Friday, May 1, 2026
Home Blog Page 2707

ਪੰਜਾਬ ਪੁਲੀਸ ਵਲੋਂ ਕਰਤਾਰਪੁਰ ਤੋਂ 55 ਕਿਲੋ ਅਫੀਮ ਬਰਾਮਦ; ਇੱਕ ਗਿ੍ਰਫਤਾਰ

0

ਸੁਖਜਿੰਦਰ ਮਾਨ
ਚੰਡੀਗੜ/ਜਲੰਧਰ, 9 ਨਵੰਬਰ: ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਹੋਰ ਤੇਜੀ ਲਿਆਉਂਦਿਆਂ, ਪੰਜਾਬ ਪੁਲੀਸ ਨੇ ਮੰਗਲਵਾਰ ਨੂੰ ਜਲੰਧਰ ਦੇ ਕਰਤਾਰਪੁਰ ਨੇੜੇ ਵਿਸ਼ੇਸ਼ ਚੈਕਿੰਗ ਦੌਰਾਨ 55 ਕਿਲੋ ਅਫੀਮ ਬਰਾਮਦ ਕੀਤੀ ਅਤੇ ਇੱਕ ਨਸ਼ਾ ਤਸਕਰ ਨੂੰ ਗਿ੍ਰਫਤਾਰ ਕੀਤਾ ਹੈ।ਗਿ੍ਰਫਤਾਰ ਕੀਤੇ ਤਸਕਰ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਦੇਵੀਦਾਸਪੁਰ, ਜੰਡਿਆਲਾ ਗੁਰੂ, ਅੰਮਿ੍ਰਤਸਰ ਵਜੋਂ ਹੋਈ ਹੈ। ਭਗੌੜਾ ਹੋਇਆ ਯੁੱਧਵੀਰ ਐਨਡੀਪੀਐਸ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਨੇ ਦੋਸ਼ੀ ਕੋਲੋਂ ਰਜਿਸਟ੍ਰੇਸਨ ਨੰਬਰ ਯੂਪੀ 14 ਈਯੂ 8399 ਵਾਲੀ ਇੱਕ ਟੋਇਟਾ ਅਰਬਨ ਕਰੂਜਰ ਕਾਰ ਵੀ ਬਰਾਮਦ ਕੀਤੀ ਹੈ।
ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲੀਸ ਦੇ ਸੀ.ਆਈ.ਏ. ਵਿੰਗ ਵੱਲੋਂ ਕਰਤਾਰਪੁਰ-ਕਿਸ਼ਨਪੁਰਾ ਰੋਡ ‘ਤੇ ਨਾਕਾ ਲਗਾਇਆ ਸੀ।ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲੀਸ ਟੀਮ ਨੇ ਯੁੱਧਵੀਰ ਵੱਲੋਂ ਚਲਾਈ ਜਾ ਰਹੀ ਅਰਬਨ ਕਰੂਜਰ ਕਾਰ ਨੂੰ ਰੋਕਿਆ ਅਤੇ 55 ਕਿਲੋ ਅਫੀਮ ਬਰਾਮਦ ਕੀਤੀ। ਹਾਲਾਂਕਿ, ਯੁੱਧਵੀਰ ਦਾ ਸਾਥੀ ਪਲਵਿੰਦਰ ਸਿੰਘ ਉਰਫ ਸੰਨੀ ਵਾਸੀ ਅੰਮਿ੍ਰਤਸਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਯੁੱਧਵੀਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਖੇਪ ਪੇਸ਼ੇਵਰ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਵਾਸੀ ਪਿੰਡ ਵਜੀਰ ਭੁੱਲਰ(ਬਿਆਸ ) ਮੌਜੂਦਾ ਸਮੇਂ ਦੌਰਾਨ ਵਿਦੇਸ਼ ਵਿੱਚ ਰਹਿ ਰਹੇ , ਰਾਹੀਂ ਪ੍ਰਾਪਤ ਹੋਈ। ਯੁੱਧਵੀਰ ਨੇ ਕਬੂਲਿਆ ਕਿ ਨਵ ਵਿਦੇਸ਼ ‘ਚ ਬੈਠ ਕੇ ਆਪਣੇ ਸਾਥੀਆਂ ਰਾਹੀਂ ਪੰਜਾਬ ‘ਚ ਅਫੀਮ ਅਤੇ ਹੈਰੋਇਨ ਦੀ ਵੱਡੇ ਪੱਧਰ ‘ਤੇ ਸਪਲਾਈ ਕਰਦਾ ਹੈ। ਜਿਕਰਯੋਗ ਹੈ ਕਿ ਨਵ ਉੱਤੇ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਅਪਰਾਧਿਕ ਮਾਮਲੇ ਆਇਦ ਹਨ ਅਤੇ ਉਹ ਫਿਲੌਰ ਦੇ ਚਿੰਟੂ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬਰਾਮਦ ਕੀਤੀ ਗਈ 300 ਕਿਲੋ ਹੈਰੋਇਨ ਦੀ ਖੇਪ ਵਿੱਚ ਨਵ ਦਾ ਨਾਂ ਵੀ ਸਾਹਮਣੇ ਆਇਆ ਸੀ। ਐਸ.ਐਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਬਰਾਮਦਗੀ ਅਤੇ ਗਿ੍ਰਫਤਾਰੀਆਂ ਹੋਣ ਦੀ ਆਸ ਹੈ।ਦੱਸਣਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 176 ਮਿਤੀ 9 ਨਵੰਬਰ, 2021 ਨੂੰ ਥਾਣਾ ਕਰਤਾਰਪੁਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 18ਸੀ/61/85 ਤਹਿਤ ਦਰਜ ਕੀਤਾ ਗਿਆ ਹੈ।

