Wednesday, May 6, 2026
Home Blog Page 2613

ਬਠਿੰਡਾ ਸ਼ਹਿਰ ਦੇ ਹਰ ਵਰਗ ਲਈ ਕੀਤਾ ਕੰਮ, ਨਹੀਂ ਆਉਣ ਦਿੱਤੀ ਕੋਈ ਸਮੱਸਿਆ : ਮਨਪ੍ਰੀਤ ਸਿੰਘ ਬਾਦਲ

0

ਜੈਜੀਤ ਜੌਹਲ ਨੇ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਮੁੱਖ ਰੋਡ ਤੇ ਕੀਤਾ ਡੋਰ ਟੂ ਡੋਰ ਪ੍ਰਚਾਰ              

ਸੁਖਜਿੰਦਰ ਮਾਨ

ਬਠਿੰਡਾ,11 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਜਿੱਥੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਚੋਣ ਪ੍ਰਚਾਰ ਕੀਤਾ ਤੇ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ ਉਥੇ ਹੀ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨਾਲ ਮੁਲਾਕਾਤ ਕੀਤੀ ਤੇ ਵਕੀਲ ਭਾਈਚਾਰੇ ਨਾਲ ਦਿਲ ਦੀਆਂ ਗੱਲਾਂ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਹਿਯੋਗ ਦੀ ਮੰਗ ਕੀਤੀ ਤੇ ਬਾਰ ਐਸੋਸੀਏਸ਼ਨ ਦੀ ਚਡ੍ਹਦੀ ਕਲਾ ,ਵਕੀਲ ਭਾਈਚਾਰੇ ਦੀ ਹਰ ਸਮੱਸਿਆ ਦੇ ਹੱਲ ਲਈ ਹਮੇਸ਼ਾਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਜਦੋਂ ਵੀ ਉਨ੍ਹਾਂ ਤੋਂ ਚੈਂਬਰ ਬਣਾਉਣ ਸਮੇਤ ਕਿਸੇ ਵੀ ਪ੍ਰਾਜੈਕਟ ਲਈ ਗ੍ਰਾਂਟ ਮੰਗੀ ਤਾਂ ਤੁਰੰਤ ਸਹਿਯੋਗ ਲਈ ਹੱਥ ਵਧਾਇਆ। ਉਨ੍ਹਾਂ 50 ਲੱਖ ਰੁਪਏ ਚੈਂਬਰਾਂ ਦੇ ਨਿਰਮਾਣ ਅਤੇ 43 ਲੱਖ ਰੁਪਏ ਹੋਰ ਪ੍ਰਾਜੈਕਟਾਂ ਲਈ ਤੁਰੰਤ ਗਰਾਂਟ ਜਾਰੀ ਕੀਤੀ ਗਈ ਅਤੇ ਅੱਗੇ ਤੋਂ ਵੀ ਉਹ ਹਰ ਸਹਿਯੋਗ ਲਈ ਯਤਨਸ਼ੀਲ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਹਰ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾਂ ਕੰਮ ਕਰਦੇ ਰਹੇ ਤੇ ਨਾ ਹੀ ਕੋਈ ਸਮੱਸਿਆ ਪੇਸ਼ ਆਉਣ ਦਿੱਤੀ ਅਤੇ ਅੱਗੇ ਤੋਂ ਵੀ ਬਠਿੰਡਾ ਸ਼ਹਿਰ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਬਾਰ ਐਸੋਸੀਏਸ਼ਨ ਸਮੇਤ ਸ਼ਹਿਰ ਵਾਸੀਆਂ ਤੋਂ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਹੱਥ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਮਜਬੂਤ ਬਣਾਉਂਦੇ ਹੋਏ ਵਿੱਤ ਮੰਤਰੀ ਟੀਮ ਦੇ ਮੈਂਬਰ ਜੈਜੀਤ ਸਿੰਘ ਜੌਹਲ ਵੱਲੋਂ ਅੱਜ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਮੇਨ ਰੋਡ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਉੱਥੇ ਹੀ ਬੀਬਾ ਵੀਨੂੰ ਬਾਦਲ ਵੱਲੋਂ ਵੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ  ਵਿਕਾਸ ਲਹਿਰ ਦੌਰਾਨ ਤੁਰਨ ਜਾਰੀ ਰੱਖਣ ਲਈ ਮਨਪ੍ਰੀਤ ਸਿੰਘ ਦੀ ਜਿੱਤ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ?ਿਪ ਕੌਂਸਲਰ ਅਤੇ ਹੋਰ ਵਰਕਰ ਹਾਜ਼ਰ ਸਨ ।

ਸਾਬਕਾ ਵਿਧਾਇਕ ਵਿਰੁਧ ਰਿਸ਼ਤੇਦਾਰਾਂ ਨੇ ਖੋਲਿਆ ਮੋਰਚਾ, ਲਗਾਏ ਧੱਕੇਸ਼ਾਹੀ ਦੇ ਦੋਸ਼

0

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ : ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਅਕਾਲੀ ਵਿਧਾਇਕ ਵਿਰੁਧ ਉਨ੍ਹਾਂ ਦੇ ਰਿਸਤੇਦਾਰਾਂ ਨੇ ਮੋਰਚਾ ਖੋਲਦਿਆਂ ਕਥਿਤ ਤੌਰ ‘ਤੇ ਧੱਕੇਸ਼ਾਹੀ ਦੇ ਦੋਸ ਲਗਾਏ ਹਨ। ਅੱਜ ਸਥਾਨਕ ਸ਼ਹਿਰ ਦੇ ਇੱਕ ਹੋਟਲ ਵਿਚ ਅਪਣੀ ਅਮਰੀਕਾ ਰਹਿੰਦੀ ਡਾਕਟਰ ਧੀ ਨਾਲ ਪੁੱਜੇ ਫ਼ੌਜ ਦੇ ਸਾਬਕਾ ਮੇਜਰ ਅਜੀਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਉਹ ਜੀਤਮਹਿੰਦਰ ਸਿੰਘ ਸਿੱਧੂ ਦਾ ਸਕਾ ਮਾਸੜ ਹੈ ਤੇ ਹਰਿਆਣਾ ਦੇ ਸਾਹਬਾਦ ਜ਼ਿਲ੍ਹੇ ਦੇ ਪਿੰਡ ਝਰੋਲੀ ਖ਼ੁਰਦ ’ਚ ਰਹਿ ਰਿਹਾ ਹੈ। ਮੇਜਰ ਮਾਹਲ ਨੇ ਦੋਸ਼ ਲਗਾਏ ਕਿ ਉਸਦੀ ਪਤਨੀ ਤੇ ਉਕਤ ਸਾਬਕਾ ਵਿਧਾਇਕ ਦੀ ਮਾਂ ਸਕੀਆਂ ਭੈਣਾਂ ਸਨ ਤੇ ਇੰਨ੍ਹਾਂ ਕਥਿਤ ਤੌਰ ’ਤੇ ਉਸਦੇ ਸਹੁਰੇ ਪ੍ਰਵਾਰ ਤੇ ਇੱਥੋਂ ਤੱਕ ਉਸਦੀ ਪਤਨੀ ਦੀਆਂ ਵਸੀਅਤਾਂ ਦੇ ਆਧਾਰ ’ਤੇ ਉਸਦੇ ਹਿੱਸੇ ਦੀ ਕਾਫ਼ੀ ਸਾਰੀ ਜਮੀਨ ਅਪਣੇ ਨਾਮ ਕਰਵਾ ਲਈ। ਇੱਥੋਂ ਤੱਕ ਕਿ ਉਸਦੇ ਲੀਲਾ ਭਵਨ ਤੇ ਦਿੱਲੀ ਦੇ ਕਨਾਟ ਪਲੈਸ ’ਚ ਸਥਿਤ ਜਾਇਦਾਦ ਵਿਚੋਂ ਬਾਹਰ ਕਰਦਿਆਂ ਉਲਟਾ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰਵਾ ਦਿੱਤਾ। ਇਸ ਮੌਕੇ ਉਨ੍ਹਾਂ ਦੀ ਧੀ ਡਾ ਕਰਨਪ੍ਰੀਤ ਮਾਹਲ ਨੇ ਦਸਿਆ ਕਿ ਉਹ ਅਮਰੀਕਾ ਵਿਚ ਰਹਿੰਦੀ ਹੈ ਤੇ ਉਕਤ ਪਿੰਡ ਵਿਚ ਉਸਦੇ ਨਾਮ ਜਮੀਨ ਨੂੰ ਵੀ ਵੇਚਣ ਨਹੀਂ ਦਿੱਤਾ ਜਾ ਰਿਹਾ। ਪਿਊ-ਧੀ ਨੇ ਦਾਅਵਾ ਕੀਤਾ ਕਿ ਉਨਾਂ੍ਹ ਇਨਸਾਫ਼ ਲਈ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਪਹੁੰਚ ਕੀਤੀ ਹੈ ਪ੍ਰੰਤੂ ਮਾਲ ਤੇ ਪੁਲਿਸ ਵਿਭਾਗ ਤੋਂ ਲੈ ਕੇ ਕਿਧਰੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇੱਥੋਂ ਤਕ ਕਿਹਾ ਕਿ ਜੇਕਰ ਉਨ੍ਹਾਂ ਦੋਨਾਂ ਵਿਚੋਂ ਕਿਸੇ ਇੱਕ ਦੀ ਵੀ ਅਣਕਿਆਸੀ ਮੌਤ ਹੁੰਦੀ ਹੈ ਤੇ ਇਸਦੇ ਲਈ ਵੀ ਉਕਤ ਵਿਅਕਤੀ ਜਿੰਮੇਵਾਰ ਹੋਵੇਗਾ। ਚੋਣਾਂ ਮੌਕੇ ਇਸ ਮੁੱਦੇ ਨੂੰ ਉਛਾਲਣ ’ਤੇ ਜਵਾਬ ਦਿੰਦਿਆਂ ਇੰਨ੍ਹਾਂ ਕਿਹਾ ਕਿ ਉਹ ਅਸਲ ਵਿਚ ਇੱਥੋਂ ਦੇ ਲੋਕਾਂ ਨੂੰ ਵਿਧਾਇਕ ਦੀ ਸਚਾਈ ਦਸਣ ਆਏ ਹਨ। ਉਧਰ ਇੰਨ੍ਹਾਂ ਦੋਸ਼ਾਂ ਸਬੰਧੀ ਪੱਖ ਲੈਣ ਲਈ ਕਈ ਵਾਰ ਸਾਬਕਾ ਵਿਧਾਇਕ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

