Friday, May 1, 2026
Home Blog Page 2717

ਮਾਮਲਾ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਨਾ ਦੇਣ ਦਾ

0

ਹੁਣ ਭਾਜਪਾ ਦੀ ਤਰ੍ਹਾਂ ਕਾਂਗਰਸ ਨੂੰ ਵੀ ਪਿੰਡਾਂ ਤੇ ਸ਼ਹਿਰਾਂ ’ਚ ਘੇਰਣਗੇ ਕਿਸਾਨ
ਬਠਿੰਡਾ ’ਚ ਮਿੰਨੀ ਸਕੱਤਰੇਤ ਦਾ ਘਿਰਾਓ ਚੁੱਕਿਆ

ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਆਗਾਮੀ ਵਿਧਾਨ ਸਭਾ ਚੋਣਾਂ ’ਚ ਖੁਦ ਨੂੰ ਕਿਸਾਨ ਹਿਮਾਇਤੀ ਸਾਬਿਤ ਕਰਨ ਲੱਗੀ ਸੂਬੇ ਦੀ ਸੱਤਾਧਿਰ ਕਾਂਗਰਸ ਨੂੰ ਵੀ ਹੁਣ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਭਾਜਪਾ ਦੀ ਤਰਜ਼ ’ਤੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਦੇਣ ਦੇ ਰੋਸ਼ ਵਜੋਂ ਪਿਛਲੇ ਪੰਜ ਦਿਨਾਂ ਤੋਂ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੇ ਅੱਜ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਦੇ ਘਿਰਾਓ ਦਾ ਐਲਾਨ ਕਰਦਿਆਂ ਸਕੱਤਰੇਤ ਦੇ ਘਿਰਾਓ ਨੂੰ ਚੁੱਕ ਲਿਆ। ਇਸਦੇ ਨਾਲ ਹੀ ਆਗੂਆਂ ਨੇ ਕਿਸਾਨਾਂ ਨੂੰ ਸੂਬੇ ਭਰ ਵਿਚ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਲੱਗੇ ਹੋਰਡਿੰਗ, ਫਲੈਕਸਾਂ ਤੇ ਪੋਸਟਰਾਂ ਨੂੰ ਵੀ ਉਤਾਰਨ ਦਾ ਸੱਦਾ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਚੱਲ ਰਹੇ ਇਸ ਘਿਰਾਓ ਵਿਚੋਂ ਹੀ ਸੈਕੜੇ ਕਿਸਾਨਾਂ ਵਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਰੋਧ ਦੀ ਕੜੀ ਵਜੋਂ ਸਥਾਨਕ ਧੋਬੀਆਣਾ ਬਸਤੀ ਵਿਖੇ ਇੱਕ ਸਕੂਲ ’ਚ ਚੱਲ ਰਹੇ ਸੁਵਿਧਾ ਕੈਂਪ ਦੇ ਬਾਹਰ ਪੁੱਜ ਕੇ ਕਾਂਗਰਸੀ ਆਗੂਆਂ ਨੂੰ ਭਾਜੜਾਂ ਪਾ ਦਿੱਤੀਆਂ। ਪੁਲਿਸ ਵਲੋਂ ਸੂਚਨਾ ਮਿਲਣ ’ਤੇ ਕੈਂਪ ਵਿਚ ਮੌਜੂਦਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ ਤੇ ਮੇਅਰ ਰਮਨ ਗੋਇਲ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਆਦਿ ਮੌਕੇ ’ਤੇ ਬਚਾਅ ਕਰਦਿਆਂ ਸਾਹਮਣੇ ਇੱਕ ਫ਼ਾਰਮ ਹਾਊਸ ਵਿਚ ਚਲੇ ਗਏ। ਜਦੋਂਕਿ ਬੀਤੇ ਕੱਲ ਕਿਸਾਨਾਂ ਦੀ ਚਪੇਟ ’ਚ ਆਏ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਵਾਪਸ ਹੀ ਮੁੜ ਗਏ। ਕਰੀਬ ਇੱਕ ਘੰਟਾ ਉਪਰੋਕਤ ਕੈਂਪ ਦੇ ਬਾਹਰ ਰੋਹ ‘ਚ ਆਏ ਕਿਸਾਨਾਂ ਮਜਦੂਰਾਂ ਔਰਤਾਂ ਦਾ ਵੱਡਾ ਕਾਫਲਾ ਜੋਸੀਲੇ ਨਾਹਰੇ ਲਗਾਉਂਦਾ ਰਿਹਾ। ਉਧਰ ਸਕੱਤਰੇਤ ਅੱਗੇ ਲੱਗੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਕੱਤਰ ਸਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਆਦਿ ਨੇ ਚੰਨੀ ਸਰਕਾਰ ‘ਤੇ ਦੋਸ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜਾ ਲੈਣ ਲਈ ਕਿਸਾਨਾਂ ਵੱਲੋਂ ਖਜਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜਰਅੰਦਾਜ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਪੰਜਵੇਂ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸਹਿਰਾਂ/ਪਿੰਡਾਂ ਦੇ ਚੌਕਾਂ ‘ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਇਸਦੇ ਨਾਲ ਹੀ ਖੇਤੀ ਮੰਤਰੀ ਵੱਲੋਂ ਤਬਾਹ ਹੋਏ ਨਰਮੇ ਦਾ ਰਕਬਾ 7 ਲੱਖ ਏਕੜ ਦੀ ਥਾਂ ਸਿਰਫ 2 ਲੱਖ ਏਕੜ ਬਣਾ ਕੇ ਪੇਸ ਕਰਨ ਲਈ ਕੋਰਾ ਝੂਠ ਬੋਲਿਆ ਗਿਆ ਹੈ। ਕਿਸਾਨ ਆਗੂਆਂ ਨੇ ਨਰਮੇ ਅਤੇ ਝੋਨੇ ਦੀ ਮੁਕੰਮਲ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਅਤੇ ਖੇਤ ਮਜਦੂਰਾਂ ਨੂੰ ਨਰਮਾ-ਚੁਗਾਈ ਦੇ ਰੁਜਗਾਰ ਉਜਾੜੇ ਬਦਲੇ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦੇਣ ਦੀ ਮੰਗ ਕੀਤੀ। ਇਸਦੇ ਨਾਲ ਹੀ ਜਥੇਬੰਦੀ ਦੀ ਸੂਬਾ ਕਮੇਟੀ ਦੇ ਫੈਸਲੇ ਦਾ ਐਲਾਨ ਕਰਦਿਆਂ ਝੰਡਾ ਸਿੰਘ ਜੇਠੂਕੇ ਨੇ ਦਸਿਆ ਕਿ ਚੰਨੀ ਸਰਕਾਰ ਦੀ ਚੁੱਪੀ ਤੋੜਣ ਲਈ ਹੁਣ ਭਲਕ ਤੋਂ ਪੰਜਾਬ ਭਰ ਵਿੱਚ ਕਾਂਗਰਸੀ ਮੰਤਰੀਆਂ,ਵਿਧਾਇਕਾਂ ਤੇ ਉੱਚ ਰਾਜਸੀ ਆਗੂਆਂ ਵੱਲੋਂ ਪਿੰਡਾਂ ਸਹਿਰਾਂ ਵਿੱਚ ਆਉਣ ‘ਤੇ ਉਨ੍ਹਾਂ ਦੇ ਘਿਰਾਓ ਕੀਤਾ ਜਾਵੇਗਾ ਤੇ ਮੰਗਾਂ ਮੰਨੇ ਜਾਣ ਤੱਕ ਭਾਜਪਾ ਆਗੂਆਂ ਵਾਂਗ ਹੀ ਵਿਹਾਰ ਕੀਤਾ ਜਾਵੇਗਾ। ਨਾਲ ਹੀ “ਨਰਮੇ ਦਾ ਢੁੱਕਵਾਂ ਮੁਆਵਜਾ“ ਵਾਲੇ ਸਰਕਾਰੀ ਬੈਨਰਾਂ ਉੱਤੇ ਵੀ ਪੰਜਾਬ ਭਰ ਵਿੱਚ ਕਾਲੇ ਰੰਗ ਦੇ ਕਾਟੇ ਮਾਰੇ ਜਾਣਗੇ।

ਪਾਵਰਕਾਮ ਵੱਲੋਂ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਟੈਂਡਰ ਜਾਰੀ

0

2.33 ਰੁਪਏ ਪ੍ਰਤੀ ਯੂਨਿਟ ਦੀ ਰਿਕਾਰਡ ਘੱਟ ਕੀਮਤ ’ਤੇ 250 ਮੈਗਾਵਾਟ ਸੋਲਰ ਪਾਵਰ ਦੀ ਕੀਤੀ ਪੇਸ਼ਕਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 29 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਕੁੱਲ 500 ਮੈਗਾਵਾਟ ਸੂਰਜੂ ਊਰਜਾ ਦੀ ਖਰੀਦ ਲਈ ਦੋ ਟੈਂਡਰ ਜਾਰੀ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 250-250 ਮੈਗਾਵਾਟ ਦੀ ਸਮਰੱਥਾ ਵਾਲੇ ਇਹ ਦੋ ਸੂਰਜੀ ਊਰਜਾ ਪ੍ਰੋਜੈਕਟ ਵਿੱਚੋਂ ਇਕ-ਇਕ ਭਾਰਤ ਅਤੇ ਪੰਜਾਬ ਵਿੱਚ ਕਿਤੇ ਵੀ ਸਥਿਤ ਹੋਣਗੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਦੇਸ ਭਰ ਦੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ।
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਦੇ ਅਨੁਸਾਰ ਭਾਰਤ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਰੀਨਿਊ ਦਿਨਕਰ ਜੋਤੀ ਪ੍ਰਾਈਵੇਟ ਲਿਮਟਿਡ’ ਨੇ 2.33 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 250 ਮੈਗਾਵਾਟ ਸੋਲਰ ਪਾਵਰ ਦੀ ਪੇਸਕਸ ਕੀਤੀ ਹੈ। ਪੰਜਾਬ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਐਸ.ਜੇ.ਵੀ.ਐਨ. ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 100 ਮੈਗਾਵਾਟ ਸੂਰਜੀ ਊਰਜਾ ਅਤੇ ‘ਐਸ.ਏ.ਈ.ਐਲ. ਲਿਮਿਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 50 ਮੈਗਾਵਾਟ ਸੋਲਰ ਪਾਵਰ ਦੀ ਪੇਸਕਸ ਕੀਤੀ ਹੈ।
ਸੀ.ਐਮ.ਡੀ. ਨੇ ਇਹ ਵੀ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਸੋਲਰ ਐਨਰਜੀ ਕਾਰਪੋਰੇਸਨ ਆਫ ਇੰਡੀਆ (ਐਸ.ਈ.ਸੀ.ਆਈ.) ਨਾਲ ਪੀ.ਐਸ.ਏ. ’ਤੇ ਵੀ ਹਸਤਾਖਰ ਕੀਤੇ ਹਨ ਜਿਸ ਦੇ ਤਹਿਤ ਇਸ ਦਸੰਬਰ ਤੋਂ ਪੀ.ਐਸ.ਪੀ.ਸੀ.ਐਲ. ਨੂੰ 500 ਮੈਗਾਵਾਟ ਹਾਈਬਿ੍ਰਡ (ਸੂਰਜੀ+ਹਵਾ) ਪਾਵਰ ਪੜਾਅਵਾਰ ਉਪਲਬਧ ਹੋਵੇਗੀ ਅਤੇ ਵਿੱਤੀ ਸਾਲ 2021-22 ਦੇ ਅੰਤ ਤੱਕ ਇਸ ਦੇ ਪੂਰੀ ਤਰ੍ਹਾਂ ਉਪਲੱਬਧ ਹੋਣ ਦੀ ਸੰਭਾਵਨਾ ਹੈ।
ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ. ਨੇ ਇਸਦੇ 66 ਕੇਵੀ ਸਬਸਟੇਸਨਾਂ ਦੀ ਖਾਲੀ ਜਮੀਨ ’ਤੇ 140 ਮੈਗਾਵਾਟ ਦੇ ਸੋਲਰ ਪੀ.ਵੀ. ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਸੀ.ਈ.ਐਸ.ਐਲ. (ਬਿਜਲੀ ਮੰਤਰਾਲੇ ਅਧੀਨ ਪੀਐਸਯੂਜ ਦਾ ਇੱਕ ਸਾਂਝਾ ਉੱਦਮ) ਨਾਲ ਇੱਕ ਸਮਝੌਤਾ ਵੀ ਕੀਤਾ ਹੈ ਤਾਂ ਜੋ ਸਾਫ-ਸੁਥਰੀ, ਮਿਆਰੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੀਐਸਪੀਸੀਐਲ ਨੇ ਪਹਿਲਾਂ ਹੀ ਵੱਖ-ਵੱਖ ਪ੍ਰੋਜੈਕਟਾਂ ਤੋਂ ਲਗਭਗ 951 ਮੈਗਾਵਾਟ ਸੂਰਜੀ ਊਰਜਾ ਲਈ ਸਮਝੌਤਾ ਕੀਤਾ ਹੈ ਅਤੇ ਪੀਐਸਪੀਸੀਐਲ ਆਪਣੇ ਖਪਤਕਾਰਾਂ ਨੂੰ ਬਿਹਤਰ ਗੁਣਵੱਤਾ ਦੀ ਮਿਆਰੀ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਵਾਧੇ ਦੇ ਨਾਲ ਪੀਐਸਪੀਸੀਐਲ ਦੀ ਉਤਪਾਦਨ ਸਮਰੱਥਾ 14,500 ਮੈਗਾਵਾਟ ਤੱਕ ਵਧ ਜਾਵੇਗੀ।

ਸੜਕ ਸੁਰੱਖਿਆ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇਗਾ: ਰਾਜਾ ਵੜਿੰਗ

0

ਟਰਾਂਸਪੋਰਟ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਲਿਖਿਆ ਜਾਵੇਗਾ ਪੱਤਰ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਅਕਤੂਬਰ: ਪੰਜਾਬ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਰਾਹਗੀਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਪਾਬੰਦ ਕਰਨ ਦੇ ਮਨਸ਼ੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 14 ਨਵੰਬਰ ਨੂੰ “ਨੋ ਚਲਾਨ ਡੇਅ” ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੁਹਿੰਮ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਿਵੇਂ ਤੇਜ ਰਫ਼ਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਸੁਣਨਾ ਅਤੇ ਓਵਰਲੋਡਿੰਗ ਆਦਿ ਨੂੰ ਰੋਕਿਆ ਜਾਵੇਗਾ, ਸੜਕ ਸੁਰੱਖਿਆ ਬਾਰੇ ਆਵਾਜਾਈ ਬਾਰੇ ਸੰਖੇਪ ਜਾਣਕਾਰੀ ਰਾਹਗੀਰਾਂ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਪੈਂਫ਼ਲਿਟ ਅਤੇ ਬੈਜ ਵੰਡੇ ਜਾਣਗੇ।
ਸੂਬੇ ਦੇ ਸਾਰੇ ਬਲਾਕਾਂ, ਜ਼ਿਲ੍ਹਿਆਂ ਅਤੇ ਵੱਡੇ ਸ਼ਹਿਰਾਂ ਵਿੱਚ 14 ਨਵੰਬਰ, 2021 ਨੂੰ ਵਿੱਢੀ ਜਾਣ ਵਾਲੀ ਇਸ ਸੜਕ ਸੁਰੱਖਿਆ ਮੁਹਿੰਮ ਦੀ ਤਿਆਰੀ ਦਾ ਜਾਇਜਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਜ਼ੋਰ ਦਿੱਤਾ ਕਿ ਸੜਕ ਸੁਰੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ ਅਤੇ ਵਿਦਿਆਰਥੀਆਂ ਦਾ ਮੁਲਾਂਕਣ ਸੜਕ ਸੁਰੱਖਿਆ ਸਮੱਗਰੀ ਦੇ ਆਧਾਰ ‘ਤੇ ਗਰੇਡਾਂ ਨਾਲ ਕੀਤਾ ਜਾਵੇ ਨਾਕਿ ਇੱਕ ਆਪਸ਼ਨਲ ਪਾਠ ਵਜੋਂ। ਉਨ੍ਹਾਂ ਲੀਡ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਤੇ ਕਾਲਜਾਂ ਵਿੱਚ ਸੜਕ ਸੁਰੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਉਣ ਲਈ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਜਾਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ 14 ਨਵੰਬਰ, 2021 ਨੂੰ “ਨੋ ਚਲਾਨ ਡੇਅ“ ਸਵੇਰੇ 10:00 ਤੋਂ ਦੁਪਹਿਰ 12:00 ਵਜੇ ਤੱਕ ਮਨਾਇਆ ਜਾਵੇਗਾ ਜਿਸ ਦੌਰਾਨ ਟਰਾਂਸਪੋਰਟ ਵਿਭਾਗ ਅਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ, ਇਲਾਕੇ ਦੇ ਲੋਕ ਨੁਮਾਇੰਦਿਆਂ ਦੇ ਸਹਿਯੋਗ ਅਤੇ ਗ਼ੈਰ ਸਰਕਾਰੀ ਸੰਗਠਨਾਂ ਤੇ ਸਿਵਲ ਸੁਸਾਇਟੀ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਰਾਹਗੀਰਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਗ਼ੈਰ ਸਰਕਾਰੀ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਆਮ ਲੋਕਾਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਲਿਆਉਣ ਲਈ ਪੂਰੀ ਤਰ੍ਹਾਂ ਸਮੂਲੀਅਤ ਕਰਦਿਆਂ ਹੈਲਮਟ ਵੰਡਣਗੀਆਂ ਅਤੇ ਰੈਟਰੋ ਰਿਫ਼ਲੈਕਟਿਵ ਟੇਪ ਆਦਿ ਵੀ ਲਾਉਣਗੀਆਂ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੂਬੇ ਵਿੱਚ ਰੇਟਰੋ ਰਿਫ਼ਲੈਕਟਿਵ ਬੈਂਡ, ਸੜਕ ਸੰਕੇਤਾਂ ਅਤੇ ਹੋਰ ਸੜਕ ਸੁਰੱਖਿਆ ਉਪਕਰਣਾਂ ਦੀ ਖ਼ਰੀਦ ਲਈ ਸੜਕ ਸੁਰੱਖਿਆ ਗਤੀਵਿਧੀਆਂ ਲਈ ਬਜਟ ਵਿੱਚ ਰਾਖਵੀਂ ਗ੍ਰਾਂਟ ਜਾਰੀ ਕਰਨ ਲਈ ਸੂਬਾ ਸਰਕਾਰ ਨਾਲ ਤੁਰੰਤ ਤਾਲਮੇਲ ਕੀਤਾ ਜਾਵੇਗਾ।
ਸ੍ਰੀ ਰਾਜਾ ਵੜਿੰਗ ਨੇ ਸੜਕੀ ਢਾਂਚੇ ਨਾਲ ਸਬੰਧਤ ਵਿਭਾਗਾਂ ਨੂੰ ਸੜਕ ਸੁਰੱਖਿਆ ਗਤੀਵਿਧੀਆਂ ਲਈ ਡੀ.ਪੀ.ਆਰ. ਵਿੱਚ ਨਵੀਆਂ ਸੜਕਾਂ ਬਾਰੇ ਕੀਤੇ ਬਜਟ ਉਪਬੰਧਾਂ ਦੀ ਪੂਰੀ ਵਰਤੋਂ ਕਰਨ ਦੇ ਨਿਰਦੇਸ ਦਿੱਤੇ ਅਤੇ ਵਿਭਾਗਾਂ ਨੂੰ ਪੇਂਡੂ ਅਤੇ ਮਿਊਂਸੀਪਲ ਸੜਕਾਂ ‘ਤੇ ਪੈਦਲ ਚਾਲਕਾਂ ਅਤੇ ਸਾਈਕਲ ਸਵਾਰਾਂ ਲਈ ਸੰਕੇਤਕ ਬੋਰਡਾਂ ਅਤੇ ਚਿੰਨ੍ਹਾਂ ਵਿੱਚ ਸੁਧਾਰ ਲਿਆਉਣ ਦੀ ਹਦਾਇਤ ਕੀਤੀ। ਇਸ ਸਬੰਧੀ ਲੀਡ ਏਜੰਸੀ ਵੱਲੋਂ ਸਮੂਹ ਅਥਾਰਟੀਆਂ ਨੂੰ ਪੱਤਰ ਲਿਖਿਆ ਜਾਵੇਗਾ।
ਮੀਟਿੰਗ ਵਿੱਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਤੋਂ ਵਿਧਾਇਕਾਂ ਅਤੇ ਯੂਥ ਕਾਂਗਰਸ ਦੇ ਆਗੂਆਂ ਸਣੇ ਮਹਿਲਾ ਕਾਂਗਰਸ ਆਗੂਆਂ ਨੇ ਸਮੂਲੀਅਤ ਕੀਤੀ ਅਤੇ ਸੂਬੇ ਵਿੱਚ ਸੜਕਾਂ, ਫੁੱਟਪਾਥਾਂ, ਸੰਕੇਤਾਂ ਦੇ ਸੁਧਾਰ ਅਤੇ ਸੜਕ ਹਾਦਸਿਆਂ ਨੂੰ ਰੋਕਣ ਸਬੰਧੀ ਵਡਮੁੱਲੇ ਸੁਝਾਅ ਦਿੱਤੇ। ਮੀਟਿੰਗ ਵਿੱਚ ਮੌਜੂਦ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਟਰਾਂਸਪੋਰਟ ਮੰਤਰੀ ਨੂੰ ਸੂਬੇ ਭਰ ਵਿੱਚ ਲੋਕਾਂ ਵਿੱਚ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਲਿਆਉਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਪ੍ਰੋਗਰਾਮਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਕਿਉਂਕਿ ਉੱਤਰ ਪ੍ਰਦੇਸ, ਮਹਾਰਾਸਟਰ, ਰਾਜਸਥਾਨ ਆਦਿ ਸਣੇ ਪੰਜਾਬ ਉਨ੍ਹਾਂ ਪੰਜ ਸੂਬਿਆਂ ਵਿੱਚ ਸ਼ਾਮਲ ਹੈ, ਜਿਥੇ ਪ੍ਰਤੀ ਲੱਖ ਆਬਾਦੀ ਪਿੱਛੇ ਮੌਤਾਂ ਵੱਧ ਹਨ।
ਏ.ਡੀ.ਜੀ.ਪੀ. (ਟਰੈਫ਼ਿਕ) ਡਾ. ਐਸ.ਐਸ. ਚੌਹਾਨ ਨੇ ਸੁਝਾਅ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਵਿਸ਼ਵ ਪੈਦਲ ਯਾਤਰੀ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਸਬੰਧੀ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੂੰ ਤਜਵੀਜ਼ ਭੇਜਣ।ਮੀਟਿੰਗ ਦੌਰਾਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਜਨਰਲ ਲੀਡ ਏਜੰਸੀ ਸ੍ਰੀ ਆਰ. ਵੈਂਕਟਰਤਨਮ, ਏ.ਡੀ.ਜੀ.ਪੀ. (ਟ੍ਰੈਫ਼ਿਕ) ਡਾ. ਐਸ.ਐਸ. ਚੌਹਾਨ ਅਤੇ ਟ੍ਰੈਫ਼ਿਕ ਸਲਾਹਕਾਰ ਪੰਜਾਬ ਅਤੇ ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ.), ਸਥਾਨਕ ਸਰਕਾਰਾਂ, ਟ੍ਰੈਫ਼ਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।