ਕਰਤਾਰਪੁਰ ਸਾਹਿਬ ਲਾਘਾ ਖੋਲਣ ਦੇ ਮੁੱਦੇ ’ਤੇ ਮੁੜ ਸਿਆਸਤ ਗਰਮਾਈ

0

ਸਵੇਰੇ ਨਵਜੋਤ ਸਿੱਧੂ ਦੀ ਅਰਦਾਸ, ਦੁਪਿਹਰ ਹਰਸਿਮਰਤ ਦੀ ਮੋਦੀ ਨੂੰ ਚਿੱਠੀ ਤੇ ਸ਼ਾਮ ਚੰਨੀ ਦਾ ਆਇਆ ਬਿਆਨ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਪਿਛਲੇ ਕਰੀਬ ਡੇਢ ਸਾਲ ਦੇ ਵੱਧ ਸਮੇਂ ਤੋਂ ਬੰਦ ਪਿਆ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੁਲਵਾਉਣ ਨੂੰ ਲੈ ਕੇ ਅੱਜ ਪੰਜਾਬ ਦੀ ਸਿਆਸਤ ਗਰਮਾ ਗਈ। ਅੱਜ ਸਵੇਰੇ ਅਚਾਨਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ’ਤੇ ਪਾਕਿਸਤਨ ਸਰਹੱਦ ਉਪਰ ਪੁੱਜੇ, ਜਿੱਥੇ ਉਨ੍ਹਾਂ ਦੂਰਬੀਨ ਰਾਹੀਂ ਗੁਰਦੂਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਅਪਣੇ ਸਮਰਥਕਾਂ ਸਹਿਤ ਮੁੜ ਜਲਦੀ ਇਸ ਲਾਂਘੇ ਦੇ ਖੁੱਲਣ ਦੀ ਅਰਦਾਸ ਕੀਤੀ। ਉਨ੍ਹਾਂ ਭਾਰਤ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਨੂੰ ਵੀ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ। ਸਿੱਧੂ ਦੇ ਇਸ ਕਦਮ ਤੋਂ ਬਾਅਦ ਇਸ ਮੁੱਦੇ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਪੰਨਿਆਂ ਦੀ ਚਿੱਠੀ ਲਿਖਦਿਆਂ ਮੁੜ ਇਸ ਲਾਂਘੇ ਨੂੰ ਖੋਲਣ ਲਈ ਪਹਿਲਕਦਮੀ ਕਰਨ ਦੀ ਅਪੀਲ ਕੀਤੀ। ਬੀਬੀ ਬਾਦਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਪੱਕੇ ਤੌਰ ’ਤੇ ਇਸ ਇਤਿਹਾਸਕ ਤੇ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਨਾਲ ਜਮੀਨ ਦੀ ਅਦਲਾ-ਬਦਲੀ ਕਰਕੇ ਇਸ ਸਥਾਨ ਨੂੰ ਭਾਰਤ ਵਿਚ ਲਿਆਉਣ ਦੀ ਮੰਗ ਵੀ ਰੱਖੀ। ਖੇਤੀ ਬਿੱਲਾਂ ਬਾਅਦ ਪੈਦਾ ਹੋਈ ਸਿਆਸੀ ਕੁੜੱਤਣ ਤੋਂ ਬਾਅਦ ਅੱਜ ਪਹਿਲੀ ਵਾਰ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ਼ ਕਰਦਿਆਂ ਸ਼੍ਰੀਮਤੀ ਬਾਦਲ ਨੇ ਇਸ ਲਾਂਘੇ ਦੇ ਖੁੱਲਣ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ। ਇਸਤੋਂ ਬਾਅਦ ਜਦ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਹੋਏ ਫੈਸਲਿਆਂ ਦੀ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਉਨ੍ਹਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਸਲਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜਦ ਸਾਰੇ ਧਾਰਮਿਕ ਸਥਾਨ ਖੁੱਲ ਚੁੱਕੇ ਹਨ ਤਾਂ ਤੁਰੰਤ ਇਸ ਲਾਂਘੇ ਨੂੰ ਵੀ ਖੋਲਣਾ ਚਾਹੀਦਾ ਹੈ।