ਭੂ-ਮਾਫ਼ੀਏ ਵਲੋਂ ਸਿਆਸੀ ਸ਼ਹਿ ’ਤੇ ਬਣਾਈ ਨਜਾਇਜ਼ ਗਲੀ ਦੀ ਪ੍ਰਸ਼ਾਸਨ ਨੇ ਹੋਂਦ ਮਿਟਾਈ

0

ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ : ਦੋ ਦਿਨ ਪਹਿਲਾਂ ਸਿਆਸੀ ਸ਼ਹਿ ’ਤੇ ਭੂ-ਮਾਫ਼ੀਏ ਵਲੋਂ ਸਥਾਨਕ ਫ਼ੇਜ-3 ਇਲਾਕੇ ’ਚ ਬਹੁਕਰੋੜੀ ਜਮੀਨ ’ਤੇ ਬਣਾਈ ਨਜਾਇਜ਼ ਗਲੀ ਦੀ ਅੱਜ ਪ੍ਰਸ਼ਾਸਨ ਨੇ ਹੋਂਦ ਮਿਟਾ ਦਿੱਤੀ। ਹਾਲਾਂਕਿ ਇਸ ਮੌਕੇ ਇੱਕ ਕਾਂਗਰਸੀ ਕੋਂਸਲਰ ਦੀ ਅਗਵਾਈ ਹੇਠ ਕੁੱਝ ਲੋਕਾਂ ਵਲੋਂ ਵਿਰੋਧ ਕਰਨ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਅਧਿਕਾਰੀਆਂ ਨੇ ਜੇਸੀਬੀ ਦੀ ਮੱਦਦ ਨਾਲ ਇੱਥੇ ਨਜਾਇਜ਼ ਤੌਰ ’ਤੇ ਲਗਾਈਆਂ ਇੰਟਰਲੋਕ ਟਾਈਲਾਂ ਨੂੰ ਉਖ਼ਾੜ ਦਿੱਤਾ। ਇਹੀਂ ਨਹੀਂ ਅਧਿਕਾਰੀਆਂ ਨੇ ਨਜਾਇਜ਼ ਤੌਰ ’ਤੇ ਗਲੀ ਬਣਾਉਣ ਦੇ ਮਾਮਲੇ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਹਨ। ਦਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਅੱਜ ਰੋਜ਼ਾਨਾ ਸਪੋਕਸਮੈਨ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਗਿਆ ਸੀ। ਉਧਰ ਵਿਰੋਧੀਆਂ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲ ਵੀ ਸਿਕਾਇਤ ਭੇਜੀ ਹੈ। ਦਸਣਾ ਬਣਦਾ ਹੈ ਕਿ ਚੋਣ ਜਾਬਤੇ ਦਾ ਲਾਹਾ ਲੈਂਦਿਆਂ ਫ਼ੇਜ-3 ਨੂੰ ਮੁੜਣ ਵਾਲੀ ਸੜਕ ਨਾਲ ਪਾਵਰ ਹਾਊਸ ਰੋਡ ਦੀ ਇੱਕ ਸੜਕ ਨੂੰ ਜੋੜਣ ਲਈ ਪੁੱਡਾ ਦੇ ਖ਼ਾਲੀ ਪਏ ਪਲਾਟ ਵਿਚ ਕੁੱਝ ਦਿਨ ਪਹਿਲਾਂ ਇਹ ਗਲੀ ਬਣਾਉਣ ਲਈ ਮਿੱਟੀ ਪਾਈ ਗਈ ਸੀ ਪ੍ਰੰਤੂ ਦੋ ਦਿਨ ਪਹਿਲਾਂ ਇਸ ਮਿੱਟੀ ’ਤੇ ਨਜਾਇਜ਼ ਤੌਰ ’ਤੇ ਇੰਟਰਲੋਕ ਟਾਈਲਾਂ ਲਗਾ ਕੇ ਇਸਨੂੰ ਗਲੀ ਦਾ ਰੂਪ ਦੇ ਦਿੱਤਾ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰੀ ਦੱਸੇ ਜਾ ਰਹੇ ਉਕਤ ਪਲਾਟ ਦੀ ਮਲਕੀਅਤ ਪੁੱਡਾ ਕੋਲ ਹੈ ਪ੍ਰੰਤੂ ਇਸਦੇ ਬਾਵਜੂਦ ਉਥੇ ਕੁੱਝ ਜਗ੍ਹਾਂ ਨੂੰ ਵਪਾਰਕ ਬਣਾਉਣ ਦੇ ਮਕਸਦ ਨਾਲ ਇਹ ਕਾਰਵਾਈ ਕਰ ਦਿੱਤੀ ਗਈ। ਚਰਚਾ ਇਹ ਵੀ ਦਸੀ ਜਾ ਰਹੀ ਹੈ ਕਿ ਇਸਦੇ ਪਿੱਛੇ ਪਿਛਲੇ ਕੁੱਝ ਸਾਲਾਂ ’ਚ ਅਮੀਰ ਹੋਏ ਇੱਕ ਸਿਆਸੀ ਆਗੂ ਦੀ ਵੱਡੀ ਭੂਮਿਕਾ ਹੈ। ਸੂਤਰ ਤਾਂ ਇਹ ਵੀ ਖ਼ੁਲਾਸਾ ਕਰ ਰਹੇ ਹਨ ਕਿ ਇੱਥੇ ਲਗਾਈਆਂ ਟਾਈਲਾਂ ਵੀ ਨਗਰ ਨਿਗਮ ਵਲੋਂ ਪੁੱਟੀਆਂ ਜਾ ਰਹੀਆਂ ਪੁਰਾਣੀਆਂ ਟਾਈਲਾਂ ਵਿਚੋਂ ਚੁੱਕੀਆਂ ਗਈਆਂ ਹਨ, ਜਿਸਦੇ ਚੱਲਦੇ ਨਿਗਮ ਦੇ ਇੱਕ ਚਰਚਿਤ ਅਧਿਕਾਰੀ ਦੀ ਵੀ ਭੂਮਿਕਾ ਵੀ ਜਾਂਚ ਦਾ ਵਿਸ਼ਾ ਬਣਦੀ ਹੈ। ਉਧਰ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ‘ਤੇ ਕਬਜੇ ਨੂੰ ਬਰਦਾਸਤ ਨਹੀਂ ਕਰੇਗਾ ਅਤੇ ਚੋਣਾਂ ਤੋਂ ਬਾਅਦ ਭੂ-ਮਾਫੀਆ ਵੱਲੋਂ ਗਲੀ ਬਣਾਉਣ ਦੀ ਸਾਜਿਸ ਰਚਣ ਵਾਲੇ ਮੁਲਾਜਮਾਂ ਤੇ ਹੋਰਨਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਨਿਗਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਟਾਈਲਾਂ ਨੂੰ ਵਾਪਸ ਚੁੱਕਿਆ ਜਾਵੇਗਾ ਤੇ ਸਬੰਧਤ ਖੇਤਰ ਦੇ ਮੁਲਾਜਮ ਤੋਂ ਇਸ ਸਬੰਧੀ ਪੁੱਛਿਆ ਜਾਵੇਗਾ।

ਕੇਂਦਰੀ ਯੂਨੀਵਰਸਿਟੀ ਵੱਲੋਂ 10ਵੀਂ ਸਲਾਨਾ ਸਪੋਰਟਸ ਮੀਟ ਦਾ ਆਯੋਜਨ

0

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ : ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ 10ਵੀਂ ਸਲਾਨਾ ਸਪੋਰਟਸ ਮੀਟ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ, ਜਿਸਦਾ ਉਦਘਾਟਨ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਡਾ. ਜੇ.ਐਸ. ਚੀਮਾ ਵਲੋਂ ਕੀਤਾ ਗਿਆ। ਇਸ ਦੌਰਾਨ ਪੰਜਾਬ ਦੀਆਂ ਦੇਸੀ ਖੇਡਾਂ, ਜਿਵੇਂ ਕਿ ਪਿਠੂ ਗਰਮ, ਸਟਾਪੂ, ਗਿੱਲੀ ਡੰਡਾ, ਕਬੱਡੀ, ਰੱਸਾਕਸੀ ਆਦਿ ਕਰਵਾਈਆਂ ਗਈਆਂ। ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਮੁੱਖ ਮਹਿਮਾਨ ਡਾ. ਚੀਮਾ ਨੇ 10ਵੀਂ ਸਲਾਨਾ ਸਪੋਰਟਸ ਮੀਟ ਦੇ ਸਾਨਦਾਰ ਆਯੋਜਨ ਲਈ ਸਰੀਰਕ ਸਿੱਖਿਆ ਵਿਭਾਗ ਦੀ ਪ੍ਰਸ਼ੰਸਾ ਕੀਤੀ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਦੇ ਜੋਸ ਦੀ ਸਲਾਘਾ ਕੀਤੀ। ਆਪਣੇ ਪ੍ਰਧਾਨਗੀ ਭਾਸਣ ਵਿੱਚ ਵਾਈਸ ਚਾਂਸਲਰ ਪ੍ਰੋ.ਆਰ.ਪੀ.ਤਿਵਾਰੀ ਨੇ ਖੇਡਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਹੁਣ ਖੇਡਾਂ ਵਿਦਿਅਕ ਸੰਸਥਾਵਾਂ ਵਿੱਚ ਪਾਠਕ੍ਰਮ ਦਾ ਮਹੱਤਵਪੂਰਨ ਅੰਗ ਬਣ ਗਈਆਂ ਹਨ, ਜੋ ਪਹਿਲਾਂ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਦਾ ਹਿੱਸਾ ਮੰਨੀਆਂ ਜਾਂਦੀਆਂ ਸਨ।

ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਵਿਤ ਮੰਤਰੀ ਦੇ ਹਲਕੇ ਵਿੱਚ ਵਿਸ਼ਾਲ ਝੰਡਾ ਮਾਰਚ

0

ਮਨਪ੍ਰੀਤ ਬਾਦਲ ’ਤੇ ਲਗਾਇਆ ਕਿ ਪੰੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਕਰਨ ਦਾ ਦੋਸ਼

