ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਨੌਜਵਾਨ ਟਕਸਾਲੀ ਆਗੂ ਬਲਕਰਨ ਘੁੰਮਣ ਨੂੰ ਇੱਕ ਵਾਰ ਫੇਰ ਵੱਡੀ ਜੁਮੰਵਾਰੀ ਦਿੰਦੇ ਹੋਏ ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ! ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰੁਣ ਵਧਾਵਨ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ! ਬਲਕਰਨ ਘੁੰਮਣ ਦੂਜੀ ਵਾਰ ਸ਼ਹਿਰੀ ਕਾਂਗਰਸ ਦੇ ਜਨਰਲ ਸਕੱਤਰ ਬਣੇ ਹਨ ! ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਬਲਕਰਨ ਘੁੰਮਣ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਜਥੇਬੰਦੀਆਂ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਰਹੇ ਹਨ ਅਤੇ ਪਾਰਟੀ ਦੀ ਹਰ ਜਥੇਬੰਦੀ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ! ਇਸ ਮੌਕੇ ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਦਾ ਧੰਨਵਾਦ ਕਰਦਿਆਂ ਕਿਹਾ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਨੌਜਵਾਨਾਂ ਨੂੰ ਪਾਰਟੀ ਨਾਲ ਜੋਡ਼ਨ ਲਈ ਦਿਨ ਰਾਤ ਕੰਮ ਕਰਨਗੇ ਅਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ! ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਚਰਨਜੀਤ ਸਿੰਘ ਚੰਨੀ ਲੋਕ ਭਲਾਈ ਵਾਲੇ ਕੀਤੇ ਕੰਮਾਂ ਨੂੰ ਅਤੇ ਵਿੱਤ ਮੰਤਰੀ ਵੱਲੋਂ ਕੀਤੇ ਗਏ ਵਿਕਾਸ ਨੂੰ ਬਠਿੰਡਾ ਦੇ ਹਰ ਘਰ ਵਿੱਚ ਪਹੁੰਚਾਇਆ ਜਾਵੇਗਾ !ਉਨ੍ਹਾਂ ਕਿਹਾ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕ ਪੱਖੀ ਫ਼ੈਸਲੇ ਹਨ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ !
ਬਲਕਰਨ ਘੁੰਮਣ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਜਨਰਲ ਸਕੱਤਰ ਨਿਯੁਕਤ
ਚੋਣ ਕਮਿਸ਼ਨ ਵੱਲੋਂ ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਜਾਰੀ
ਚੋਣ ਪ੍ਰਚਾਰ ਲਈ ਤੈਅ ਸਮਾਂ ਸਮਾਪਤੀ ਤੋਂ ਬਾਅਦ ਲਾਗੂ ਕੀਤੀਆ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜਾਰੀ
ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਰੇਡੀਓ ਤੇ ਟੀ.ਵੀ. ਉਪਰ ਇਸ਼ਤਿਹਾਰ ਪ੍ਰਸਾਰਨ ਹੋਵੇਗਾ ਬੰਦ
ਸੁਖਜਿੰਦਰ ਮਾਨ
