ ਮਿਲਕ ਪਲਾਂਟ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ 2006 (ਐਫ.ਐਸ.ਐਸ.ਏ.ਆਈ.) ਵੱਲੋਂ ਨਿਰਧਾਰਿਤ ਸਾਰੀਆਂ ਕਾਨੂੰਨੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁੁਤਾਬਕ ਕੰਮ ਕਰਦੇ ਹਨ।
ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਮਿਲਕਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਵੀਡੀਉ ਲਗਭਗ ਦੋ ਸਾਲ ਪੁੁਰਾਣੀ ਹੈ ਅਤੇ ਇਸ ਵੀਡਿਉ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ। ਮੀਡੀਆ ਵਿੱਚ ਸਾਲ 2020 ਦੇ ਨਵੰਬਰ ਮਹੀਨੇ ਛਪੀਆਂ ਖ਼ਬਰਾਂ ਮੁਤਾਬਿਕ ਇਹ ਵੀਡਿਉ ਤੁੁਰਕੀ ਦੇ ਸੈਂਟਰਲ ਐਂਨਾਟੋਲੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ਵਿੱਚ ਫਿਲਮਾਈ ਗਈ ਹੈੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ ਉਸ ਦਾ ਨਾਮ ਐਮਰੇ ਸਯਾਰ ਹੈ। ਉਕਤ ਵੀਡਿਉ ਟਿਕਟੌਕ ਰਾਹੀਂ ਤੁੁਰਕੀ ਦੇ ਵਸਨੀਕ ਉੱਗਰ ਤੁਰਗਤ ਵੱਲੋਂ ਅਪਲੋਡ ਕੀਤੇ ਜਾਣ ਦਾ ਵੇਰਵਾ ਹੈ ਅਤੇ ਦੋਵਾਂ ਨੂੰ ਤੁੁਰਕੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੀ ਪੁੁਸ਼ਟੀ ਹੇਠਾਂ ਦਿੱਤੇ ਲਿੰਕਾਂ ਤੋਂ ਕੀਤੀ ਜਾ ਸਕਦੀ ਹੈ:
https://indianexpress.com/article/trending/trending-globally/worker-takes-abath-in-milk-dairy-plant-in-turkey-arrested-after-vidwo-goes-viral-7066320/
https://www.ndtv.com/offbeat/worker-bathes-in-milk-at-dairy-plant-arrested-after-video-goes-viral-2322817
ਸ੍ਰੀ ਸੰਘਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਔਖੇ ਸਮੇਂ ਦੌਰਾਨ ਵੇਰਕਾ ਨੇ ਡੇਅਰੀ ਦੇ ਕੁੁਆਲਿਟੀ ਮਾਪਦੰਡਾਂ ਅਨੁੁਸਾਰ ਦੁੱਧ ਦੀ ਸੰਭਾਲ ਕੀਤੀ ਅਤੇ ਆਪਣੇ ਖਪਤਕਾਰਾਂ ਨੂੰ ਸ਼ੁੱਧ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਮੁੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ।ਉਨ੍ਹਾਂ ਦੱਸਿਆ ਕਿ ਵੇਰਕਾ ਪਿਛਲੇ 50 ਸਾਲ ਤੋਂ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨਾ ਸਿਰਫ਼ ਭਾਰਤੀ ਬਲਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਕਰ ਰਿਹਾ ਹੈ। ਇਸ ਦੇ ਸ਼ੁੱਧ, ਗੁੁਣਵੱਤਾ ਭਰਪੂਰ ਅਤੇ ਭਰੋਸੇਮੰਦ ਉਤਪਾਦਾਂ ਨੂੰ ਆਪਣੇ ਗਾਹਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲਣ ਕਾਰਨ ਵੇਰਕਾ ਦੀ ਵਿਕਰੀ ਵਿੱਚ ਭਰਪੂਰ ਵਾਧਾ ਹੋਇਆ ਹੈ। ਵਿੱਤੀ ਸਾਲ 2021-22 ਦੌਰਾਨ ਮਿਲਕਫ਼ੈੱਡ ਨੇ ਵਿੱਤੀ ਸਾਲ 2020-21 ਦੀ ਵਿਕਰੀ ਪ੍ਰਾਪਤੀ ਦੇ ਮੁੁਕਾਬਲੇ ਪੈਕਟ ਵਾਲੇ ਦੁੱਧ ਵਿੱਚ 10%, ਦਹੀਂ ਵਿੱਚ 38%, ਲੱਸੀ ਵਿੱਚ 24% ਅਤੇ ਖੀਰ ਵਿੱਚ 30% ਸਾਲਾਨਾ ਵਾਧਾ ਦਰਜ ਕੀਤਾ। ਇਸੇ ਤਰ੍ਹਾਂ ਮਿਲਕਫ਼ੈੱਡ ਨੇ ਡੇਅਰੀ ਵਾਈਟਨਰ ਵਿੱਚ 82%, ਆਈਸਕਰੀਮ ਵਿੱਚ 51%, ਯੂ.ਐਚ.ਟੀ. ਦੁੱਧ ਵਿੱਚ 31%, ਘਿਉ ਵਿੱਚ 14%, ਮਿੱਠੇ ਦੁੱਧ ਵਿੱਚ 39% ਅਤੇ ਲੱਸੀ ਵਿੱਚ ਵੀ 39% ਦੀ ਵਿਕਰੀ ਦਾ ਰਿਕਾਰਡ ਵਾਧਾ ਦਰਜ ਕੀਤਾ ਹੈ। ਇਸ ਤੋਂ ਜ਼ਾਹਿਰ ਹੈ ਕਿ ਵੇਰਕਾ ਦੇ ਤੇਜ਼ੀ ਨਾਲ ਵੱਧ ਰਹੇ ਵਪਾਰ ਅਤੇ ਚੰਗੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਨੇ ਸਾੜੇ ਦੀ ਭਾਵਨਾ ਨਾਲ ਇਸ ਵੀਡੀਉ ਉਪਰ ਵੇਰਕਾ ਦਾ ਨਾਮ ਵਰਤਿਆ ਹੈ।
ਕਿਸਾਨੀ ਮੰਗਾਂ ਨੂੰ ਲੈ ਕੇ 17 ਮਈ ਨੂੰ ਚੰਡੀਗਡ਼੍ਹ ਵਿਖੇ ਕਿਸਾਨ ਲਗਾਉਣਗੇ ਪੱਕਾ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 6 ਮਈ-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਜੋਧਾ ਸਿੰਘ ਨੰਗਲਾ ਦੀ ਅਗਵਾਈ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਕੀਤੀ ਗਈ। ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਸੰਯੁਕਤ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਅੱਜ ਜਿਲਾ ਬਠਿੰਡਾ ਦੀ ਭਰਵੀ ਮੀਟਿੰਗ ਕਰਕੇ ਆਗੂਆ ਵਰਕਰਾ ਨੂੰ ਦੱਸਿਆ ਕਿ 17 ਮਈ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਤੇ ਕੇਦਰ ਸਰਕਾਰਾ ਵੱਲੋ ਕਿਸਾਨੀ ਕਿੱਤੇ ਨੂੰ ਕਾਰਪੋਰੇਟ ਘਰਾਣਿਆ ਦੇ ਹੱਥ ਦੇਣ ਜਾ ਰਹਿਆ ਤੇ ਭਾਖੜਾ ਮੈਨੇਜਮੈਂਟ ਬੋਰਡ ਤੇ ਕਬਜਾ ਕਰਨਾ ਪਿੰਡਾ ਸਹਿਰਾ ਚ ਚਿੱਪਾ ਵਾਲੇ ਮੀਟਰ ਲਾਉਣੇ ਫਸਲਾਂ ਦਾ ਪੂਰਾ ਭਾਅ ਨਾ ਦੇਣ ਕਾਰਨ ਚੜਿਆ ਕਰਜਾ ਖਤਮਾ ਕਰਨਾ ਮੱਕੀ, ਮੁੰਗੀ, ਸਬਜੀ, ਦੁੱਧ, ਆਦਿ ਦੇ ਭਾਅ ਐੱਮ, ਐਸ, ਪੀ,ਗਾਰੰਟੀ ਕਾਨੂੰਨ ਅਨੁਸਾਰ ਦੇਣੇ। ਆਗੂਆ ਨੇ ਦੱਸਿਆ ਕਿ ਜਦੋ ਕਿ ਅਦਾਰਾ ਆਪਣੀ ਵਸਤੂ ਤਿਆਰ ਕਰਨ ਲਈ ਲਾਗਤ ਖਰਚ ਜੋੜ ਕੇ ਉਸ ਦਾ ਰੇਟ ਬਣਾ ਕੇ ਬਜਾਰ ਵਿੱਚ ਬਚਤ ਮੁਨਾਫਾ ਤੈਅ ਕਰਕੇ ਮਾਰਕੀਟ ਵਿੱਚ ਵੇਚਿਆ ਜਾਦਾ ਹੈ ਸਰਕਾਰ ਦੀ ਮਿਲੀਭੁਗਤ ਕਾਰਨ ਕਿਸਾਨ ਦੀ ਫਸਲ ਦਾ ਪੂਰਾ ਭਾਅ ਕੀਮਤ ਸੂਚਕ ਅੰਕ ਮੁਤਾਬਕ ਨਹੀ ਦਿੱਤਾ ਜਾਦਾ ਜਿਸ ਦਾ ਵੱਡਾ ਕਾਰਨ ਜਮੀਨਾ ਤੇ ਕਾਰਪੋਰੇਟ ਘਰਾਣਿਆ ਨੂੰ ਕਬਜਾ ਕਰਨਾ ਜਿਵੇ ਕਿ ਖਾਦ ,ਕੀਟਨਾਸ਼ਕ ,ਦਵਾਈ ਡੀਜ਼ਲ ਆਦਿ ਦੇ ਰੇਟਾ ਵਿੱਚ ਕਈ ਗੁਣਾ ਵਾਧਾ ਕਰਕੇ ਕਿਸ਼ਾਨ ਨੂੰ ਮੰਦਹਾਲੀ ਵੱਲ ਧੱਕਣਾ । ,ਇਨਾ ਮੰਗਾ ਨੂੰ ਲਾਗੂ ਕਰਵਾਉਣ ਲਈ ਪਿੰਡਾ ਵਿੱਚੋ ਲੰਗਰ ਰਸਦ, ਟਰੈਕਟਰ, ਟਰਾਲੀਆ ਸਮੇਤ ਚੰਡੀਗੜ੍ਹ ਦੇ ਗੁਰੂਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਵਿਧਾਨ ਸਭਾ ਅੱਗੇ ਅਣਮਿਥੇ ਸਮੇ ਲਈ ਮੋਰਚਾ ਲਾਇਆ ਜਾਵੇਗਾ। ਮੀਟਿੰਗ ਵਿੱਚ ਸ਼ਾਮਲ ਆਗੂ ਮੁਖਤਿਆਰ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਜਬਰਜੰਗ ਸਿੰਘ ਬਲਵਿੰਦਰ ਸਿੰਘ ਭੋਲਾ ਸਿੰਘ ਸੁਖਦੇਵ ਸਿੰਘ ਜਵਾਹਰ ਸਿੰਘ ਜਸਵੀਰ ਸਿੰਘ ਇਨਾ ਤੋ ਇਲਾਵਾ ਹੋਰ ਕਿਸਾਨ ਆਗੂ ਸ਼ਾਮਲ ਸਨ।
ਆਂਗਣਵਾੜੀ ਸੈਂਟਰਾਂ ਦਾ ਸਮਾਂ ਕੀਤਾ ਜਾਵੇ ਤਬਦੀਲ , ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਕੀਤੀਆਂ ਜਾਣ ਛੁੱਟੀਆਂ – ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ, 6 ਮਈ- ਇਸ ਸਮੇਂ ਲੋਹੜੇ ਦੀ ਗਰਮੀ ਪੈ ਰਹੀ ਹੈ ਤੇ ਤਾਪਮਾਨ ਵੀ 45 ਡਿਗਰੀ ਤੱਕ ਚਲਾ ਜਾਂਦਾ ਹੈ । ਅਗਲੇ ਦਿਨਾਂ ਵਿੱਚ ਤਾਪਮਾਨ 46-47 ਡਿਗਰੀ ਤੱਕ ਚਲੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ । ਪਰ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਾ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਵੱਲ ਕੋਈ ਧਿਆਨ ਨਹੀਂ ਹੈ । ਵੱਧ ਰਹੀ ਗਰਮੀਂ ਨੂੰ ਵੇਖਦਿਆਂ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ ਤਾਂ ਤਬਦੀਲ ਕਰ ਦਿੱਤਾ ਹੈ ਤੇ ਹੁਣ ਇਹ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਲੱਗਦੇ ਹਨ । ਪਰ ਆਂਗਣਵਾੜੀ ਸੈਂਟਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜ਼ੇ ਤੱਕ ਲੱਗਦੇ ਹਨ ਤੇ ਇਹਨਾਂ ਦਾ ਸਮਾਂ ਤਬਦੀਲ ਨਹੀਂ ਕੀਤਾ ਗਿਆ । ਜਿਸ ਕਰਕੇ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ ਬੱਚੇ ਅਤੇ ਵਰਕਰਾਂ ਤੇ ਹੈਲਪਰਾਂ ਪ੍ਰੇਸ਼ਾਨ ਹੋ ਰਹੀਆਂ ਹਨ । ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਤੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ ਦਾ ਸਮਾਂ ਵੀ ਤਬਦੀਲ ਕੀਤਾ ਜਾਵੇ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਤਾਂ ਛੁੱਟੀਆਂ ਵੀ 15 ਮਈ ਤੋਂ 30 ਜੂਨ ਤੱਕ ਕੀਤੀਆਂ ਜਾ ਰਹੀਆਂ ਹਨ । ਪਰ ਆਂਗਣਵਾੜੀ ਸੈਂਟਰਾਂ ਵਿੱਚ ਸਿਰਫ਼ 15 ਦਿਨਾਂ ਦੀਆਂ ਛੁੱਟੀਆਂ 15 ਜੂਨ ਤੋਂ 30 ਜੂਨ ਤੱਕ ਹੀ ਕੀਤੀਆਂ ਜਾਣੀਆਂ ਹਨ । ਉਹਨਾਂ ਕਿਹਾ ਕਿ ਕੀ ਆਂਗਣਵਾੜੀ ਸੈਂਟਰਾਂ ਵਿੱਚ ਗਰਮੀਂ ਨਹੀਂ ਲੱਗਦੀ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਉਹਨਾਂ ਨੇ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਡਾਇਰੈਕਟਰ ਅਰਵਿੰਦਰ ਪਾਲ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਭੇਜੇ ਹਨ ।
ਚੌਹਾਲ ਨੇਚਰ ਅਵੇਅਰਨੈਸ ਕੈਂਪ ਦੀ ਸਥਾਪਤੀ ਨਾਲ ਖਿੱਤਾ ਦੁਨੀਆਂ ਦੇ ਨਕਸ਼ੇ ਉੱਤੇ ਉੱਭਰੇਗਾ: ਲਾਲ ਚੰਦ ਕਟਾਰੂਚੱਕ
ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਈਕੋ ਟੂਰਿਜ਼ਮ ਦੀ ਵੱਡੀ ਭੂਮਿਕਾ
ਪ੍ਰਾਜੈਕਟ ਉੱਤੇ ਖਰਚ ਹੋਣਗੇ 4 ਕਰੋੜ ਰੁਪਏ
ਸੁਖਜਿੰਦਰ ਮਾਨ
ਹੁਸ਼ਿਆਰਪੁਰ, 6 ਮਈ:’‘ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਣ ਵਿੱਚ ਈਕੋ ਟੂਰਿਜ਼ਮ ਬਹੁਤ ਵੱਡੀ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਰੋਜ਼ਗਾਰ ਸਿਰਜਣ ਵਿੱਚ ਵੀ ਈਕੋ ਟੂਰਿਜ਼ਮ ਦਾ ਅਹਿਮ ਕਿਰਦਾਰ ਹੈ।” ਇਹ ਵਿਚਾਰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹੁਸ਼ਿਆਰਪੁਰ ਵਿਖੇ ਚੌਹਾਲ ਨੇਚਰ ਅਵੇਅਰਨੈਸ ਕੈਂਪ ਦੇ ਨਿਰੀਖਣ ਮੌਕੇ ਪ੍ਰਗਟ ਕੀਤੇ।ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਇਸ ਸੁਪਨਮਈ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਉਹ ਮੁੱਖ ਮੰਤਰੀ ਦੀਆਂ ਹਦਾਇਤਾਂ ਉੱਤੇ ਇਸ ਪ੍ਰਾਜੈਕਟ ਦੇ ਕੰਮਕਾਜ ਦਾ ਬਾਰੀਕੀ ਨਾਲ ਹਰ ਪੱਖ ਤੋਂ ਜਾਇਜਾ ਲੈਣ ਆਏ ਹਨ। ਉਹਨਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹੇ ਜਾਣ ਵਾਲੇ ਇਸ ਪ੍ਰਾਜੈਕਟ ਤਹਿਤ ਚੌਹਾਲ ਡੈਮ ਦੇ ਨੇੜੇ ਇਕ ਨੇਚਰ ਅਵੇਅਰਨੈਸ ਕੈਂਪ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਇਕ ਨੇਚਰ ਟਰੇਲ, ਐਡਵੈਂਚਰ ਅਤੇ ਵਾਟਰ ਸਪੋਰਟਸ ਅਤੇ 5 ਟੈਂਟ ਵਾਲੀਆਂ ਰਿਹਾਇਸ਼ਾਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਥਾਨਕ ਰੈਸਟ ਹਾਊਸ ਦੀ ਦਿੱਖ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹ ਪ੍ਰਾਜੈਕਟ ਸੈਲਾਨੀਆਂ ਲਈ ਬੇਹੱਦ ਖਿੱਚ ਦਾ ਕੇਂਦਰ ਸਾਬਤ ਹੋਵੇਗਾ ਜਿਸ ਨਾਲ ਇਸ ਖਿੱਤੇ ਨੂੰ ਸੈਰ-ਸਪਾਟੇ ਪੱਖੋਂ ਦੁਨੀਆਂ ਦੇ ਨਕਸ਼ੇ ਉੱਪਰ ਉੱਭਰਨ ਵਿੱਚ ਕਾਫੀ ਮਦਦ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿੱਚ ਸੈਰ-ਸਪਾਟਾ ਵਿਸ਼ਵ ਭਰ ਵਿੱਚ ਅਰਥਚਾਰੇ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੀ ਪੁਰਜੋਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਖੇਤਰ ਵਿੱਚ ਮੌਜੂਦ ਅਸੀਮਿਤ ਸਮਰੱਥਾਵਾਂ ਦਾ ਭਰਪੂਰ ਇਸਤਿਮਾਲ ਕਰਦੇ ਹੋਏ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇ।ਉਨ੍ਹਾਂ ਇਸ ਮੌਕੇ ਥਾਨਾ ਡੈਮ ਦਾ ਦੌਰਾ ਵੀ ਕੀਤਾ। ਇਸ ਮੌਕੇ ਪੰਜਾਬ ਦੇ ਮਾਲ ਅਤੇ ਜਲ ਸਰੋਤ ਮੰਤਰੀ ਬ੍ਰਮ ਸ਼ੰਕਰ ਜਿੰਪਾ, ਟਾਂਡਾ ਉੜਮੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਪ੍ਰਮੁੱਖ ਮੁੱਖ ਵਣਪਾਲ ਪ੍ਰਵੀਨ ਥਿੰਦ ਤੇ ਮੁੱਖ ਵਣਪਾਲ (ਹੁਸ਼ਿਆਰਪੁਰ) ਸੰਜੀਵ ਤਿਵਾਰੀ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਵੱਲੋਂ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦਾ ਐਲਾਨ
ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਕਿਸਾਨਾਂ ਨੂੰ ਮੂੰਗੀ ਵਾਲੇ ਖੇਤ ਵਿਚ ਝੋਨੇ ਦੀ ਕਿਸਮ-126 ਜਾਂ ਬਾਸਮਤੀ ਲਾਉਣੀ ਹੋਵੇਗੀ
ਮਾਰਕੀਟ ਵਿਚ ਕੀਮਤਾਂ ਦੀ ਸਥਿਰਤਾ ਯਕੀਨੀ ਬਣਾਉਣ ਲਈ ਲਾਹੇਵੰਦ ਭਾਅ ਉਤੇ ਬਾਸਮਤੀ ਖਰੀਦਣ ਦਾ ਭਰੋਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਮਈ: ਪੰਜਾਬ ਵਿਚ ਖੇਤੀ ਵੰਨ-ਸੁਵੰਨਤਾ ਨੂੰ ਵੱਡੀ ਪੱਧਰ ਉਤੇ ਹੁਲਾਰਾ ਦੇਣ ਅਤੇ ਬਹੁਮੁੱਲੇ ਕੁਦਰਤੀ ਸਰੋਤ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰਨ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਉਤੇ ਖਰੀਦਣ ਦਾ ਐਲਾਨ ਕੀਤਾ ਹੈ। ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮੂੰਗੀ ਦੀ ਫਸਲ ਦਾ ਇਕ-ਇਕ ਦਾਣਾ ਸਮਰਥਨ ਮੁੱਲ ਉਤੇ ਖਰੀਦੇਗੀ ਪਰ ਕਿਸਾਨਾਂ ਲਈ ਇਹ ਸ਼ਰਤ ਹੋਵੇਗੀ ਕਿ ਉਨ੍ਹਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿਚ ਝੋਨੇ ਦੀ ਕਿਸਮ 126 ਜਾਂ ਬਾਸਮਤੀ ਦੀ ਫਸਲ ਲਾਉਣੀ ਹੋਵੇਗੀ ਕਿਉਂ ਜੋ ਇਹ ਦੋਵੇਂ ਫਸਲਾਂ ਪਾਣੀ ਦੀ ਘੱਟ ਖਪਤ ਅਤੇ ਥੋੜ੍ਹੇ ਸਮੇਂ ਵਿਚ ਤਿਆਰ ਹੋਣ ਵਾਲੀਆਂ ਹਨ।
ਮੁੱਖ ਮੰਤਰੀ ਨੇ ਕਿਹਾ, “ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਕਿਸਾਨਾਂ ਨੂੰ ਮੂੰਗੀ ਦੀ ਪੈਦਾਵਾਰ ਸਮਰਥਨ ਮੁੱਲ ਉਤੇ ਖਰੀਦਣ ਦਾ ਪੱਕਾ ਭਰੋਸਾ ਦੇ ਰਹੀ ਹੋਵੇ। ਇਸ ਨਾਲ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਦਰਮਿਆਨ ਇਕ ਹੋਰ ਫਸਲ ਬੀਜਣ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ਉਤੇ ਵੀ ਲਾਭ ਹੋਵੇਗਾ।”
ਦੱਸਣਯੋਗ ਹੈ ਕਿ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਪੰਜਾਬ ਵਿਚ ਮੌਜੂਦਾ ਸਾਲ ਵਿਚ ਹੁਣ ਤੱਕ ਲਗਪਗ 77,000 ਏਕੜ ਰਕਬਾ ਮੂੰਗੀ ਦੀ ਕਾਸ਼ਤ ਹੇਠ ਆ ਚੁੱਕਾ ਹੈ ਜਦਕਿ ਬੀਤੇ ਵਰ੍ਹੇ ਲਗਪਗ 50,000 ਏਕੜ ਰਕਬਾ ਇਸ ਦੀ ਕਾਸ਼ਤ ਹੇਠ ਸੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਲਾਹੇਵੰਦ ਭਾਅ ਉਤੇ ਬਾਸਮਤੀ ਦੀ ਖਰੀਦ ਕਰੇਗੀ ਤਾਂ ਕਿ ਕਿਸਾਨਾਂ ਨੂੰ ਕਿਸੇ ਘਾਟੇ ਤੋਂ ਬਚਾਉਣ ਲਈ ਮਾਰਕੀਟ ਦੀਆਂ ਕੀਮਤਾਂ ਵਿਚ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਰੁਝਾਨ ਨੂੰ ਪ੍ਰਫੁੱਲਤ ਕਰਨ ਲਈ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ।
ਖ਼ੂਨ ਹੋਇਆ ਚਿੱਟਾ: ਨੂੰਹ ਦੇ ਐਨ.ਆਰ.ਆਈ ਭਰਾ ਨੇ ਕੀਤਾ ਸੀ ਲੁਧਿਆਣਾ ’ਚ ਬਜ਼ੁਰਗ ਜੋੜੇ ਦਾ ਕਤਲ