ਪੰਜਾਬ ’ਚ ਰੇਤੇ ਦੀਆਂ ਕੀਮਤਾਂ ’ਚ ਵੱਡੀ ਕਟੌਤੀ, ਸਾਢੇ ਪੰਜ ਰੁਪਏ ਪ੍ਰਤੀ ਫੁੱਟ ਮਿਲੇਗਾ

0

ਮੰਤਰੀ ਮੰਡਲ ਨੇ ਪੰਜਾਬ ਰਾਜ ਰੇਤ ਅਤੇ ਬਜਰੀ ਦੀ ਮਾਈਨਿੰਗ ਨੀਤੀ 2021 ਨੂੰ ਦਿੱਤੀ ਪ੍ਰਵਾਨਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਪੰਜਾਬ ’ਚ ਪਿਛਲੇ 15 ਸਾਲਾਂ ਤੋਂ ਰੇਤ ਮਾਫ਼ੀਆ ਕਾਰਨ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਅੱਜ ਚੰਨੀ ਸਰਕਾਰ ਨੇ ਘੱਟੋ-ਘੱਟ ਸਸਤੀਆਂ ਦਰਾਂ ‘ਤੇ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਦੇ ਇਤਿਹਾਸਕ ਫੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਸੂਬੇ ਭਰ ਵਿੱਚ ਰੇਤ ਅਤੇ ਗਰੈਵਲ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ‘ਤੇ ਮੁਹੱਈਆ ਕਰਵਾਉਣ ਲਈ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਨੂੰ ਪ੍ਰਵਾਨਗੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਂ ਮਾਈਨਿੰਗ ਪਾਲਿਸੀ ਅਨੁਸਾਰ ਆਮ ਪਬਲਿਕ ਨੂੰ ਰੇਤ ਅਤੇ ਗਰੈਵਲ ਮਾਈਨਿੰਗ ਸਾਈਟਾਂ ਉਤੇ 5.50 ਰੁਪਏ ਪ੍ਰਤੀ ਕਿਊਬਕ ਫੁੱਟ ‘ਤੇ ਉਪਲੱਬਧ ਕਰਵਾਇਆ ਜਾਵੇਗਾ ਅਤੇ ਜਿਸ ਵਿੱਚ ਲੋਡਿੰਗ ਦਾ ਖਰਚਾ ਸਾਮਲ ਹੈ। ਇਸ ਤੋਂ ਇਲਾਵਾ ਜਨਤਕ ਹਿੱਤ ਵਿੱਚ ਆਰਡੀਨਰੀ ਕਲੇਅ ਅਤੇ ਆਰਡੀਨਰੀ ਮਿੱਟੀ ਲਈ ਰਾਇਲਟੀ ਦਾ ਰੇਟ 10 ਰੁਪਏ ਪ੍ਰਤੀ ਟਨ ਤੋਂ ਘੱਟ ਕਰਕੇ 2.50 ਰੁਪਏ ਪ੍ਰਤੀ ਟਨ ਕਰ ਦਿੱਤਾ ਜਾਵੇਗਾ।
ਇਸ ਨਵੀਂ ਪਾਲਿਸੀ ਅਨੁਸਾਰ ਜ਼ਮੀਨ ਦੇ ਮਾਲਕ ਜਾਂ ਜਿਸ ਦੇ ਕਬਜੇ ਵਿੱਚ ਜ਼ਮੀਨ ਹੈ, ਆਪਣੇ ਵਾਹੀਯੋਗ ਖੇਤਾਂ ਨੂੰ ਪੱਧਰਾ ਕਰਨ ਲਈ 3 ਫੁੱਟ ਤੱਕ ਖੁਦਾਈ ਜਾਂ ਹਟਾਈ ਗਈ ਮਿੱਟੀ ਨੂੰ ਨਿਪਟਾ ਸਕਦਾ ਹੈ। ਜ਼ਮੀਨ ਦੇ ਮਾਲਕ /ਪੰਚਾਇਤ ਵੱਲੋਂ ਆਪਣੀ ਜਮੀਨ ਨੂੰ ਲੇਵਲ ਕਰਨ ਦੀ ਜ਼ਰੂਰਤ ਅਤੇ ਹੋਰ ਧਾਰਮਿਕ ਅਤੇ ਵਿਕਾਸ ਗਤੀਵਿਧੀਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਮਾਈਨਰ ਮਿਨਰਲ ਦੀ ਖੁਦਾਈ ਕਰਨ ਦੀ ਆਗਿਆ ਹੈ। ਇਹਨਾਂ ਗਤੀਵਿਧੀਆਂ ਲਈ ਕੋਈ ਕਿਰਾਇਆ, ਰਾਇਲਟੀ ਜਾਂ ਪਰਮਿਟ ਫੀਸ ਅਤੇ ਕਿਸ ਪਰਮਿੰਟ ਦੀ ਜਰੂਰਤ ਨਹੀਂ ਹੈ। ਇਹਨਾਂ ਗਤੀਵਿਧੀਆਂ ਵਿੱਚ ਕਰਮਚਾਰੀਆਂ ਅਤੇ ਠੇਕੇਦਾਰਾਂ ਵਲੋਂ ਬਿਨਾ ਕਿਸੇ ਉਚਿਤ ਕਾਰਨ ਦੇ ਰੁਕਾਵਟ ਨਹੀਂ ਪਾਈ ਜਾਵੇਗੀ ਅਤੇ ਜੇਕਰ ਕੋਈ ਕਰਮਚਾਰੀ ਜਾਂ ਠੇਕੇਦਾਰ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਅਨੁਸਾਸਨੀ ਕਾਰਵਾਈ ਆਰੰਭੀ ਜਾਵੇਗੀ।
ਇਸ ਸਬੰਧੀ ਆਮ ਜਨਤਾ ਦੀ ਜਾਣਕਾਰੀ ਲਈ ਮੀਡੀਆ ਰਾਂਹੀ,ਮਾਈਨਾਂ ਸਾਈਟ ਦੇ ਪਿੱਟ ਹੈੱਡ, ਸਰਕਾਰੀ ਦਫਤਰਾਂ ਅਤੇ ਦਫਤਰਾਂ ਅਧੀਨ ਹੋਰ ਥਾਵਾਂ ‘ਤੇ ਨੋਟਿਸ ਬੋਰਡ ਲਗਾਕੇ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਨਿਰਧਾਰਤ ਰੇਟਾਂ ਤੋਂ ਵੱਧ ਰੇਟ ਨਾ ਵਸੂਲੇ। ਜੇਕਰ ਠੇਕੇਦਾਰ ਵੱਲੋਂ ਇਸ ਦੀ ਕੋਈ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।ਬੁਲਾਰੇ ਨੇ ਦੱਸਿਆ ਕਿ ਖਪਤਕਾਰ ਨੂੰ ਸਮਰਪਿਤ ਟੋਲ ਫਰੀ ਨੰਬਰ ਉਪਲੱਬਧ ਕਰਵਾਇਆ ਜਾਵੇਗਾ। ਜੇਕਰ ਕੋਈ ਵਿਅਕਤੀ ਨਿਰਧਾਰਤ ਰੇਟ ਤੋਂ ਵੱਧ ਰੇਟ ਵਸੂਲ ਕਰਦਾ ਹੈ ਤਾਂ ਖਪਤਕਾਰ ਇਸ ਟੋਲ ਫਰੀ ਨੰਬਰ ਰਾਹੀਂ ਆਪਣੀ ਸਕਿਾਇਤਾਂ ਦਰਜ ਕਰਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਰੇਤ ਅਤੇ ਗਰੈਵਲ ਦੀਆਂ ਮਾਈਨਾਂ ਈ-ਆਕਸਨ ਰਾਂਹੀ ਵੱਖ-ਵੱਖ ਠੇਕੇਦਾਰਾਂ ਨੂੰ ਪੰਜਾਬ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2018 ਅਨੁਸਾਰ ਅਲਾਟ ਕੀਤੀਆਂ ਗਈਆਂ ਹਨ। ਮਾਈਨਾਂ ਵਿੱਚੋਂ ਨਿਕਾਸੀ ਕਰਨ ਦੀ ਮਾਤਰਾ 350 ਲੱਖ ਮੀਟਰਕ ਟਨ ਸਲਾਨਾ ਨਿਰਧਾਰਤ ਕੀਤੀ ਗਈ ਸੀ। ਇਸ ਪਾਲਿਸੀ ਅਨੁਸਾਰ ਸਰਕਾਰ ਨੇ ਰੇਤ ਅਤੇ ਗਰੈਵਲ ਦਾ ਪਿਟ ਹੈਂਡ ‘ਤੇ ਵਿਕਰੀ ਕੀਮਤ 9 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਤ ਕੀਤੀ ਹੈ ਜਿਸ ਵਿੱਚ ਲੋਡਿੰਗ ਦਾ ਖਰਚਾ ਸਾਮਲ ਹੈ। ਪੰਜਾਬ ਦੇ ਵੱਖ-ਵੱਖ ਸਹਿਰਾਂ ਵਿੱਚ ਰੇਤ ਅਤੇ ਗਰੈਵਲ ਦੀ ਔਸਤ ਵਿਕਰੀ ਕੀਮਤ ਮੂਲ ਸਰੋਤ ਤੋਂ ਪਹੁੰਚ ਸਥਾਨ ਦੀ ਦੂਰੀ ਦੇ ਅਧਾਰ ‘ਤੇ 20 ਰੁਪਏ ਤੋਂ ਲੈ ਕੇ 35 ਰੁਪਏ ਪ੍ਰਤੀ ਕਿਊਬਿਕ ਫੁੱਟ ਹੈ।