ਚੰਡੀਗੜ, 17 ਫਰਵਰੀ : ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਮਿਤੀ 18 ਫਰਵਰੀ 2022 ਸ਼ਾਮ 6 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਰਾਜ ਦੇ ਸਮੂਹ ਜ਼ਿਲਾਂ ਚੋਣ ਅਫ਼ਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।ਪੰਜਾਬ ਰਾਜ ਵਿੱਚ 20 ਫਰਵਰੀ 2022 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵੋਟਾਂ ਪੈਣਗੀਆਂ। ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਮੁਕੰਮਲ ਹੋਣ ਲਈ ਤੈਅ ਸਮਾਂ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ ਸਮਾਂ ਸੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ ਅਤੇ ਜਿਲਾਂ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ ਵਿਚ ਸਿਰਫ ਰਜਿਸਟਰ ਵੋਟਰ ਹੀ ਹੋਣ ਉਸ ਤੋਂ ਇਲਾਵਾ ਬਾਹਰੀ ਵਿਅਕਤੀ ਨਾ ਹੋਵੇ ਪ੍ਰੰਤੂ ਜਿਸ ਹਲਕੇ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈ ਰਹੀਆਂ ਹਨ ਉਸ ਹਲਕੇ ਦੇ ਚੁਣੇ ਹੋਏ ਐਮ.ਪੀ. ਜਾਂ ਐਮ.ਐਲ.ਏ ਜੇਕਰ ਉਸ ਹਲਕੇ ਦਾ ਵੋਟਰ ਨਾ ਵੀ ਹੋਵੇ ਤਾਂ ਵੀ ਉਸ ਨੂੰ ਹਲਕੇ ਵਿੱਚੋਂ ਬਾਹਰ ਜਾਣ ਲਈ ਨਹੀਂ ਕਿਹਾ ਜਾ ਸਕਦਾ।ਡਾ. ਰਾਜੂ ਨੇ ਦੱਸਿਆ ਕਿ ਇਨਾਂ ਹੁਕਮਾਂ ਦੀ ਪਾਲਣਾ ਲਈ ਚੋਣ ਅਮਲ ਵਿੱਚ ਲੱਗਿਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨਾਂ ਅਧੀਨ ਆਉਂਦੇ ਖੇਤਰ ਵਿੱਚ ਸਥਿਤ ਕਮਿਊਨਟੀ ਸੈਂਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਅਤੇ ਹੋਰ ਇਸ ਤਰਾਂ ਦੀ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨਾਂ ਥਾਵਾਂ ਵਿੱਚ ਠਹਿਰਨ ਵਾਲਿਆਂ ਦੀ ਸੂਚੀ ’ਤੇ ਨਿਗਾਹ ਰੱਖੀ ਜਾਵੇ। ਇਸ ਤੋਂ ਇਲਾਵਾ ਉਨਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ।ਉਨਾਂ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਜਿਨ੍ਹਾਂ ਰਾਜਨੀਤਿਕ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ ਉਹ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਨਿਸ਼ਚਿਤ ਸਮੇਂ ਤੱਕ ਜਿਸ ਹਲਕੇ ਵਿੱਚ ਉਨਾਂ ਦੀ ਵੋਟ ਬਣੀ ਹੈ, ਉਥੇ ਹੀ ਰਹਿਣਗੇ। ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂ ’ਤੇ ਲਾਗੂ ਨਹੀਂ ਹੋਣਗੇ।ਡਾ. ਰਾਜੂ ਨੇ ਕਿਹਾ ਕਿ ਚੋਣ ਲੜ ਰਹੀਆਂ ਪਾਰਟੀਆਂ ਦੇ ਰਾਜ ਇਕਾਈ ਦੇ ਇੰਚਾਰਜ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਪ੍ਰੰਤੂ ਉਹ ਇਸ ਸਮੇਂ ਦੌਰਾਨ ਪਾਰਟੀ ਦੇ ਰਾਜ ਮੁੱਖ ਦਫ਼ਤਰ ਅਤੇ ਆਪਣੇ ਰਿਹਾਇਸ਼ੀ ਸਥਾਨ ਜਿਸ ਬਾਰੇ ਕਿ ਉਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੋਵੇ ਦਰਮਿਆਨ ਹੀ ਆਉਣ ਜਾਣ ਦੀ ਪ੍ਰਵਾਨਗੀ ਹੋਵੇਗੀ।