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ: ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਹੇਠ ਅੱਜ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਇਕੱਤਰ ਹੋਏ ਹਜ਼ਾਰਾਂ  ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਸ਼ਹਿਰ ਵਿਚ ਝੰਡਾ ਮਾਰਚ ਕੀਤਾ ਗਿਆ। ਇਸ ਮੌਕੇ ਮੁਲਾਜਮ ਆਗੂਆਂ ਨੇ ਸ: ਬਾਦਲ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਇਲਾਵਾ ਸੂਬੇ ਦੇ ਲੱਖਾਂ ਕੱਚੇ ਮੁਲਾਜਮਾਂ ਨੂੰ ਧੋਖਾ ਦੇਣ ਦੇ ਦੋਸ਼ ਲਗਾਉਂਦਿਆਂ ਆਗਾਮੀ ਚੋਣਾਂ ਵਿਚ ਸਬਕ ਸਿਖਾਉਣ ਦਾ ਐਲਾਨ ਕੀਤਾ ਗਿਆ। ਰੋਜ਼ ਗਾਰਡਨ ਤੋਂ ਸੁਰੂ ਹੋਇਆ ਇਹ ਮਾਰਚ ਸਮੁੱਚੇ ਸ਼ਹਿਰ ਦੀਆਂ ਸੜਕਾਂ ਨੂੰ ਜਾਮ ਕਰਦਿਆਂ ਮਾਲ ਰੋਡ ਆਦਿ ਵਿੱਚੋਂ ਦੀ ਗੁਜਰਦਾ ਹੋਇਆ ਹਨੂੰਮਾਨ ਚੌਂਕ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਠਾਕੁਰ ਸਿੰਘ, ਰਣਜੀਤ ਸਿੰਘ ਰਾਣਵਾਂ, ਸੁਖਜੀਤ ਸਿੰਘ, ਬਾਜ ਸਿੰਘ ਖਹਿਰਾ, ਰਵਿੰਦਰ ਲੂਥਰਾ ਅਤੇ ਦਰਸ਼ਨ ਮੌੜ ਆਦਿ ਨੇ ਵਰ੍ਹਦੇ ਨੇ ਦਾਅਵਾ ਕੀਤਾ ਕਿ ਮਨਪ੍ਰੀਤ ਬਾਦਲ ਦੀ ਕਰਪੋਰੇਟ ਭਗਤੀ ਅਤੇ ਅੜੀਅਲ ਰਵੱਈਏ ਕਾਰਨ ਛੇਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਰਗੜ ਕੇ ਰੱਖ ਦਿੱਤਾ ਗਿਆ ਹੈ। ਬੁਲਾਰਿਆਂ ਨੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੁਆਰਾ 36 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਜਦ ਕਿ ਪੰਜਾਬ ਦਾ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਇਸੇ ਤਰਾਂ ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਵਿੱਚ ਪੰਜਾਬ ਸਰਕਾਰ ਦੇ ਨਾਲ ਨਾਲ ਮਨਪ੍ਰੀਤ ਬਾਦਲ ਵੀ ਵੱਡਾ ਅੜਿੱਕਾ ਬਣਿਆ ਰਿਹਾ। ਸਾਂਝੇ ਫਰੰਟ ਦੇ ਆਗੂਆਂ ਸਿਕੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਬੀਹਲਾ, ਗੁਰਸੇਵਕ ਸਿੰਘ ਥਰਮਲ, ਭਜਨ ਸਿੰਘ ਗਿੱਲ, ਕੁਲਬੀਰ ਸਿੰਘ ਢਿੱਲੋਂ, ਪ੍ਰੇਮ ਚਾਵਲਾ, ਅਮਰੀਕ ਸਿੰਘ ਕੰਗ, ਡਾ. ਇਕਬਾਲ ਸਿੰਘ ਬਠਿੰਡਾ, ਲੱਖਾ ਸਿੰਘ ਸਹਾਰਨਾ ਅਤੇ ਨਿਰਮਲ ਸਿੰਘ ਬਠਿੰਡਾ ਜੋਨ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੇ 2017 ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਕੀਤੇ ਜਾਣਗੇ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਪ੍ਰੰਤੂ ਸਰਕਾਰ ਬਣਨ ‘ਤੇ ਇਸ ਨੇ ਬਠਿੰਡਾ ਥਰਮਲ ਪਲਾਂਟ ਦਾ ਭੋਗ ਪਾ ਦਿੱਤਾ ਅਤੇ ਥਰਮਲ ਦੀ 1700 ਏਕੜ ਜ਼ਮੀਨ ਇੱਕ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਨੂੰ ਲੁੱਟਾ ਦਿੱਤੀ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਵੀ ਇਹ ਆਗੂ ਪੂਰੇ ਪੰਜ ਸਾਲ ਤੱਕ ਸਭ ਤੋਂ ਵੱਡਾ ਅੜਿੱਕਾ ਬਣਿਆ ਰਿਹਾ।ਝੰਡਾ ਮਾਰਚ ਵਿੱਚ ਸੰਬੋਧਨ ਕਰਦਿਆਂ ਮਨਜੀਤ ਸਿੰਘ ਪੰਜੂ, ਬਖ਼ਸ਼ੀਸ਼ ਸਿੰਘ ਬਰਨਾਲਾ, ਹਰਜੀਤ ਸਿੰਘ, ਜਗਪਾਲ ਬੰਗੀ, ਮੱਖਣ ਸਿੰਘ ਖਣਗਵਾਲ, ਗਗਨਦੀਪ ਬਠਿੰਡਾ, ਹਰਜੰਟ ਸਿੰਘ ਬੋਡੇ, ਧਰਮਿੰਦਰ ਮਾਨਸਾ, ਕਮਰਜੀਤ ਸਿੰਘ ਮਾਨ ਅਤੇ ਗੁਰਮੀਤ ਸੁਖਪੁਰ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਲੋਕ ਵਿਰੋਧੀ ਪਹੁੰਚ ਕਾਰਨ ਤਨਖਾਹ ਕਮਿਸਨ ਦੇ ਬਕਾਏ ਹੜੱਪ ਕੀਤੇ ਗਏ, ਮੁਲਾਜ਼ਮਾਂ ਦੇ 38 ਤਰ੍ਹਾਂ ਦੇ ਭੱਤੇ ਕੱਟ ਲਏ ਗਏ, ਅਣ-ਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਵਰਗਾਂ ਦੀ ਸਾਲ 2011 ਤੋਂ ਤੋੜੀ ਗਈ ਪੇ ਪੈਰਿਟੀ ਬਹਾਲ ਨਹੀਂ ਕੀਤੀ ਗਈ, 01-01-2016 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੇ ਬਕਾਏ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜਮਾਂ ‘ਤੇ ਪੰਜਾਬ ਦੀ ਬਜਾਏ ਕੇਂਦਰ ਦੇ ਤਨਖਾਹ ਸਕੇਲ ਲਾਗੂ ਕਰ ਦਿੱਤੇ ਗਏ ਅਤੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ।

ਟਾਈਮ ਟੇਬਲ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਕਾਮਿਆਂ ਨੇ ਕੀਤਾ ਬੱਸ ਅੱਡਾ ਜਾਮ