ਚੰਨੀ ਸਰਕਾਰ ਦਾ ਚੋਣ ਤੋਹਫ਼ਾ: 36 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਹਰੀ ਝੰਡੀ

0

‘ਪੰਜਾਬ ਪ੍ਰੋਟੈਕਸਨ ਐਂਡ ਰੈਗੂਲਰਾਈਜੇਸਨ ਆਫ ਠੇਕਾ ਮੁਲਾਜਮ ਬਿੱਲ-2021‘ ਕੀਤਾ ਪਾਸ
ਕਾਨੂੰਨ ਬਣਾਉਣ ਲਈ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸੈਸਨ ਵਿੱਚ ਪੇਸ ਕੀਤਾ ਜਾਵੇਗਾ ਬਿੱਲ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਪਿਛਲੇ ਇੱਕ ਦਹਾਕੇ ਤੋਂ ਸੂਬੇ ਦੇ ਹਜ਼ਾਰਾਂ ਠੇਕੇ ‘ਤੇ ਕੰਮ ਕਰਦੇ ਮੁਲਾਜਮਾਂ, ਐਡਹਾਕ, ਵਰਕ ਚਾਰਜਡ, ਦਿਹਾੜੀਦਾਰ ਅਤੇ ਅਸਥਾਈ ਕਾਮਿਆਂ ਵਲੋਂ ਅਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਕੀਤੀ ਜਾ ਰਹੀ ਮੰਗ ’ਤੇ ਵੱਡਾ ਹੂੰਗਾਰਾ ਭਰਦਿਆਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ‘ਦਿ ਪੰਜਾਬ ਪ੍ਰੋਟੈਕਸਨ ਐਂਡ ਰੈਗੂਲਰਾਈਜੇਸਨ ਆਫ ਕੰਟ੍ਰੈਕਚੁਅਲ ਇੰਪਲਾਈਜ ਬਿੱਲ-2021‘ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਤੋਂ ਬਾਅਦ ਹੁਣ ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸਨ ਵਿਚ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਇਸ ਫੈਸਲੇ ਨਾਲ 10 ਸਾਲ ਤੋਂ ਵੱਧ ਸੇਵਾ ਵਾਲੇ ਕਰੀਬ 36,000 ਉਪਰੋਕਤ ਮੁਲਾਜਮਾਂ ਦੀਆਂ ਸੇਵਾਵਾਂ ਰੈਗੂਲਰ ਹੋ ਜਾਣਗੀਆਂ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਡੀਮਡ ਅਸਾਮੀਆਂ ਦੀ ਵਾਧੂ ਰਚਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।ਇਨ੍ਹਾਂ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਦੌਰਾਨ ਰਾਖਵਾਂਕਰਨ ਨੀਤੀ ਦੀਆਂ ਵਿਵਸਥਾਵਾਂ ਦੀ ਪਾਲਣਾ ਕੀਤੀ ਜਾਵੇਗੀ। ਹਾਲਾਂਕਿ, ਨਿਯਮਤ ਕਰਨ ਦਾ ਇਹ ਫੈਸਲਾ ਬੋਰਡਾਂ ਅਤੇ ਕਾਰਪੋਰੇਸਨਾਂ ਲਈ ਬੰਧਨ ਨਹੀਂ ਹੋਵੇਗਾ।