ਸਿਹਤ ਵਿਭਾਗ ਨੇ ਵਿਸਵ ਸਟਰੋਕ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਸਿਹਤ ਵਿਭਾਗ ਵਲੋਂ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਡਾ ਤੇਜਵੰਤ ਸਿੰਘ ਢਿਂਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਿਨ ਦਾ ਮਹੱਤਵ ਲੋਕਾਂ ਨੂੰ ਦਿਲ ਦੇ ਦੌਰੇ ਸਬੰਧੀ ਜਾਗਰੂਕ ਕਰਨਾ ਹੈ ਕਿ ਇਹ ਬਿਮਾਰੀ ਕਿਨ੍ਹਾਂ ਕਾਰਣਾ ਕਰਕੇ ਹੁੰਦੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਸਟ੍ਰੋਕ ਬਿਮਾਰੀ ਦਾ ਮੁੱਖ ਕਾਰਣ ਜ਼ਿਆਦਾ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਤੰਬਾਕੂਨੋਸ਼ੀ, ਸ਼ੂਗਰ, ਸ਼ਰਾਬ ਦਾ ਸੇਵਨ ਅਤੇ ਸਰੀਰਕ ਕਸਰਤ ਦਾ ਘੱਟ ਹੋਣਾ ਹੈ। ਉਹਨਾਂ ਦੱਸਿਆ ਕਿ ਜੇਕਰ ਇਨ੍ਹਾਂ ਬਿਮਾਰੀਆਂ ਦਾ ਇਲਾਜ ਸਹੀ ਸਮੇਂ ਮਾਹਿਰ ਡਾਕਟਰ ਕੋਲੋਂ ਨਾ ਕਰਵਾਇਆ ਜਾਵੇ ਤਾਂ ਇਹ ਸਟ੍ਰੋਕ ਦਾ ਕਾਰਣ ਬਣ ਸਕਦੀਆਂ ਹਨ। ਹਰੇਕ ਵਿਅਕਤੀ ਨੂੰ 30 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਦੋ ਵਾਰ ਆਪਣੇ ਰੂਟੀਨ ਟੈਸਟ ਕਰਵਾਉਣੇ ਚਾਹੀਦੇ ਹਨ, ਜੋ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ।ਇਸ ਸਮੇਂ ਡਾ ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਡਿਪਟੀ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।

ਮਨਪ੍ਰੀਤ ਦੇ ਪਲਾਟ ਦੇ ਮਾਮਲੇ ’ਚ ਸਾਬਕਾ ਵਿਧਾਇਕ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤ

0

ਪੁੱਡਾ ਦੀ ਮਹਿੰਗੀ ਜਗ੍ਹਾ ਕੌਡੀਆਂ ਦੇ ਭਾਅ ਲੈਣ ਦੀ ਕੀਤੀ ਜਾਂਚ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਖੁੱਲ੍ਹਾ ਖਤ ਲਿਖਿਆ ਹੈ ਅਤੇ ਉਨ੍ਹਾਂ ਇਸ ਖ਼ਤ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਮਾਨਸਾ ਰੋਡ ਤੇ ਮਾਡਲ ਟਾਊਨ ਫੇਸ ਬਣਨ ਵਾਲੇ ਕੋਨੇ ਉਪਰ 1500 ਗਜ ਕਮਰਸ਼ੀਅਲ ਜਗ੍ਹਾ ਰੈਜੀਡੈਂਸੀਅਲ ਬਣਾਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ । ਸਿੰਗਲਾ ਵੱਲੋਂ ਇਸ ਖਤ ਦਾ ਉਤਾਰਾ ਡਾਇਰੈਕਟਰ ਸੀਬੀਆਈ ਦਿੱਲੀ, ਚੀਫ ਸੈਕਟਰੀ ਸਿਵਲ ਸੈਕਟਰੀਏਟ ਪੰਜਾਬ ਚੰਡੀਗਡ੍ਹ, ਸੈਕਟਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ,ਮਨਿਸਟਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਪੰਜਾਬ, ਰਾਜਪਾਲ ਪੰਜਾਬ, ਲੋਕਪਾਲ ਪੰਜਾਬ, ਪ੍ਰਧਾਨਮੰਤਰੀ ਭਾਰਤ ਅਤੇ ਡਾਇਰੈਕਟਰ ਈਡੀ ਪੰਜਾਬ ਨੂੰ ਵੀ ਭੇਜਿਆ ਗਿਆ ਹੈ। ਸਿੰਗਲਾ ਨੇ ਦੋਸ਼ ਲਾਇਆ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਂਟ ਨੰਬਰ 725/726 ਲੜੀਵਾਰ 25 371ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖਰੀਦ ਲਈ ਹੈ ਜਦੋਂ ਕਿ ਉਕਤ ਜਗ੍ਹਾ ਦਾ ਭਾਅ ਲੱਖਾਂ ਰੁਪਏ ਪ੍ਰਤੀ ਗਜ਼ ਹੈ ਜਿਸ ਦਾ ਨੀਂਹ ਪੱਥਰ ਵੀ ਖੁਦ ਮੁੱਖ ਮੰਤਰੀ ਵੱਲੋਂ ਰੱਖਿਆ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਫ਼ੇਸਬੁੱਕ ’ਤੇ ਲਾਈਵ ਹੋ ਕੇ ਸ਼੍ਰੀ ਸਿੰਗਲਾ ਨੂੰ ਜਵਾਬ ਦਿੰਦਿਆਂ ਝੂਠੇ ਦੋਸ ਲਗਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ਸੀ ਕਿ ਇਹ ਜਗ੍ਹਾਂ ਨਿਯਮਾਂ ਤਹਿਤ ਹੀ ਦੋ ਵਿਅਕਤੀਆਂ ਦੋ ਖ਼ਰੀਦੀ ਗਈ ਹੈ, ਜਿੰਨ੍ਹਾਂ ਪੁੱਡਾ ਦੀ ਅਲਾਟਮੈਂਟ ਵਿਚ ਬੋਲੀ ਰਾਹੀਂ ਇਹ ਖ਼ਰੀਦੀ ਸੀ। ਇਸਤੋਂ ਇਲਾਵਾ ਜਮੀਨ ਦਾ ਮਕਸਦ ਤਬਦੀਲ ਕਰਨ ਦੇ ਦੋਸ਼ਾਂ ਬਾਰੇ ਵੀ ਜੌਹਲ ਨੇ ਸਪੱਸ਼ਟ ਕੀਤਾ ਸੀ ਕਿ ਇਹ 2013 ਵਿਚ ਅਕਾਲੀ ਸਰਕਾਰ ਦੌਰਾਨ ਕੀਤੀ ਗਈ ਸੀ।

ਟਾਈਟਲਰ ਦੀ ਨਿਯੁਕਤੀ ’ਤੇ ਸੁਖਬੀਰ ਬਾਦਲ ਵਲੋਂ ਕਾਂਗਰਸ ਤੇ ਸੋਨੀਆ ਗਾਂਧੀ ਦੀ ਜ਼ੋਰਦਾਰ ਨਿਖੇਧੀ

0

ਕਿਹਾ 1984 ਦੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਮੌਕੇ ਗਾਂਧੀ ਪ੍ਰਵਾਰ ਨੇ ਅਜਿਹਾ ਕਰਕੇ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਅਕਤਾੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਤੂਬਰ ਨਵੰਬਰ 1984 ਵਿਚ ਹਜ਼ਾਰਾਂ ਬੇਦੋਸ਼ੇ ਸਿੱਖ ਪੁਰਸ਼ਾਂ ਤੇ ਮਹਿਲਾਵਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਪਾਰਟੀ ਦੀ ਕੁਲੀਨ ਕਮੇਟੀ ਵਿਚ ਸ਼ਾਮਲ ਕਰਨ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਜ਼ੋਰਦਾਰ ਨਿਖੇਧੀ ਕੀਤੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਨਿਯੁਕਤੀ ਸਿੱਖ ਜ਼ਖ਼ਮਾਂ ਪ੍ਰਤੀ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਅਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣਾ ਫੈਸਲਾ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਵਰ੍ਹੇਗੰਢ ਮੌਕੇ ਲਿਆ ਹੈ। ਸਾਬਕਾ ਉਪ ਮੁੱਖ ਮੰਤਰੀ ਸ: ਬਾਦਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੁ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਚੁਦੌਤੀ ਦਿੱਤੀ ਕਿ ਉਹ ਨੈਤਿਕ ਦਲੇਰੀ ਵਿਖਾਉਂਦਿਆਂ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਇਸਨੁੰ ਰੱਦ ਕਰਵਾਉਣ। ਉਹਨਂਾਂ ਸਵਾਲ ਕੀਤਾ ਕਿ ਕੀ ਨਵਜੋਤ ਸਿੱਧੂ, ਮੁੱਖ ਮੰਤਰੀ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਸਮੇਤ ਪੰਜਾਬ ਦੇ ਕਾਂਗਰਸੀਆਂ ਦੀ ਜ਼ਮੀਰ ਜਾਗੇਗੀ ਅਤੇ ਉਹ ਇਸਦੀ ਗੱਲ ਸੁਣਦਿਆਂ ਇਸ ਫੈਸਲੇ ਦਾ ਵਿਰੋਧ ਕਰਕੇ ਆਪਣਾ ਚਰਿੱਤਰ ਢਹਿ ਢੇਰੀ ਹੋਣ ਤੋਂ ਬਚਾ ਲੈਣਗੇ ?