0

ਬੱਸ ਅੱਡੇ ਦੇ ਆਸਪਾਸ ਖੜੀਆਂ ਕੀਤੀਆਂ ਸਰਕਾਰੀ ਬੱਸਾਂ

ਸ਼ਹਿਰ ਵਿਚ ਲੱਗਿਆ ਰਿਹਾ ਸਾਰਾ ਦਿਨ ਜਾਮ, ਸਵਾਰੀਆਂ ਦੇ ਨਾਲ ਆਮ ਲੋਕ ਹੁੰਦੇ ਰਹੇ ਖੱਜਲਖ਼ੁਆਰ

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ: ਪਿਛਲੀ ਅਕਾਲੀ ਸਰਕਾਰ ਦੁਆਰਾ ਕਥਿਤ ਤੌਰ ‘ਤੇ ਲਾਗੂ ਕੀਤੇ ਮਨਮਰਜ਼ੀ ਦੇ ਟਾਈਮ-ਟੇਬਲ ਨੂੰ ਰੱਦ ਕਰਕੇ ਪਿਛਲੇ ਸਾਲ 24 ਦਸੰਬਰ ਨੂੰ ਲਾਗੂ ਕੀਤੇ ਨਵੇਂ ਟਾਈਮ ਟੇਬਲ ਨੂੰ ਮੁੜ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪੀਆਰਟੀਸੀ ਮੁਲਾਜਮਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਬੱਸ ਸਟੈਡ ਸਾਹਮਣੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਸਰਕਾਰੀ ਬੱਸਾਂ ਨੂੰ ਬੱਸ ਸਟੈਂਡ ਦੇ ਬਾਹਰ ਸੜਕਾਂ ’ਤੇ ਖੜੀਆਂ ਕਰਕੇ ਇਹ ਸੜਕ ਪੂਰੀ ਤਰ੍ਹਾਂ ਬਲਾਕ ਕਰ ਦਿੱਤੀ। ਅਚਾਨਕ ਸਵੇਰੇ ਸੱਤ ਵਜੇਂ ਦੇ ਕਰੀਬ ਸ਼ੁਰੂ ਹੋਏ ਚੱਕਾ ਜਾਮ ਕਾਰਨ ਦਰਜ਼ਨਾਂ ਪ੍ਰਾਈਵੇਟ ਬੱਸਾਂ ਬੱਸ ਅੱਡੇ ਦੇ ਅੰਦਰ ਹੀ ਫ਼ਸੀਆਂ ਰਹੀਆਂ, ਜਦੋਂਕਿ ਬਾਕੀ ਬੱਸਾਂ ਬੱਸ ਅੱਡੇ ਤੋਂ ਬਾਹਰ ਇੱਧਰੋ-ਉਧਰੋ ਸਵਾਰੀਆਂ ਲੈ ਕੇ ਚੱਲਦੀਆਂ ਰਹੀਆਂ। ਇਸ ਚੱਕਾ ਜਾਮ ਕਾਰਨ ਸਾਰਾ ਦਿਨ ਸ਼ਹਿਰ ਦੀ ਇਸ ਪ੍ਰਮੁੱਖ ਸੜਕ ਤੋਂ ਇਲਾਵਾ ਆਸਪਾਸ ਦੀਆਂ ਸੜਕਾਂ ’ਤੇ ਵੀ ਜਾਮ ਲੱਗੇ ਰਹੇ। ਇਸਤੋਂ ਇਲਾਵਾ ਸਵਾਰੀਆਂ ਦੇ ਨਾਲ-ਨਾਲ ਆਮ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਜ ਪ੍ਰਸ਼ਾਸਨ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਦੋ ਦਫ਼ਾ ਮੁਲਾਕਾਤ ਵੀ ਕੀਤੀ ਗਈ ਪ੍ਰੰਤੂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ ਤੇ ਇਹ ਚੱਕਾ ਜਾਮ ਜਾਰੀ ਸੀ। ਪੀਆਰਟੀਸੀ ਦੀਆਂ ਵੱਖ-ਵੱਖ ਜਥੇਬੰਦੀਆਂ ਏ.ਆਈ.ਟੀ.ਯੂ.ਸੀ., ਇੰਟਕ, ਸਟਾਫ ਟੀਮ, ਐਸ.ਸੀ.ਬੀ.ਸੀ., ਸੀਟੂ, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਅਤੇ ਆਜਾਦ ਵਰਕਰਜ ਯੂਨੀਅਨ ਦੇ ਆਗੂਆਂ ਸੰਦੀਪ ਸਿੰਘ, ਰਾਮ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਨੇ ਐਲਾਨ ਕੀਤਾ ਕਿ ਜੇਕਰ 24 ਦਸੰਬਰ ਨੂੰ ਹੋਂਦ ਵਿਚ ਆਇਆ ਟਾਈਮ ਟੇਬਲ ਮੁੜ ਬਹਾਲ ਨਾ ਕੀਤਾ ਤਾਂ ਉਹ ਪੰਜਾਬ ਦੇ ਸਾਰੇ ਬੱਸ ਅੱਡੇ ਅਣਮਿਥੇ ਸਮੇਂ ਲਈ ਜਾਮ ਕਰ ਦੇਣਗੇ। ਦਸਣਾ ਬਣਦਾ ਹੈ ਕਿ ਉਕਤ ਟਾਈਮ ਟੇਬਲ ਲਾਗੂ ਕਰਨ ਤੋਂ ਬਾਅਦ ਆਰਬਿਟ ਤੇ ਕੁੱਝ ਹੋਰ ਪ੍ਰਾਈਵੇਟ ਟ੍ਰਾਂਸਪੋਟਰ ਅਦਾਲਤ ਵਿਚ ਚਲੇ ਗਏ ਸਨ। ਜਿਸਤੋਂ ਬਾਅਦ ਵੱਖ ਵੱਖ ਆਰ.ਟੀ.ਏਜ਼ ਨੇ 17 ਜਨਵਰੀ ਨੂੰ ਇੰਨ੍ਹਾਂ ਟਾਈਮ ਟੇਬਲਾਂ ਨੂੰ ਰੱਦ ਕਰ ਦਿੱਤਾ ਸੀ। ਇਸਦੇ ਵਿਰੋਧ ਵਿਚ ਪੀਆਰਟੀਸੀ ਕਾਮਿਆਂ ਵਲੋਂ 21 ਜਨਵਰੀ ਨੂੰ ਵੀ ਬੱਸ ਅੱਡਾ ਬੰਦ ਕੀਤਾ ਗਿਆ ਸੀ ਪ੍ਰੰਤੂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਇਸ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਪੀਆਰਟੀਸੀ ਕਾਮਿਆਂ ਨੇ ਦੋਸ਼ ਲਗਾਇਆ ਕਿ ਨਾ ਤਾਂ ਹਾਲੇ ਤੱਕ ਮਸਲੇ ਦਾ ਹੱਲ ਹੋਇਆ ਹੈ, ਬਲਕਿ ਅੱਜ ਪੁਰਾਣੇ ਟਾਈਮ ਟੇਬਲ ਮੁਤਾਬਕ ਚੱਲ ਰਹੇ ਲੁਧਿਆਣਾ ਤੇ ਚੰਡੀਗੜ੍ਹ ਰੂਟ ’ਤੇ ਵੀ ਇਸਨੂੰ ਰੱਦ ਕਰ ਦਿੱਤਾ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਸਥਾਪਨਾ ਦਿਵਸ ਸਮਾਰੋਹ ਮੌਕੇ ਵਿਗਿਆਨੀਆਂ ਦਾ ਸਨਮਾਨ

0

ਸੁਖਜਿੰਦਰ ਮਾਨ

ਬਠਿੰਡਾ, 11 ਫਰਵਰੀ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 7ਵੇਂ ਸਥਾਪਨਾ ਦਿਵਸ ਦੇ ਦੂਜੇ ਦਿਨ ਅੱਜ ਮਾਹਿਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਫਲਸਫੇ ‘ਤੇ ਚਾਨਣਾ ਪਾਇਆ। ਇਸ ਦੌਰਾਨ ਯੂਨੀਵਰਸਿਟਂੀ ਨੇ ਆਪਣੇ 16 ਚੋਟੀ ਦੇ ਖੋਜਕਰਤਾਵਾਂ ਅਤੇ ਫੈਕਲਟੀ ਮੈਂਬਰਾਂ ਨੂੰ ਗੁਣਵੱਤਾ ਪ੍ਰਕਾਸਨਾਂ, ਐਚ-ਇੰਡੈਕਸ, ਹਵਾਲੇ, ਬਿਬਲਿਓਮੈਟਿ੍ਰਕ ਅਤੇ ਹੋਰ ਮਾਪਦੰਡਾਂ ਦੇ ਆਧਾਰ ‘ਤੇ ਸਨਮਾਨਿਤ ਕੀਤਾ। ਐਮਆਰਐਸਪੀਟੀਯੂ ਦੇ ਦੋ ਵਿਗਿਆਨੀਆਂ, ਡਾ. ਕਵਲਜੀਤ ਸਿੰਘ ਸੰਧੂ (ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ) ਅਤੇ ਡਾ. ਅਸ਼ੀਸ਼ ਬਾਲਦੀ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨਾਲੋਜੀ) ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਬਡਮੁਲੇ ਯੋਗਦਾਨ ਲਈ ‘ਸਰਬੋਤਮ ਖੋਜਕਰਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਦੁਆਰਾ ਸਾਲ 2019 ਅਤੇ 2020 ਲਈ ਲਗਾਤਾਰ ਕੀਤੇ ਗਏ ਇੱਕ ਸੁਤੰਤਰ ਅਧਿਐਨ ਵਿੱਚ ਦੋਵਾਂ ਖੋਜਕਰਤਾਵਾਂ ਨੂੰ  ਸੰਸਾਰ ਦੇ ਚੋਟੀ ਦੇ 2 ਪ੍ਰਤੀਸ਼ਤ ਸਰਵੋਤਮ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ।  ਇਸੇ ਤਰ੍ਹਾਂ ਡਾ: ਮੁਨੀਸ਼ ਜਿੰਦਲ (ਉੱਘੇ ਇਨੋਵੇਟਰ ਅਵਾਰਡ), ਡਾ: ਉੱਤਮ ਕੁਮਾਰ ਮੰਡਲ (ਵਿਸ਼ੇਸ਼ ਖੋਜਕਾਰ ਅਵਾਰਡ), ਜਦਕਿ ਡਾ: ਜਤਿੰਦਰ ਕੌਰ, ਡਾ: ਅੰਜੂ ਸ਼ਰਮਾ ਅਤੇ ਡਾ: ਅਮਿਤ ਕੁਮਾਰ ਮਨੋਚਾ (ਡਿਸਟਿੰਗੂਸ਼ਡ ਇਨੋਵੇਟਰ ਅਵਾਰਡ), ਡਾ: ਅਮਿਤੋਜ ਸਿੰਘ, ਡਾ: ਰਾਹੁਲ ਦੇਸ਼ਮੁਖ, ਗਗਨ ਗੁਪਤਾ, ਵੀਨਾ ਸ਼ਰਮਾ, ਮੀਨੂੰ ਅਰੋੜਾ ਅਤੇ ਡਾ: ਪ੍ਰਿਤਪਾਲ ਸਿੰਘ ਭੁੱਲਰ, (ਬਡਿੰਗ ਰਿਸਰਚਰ ਅਵਾਰਡ), ਡਾ: ਸੰਦੀਪ ਕਾਂਸਲ (ਮੋਹਰੀ ਖੋਜਕਾਰ ਅਵਾਰਡ), ਡਾ: ਗੁਰਪ੍ਰੀਤ ਸਿੰਘ (ਇਨੋਵੇਟਰ ਅਵਾਰਡ) ਅਤੇ ਅਸ਼ਦੀਪ ਸਿੰਘ-( ਬਡਿੰਗ ਇਨੋਵੇਟਰ ਅਵਾਰਡ) ਨੂੰ ਸਨਮਾਨਿਤ ਕੀਤਾ ਗਿਆ ।     ਇਸੇ ਦੌਰਾਨ ਮੁੱਖ ਬੁਲਾਰੇ, ਪ੍ਰੋ: ਹਰਪਾਲ ਸਿੰਘ ਪੰਨੂ, ਚੇਅਰਪਰਸਨ, ਸ਼੍ਰੀ ਗੁਰੂ ਗੋਬਿੰਦ ਸਿੰਘ ਚੇਅਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਸੀਯੂਪੀ), ਬਠਿੰਡਾ ਨੇ ‘ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਦਰਸ਼ਨ’ ਵਿਸ਼ੇ ‘ਤੇ ਮਾਹਿਰ ਭਾਸ਼ਣ ਦਿੱਤਾ। ਉਹਨ੍ਹਾਂ ਨੇ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ਾਂ ਬਾਰੇ ਆਪਣੀ ਗੱਲ ਕੇਂਦਰਿਤ ਕੀਤੀ ਅਤੇ ਸਿੱਖ ਸਾਮਰਾਜ ਦੇ ਨੇਤਾ ਦਾ ਇੱਕ ਸੰਖੇਪ ਇਤਿਹਾਸ ਪੇਸ਼ ਕੀਤਾ, ਜਿਸਨੇ 19ਵੀਂ ਸਦੀ ਦੇ ਅਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ।    ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਥਾਪਨਾ ਦਿਵਸ ਮਹਾਨ ਬਾਦਸਾਹ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਅਤੇ ਸਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਦੇ ਨਾਮ ‘ਤੇ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਫਲਸਫਾ ਅਤੇ ਸਿੱਖਿਆਵਾਂ ਮਨੁੱਖਤਾ ਲਈ ਸਭ ਤੋਂ ਪ੍ਰਸੰਗਿਕ ਅਤੇ ਮਹੱਤਵਪੂਰਨ ਹਨ। ਇਸ ਮੌਕੇ ਆਦੇਸ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ-ਕਮ-ਰਜਿਸਟਰਾਰ, ਕਰਨਲ ਜਗਦੇਵ ਸਿੰਘ, ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਪ੍ਰੋਗਰਾਮ ਦੇ ਕਨਵੀਨਰ ਡਾਇਰੈਕਟਰ ਸਪੋਰਟਸ ਐਂਡ ਕਲਚਰਲ ਡਾ: ਭੁਪਿੰਦਰ ਪਾਲ ਸਿੰਘ ਢੋਟ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਸੀਨੀਅਰ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਸਿਰਕਤ ਕੀਤੀ।