ਆਖ਼ਰਕਾਰ ਸਿੱਧੂ ਦੇ ਦਬਾਅ ਅੱਗੇ ਝੁਕੇ ਚੰਨੀ, ਏ.ਜੀ ਦਾ ਅਸਤੀਫ਼ਾ ਸਵੀਕਾਰ

0

ਨਵੇਂ ਏ.ਜੀ ਨੂੰ ਲਗਾਉਣ ਦਾ ਫੈਸਲਾ ਹੋਵੇਗਾ ਭਲਕੇ, ਡੀਜੀਪੀ ਸਹੋਤਾ ਦੀ ਵੀ ਛੁੱਟੀ ਦੀ ਤਿਆਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਆਖ਼ਰਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਹੇਠ ਝੁਕਦਿਆਂ ਅੱਜ ਐਡਵੋਕੇਟ ਜਨਰਲ ਏ.ਪੀ.ਐਸ ਦਿਊਲ ਵੱਲੋਂ ਦਿੱਤੇ ਅਸਤੀਫਾ ਨੂੰ ਸਵੀਕਾਰ ਕਰ ਲਿਆ। ਬੀਤੇ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਡੀਜੀਪੀ ਤੇ ਏਜੀ ਜਾਂ ਫ਼ਿਰ ਪਾਰਟੀ ਪ੍ਰਧਾਨ ਵਿਚੋਂ ਇੱਕ ਨੂੰ ਚੁਣਨ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਅੱਜ ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੈਬਨਿਟ ਨੇ ਏਜੀ ਦਿਊਲ ਵਲੋਂ ਲੰਘੀ 1 ਨਵੰਬਰ ਨੂੰ ਦਿੱਤੇ ਅਸਤੀਫ਼ੇ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ। ਮੁੱਖ ਮੰਤਰੀ ਨੇ ਦਸਿਆ ਕਿ ਭਲਕੇ ਨਵਾਂ ਐਡਵੋਕੇਟ ਜਨਰਲ ਲਗਾ ਦਿੱਤਾ ਜਾਵੇਗਾ। ਇਸਤੋਂ ਇਲਾਵਾ ਉਨ੍ਹਾਂ ਡੀਜੀਪੀ ਵਜੋਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵੀ ਚੱਲਦਾ ਕਰਨ ਦਾ ਇਸ਼ਾਰਾ ਕਰਦਿਆਂ ਦਾਅਵਾ ਕੀਤਾ ਕਿ ਨਵਾਂ ਡੀਜੀਪੀ ਲਗਾਉਣ ਲਈ ਇਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਤੇ ਕੇਂਦਰ ਵਲੋਂ ਪੈਨਲ ਵਿਚੋਂ ਤਿੰਨ ਨਾਵਾਂ ਦੇ ਵਾਪਸ ਆਉਣ ’ਤੇ ਉਸ ਵਿਚੋਂ ਨਵਾਂ ਡੀਜੀਪੀ ਲਗਾਇਆ ਜਾਵੇਗਾ। ਜਿਕਰ ਕਰਨਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ਤੋਂ ਬਾਅਦ ਕਾਫ਼ੀ ਉਤਸ਼ਾਹ ਵਿਚ ਨਜ਼ਰ ਆ ਰਹੇ ਸਿੱਧੂ ਦਾ ਚੰਨੀ ਸਰਕਾਰ ਨਾਲ ਵੀ ਉਸ ਵੇਲੇ ਮੋਹ ਭੰਗ ਹੋ ਗਿਆ ਸੀ ਜਦ ਸਰਕਾਰ ਨੇ ਡੀਜੀਪੀ ਵਜੋਂ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਏਜੀ ਵਜੋਂ ਏ.ਪੀ.ਐਸ ਦਿਊਲ ਦੀ ਚੋਣ ਕਰ ਲਈ ਸੀ। ਸਿੱਧੂ ਦਾ ਦਾਅਵਾ ਹੈ ਕਿ ਐਡਵੋਕੇਟ ਦਿਊਲ ਨੇ ਬਰਗਾੜੀ ਕਾਂਡ ਦੇ ਕਥਿਤ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ ਬਲਂੈਕਅੇਂਟ ਜਮਾਨਤ ਦਵਾਈ ਹੈ ਜਦੋਂਕਿ ਡੀਜੀਪੀ ਸਹੋਤਾ ਨੇ ਅਕਾਲੀ ਸਰਕਾਰ ਦੌਰਾਨ ਬਣੀ ਐਸ.ਆਈ.ਆਈ ਦੇ ਮੁਖੀ ਵਜੋਂ ਕਥਿਤ ਮੁੱਖ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਸੀ।

ਫੀਲਡ ਐਂਡ ਵਰਕਸ਼ਾਪ ਵਿਗਿਆਨਕ ਦੀ ਜਿਲਾ ਇਕਾਈ ਦੀ ਹੋਈ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਿਗਿਆਨਕ ਦੀ ਜਿਲ੍ਹਾ ਇਕਾਈ ਦੀ ਚੋਣ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਸੂਬਾਈ ਜਰਨਲ ਸਕੱਤਰ ਸਾਥੀ ਮਨਜੀਤ ਸਿੰਘ ਸੰਗਤਪੁਰਾ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਪਤੀ ਨਾਲ ਨਵੀਂ ਚੁਣੀ ਕਮੇਟੀ ਵਿੱਚ ਸਾਥੀ ਕੇਵਲ ਸਿੰਘ ਸਲਾਹਕਾਰ,ਪ੍ਰਧਾਨ ਰਣਜੀਤ ਸਿੰਘ ਜੀਤੀ,ਜਨਰਲ ਸਕੱਤਰ ਮਲਕੀਤ ਖਾਨ,ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਮਹਿਮਾ ਸਰਕਾਰੀ, ਮੀਤ ਪ੍ਰਧਾਨ ਮੱਖਣ ਸਿੰਘ, ਖਜਾਨਚੀ ਬਿੱਟੂ ਰਾਮ,ਸਹਾਇਕ ਖਜਾਨਚੀ ਰਾਮ ਨਾਥ ਸ਼ਰਮਾਤੇ ਬਲਵੀਰ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਚਮਕੌਰ ਸਿੰਘ ਰਾਮਪੁਰਾ,ਜਥੇਬੰਦਕ ਸਕੱਤਰ ਸੁਖਦੇਵ ਸਿੰਘ ਘੋੜਾ,ਸਹਾਇਕ ਜਥੇਬੰਦਕ ਸਕੱਤਰ ਅਮਰਜੀਤ ਸਿੰਘ ਕਮੇਟੀ ਮੈਂਬਰ ਬੰਤ ਸਿੰਘ ਤਲਵੰਡੀ ਸਾਬੋ ਸਾਥੀ ਚੁਣੇ ਗਏ।