ਉਨਾਂ ਕਿਹਾ ਕਿ ਚੋਣ ਪ੍ਰਚਾਰ ਦਾ ਸਮਾਂ ਸਮਾਪਤੀ ਉਪਰੰਤ ਜੇਕਰ ਕੋਈ ਪ੍ਰਮੁੱਖ ਆਗੂ ਸਿਹਤ ਖਰਾਬ ਹੋਣ ਕਾਰਨ ਹਲਕੇ ਵਿੱਚੋਂ ਬਾਹਰ ਨਹੀਂ ਜਾਂਦਾ ਤਾਂ ਇਸ ਤਰਾਂ ਦੇ ਕੇਸ ਵਿੱਚ ਸਬੰਧਤ ਜ਼ਿਲ੍ਹਾ ਚੋਣ ਅਫ਼ਸਰ ਰਾਜ ਦੇ ਮੁੱਖ ਚੋਣ ਅਫ਼ਸਰ ਦੀ ਸਲਾਹ ਨਾਲ ਉਸ ਆਗੂ ਦੀ ਸਿਹਤ ਜਾਂਚ ਕਰਵਾਉਣ ਲਈ ਮੈਡੀਕਲ ਬੋਰਡ ਦੀ ਸਥਾਪਨਾ ਕਰੇਗਾ ਜੋ ਕਿ ਹਲਕੇ ਤੋਂ ਬਾਹਰ ਜਾਣ ਦੇ ਹੁਕਮਾਂ ਤੋਂ ਛੋਟ ਮੰਗ ਰਹੇ ਆਗੂ ਦੀ ਸਿਹਤ ਜਾਂਚ ਕਰੇਗਾ। ਇਸ ਦੌਰਾਨ ਬੋਰਡ ਵੱਲੋਂ ਮਰੀਜ਼ ਦੀ ਜਾਂਚ ਅਤੇ ਉਸਦੀ ਸਿਹਤ ਸਬੰਧੀ ਮੈਡੀਕਲ ਹਿਸਟਰੀ ਦੇ ਆਧਾਰ ’ਤੇ ਰਿਪੋਰਟ ਦਿੱਤੀ ਜਾਵੇਗੀ ਕਿ ਛੋਟ ਮੰਗ ਰਹੇ ਰਾਜਨੀਤਿਕ ਆਗੂ ਦੀ ਸਥਿਤੀ ਇਸ ਤਰਾਂ ਦੀ ਹੈ ਕਿ ਉਸਨੂੰ ਹਲਕੇ ਵਿੱਚੋਂ ਮੈਡੀਕਲ ਅਟੈਂਡੇਂਟ ਦੀ ਨਿਗਰਾਨੀ ਵਿੱਚ ਐਂਬੂਲੈਂਸ ਜਾਂ ਵਾਹਨ ਰਾਹੀਂ ਹਲਕੇ ਵਿੱਚੋਂ ਬਾਹਰ ਭੇਜਿਆ ਜਾ ਸਕਦਾ ਹੈ ਜਾ ਨਹੀਂ। ਹਲਕੇ ਵਿੱਚੋਂ ਬਾਹਰ ਜਾਣ ਸਬੰਧੀ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਤੋਂ ਛੋਟ ਦੇਣ ਲਈ ਕਮਿਸ਼ਨ ਮੈਡੀਕਲ ਬੋਰਡ ਵੱਲੋਂ ਦਿੱਤੀ ਗਈ ਰਿਪੋਰਟ ਮੁੱਖ ਚੋਣ ਅਫ਼ਸਾਰ ਰਾਹੀਂ ਪ੍ਰਾਪਤ ਕਰਨ ਉਪਰੰਤ ਹੀ ਫੈਂਸਲਾ ਦੇਵੇਗਾ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਅਤੇ ਟੈਲੀਵੀਜ਼ਨ ’ਤੇ ਹੋਣ ਵਾਲੇ ਪ੍ਰਚਾਰ ’ਤੇ ਵੀ ਰੋਕ ਲੱਗ ਜਾਵੇਗੀ। 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਰੇਡੀਓ ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007 ਜੇ ਐਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ. ਅਤੇ ਰੇਡੀਉ ਕਿਸੀ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨਾਂ ਕਿਹਾ ਕਿ ਮਿਤੀ 19 ਫਰਵਰੀ 2022 ਅਤੇ ਮਿਤੀ 20 ਫਰਵਰੀ 2022 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਵਿਚ ਭਾਗ ਲੈ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਆਪਣੇ ਇਸ਼ਤਿਹਾਰ ਚੋਣ ਦਫਤਰ ਦੀ ਪ੍ਰਵਾਨਗੀ ਉਪਰੰਤ ਹੀ ਛਾਪ ਸਕਦੇ ਹਨ। ਇਸ ਸਮੇਂ ਦੌਰਾਨ ਬਲਕ ਐਸ.ਐਮ.ਐਸ., ਸੋਸ਼ਲ ਮੀਡੀਆ ਅਤੇ ਆਈ.ਵੀ.ਆਰ.ਐਸ. ਸੁਨੇਹਿਆਂ ਰਾਹੀਂ ਵੀ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਪਾਬੰਦੀ ਰਹੇਗੀ। ਇਹ ਪਾਬੰਦੀ ਮਿਤੀ 20 ਫਰਵਰੀ, 2022 ਨੂੰ ਸ਼ਾਮ 6 ਵਜੇ ਤੱਕ ਲਾਗੂ ਹੋਵੇਗੀ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਪਿ੍ਰੰਟ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਰਾਜਸੀ ਪਾਰਟੀਆਂ, ਉਮੀਦਵਾਰਾਂ ਅਤੇ ਚੋਣਾਂ ਸਬੰਧੀ ਕਿਸੇ ਕਿਸਮ ਦੇ ਵੀ ਇਸ਼ਤਿਹਾਰ ਨੂੰ ਜਾਰੀ ਕਰਨ ਤੋਂ ਪਹਿਲਾਂ ਰਾਜ ਪੱਧਰੀ ਤੇ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।