ਸਿਹਤ ਕੇਂਦਰ ਬਸਤੀ ਲਾਲ ਸਿੰਘ ਨੂੰ ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ

0

ਸੁਖਜਿੰਦਰ ਮਾਨ

ਬਠਿੰਡਾ, 28 ਅਕਤੂਬਰ: ਜ਼ਿਲ੍ਹਾ ਹਸਪਤਾਲ ਦੀ ਸਿਹਤ ਸੰਸਥਾ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਲਾਲ ਸਿੰਘ ਨੂੰ ਆਪਣੀਆਂ ਬੇਹਤਰੀਨ ਸਿਹਤ ਸੇਵਾਵਾਂ ਸਦਕਾ ਭਾਰਤ ਸਰਕਾਰ ਦੇ ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਅਤੇ ਪੰਜਾਬ ਸਰਕਾਰ ਵਲੋਂ 2 ਲੱਖ ਦੀ ਰਾਸ਼ੀ ਦਾ ਇਨਾਮ ਵੀ ਜਾਰੀ ਕੀਤਾ ਗਿਆ ਹੈ। ਯੂ.ਪੀ.ਐਚ.ਸੀ ਬਸਤੀ ਲਾਲ ਸਿੰਘ ਨੂੰ ਦੂਸਰੀ ਵਾਰ ਇਹ ਇਨਾਮ ਪ੍ਰਾਪਤ ਹੋਇਆ ਹੈ। ਇਸ ਬਾਰੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਭਰ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਇਸ ਕਾਇਆਕਲਪ ਪ੍ਰੋਗਰਾਮ ਤਹਿਤ ਸਿਹਤ ਸੰਸਥਾਵਾਂ ਵਿਚ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਤਹਿਤ ਇਸ ਸੰਸਥਾ ਦਾ ਚੁਣਿਆ ਜਾਣਾ ਸਮੂਹ ਸਬੰਧਿਤ ਸਟਾਫ਼ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਇਸ ਮੌਕੇ ਯੂ.ਪੀ.ਐਸ.ਈ ਲਾਲ ਸਿੰਘ ਬਸਤੀ ਦੇ ਇੰਚਾਰਜ ਮੈਡੀਕਲ ਅਫ਼ਸਰ ਡਾ. ਪਾਮਿਲ ਬਾਂਸਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਸਟਾਫ਼ ਨੂੰ ਜਾਂਦਾ ਹੈ।ਉਨ੍ਹਾਂ ਨਾਲ ਹੀ ਸਿਵਲ ਹਸਪਤਾਲ ਬਠਿੰਡਾ ਅਤੇ ਨਾਲ ਜੁੜੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਪੂਰੀ ਤਨਦੇਹੀ ਨਾਲ ਚੰਗੀਆਂ ਸਿਹਤ ਸੇਵਾਵਾਂ ਦੇਣ, ਸਾਫ਼-ਸਫ਼ਾਈ ਦੇ ਨਾਲ ਨਾਲ ਮਰੀਜ਼ਾਂ ਦੀ ਸਾਂਭ-ਸੰਭਾਲ ਨੂੰ ਸੰਜੀਦਗੀ ਨਾਲ ਨਿਭਾਉਣ ਲਈ ਵੀ ਸੁਨੇਹਾ ਦਿੱਤਾ।

ਡੇਂਗੂ ਪ੍ਰਭਾਵਿਤ ਖੇਤਰਾਂ ਵਿਚ ਕੰਮ ਰਹੀਆਂ 20 ਟੀਮਾਂ ਹਨ : ਸਿਵਲ ਸਰਜਨ ਡਾ ਢਿੱਲੋਂ

0

ਸੁਖਜਿੰਦਰ ਮਾਨ

ਬਠਿੰਡਾ, 28 ਅਕਤੂਬਰ: ਸ਼ਹਿਰ ਅੰਦਰ ਡੇਂਗੂ ਮੱਛਰ ਦੇ ਖਾਤਮੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੀ ਚੈਕਿੰਗ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਸਰਵੇ ਟੀਮਾਂ ਵਲੋਂ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਵੱਖ-ਵੱਖ ਖੇਤਰਾਂ ਡੇਂਗੂ ਸਰਵੇ ਦੇ ਨਾਲ ਨਾਲ ਸਪਰੇਅ ਦਾ ਛਿੜਕਾ ਕਰਕੇ ਜਾਂ ਲਾਰਵੇ ਨੂੰ ਮੌਕੇ ’ਤੇ ਹੀ ਖਤਮ ਕਰਕੇ ਡੇਂਗੂ ਮੱਛਰ ਦੇ ਵਾਧੇ ਨੂੰ ਰੋਕਿਆ ਜਾ ਰਿਹਾ ਹੈ। ਵੱਖ-ਵੱਖ ਡੇਂਗੂ ਪ੍ਰਭਾਵਿਤ ਖੇਤਰਾਂ ਵਿਚ ਕੰਮ ਰਹੀਆਂ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਬਠਿੰਡਾ ਦੀਆਂ 20 ਟੀਮਾਂ ਅਰਬਨ ਵਿਚ 90 ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਹਨ।ਇਨ੍ਹਾਂ ਟੀਮਾਂ ਨੂੰ ਸਮੇਂ ਸਮੇਂ ਉਤੇ ਉੱਚ ਅਧਿਕਾਰੀਆਂ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਗੁਰਕੀਰਤ ਸਿੰਘ ਸਿੱਧੂ, ਮੈਡੀਕਲ ਅਫ਼ਸਰ ਡਾ. ਮਿਆਂਕ ਅਤੇ ਐਂਟੀ ਲਾਰਵਾ ਸਟਾਫ਼ ਹਾਜ਼ਰ ਸੀ।ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਡੇਂਗੂ ਸਰਵੇ ਦੌਰਾਨ ਬਲਰਾਜ ਨਗਰ ਅਤੇ ਦੀਪ ਸਿੰਘ ਨਗਰ ਵਿਖੇ ਗਲੀਆਂ ਤੇ ਘਰਾਂ ਵਿਚ ਫੌਗਿੰਗ ਅਤੇ ਸਪਰੇਅ ਕੀਤੀ ਗਈ।ਘਰਾਂ ਵਿਚੋਂ ਪਾਏ ਗਏ ਲਾਰਵੇ ਨੂੰ ਮੌਕੇ ਉਤੇ ਹੀ ਨਸ਼ਟ ਕਰਵਾਇਆ ਗਿਆ।ਟੀਮਾਂ ਵਲੋਂ ਸਰਵੇ ਦੌਰਾਨ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਸਿਵਲ ਸਰਜਨ ਬਠਿੰਡਾ ਵਲੋਂ ਟੀਮਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ।