ਕਾਂਗਰਸੀ ਆਗੂ ਲਾਡੀ ਨੇ ਬਠਿੰਡਾ ਸ਼ਹਿਰ ਵਿੱਚ ਖੋਲ੍ਹਿਆ ਦਫਤਰ

0

ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਅੱਜ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਹਲਕੇ ਦਾ ਮੁੱਖ ਦਫਤਰ ਬਠਿੰਡਾ ਸ਼ਹਿਰ ਵਿੱਚ ਖੋਲ੍ਹ ਦਿੱਤਾ ਹੈ। ਮਾਡਲ ਟਾਊਨ ਫੇਜ਼ ਇੱਕ ਵਿਚ ਟੀਵੀ ਟਾਵਰ ਦੇ ਸਾਹਮਣੇ ਹਲਕੇ ਦੇ ਦਫ਼ਤਰ ਦਾ ਉਦਘਾਟਨ ਕਰਦਿਆਂ ਲਾਡੀ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਰਹਿ ਗਏ ਹਨ ਇਸ ਲਈ ਹੁਣੇ ਤੋਂ ਕਾਂਗਰਸੀ ਆਗੂ ਤੇ ਵਰਕਰ ਆਪਣੀਆਂ ਤਿਆਰੀਆਂ ਖਿੱਚ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣੇ ਹੀ ਕਈ ਵੱਡੇ ਲੋਕ ਭਲਾਈ ਦੇ ਇਤਿਹਾਸਕ ਫੈਸਲੇ ਲਏ ਗਏ ਹਨ ਜਿਨ੍ਹਾਂ ਦਾ ਹਰ ਵਰਗ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਬੂਥ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਘਰ ਘਰ ਜਾ ਕੇ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਦਫਤਰ ਦੇ ਉਦਘਾਟਨ ਮੌਕੇ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਸਰਪੰਚ ਪੰਚ ਬਲਾਕ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜਰ ਸਨ।

ਕਿਸਾਨ ਜਥੇਬੰਦੀ ਨੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਐਸ.ਡੀ.ਐਮ ਦਫ਼ਤਰ ਅੱਗੇ ਲਗਾਇਆ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਸਮੁੱਚਾ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਝੰਡੇ ਹੇਠ ਕਿਸਾਨਾਂ ਵਲੋਂ ਸਥਾਨਕ ਐਸ ਡੀ ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ। ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਤੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ ਕਰਨਾ ਚਾਹੀਦਾ ਹੈ ਕਿਉਂਕਿ ਖੇਤੀ ਉਪਰ ਲਾਗਤ ਜਿਆਦਾ ਤੇ ਮੁਨਾਫ਼ਾ ਘਟਦਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਸਰਕਾਰ ਬਿਜਲੀ ਦੇ ਬਿੱਲ ਮੁਆਫ ਕਰ ਸਕਦੀ ਹੈ ਤਾਂ ਫਿਰ ਕਰਜ਼ਾ ਕਿਉਂ ਨਹੀਂ ਮੁਆਫ ਕੀਤਾ ਜਾ ਸਕਦਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਿਆਸੀ ਪਾਰਟੀਆਂ ਵਲੋਂ ਜਾਰੀ ਚੋਣ ਮੈਨੀਫੈਸਟੋ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ ਗੁਰਪਾਲ ਸਿੰਘ ਕੋਠੇ ਸੰਧੂਆਂ ਵਾਲੇ, ਵੀਰ ਜਵਿੰਦਰ ਸਿੰਘ ਗਹਿਰੀ, ਕੌਰ ਸਿੰਘ ਗੰਗਾ, ਬਲਕਰਨ ਸਿੰਘ ਗੋਨਿਆਣਾ ਖੁਰਦ, ਸੁਖਮੰਦਰ ਸਿੰਘ ਮਹਿਮਾ ਸਰਜਾ, ਬਿੰਦਰ ਸਿੰਘ ਗੋਨਿਆਣਾ ਕਲਾਂ, ਬਲਕਰਨ ਸਿੰਘ ਖੇਮੋਆਣਾ,ਤੀਰਥ ਸਿੰਘ ਲੱਖੀ ਜੰਗਲ, ਅਮਰਜੀਤ ਸਿੰਘ,ਅੰਗਰੇਜ਼ ਸਿੰਘ, ਸੁਖਬੀਰ ਸਿੰਘ, ਭਿੰਦਰ ਸਿੰਘ ਭੋਖੜਾ ਤੇ ਹਰਜਿੰਦਰ ਸਿੰਘ ਸਿਵੀਆਂ ਤੋਂ ਇਲਾਵਾ ਕਾਫ਼ੀ ਕਿਸਾਨ ਸ਼ਾਮਲ ਸਨ।