ਬਠਿੰਡਾ ’ਚ ਕਾਂਗਰਸ ਨੂੰ ਵੱਡਾ ਝਟਕਾ,ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਸਾਥੀਆਂ ਨਾਲ ਆਪ ’ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 17 ਫ਼ਰਵਰੀ : ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਨਹਿਰੋਂ ਪਾਰ ਇਲਾਕੇ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਅਪਣੇ ਸੈਂਕੜੇ ਸਾਥੀਆਂ ਨਾਲ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ: ਗਿੱਲ ਨੇ ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਹੁਣ ਇਸ ਇਲਾਕੇ ਵਿਚ ਕਾਂਗਰਸ ਦਾ ਲੱਕ ਟੁੱਟ ਗਿਆ ਹੈ। ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਬਠਿੰਡਾ ਦੇ ਲੋਕ ਵਿਤ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਦੀਆਂ ਧੱਕੇਸ਼ਾਹੀਆਂ ਤੋਂ ਬਹੁਤ ਦੁਖੀ ਹਨ ਤੇ ਇਸਦਾ ਸਿੱਟਾ ਆਗਾਮੀ 20 ਫ਼ਰਵਰੀ ਨੂੰ ਵੋਟਾਂ ਦੇ ਰੂਪ ਵਿਚ ਸਾਹਮਣੇ ਆਵੇਗਾ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ 2017 ਵਿਚ ਥਰਮਲ ਪਲਾਂਟ ਚਾਲੂ ਕਰਨ ਸਹਿਤ ਦੋ ਦਰਜ਼ਨ ਤੋਂ ਵੱਧ ਵਾਅਦੇ ਬਠਿੰਡਾ ਵਾਲਿਆਂ ਨਾਲ ਕੀਤੇ ਗਏ ਪ੍ਰੰਤੂ ਉਨ੍ਹਾਂ ਦਾਅਵਿਆਂ ਦੇ ਉਲਟ ਨਾ ਸਿਰਫ਼ ਥਰਮਲ ਢਾਹ ਦਿੱਤਾ ਗਿਆ, ਬਲਕਿ ਸ਼ਹਿਰੀਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਗਈਆਂ। ਇਸ ਮੌਕੇ ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਨੇ ਕਿਹਾ ਕਿ ਅੱਜ ਬਠਿੰਡਾ ਵਿਚਂੋ ਇੱਕ ਅਵਾਜ਼ ਆਮ ਆਦਮੀ ਪਾਰਟੀ ਤੇ ਜਗਰੂਪ ਸਿੰਘ ਗਿੱਲ ਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ: ਗਿੱਲ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੇ ਦਰਜ਼ਨਾਂ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਲੰਬੀ ਹਲਕੇ ਤੋਂ ਪਹਿਲੀ ਵਾਰ ਗਰਜ਼ੇ ਸਾਬਕਾ ਮੁੱਖ ਮੰਤਰੀ: ਆਪ ਨੂੰ ਵੋਟਾਂ ਨਾ ਪਾਉਣ ਕੀਤੀ ਅਪੀਲ
ਕਿਹਾ ਕਿ ਆਮ ਆਦਮੀ ਪਾਰਟੀ ਨੁੰ ਵੋਟਾਂ ਪਾਉਣਾ ਪੰਜਾਬ ਨਾਲ ਧਰੋਹ ਕਮਾਉਣਾ ਹੋਵੇਗਾ
ਬਾਹਰਲਿਆਂ ਵੱਲੋਂ ਪੰਜਾਬ ਨੁੰ ਗੁਲਾਮ ਬਣਾਉਣ ਦਾ ਮੌਕਾ ਲੱਭਣ ਤੋਂ ਰੋਕਣ ਲਈ ਚੋਣਾਂ ਲੜ ਰਿਹਾ ਹਾਂ : ਬਾਦਲ
ਸੁਖਜਿੰਦਰ ਮਾਨ