ਹਰਵਿੰਦਰ ਲਾਡੀ ਨੇ ਕੋਟਸ਼ਮੀਰ ਤੇ ਕੋਟਫੱਤਾ ’ਚ ਕੱਢਿਆ ਪ੍ਰਭਾਵਸ਼ਾਲੀ ਰੋਡ ਸ਼ੋਅ

0

ਦਰਜ਼ਨਾਂ ਥਾਵਾਂ ’ਤੇ ਸਮਰਥਕਾਂ ਨੇ ਲੱਡੂਆਂ ਨਾਲ ਤੋਲਿਆ
ਸੁਖਜਿੰਦਰ ਮਾਨ
ਬਠਿੰਡਾ, 10 ਫ਼ਰਵਰੀ : ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਅਪਣੀ ਚੋਣ ਮੁਹਿੰਮ ਨੂੰ ਹੋਰ ਭਖਾਉਂਦਿਆਂ ਅੱਜ ਹਲਕੇ ਦੇ ਪਿੰਡਾਂ ਕੋਟਸ਼ਮੀਰ ਅਤੇ ਕੋਟਫੱਤਾ ਵਿੱਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢੇ। ਇਸ ਮੌਕੇ ਉਨ੍ਹਾਂ ਨੂੰ ਸਮਰਥਕਾਂ ਵਲੋਂ 15-20 ਥਾਂ ਲੱਡੂਆਂ ਨਾਲ ਤੋਲਿਆ ਗਿਆ। ਅਪਣੇ ਭਾਸਣ ਦੌਰਾਨ ਸ਼੍ਰੀ ਲਾਡੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਚੰਨੀ ਸਰਕਾਰ ਵਲੋਂ ਕੀਤੇ ਵਿਕਾਸ ਕਾਰਜ਼ਾਂ ਦਾ ਬਿਊਰੋ ਅੱਗੇ ਰਖ਼ਦਿਆਂ ਦਾਅਵ ਕੀਤਾ ਕਿ ਸੂਬੇ ਨੂੰ ਵਿਕਾਸ ਤੇ ਅਮਨ ਸ਼ਾਤੀ ਦੀ ਲੀਹ ’ਤੇ ਲਿਜਾਣ ਲਈ ਮੁੜ ਕਾਂਗਰਸ ਦੀ ਸਰਕਾਰ ਜਰੂਰੀ ਹੈ। ਉਨ੍ਹਾਂ ਕਿਸਾਨਾਂ-ਮਜਦੂਰਾਂ ਦੀ ਕਰਜ਼ਾ ਮੁਆਫ਼ੀ, ਦਲਿਤ ਆਬਾਦੀ ਲਈ ਮੁਫ਼ਤ ਮਕਾਨਾਂ, ਬਿਜਲੀ ਤੇ ਪਾਣੀ ਸਸਤੀ ਕਰਨ, ਪੈਨਸ਼ਨ ਤਿੱਗਣੀ ਕਰਨ ਅਤੇ ਹੋਰਨਾਂ ਕੰਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਚਾਲੀ ਫ਼ੀਸਦੀ ਦਲਿਤ ਆਬਾਦੀ ਉੱਪਰ ਭਰੋਸਾ ਕਰਦਿਆਂ ਉਨ੍ਹਾਂ ਨੂੰ ਮਾਣ ਸਤਿਕਾਰ ਦੇਣ ਲਈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਮੁੜ ਤੋਂ ਬਣਾਉਣ ਦਾ ਐਲਾਨ ਕੀਤਾ ਹੈ । ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

ਦੁਸ਼ਯੰਤ ਚੌਟਾਲਾ ਨੇ ਸ਼ਾਟਪੁੱਟ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨਾਲ ਮੁਲਾਕਾਤ ਕੀਤੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 10 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨਾਲ ਅੱਜ ਨਵੀਂ ਦਿੱਲੀ ਵਿਚ ਪਦਮਸ੍ਰੀ ਅਵਾਰਡੀ ਅਤੇ ਰਿਯੋ ਪੈਰਾਲੰਪਿਕ ਵਿਚ ਸ਼ਾਟਪੁੱਟ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੇ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਟੋਕਿਓ ਪੈਰਾਲੰਪਿਕ ਵਿਚ ਟੇਬਲ ਟੈਨਿਸ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਗੁਜਰਾਤ ਦੀ ਭਾਵਿਨਾ ਪਟੇਲ ਵੀ ਨਾਲ ਸੀ। ਡਿਪਟੀ ਸੀਐਮ, ਜੋ ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੀ ਹਨ, ਨੇ ਦੋਵਾਂ ਪੈਰਾਲੰਪਿਕ ਮੈਡਲਿਸਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਖਿਡਾਰੀਆਂ ਨੇ ਓਲੰਪਿਕ ਤੇ ਪੈਰਾਲੰਪਿਕ ਸਮੇਤ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਇਹ ਸੱਭ ਸਾਡੇ ਖਿਡਾਰੀਆਂ ਦੀ ਲਗਨ ਤੇ ਮਿਹਨਤ ਅਤੇ ਸਰਕਾਰ ਦੀ ਖੇਡ ਨੀਤੀ ਦਾ ਨਤੀਜਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੁਰਸਕਾਰ ਵਜੋ ਦੇਸ਼ ਵਿਚ ਸੱਭ ਤੋਂ ਵੱਧ ਨਗਦ ਰਕਮ ਦਿੰਦਾ ਹੈ। ਓਲੰਪਿਕ ਦੀ ਤਿਆਰੀ ਦੇ ਲਈ 5 ਲੱਖ ਰੁਪਏ ਦੀ ਏਡਵਾਂਸ ਪੋ੍ਰਤਸਾਹਨ ਰਕਮ ਦੇਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਖਿਡਾਰੀਆਂ ਦੇ ਲਈ ਰੁਜਗਾਰ ਯਕੀਨੀ ਕਰਨ ਦੇ ਉਦੇਸ਼ ਨਾਲ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਵੀ ਬਣਾਏ ਗਏ ਹਨ।

ਸੁਸ਼ਾਸਨ ਸਹਿਯੋਗੀ ਬੱਚਿਆਂ ਨੂੰ ਘੱਟ ਲਾਗਤ ‘ਤੇ ਗੁਣਵੱਤਾਯੁਕਤ ਸਿਖਿਆ ਉਪਲਬਧ ਕਰਵਾਉਣ ਦੇ ਵਿਕਲਪ ਤਲਾਸ਼ਨ – ਮਨੋਹਰ ਲਾਲ