ਬਠਿੰਡਾ ਸ਼ਹਿਰ ਵਿੱਚ ਆਪ ਨੂੰ ਝਟਕਾ, ਮਹਿਲਾ ਆਗੂ ਅਕਾਲੀ ਦਲ ਵਿਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਰੁਪਿੰਦਰ ਕੌਰ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਪੁੱਜੀ ਬੀਬੀ ਰੁਪਿੰਦਰ ਕੌਰ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸ: ਬਾਦਲ ਨੇ ਕਿਹਾ ਕਿ ਆਪ ਦਾ ਪੰਜਾਬ ਵਿੱਚ ਵਜੂਦ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਤੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਪ੍ਰਤੀ ਦੋਗਲੀ ਸੋਚ ਹੈ। ਇਸ ਮੌਕੇ ਰੁਪਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹੁਣ ਖਾਸ ਲੀਡਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮੈਡਮ ਰੁਪਿੰਦਰ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਸ਼ਹਿਰੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।

ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਂਝਾ: ਡੀਸੀ

0

ਪੈਡਿੰਗ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣ ਪੂਰੇ
ਕਿਸਾਨਾਂ ਨੂੰ ਮੰਡੀਆਂ ’ਚ ਖਰੀਦ ਤੇ ਲਿਫਟਿੰਗ ਦੌਰਾਨ ਨਾ ਆਉਣ ਦਿੱਤੀ ਜਾਵੇ ਮੁਸ਼ਕਿਲ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ : ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਸਕੱਤਰੇਤ ਦੇ ਮੀਟਿੰਗ ਹਾਲ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਦੇਸ਼ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਝਾਂ ਨਾ ਰਹਿਣ ਦਿੱਤਾ ਜਾਵੇ। ਇਸ ਦੌਰਾਨ ਉਨਾਂ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸੀਮੀਖਿਆਂ ਕਰਦਿਆਂ ਅਧਿਕਾਰੀਆਂ ਨੰੂ ਇਹ ਵੀ ਆਦੇਸ਼ ਦਿੱਤੇ ਕਿ ਕੋਈ ਵੀ ਕੰਮ ਪੈਡਿੰਗ ਨਾ ਰਹਿਣ ਦਿੱਤਾ ਜਾਵੇ।
ਜ਼ਿਲੇ ਅੰਦਰ ਚੱਲ ਰਹੀ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਦਿਆਂ ਉਨਾਂ ਜ਼ਿਲਾਂ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਕਿ ਅਨਾਜ ਮੰਡੀਆਂ ਤੇ ਖਰੀਦ ਕੇਦਰਾਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਵਿੱਚ ਕਿਸੇ ਤਰਾਂ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਬੈਠਕ ਦੌਰਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਪਰਾਲੀ ਨਾ ਸਾੜਨ , ਕਰੋਨਾ ਵੈਕਸ਼ੀਨੇਸ਼ਨ, ਡੇਂਗੂ, ਜਲ ਸ਼ਕਤੀ ਅਭਿਆਨ, ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇੇ ਦੇ ਮੁਆਵਜੇ ਤੋਂ ਇਲਾਵਾ ਨਸ਼ੇ ਦੇ ਖਾਤਮੇ ਲਈ ਨਸ਼ਾ ਛੁਡਊਂ ਕੇਂਦਰਾਂ ਦੇ ਕਾਰਜਾਂ ਦਾ ਵੀ ਨਿਰੀਖਣ ਕੀਤਾ ਤੇ ਸਬੰਧਤ ਅਧਿਕਾਰੀਆਂ ਨੂੰ ਆਪੋ-ਆਪਣੇ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਾ ਵਰਤਣ ਦੇ ਆਦੇਸ਼ ਦਿੱਤੇ। ਇਸ ਮੌਕੇ ਏਡੀਸੀ ਵਰਿੰਦਰਪਾਲ ਸਿੰਘ ਬਾਜਵਾ, ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਅਕਾਸ਼ ਬਾਂਸਲ, ਰਾਮਪੁਰਾ ਨਵਦੀਪ ਕੁਮਾਰ, ਮੌੜ ਮੈਡਮ ਵੀਰਪਾਲ ਕੌਰ, ਬਠਿੰਡਾ ਕੰਵਰਦੀਪ ਸਿੰਘ, ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ, ਆਰ.ਟੀ.ਏ ਬਲਵਿੰਦਰ ਸਿੰਘ, ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਸਰੋਜ ਰਾਣੀ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਜ਼ਿਲਾ ਸਿੱਖਆ ਅਫ਼ਸਰ ਐਲੀਮੈਂਟਰੀ ਸ਼ਿਵਪਾਲ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਸ਼ਾਮਿਲ ਸਨ।

Our Visitor

1891850