ਲੰਬੀ, 17 ਫ਼ਰਵਰੀ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਲੰਬੀ ਹਲਕੇ ਤੋਂ ਚੋਣ ਲੜ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਉਹਨਾਂ ਨੁੰ ਵੋਟਾਂ ਨਾ ਪਾਉਣ ਜਿਹਨਾਂ ਦਾ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਆਪਣੀ ਵਫਾਦਾਰੀ ਵੇਚਣਾ ਤੈਅ ਹੈ ਤੇ ਇਹ ਲੋਕ ਚੋਣਾਂ ਮੁਕਣ ਮਗਰੋਂ ਆਪਣੇ ਨਿੱਜੀ ਮੁਫਾਦਾਂ ਲਈ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਜਾਣਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਥੇ ਕੀਤੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਇਹ ਤਜ਼ਰਬਾ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕਾਂ ਨੇ ਆਪਣੇ ਆਪ ਨੁੰ ਹੋਰਨਾਂ ਨੁੰ ਵੇਚ ਦਿੱਤਾ ਸੀ ਤੇ ਲੋਕਾਂ ਦੇ ਫਤਵੇ ਨਾਲ ਧੋਖਾ ਕੀਤਾ ਸੀ। ਉਹਨਾਂ ਕਿਹਾ ਕਿ ਪੰਜਾਬ ਨੁੰ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਜੋ ਅਸਥਿਰਤਾ ਤੇ ਹਫੜਾ ਦਫੜੀ ਤੋਂ ਬਚਾਵੇ। ਉਹਨਾਂ ਕਿਹਾ ਕਿ ਜੇਕਰ ਮੌਕਾਪ੍ਰਸਤ ਤੇ ਸਵਾਰਥੀ ਲੋਕਾਂ ਨੁੰ ਸੂਬਾ ਬਰਬਾਦ ਕਰਨ ਦਾ ਮੌਕਾ ਦੇ ਦਿੱਤਾ ਤਾਂ ਪੰਜਾਬ ਵਿਚ ਜੰਗਲ ਦਾ ਰਾਜ ਹੋ ਜਾਵੇਗਾ ਤੇ ਕਾਨੁੰਨ ਦਾ ਰਾਜ ਖਤਮ ਹੋ ਜਾਵੇਗਾ।ਉਨ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀਆਂ ਤੋਂ ਮੌਕਾ ਮੰਗਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਸੂਬੇ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਦੀ ਭਾਸ਼ਾ ਪੜ੍ਹਾਉਣ ’ਤੇ ਪਾਬੰਦੀ ਲਗਾ ਦਿੰਤੀ ਹੈ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਰਿਵੋਧ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਨੂੰ ਮੌਕਾ ਮਿਲ ਗਿਆ ਤਾਂ ਪੰਜਾਬ ਸਭ ਕੁਝ ਗੁਆ ਲਵੇਗਾ ਕਿਉਕਿ ਭਗਵੰਤ ਮਾਨ ਵਿਚ ਕੇਜਰੀਵਾਲ ਨੁੰ ਸੂਬੇ ਨੁੰ ਲੁੱਟਣ ਤੋਂ ਰੋਕਣ ਦੀ ਜੁਰੱਅਤ ਨਹੀਂ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੁੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਗਰੀਬਾਂ ਨੁੰ ਸ਼ਗਨ, ਆਟਾ ਦਾਲ ਜਾਂ ਬੁਢਾਪਾ ਪੈਨਸ਼ਨਾਂ ਦਾ ਲਾਭ ਦੇਣ ਜਾਂ ਫਿਰ ਸੂਬੇ ਵਿਚ ਐਕਸਪ੍ਰੈਸਵੇਅ ਬਣਾਉਦ, ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ, ਸੁਵਿਧਾ ਕੇਂਦਰ, ਮੈਰੀਟੋਰੀਅਸ ਸਕੂਲ, ਕੌਮਾਂਰਤੀ ਹਵਾਈ ਅੱਡੇ ਬਣਾਉਣ ਜਾਂ ਫਿਰ ਵਿਰਾਸਤ ਦੀ ਸੰਭਾਲ ਦੀ ਗੱਲ ਹੋਵੇ। ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੁੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜਿਹੀ ਗੱਲ ਦੱਸਣ ਜਿਹੜੇ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੋਵੇ ਤੇ ਨਿਭਾਈ ਨਾ ਹੋਵੇ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਬਾਹਰਲਿਆਂ ਨੂੰ ਪੰਜਾਬ ਵਿਚ ਜੜ੍ਹਾ ਲਗਾਉਣ ਤੇ ਫਿਰ ਸੁਬੇ ਦੇ ਲੋਕਾਂ ਨੁੰ ਗੁਲਾਮ ਬਣਾਉਣ ਦੇ ਯਤਨਾਂ ਨੂੰ ਰੋਕਣ ਲਈ ਚੋਣ ਲੜਨ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਮੈਂ ਸੂਬੇ ਦੀ ਸਿਆਸੀ ਸਥਿਰਤਾ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਉਣਾ ਚਾਹੁੰਦਾ ਹਾਂ ਜੋ ਕਿ ਵਿਕਾਸ ਤੇ ਪ੍ਰਗਤੀ ਲਈ ਮੁਢਲੀ ਸ਼ਰਤ ਹੈ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਸਲ ਵਿਚ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ,ਜਦੋਂਕਿ ਕਾਂਗਰਸ ਤੇ ਆਪ ਅੰਗਰੇਜ਼ਾਂ ਦੀ ਤਰ੍ਹਾਂ ਇੱਥੇ ਰਾਜ ਕਰਨ ਤੇ ਲੁੱਟਣ ਆਈਆਂ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਦਾ ਭਰੋਸਾ ਦਿਵਾਇਆ।
ਬੀ.ਐਫ.ਜੀ.ਆਈ. ਵਿਖੇ ਸਾਲਾਨਾ ਐਵਾਰਡ ਸਮਾਰੋਹ ਆਯੋਜਿਤ
ਬਠਿੰਡਾ, 17 ਫਰਵਰੀ :ਬੀ.ਐਫ.ਜੀ.ਆਈ. ਵਿਖੇ ਸੰਸਥਾ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਾਇਰੈਕਟਰ ਐਡਮਨ ਸ਼੍ਰੀ ਅਮਿਤੋਜ ਧਾਲੀਵਾਲ ਅਤੇ ਐਗਜ਼ੈਕਟਿਵ ਡਾਇਰੈਕਟਰ ਡਾ. ਅਮਾਨਤ ਧਾਲੀਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰਜ਼, ਅਸਿਸਟੈਂਟ ਡਾਇਰੈਕਟਰਜ਼, ਕੇਂਦਰੀ ਵਿਭਾਗ ਮੁਖੀਆਂ ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਡੀਨ, ਵਿਭਾਗ ਮੁਖੀਆਂ ਅਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਏ ਹੋਏ ਮਹਿਮਾਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਇਸ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਮਿੱਥੇ ਟੀਚਿਆਂ ਨੂੰ ਪੂਰਾ ਕਰ ਕੇ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਬੀ.ਐਫ.ਜੀ.ਆਈ. ਦੀ ਪਾਲਿਸੀ ਤਹਿਤ ਸਿਲਵਰ, ਗੋਲਡ ਅਤੇ ਪਲੈਟੀਨਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਭਾਗਾਂ ਅਤੇ ਸੈੱਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਿਸਰਚ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਖੋਜਕਰਤਾਵਾਂ ਨੂੰ ਵੀ ਖ਼ਾਸ ਤੌਰ ਤੇ ‘ਰਿਸਰਚ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਐਵਾਰਡ ਹਾਸਲ ਕਰਨ ਵਾਲਿਆਂ ਨੂੰ 3100 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਦੇ ਇਨਾਮ ਦਿੱਤੇ ਗਏ ਜਿਸ ਦੀ ਕੁੱਲ ਰਾਸ਼ੀ ਲਗਭਗ 35 ਲੱਖ ਰੁਪਏ ਬਣਦੀ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਬੀ.ਐਫ.ਜੀ.ਆਈ. ਨੂੰ 25 ਪੇਟੈਂਟਾਂ ਦੇ ਅਧਿਕਾਰ ਹਾਸਲ ਹੋ ਚੁੱਕੇ ਹਨ ਜਿਸ ਸਦਕਾ ਅਸੀਂ ਰਿਸਰਚ ਦੇ ਖੇਤਰ ਵਿੱਚ ਪੂਰੇ ਪੰਜਾਬ ਦੇ ਕਾਲਜਾਂ ਵਿੱਚੋਂ ਮੋਹਰੀ ਬਣ ਗਏ ਹਾਂ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਬੀ.ਐਫ.ਜੀ.ਆਈ. ਵੱਲੋਂ 6.5 ਕਰੋੜ ਦੇ 21 ਰਿਸਰਚ ਪ੍ਰੋਜੈਕਟ ਅਪਲਾਈ ਕੀਤੇ ਗਏ ਸਨ ਜਦੋਂ ਕਿ ਇਸ ਸਾਲ 50 ਪੇਟੈਂਟ ਅਤੇ 25 ਕਰੋੜ ਦੇ ਰਿਸਰਚ ਪ੍ਰੋਜੈਕਟ ਹਾਸਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸੰਸਥਾ ਨੂੰ ਹਰ ਖੇਤਰ ਵਿੱਚ ਬੁਲੰਦੀਆਂ ਤੇ ਲਿਜਾਣ ਲਈ ਸੰਸਥਾ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਵਧੀਆ ਪ੍ਰਦਰਸ਼ਨ ਅਤੇ ਸਹਿਯੋਗ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਨੇ ਕਿਹਾ ਅਜਿਹੇ ਐਵਾਰਡ ਸਮਾਗਮ ਆਯੋਜਿਤ ਕਰਨ ਨਾਲ ਉਨ੍ਹਾਂ ਦੀ ਹੌਸਲਾ ਅਫ਼ਜਾਈ ਹੁੰਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਹਰ ਸਾਲ ਕਿਸੇ ਨੇਕ ਕਾਰਜ ਨੂੰ ਸਮਰਪਿਤ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ ਇਹ ਵਰ੍ਹਾ 2022 ”ਸੈੱਲਫ਼ ਡਿਵੈਲਪਮੈਂਟ” ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੇ ਹਰ ਇੱਕ ਨੂੰ ਆਪਣੇ ਵਿਅਕਤੀਗਤ ਵਿਕਾਸ, ਆਪਣੇ ਵਿਭਾਗ ਅਤੇ ਆਪਣੀ ਸੰਸਥਾ ਦੇ ਵਿਕਾਸ ਦੇ ਨਾਲ-ਨਾਲ ਆਪਣੀ ਸਿਹਤ ਦੀ ਸੰਭਾਲ ਕਰਨ ਅਤੇ ਸ਼ਖ਼ਸੀਅਤ ਉਸਾਰੀ ਲਈ ਟੀਚਾ ਆਧਾਰਿਤ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਂ ਪੱਖੀ ਨਜ਼ਰੀਆ ਰੱਖ ਕੇ ਕਮੀਆਂ ਲੱਭਣ ਅਤੇ ਸੋਚਣ ਦੀ ਲੋੜ ਹੈ ਜਿਸ ਨਾਲ ਭਵਿੱਖ ਵਿੱਚ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧੀਆ ਸੇਵਾਵਾਂ ਦੇਣ ਨਾਲ ਹੀ ਅਸੀਂ ਵਧੀਆ ਲਾਭ ਲੈਣ ਦੇ ਵੀ ਯੋਗ ਹੋ ਜਾਂਦੇ ਹਾਂ। ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਫੈਕਲਟੀ ਅਤੇ ਸਟਾਫ਼ ਮੈਂਬਰ ਐਵਾਰਡ ਹਾਸਲ ਕਰਨਗੇ। ਇਸ ਸਾਲਾਨਾ ਐਵਾਰਡ ਸਮਾਰੋਹ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦੇ ਜੌਹਰ ਵੀ ਦਿਖਾਏ। ਇਸ ਮੌਕੇ ‘ਤੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਦੀ ਤਰਫ਼ੋਂ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਬਹੁਤੀਆਂ ਸੰਸਥਾਵਾਂ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਤੋਂ ਅਸਮਰਥ ਹਨ ਉੱਥੇ ਬੀ.ਐਫ.ਜੀ.ਆਈ. ਵੱਲੋਂ ਲੱਖਾਂ ਰੁਪਏ ਦੇ ਇਨਾਮ ਦੇ ਕੇ ਆਪਣੇ ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਅੰਤ ਵਿਚ ਨਵੀਆਂ ਮੰਜ਼ਿਲਾਂ ਲਈ ਅਗਰਸਰ ਕਰਦਾ ਅਤੇ ਖ਼ੁਸ਼ੀਆਂ ਖੇੜੇ ਵੰਡਦਾ ਇਹ ਐਵਾਰਡ ਸਮਾਰੋਹ ਨਵੀਂ ਪ੍ਰੇਰਨਾ, ਸੰਕਲਪ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਿਆ।