0

ਮਾਡਲ ਸੰਸਕ੍ਰਿਤ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੀਟਾਂ ਅਤੇ ਫੀਸ ਕਰਨ ਨਿਰਧਾਰਿਤ
ਮਾਰਕਟਿੰਗ ਬੋਰਡ ਦੇ ਜਿਲ੍ਹਾ ਤੇ ਬਲਾਕ ਦਫਤਰਾਂ ਵਿਚ ਐਮਐਫਐਮਬੀ ਦਾ ਰਜਿਸਟ੍ਰੇਸ਼ਣ ਕਰਨ ਫਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀ ਸੂਬੇ ਦੇ ਬੱਚਿਆਂ ਨੂੰ ਘੱਟ ਲਾਗਤ ‘ਤੇ ਗੁਣਵੱਤਾਪਰਕ ਸਿਖਿਆ ਉਪਲਬਧ ਕਰਵਾਉਣ ਦੇ ਵਿਕਲਪ ਤਲਾਸ਼ ਕਰਨ ਤਾਂ ਜੋ ਜਮੀਨੀ ਪੱਧਰ ਤਕ ਸਿਖਿਆ ਉਪਲਬਧ ਹੋ ਸਕੇ। ਇਸ ਤੋਂ ਇਲਾਵਾ, ਸਕੂਲਾਂ ਵਿਚ ਬਿਹਤਰ ਬੁਨਿਆਦੀ ਢਾਂਚਾ ਉਪਲਬਧ ਕਰਵਾਉਣ ਲਈ ਵੀ ਆਪਣੇ ਸੁਝਾਅ ਦੇਣ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀਆਂ ਦੇ ਨਾਲ ਸੂਬੇ ਵਿਚ ਚਲਾਈ ਜਾ ਰਹੀਆਂ ਜਨਭਲਾਈਕਾਰੀ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ।
ਉਨ੍ਹਾਂ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਾਈਮਰੀ ਅਤੇ ਸੀਨੀਅਰ ਸੈਕੇਂਡਰੀ ਮਾਡਲ ਸੰਸਕ੍ਰਿਤ ਸਕੂਲਾਂ ਵਿਚ ਕਾਫੀ ਅਧਿਆਪਕਾਂ ਦੀ ਵਿਵਸਥਾ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੇ ਲਈ ਸੀਟਾਂ ਅਤੇ ਨਿਰਧਾਰਿਤ ਫੀਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ। ਉਨ੍ਹਾਂ ਨੇ ਕਿਹਾ ਕਿ ਸੁਪਰ-100 ਪੋ੍ਰਗ੍ਰਾਮ ਬਹੁਤ ਹੀ ਕਾਰਗਰ ਢੰਗ ਨਾਲ ਚੱਲ ਰਿਹਾ ਹੈ। ਇਸ ਦੇ ਰਾਹੀਂ ਨੌਜੁਆਨਾਂ ਨੂੰ ਨੀਟ, ਆਈਆਈਟੀ ਵਿਚ ਦਾਖਲਾ ਮਿਲਿਆ ਹੈ। ਉਨ੍ਹਾਂ ਨੇ ਇਸ ਪੋ੍ਰਗ੍ਰਾਮ ਦੇ ਵਿਸਤਾਰ ਦੇ ਨਾਲ-ਨਾਲ ਬੁਨਿਆਦ ਪੋ੍ਰਗ੍ਰਾਮ ਚਲਾਉਣ ਲਈ ਵੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਵੱਧ ਤੋਂ ੱਧ ਵਿਦਿਆਰਥੀਆਂ ਦਾ ਤਕਨੀਕੀ ਸੰਸਥਾਨਾਂ ਵਿਚ ਦਾਖਲਾ ਹੋ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਖੋਲੇ ਜਾਣ ਵਾਲੇ 4 ਹਜਾਰ ਪਲੇ ਸਕੂਲਾਂ ਵਿਚ ਵੀ ਜਰੂਰੀ ਸਹੂਲਤਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪਲੇ ਸਕੂਲਾਂ ਦਾ ਸੰਚਾਲਨ ਕਰਨ ਦੇ ਲਈ ਆਂਗਨਵਾੜੀ ਕਾਰਜਕਰਤਾਵਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਆਂਗਨਵਾੜੀ ਕੇਂਦਰ ਤੇ ਪਲੇ ਸਕੂਲਾਂ ਵਿਚ ਸਪਲੀਮੈਂਟਰੀ ਪੋਸ਼ਣ, ਸ਼ੁਰੂਆਤੀ ਸਕੂਲੀ ਸਿਖਿਆ, ਟੀਕਾਕਰਣ, ਵਰਗੀ 6 ਤਰ੍ਹਾ ਦੀਆਂ ਸੇਵਾਵਾਂ ਮਹੁਇਆ ਕਰਵਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਫਸਲ ਮੇਰਾ ਬਿਊਰਾ ਯੋਜਨਾ ਦੇ ਤਹਿਤ ਸੂਬੇ ਦੀ ਖੇਤੀਬਾੜੀ ਜਮੀਨ ਦਾ ਰਜਿਸਟ੍ਹੇਸ਼ਣ ਯਕੀਨੀ ਕਰਨ ਦੇ ਲਈ ਮਾਰਕਟਿੰਗ ਬੋਰਡ ਦੇ 114 ਦਫਤਰਾਂ ਦੇ ਨਾਲ-ਨਾਲ ਬਲਾਕ ਪੱਧਰ ‘ਤੇ ਸਥਿਤ 142 ਦਫਤਰਾਂ ਵਿਚ ਵੀ ਰਜਿਸਟ੍ਹੇਸ਼ਣ ਸਹੂਲਤ ਫਰੀ ਉਪਲਬਧ ਕਰਵਾਈ ਜਾਵੇ। ਇਸ ਤੋਂ ਇਲਾਵਾ ਸੀਐਸਸੀ ਰਾਹੀਂ ਰਜਿਸਟ੍ਰੇਸ਼ਣ ਕਰਵਾਉਣ ਵਾਲੇ ਕਿਸਾਨਾਂ ਦੇ ਰਜਿਸਟ੍ਰੇਸ਼ਣ ਦੀ ਲਾਗਤ ਦੀ ਭਰਪਾਈ ਵੀ ਕਰਵਾਉਣਾ ਯਕੀਨੀ ਕਰਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਦੇ ਦੂਜੇ ਪੜਾਅ ਦੇ ਅੰਤੋਦੇਯ ਮੇਲੇ 2 ਮਾਰਚ ਤੋਂ ਸ਼ੁਰੂ ਕੀਤੇ ਜਾਣਗੇ। ਇੰਨ੍ਹਾਂ ਮੇਲਿਆਂ ਵਿਚ ਹੈਲਪਡੇਸਕ ‘ਤੇ ਵੱਖ-ਵੱਖ 54 ਯੋਜਨਾਵਾਂ ਦੀ ਆਡਿਓ ਤੇ ਵੀਡੀਓ ਰਿਕਾਰਡਿੰਗ ਚਲਾਈ ਜਾਵੇ ਤਾਂ ਜੋ ਲਾਭਪਾਤਰਾਂ ਨੂੰ ਪੂਰੀ ਜਾਣਕਾਰੀ ਹਾਸਲ ਹੋ ਸਕੇ। ਇਸ ਤੋਂ ਇਨਾਵਾ, ਕਾਊਂਸਲਿੰਗ ਦੌਰਾਨ ਕਰਜਾ, ਸਵੈਰੁਜਗਾਰ ਅਤੇ ਸਿਖਲਾਈ ਆਦਿ ਦੀ ਸਾਰੇ ਜਾਣਕਾਰੀ ਤੇ ਵਿਕਲਪ ਲਾਭਪਾਤਰਾਂ ਨੂੰ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਮੇਲਿਆਂ ਵਿਚ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਲਈ ਨਿਜੀ ਕੰਪਨੀਆਂ ਦੇ ਵੀ ਕਾਉਂਟਰ ਲਗਾਏ ਜਾਣ।
ਮੀਟਿੱਗ ਦੌਰਾਨ, ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀਆਂ ਨੇ ਸਾਂਝਾ ਕੀਤਾ ਕਿ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਫਲੈਗਸ਼ਿਪ ਯੋਜਨਾਵਾਂ ਨੂੰ ਚਾਰ ਮੁੱਖ ਸ਼੍ਰੇਣੀਆਂ ਰੁਜਗਾਰ, ਸਵੈ-ਰੁਜਗਾਰ, ਕੌਸ਼ਲ ਵਿਕਾਸ ਅਤੇ ਸਕਾਲਰਸ਼ਿਪ ਵਿਚ ਵਿਭਾਜਿਤ ਕੀਤਾ ਗਿਆ ਹੈ। ਜਮੀਨੀ ਪੱਧਰ ‘ਤੇ ਲਾਭਪਾਤਰਾਂ ਤਕ ਪਹੁੰਚਣ ਦੇ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਲਾਗੂ ਸਾਰੀ ਯੋਜਨਾਵਾਂ ਦਾ ਵਿਸ਼ਲੇਸ਼ਨ ਕੀਤਾ ਗਿਆ ਜਿਸ ਵਿਚ ਇਹ ਪਾਇਆ ਗਿਆ ਕਿ ਮੌਜੂਦਾ ਲਾਭਪਾਤਰਾਂ ਤਕ ਰੁਜਗਾਰ ਯੋਜਨਾਵਾਂ ਦੀ ਵਿਆਪਕ ਪਹੁੰਚ ਯਕੀਨੀ ਕਰਨ ਦੇ ਲਈ ਇਥ ਸਮਰਪਿਤ ਵਨ-ਸਟਾਪ ਸਮਜਬੂਤ ਯੁਵਾ ਪੋਰਟਲ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ‘ਤੇ ਰੁਜਗਾਰ, ਨਾਲ ਸਬੰਧਿਤ ਸਾਰੀ ਯੋਜਨਾਵਾਂ ਦੀ ਜਾਣਕਾਰੀ ਇਕ ਹੀ ਪੋਰਟਲ ‘ਤੇ ਉਪਲਬਧ ਹੋ ਸਕੇ। ਮੀਟਿੱਗ ਵਿਚ ਸਵੈਰੁਜਗਾਰ ਦੇ ਲਈ ਮੌਜੂਦਾ ਵਿਚ ਚਲਾਈ ਜਾ ਰਹੀਆਂ ਸਰਕਾਰੀ ਯੋਜਨਾਵਾਂ ਦੀ ਵੀ ਮੌਜੂਦਾ ਸਥਿਤੀ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਲਈ ਵੀ ਸਵੈਰੁਜਗਾਰ ਨਾਮਕ ਪੋਰਟਲ ਬਨਾਉਣ ਦਾ ਸੁਝਾਅ ਦਿੱਤਾ ਗਿਆ, ਜਿਸ ‘ਤੇ ਕੇਂਦਰ ਤੇ ਸੂਬਾ ਸਸਸਸਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਾਰੀ ਤਰ੍ਹਾ ਦੀਆਂ ਸਵੈਰੁਜਗਾਰ ਯੋਜਨਾਵਾਂ ਦੀ ਜਾਣਕਾਰੀ ਉਪਲਬਧ ਹੋਵੇ। ਇਸ ਨਾਲ ਇੰਨ੍ਹਾ ਯੋਜਨਾਵਾਂ ਦੀ ਮੌਜੂਦਾ ਟ੍ਰੇਕਿੰਗ ਅਤੇ ਵਿਭਾਗਾਂ ‘ਤੇ ਵੀ ਨਿਗਰਾਨੀ ਯਕੀਨੀ ਹੋਵੇਗੀ। ਮੁੱਖ ਮੰਤਰੀ ਨੇ ਪਲੇ ਸਕੂਲ, ਮਾਡਲ ਸੰਸਕ੍ਰਿਤ ਸਕੂਲ, ਸੁਪਰ 100 ਪ੍ਰੋਗ੍ਰਾਮ, ਮੁੱਖ ਮੰਤਰੀ ਅੰਤੋਂਦੇਯ ਉਥਾਨ ਯੋਜਨਾ, ਮੇਰੀ ਫਸਲ ਮੇਰਾ ਬਿਊਰਾ, ਗ੍ਰਾਮ ਦਰਸ਼ਨ ਤੇ ਨਗਰ ਦਰਸ਼ਨ , ਈਜ ਆਫ ਲਿਵਿੰਗ ਇੰਡੈਕਸ, ਜਨਸਹਾਏ ਐਪ, ਈ-ਆਫਿਸ, ਸਰਲ ਪੋਰਟਲ ਆਦਿ ਯੋਜਨਾਵਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ।
ਇਸ ਮੌਕੇ ‘ਤੇ ਵਧੀਕ ਮੁੱਖ ਸਕੱਤਰ ਅਮਿਤ ਝਾ, ਡਾ. ਮਹਾਵੀਰ ਸਿੰਘ, ਡਾ. ਸੁਮਿਤਾ ਮਿਸ਼ਰਾ, ਪ੍ਰਧਾਨ ਸਕੱਤਰ ਵਿਨੀਤ ਗਰਗ, ਸ੍ਰੀਮਤੀ ਜੀ. ਅਨੁਪਮਾ, ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀ ਪੋ੍ਰਗ੍ਰਾਮ ਦੇ ਪਰਿਯੋਜਨਾ ਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਅੰਤੋਂਦੇਯ ਉਥਾਨ ਯੋ੧ਨਾ ਦੇ ਮਿਸ਼ਨ ਨਿਦੇਸ਼ਕ ਮਨਦੀਪ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Our Visitor

1897153