ਭੈਣ ਤੇ ਭਣੌਈਏ ਵਿਚਕਾਰ ਚੱਲ ਰਿਹਾ ਸੀ ਵਿਵਾਦ
ਕਥਿਤ ਦੋਸ਼ੀ ਇਸਦੇ ਲਈ ਭੈਣ ਦੇ ਸਹੁਰੇ ਤੇ ਸੱਸ ਨੂੰ ਮੰਨ ਰਿਹਾ ਸੀ ਜਿੰਮੇਵਾਰ
ਇੰਗਲੈਂਡ ਦਾ ਜੰਮਪਲ ਹੈ ਕਥਿਤ ਦੋਸ਼ੀ ਚਰਨਜੀਤ ਸਿੰਘ
ਸੁਖਜਿੰਦਰ ਮਾਨ
ਲੁਧਿਆਣਾ, 6 ਮਈ : ਲੰਘੀ ਮੰਗਲਵਾਰ ਦੀ ਸ਼ਾਮ ਨੂੰ ਲੁਧਿਆਣਾ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿਚ ਆਮਦਨ ਕਰ ਵਿਭਾਗ ਦੇ ਸਾਬਕਾ ਅਧਿਕਾਰੀ ਤੇ ਉਸਦੀ ਪਤਨੀ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਨੂੰ ਅੱਜ ਪੁਲਿਸ ਨੇ ਸੁਲਝਾ ਲਿਆ ਹੈ। ਇਸ ਘਟਨਾ ਨੂੰ ਅੰਜਾਮ ਮਿ੍ਰਤਕ ਜੋੜੇ ਦੇ ਛੋਟੇ ਪੁੱਤਰ ਦੇ ਸਕੇ ਸਾਲੇ ਨੇ ਦਿੱਤਾ ਸੀ। ਅਸਲ ਵਿਚ ਕਥਿਤ ਦੋਸ਼ੀ ਚਰਨਜੀਤ ਸਿੰਘ ਦੇ ਭੈਣ ਤੇ ਭਣੌਈਏ ਵਿਚਕਾਰ ਵਿਵਾਦ ਚੱਲ ਰਿਹਾ ਸੀ ਤੇ ਉਸਨੂੰ ਸ਼ੱਕ ਸੀ ਕਿ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਪਿੱਛੇ ਉਸਦੇ ਸੱਸ ਤੇ ਸਹੁਰੇ ਦਾ ਹੱਥ ਹੈ, ਜਿਸਦੇ ਚੱਲਦੇ ਉਸਨੇ ਦੋਨਾਂ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਚਰਨਜੀਤ ਇੰਗਲੈਂਡ ਦਾ ਜੰਮਪਲ ਹੈ ਤੇ ਉਥੇ ਹੀ ਉਸਨੇ ਲੰਡਨ ਯੂਨੀਵਰਸਿਟੀ ਤੋਂ ਬੀਐਸਸੀ ਦੀ ਪੜਾਈ ਕੀਤੀ ਹੈ। ਹਾਲਾਂਕਿ ਉਸਦਾ ਵਿਆਹ ਵੀ ਕਾਫ਼ੀ ਸਾਲ ਪਹਿਲਾਂ ਲੁਧਿਆਣਾ ਦੀ ਇੱਕ ਲੜਕੀ ਨਾਲ ਹੋਇਆ ਸੀ ਪ੍ਰੰਤੂ ਉਹ ਮੂਲ ਤੌਰ ’ਤੇ ਇੰਗਲੈਂਡ ਵਿਚ ਰਹਿ ਰਿਹਾ ਸੀ। ਇਸ ਕੰਮ ਦੇ ਲਈ ਉਹ ਗੁਪਤ ਤੌਰ ‘ਤੇ ਵਿਦੇਸ਼ ਵਿਚੋਂ ਆਇਆ ਸੀ ਤੇ ਉਸਨੇ ਇਸ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਜਾਣਾ ਸੀ। ਮਿ੍ਰਤਕ ਜੋੜੇ ਦਾ ਪੁੱਤਰ ਵੀ ਪਹਿਲਾਂ ਇੰਗਲੈਂਡ ਗਿਆ ਸੀ ਪ੍ਰੰਤੂ ਪਤਨੀ ਨਾਲ ਵਿਵਾਦ ਹੋਣ ਤੋਂ ਬਾਅਦ ਕੈਨੇਡਾ ਚਲਾ ਗਿਆ ਸੀ। ਮਿ੍ਰਤਕ ਸੁਖਦੇਵ ਸਿੰਘ (68) ਅਪਣੀ ਪਤਨੀ ਗੁਰਪ੍ਰੀਤ ਕੌਰ (62) ਨਾਲ ਲੁਧਿਆਣਾ ਵਿਚ ਹੀ ਰਹਿ ਰਿਹਾ ਸੀ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਕਥਿਤ ਦੋਸ਼ੀ ਨੇ ਮਿ੍ਰਤਕ ਸੁਖਦੇਵ ਸਿੰਘ ਦੇ ਘਰ ਦੀ ਰੇਕੀ ਵੀ ਕੀਤੀ ਸੀ ਤੇ ਰਾਤ ਨੂੰ ਉਹ ਵਾਪਸ ਘਰ ਆਇਆ। ਪ੍ਰੰਤੂ ਇਸ ਦੌਰਾਨ ਪੁਰਾਣੀਆਂ ਗੱਲਾਂ ਨੂੰ ਲੈ ਕੇ ਤਕਰਾਰ ਹੋਣੀ ਸ਼ੁਰੂ ਹੋ ਗਈ ਤੇ ਚਰਨਜੀਤ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਇਸਤੋਂ ਪਹਿਲਾਂ ਮਿ੍ਰਤਕ ਸੁਖਦੇਵ ਸਿੰਘ ਤੇ ਚਰਨਜੀਤ ਸਿੰਘ ਵਿਚਕਾਰ ਕਾਫ਼ੀ ਹੱਥੋਪਾਈ ਵੀ ਹੋਈ। ਵੱਡੀ ਗੱਲ ਇਹ ਵੀ ਹੈ ਕਿ ਘਟਨਾ ਸਮੇਂ ਹੀ ਲੁਧਿਆਣਾ ’ਚ ਹੀ ਰਹਿੰਦੀ ਸੁਖਦੇਵ ਸਿੰਘ ਦੀ ਲੜਕੀ ਰਿੰਪੀ ਦਾ ਉਸਨੂੰ ਫ਼ੋਨ ਆਇਆ ਸੀ ਤੇ ਇਸ ਦੌਰਾਨ ਹੀ ਇਹ ਵਾਰਦਾਤ ਹੋਈ ਤੇ ਫ਼ੋਨ ਕੱਟਿਆ ਗਿਆ ਤੇ ਜਦ ਕਿਸੇ ਸ਼ੰਕਾ ਨੂੰ ਭਾਂਪਦਿਆਂ ਉਕਤ ਲੜਕੀ ਅਪਣੇ ਮਾਪਿਆਂ ਦੇ ਘਰ ਆਈ ਤਾਂ ਦੋਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕਤਲ ਤੋਂ ਬਾਅਦ ਚਰਨਜੀਤ ਸਿੰਘ ਘਰ ਦੇ ਗੇਟ ਨਾਲ ਲੱਗਦੀ ਕੰਧ ਟੱਪ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਵਲੋਂ ਘਟਨਾ ਸਮੇਂ ਵਰਤੀ ਗਈ ਕਾਰ ਤੇ ਹਥਿਆਰ ਨੂੰ ਬਰਾਮਦ ਕਰਵਾਇਆ ਜਾਵੇਗਾ।
ਏਮਜ ਬਠਿੰਡਾ ਵਿੱਚ ਵਿਸਵ ਹੱਥਾਂ ਦੀ ਸਫਾਈ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 6 ਮਈ : ਏਮਜ ਬਠਿੰਡਾ ਵਿੱਚ ਡਾਇਰੇਕਟਰ ਦਿਨੇਸ ਕੁਮਾਰ ਸਿੰਘ ਅਤੇ ਡੀਨ (ਡਾ) ਸਤੀਸ ਗੁਪਤਾ ਦੀ ਅਗਵਾਈ ਹੇਠ ਵਿਸਵ ਹੱਥਾਂ ਦੀ ਸਫਾਈ ਦਿਵਸ ਮਨਾਇਆ ਗਿਆ। ਇਸ ਮੌਕੇ ਪੂਰੇ ਹਸਪਤਾਲ ਵਿੱਚ ਹੱਥਾਂ ਦੀ ਸਫਾਈ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਨਾਟਕ ਪੇਸਕਾਰੀਆਂ ਰਾਹੀਂ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਹਸਪਤਾਲ ਦੇ ਸਟਾਫ ਨੂੰ ਮਰੀਜਾਂ ਦੀ ਦੇਖਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਹੱਥਾਂ ਦੀ ਸਹੀ ਸਫਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋ (ਡਾ) ਦਿਨੇਸ ਕੁਮਾਰ ਸਿੰਘ ਨੇ ਹੱਥਾਂ ਦੀ ਸਹੀ ਸਫਾਈ ਦੇ ਮਹੱਤਵ ਅਤੇ ਹਸਪਤਾਲ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਇਸਦੀ ਭੂਮਿਕਾ ਬਾਰੇ ਦੱਸਦੇ ਹੋਏ ਐਂਟੀਬਾਇਓਟਿਕਸ ਦੇ ਸਹੀ ਉਪਯੋਗ ਤੇ ਜ਼ੋਰ ਦਿੱਤਾ। ਪ੍ਰੋ (ਡ ਸਤੀਸ ਗੁਪਤਾ ਨੇ ਏਮਜ ਕੈਂਪਸ ਵਿੱਚ ਮੁਹਿੰਮ ਨੂੰ ਬੜ੍ਹਾਵਾ ਦੇਣ ਲਈ ਡਾਇਰੈਕਟਰ ਸਰ ਨੂੰ ਹੱਥਾਂ ਦੀ ਸਫਾਈ ਦਾ ਇੱਕ ਪ੍ਰੇਰਨਾਦਾਇਕ ਬੈਚ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਅਤੇ ਨਰਸਿੰਗ ਕਾਲਜ ਦੇ ਫੈਕਲਟੀ ਮੈਂਬਰ ਤੇ ਹਸਪਤਾਲ ਇਨਫੈਕਸਨ ਕੰਟਰੋਲ ਕਮੇਟੀ ਦੇ ਮੈਂਬਰ ਹਾਜਰ ਸਨ।