ਭਾਜਪਾ ਤੇ ਕਾਂਗਰਸ ਸਹਿਤ ਕਈ ਆਗੂਆਂ ਨੇ ਫ਼ੜਿਆ ਝਾੜੂ

0

ਬਠਿੰਡਾ ਪੁੱਜੇ ਕੇਜ਼ਰੀਵਾਲ ਨੇ ਕੀਤਾ ਸਵਾਗਤ

ਸੁਖਜਿੰਦਰ ਮਾਨ

ਬਠਿੰਡਾ, 28 ਅਕਤੂਬਰ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਅੱਜ ਦੇਰ ਸਾਮ ਬਠਿੰਡਾ ਪੁੱਜੇ ਅਰਵਿੰਦ ਕੇਜ਼ਰੀਵਾਲ ਦੀ ਹਾਜ਼ਰੀ ’ਚ ਸ਼ਹਿਰ ਦੇ ਕਾਂਗਰਸ ਤੇ ਭਾਜਪਾ ਸਹਿਤ ਹੋਰਨਾਂ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਪਾਰਟੀ ਦੇ ਹਲਕਾ ਇੰਚਾਰਜ਼ ਜਗਰੂਪ ਗਿੱਲ ਦੀ ਅਗਵਾਈ ਹੇਠ ਆਪ ’ਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਕੋਂਸਲਰ ਮਨਦੀਪ ਕੌਰ ਤੇ ਬਸੰਤ ਸਿੰਘ ਅਗਰੋਹੀਆ, ਡਾ ਕੁਲਦੀਪ ਸਿੰਘ ਗਿੱਲ, ਸੁਖਦੇਵ ਸਿੰਘ ਔਲਖ, ਮਹਿੰਦਰ ਸਿੰਘ ਸੋਹਲ, ਗੁਰਦੂਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਨੰਬਰਦਾਰ ਤੇ ਉਸ਼ਾ ਸਾਸਤਰੀ ਆਦਿ ਸ਼ਾਮਲ ਹਨ। ਇਸ ਮੌਕੇ ਸ: ਗਿੱਲ ਨੇ ਕਿਹਾ ਕਿ ਸ਼ਹਿਰ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁਧ ਭਾਰੀ ਰੋਸ਼ ਹੈ, ਜਿਸਦਾ ਜਵਾਬ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਦਿੱਤਾ ਜਾਵੇਗਾ। ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਤੇ ਉਪ ਪ੍ਰਧਾਨ ਅੰਮ੍ਰਿਤਲਾਲ ਅਗਰਵਾਲ ਨੇ ਵੀ ਪਾਰਟੀ ਵਿਚ ਸਮੂਲੀਅਤ ਕਰਨ ਵਾਲਿਆਂ ਦਾ ਸਵਾਗਤ ਕੀਤਾ।

ਬਾਬਾ ਫਰੀਦ ਇੰਸਟੀਚਿਊਟ ਵਿਖੇ ਜਿਲਾ ਪੱਧਰੀ ਸੈਮੀਨਾਰ ਆਯੋਜਿਤ

0

ਸੁਖਜਿੰਦਰ ਮਾਨ

ਬਠਿੰਡਾ, 28 ਅਕਤੂਬਰ : ਰਾਜ ਵਿਚ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਤਹਿਤ ਜਿਲ੍ਹਾ ਪੱਧਰੀ ਸੈਮੀਨਾਰ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸਨਜ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਸਮੇਤ ਪਿੰਡਾ ਦੇ ਮੋਹਤਬਾਰ ਵਿਅਕਤੀਆਂ  ਪੰਚ, ਸਰਪੰਚ, ਨੰਬਰਦਾਰ ਨੇ ਸਿਰਕਤ ਕੀਤੀ।     ਇਸ ਮੌਕੇ ਐਸਐਸਪੀ ਵਿਜੀਲੈਂਸ ਡਾ. ਨਰਿੰਦਰ ਭਾਰਗਵ ਨੇ ਬੋਲਦਿਆਂ ਕਿਹਾ ਕਿ  ਜੇਕਰ ਕੋਈ ਸਰਕਾਰੀ ਕਰਮਚਾਰੀ ਰਿਸਵਤ ਦੀ ਮੰਗ ਕਰਦਾ ਹੈ ਜਾਂ ਕਿਸੇ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਜਾਂ ਕੋਈ ਵਿਅਕਤੀ ਕਿਸੇ ਕੰਮ ਵਿੱਚ ਘਪਲੇਬਾਜੀ ਕਰ ਰਿਹਾ ਹੈ ਜਾਂ ਫਿਰ ਰਿਕਾਰਡ ਦੀ ਭੰਨਤੋੜ ਕਰ ਰਿਹਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਸਬੰਧੀ ਵਿਜੀਲੈਸ ਬਿਊਰੋ ਨੂੰ ਸਿੱਧੇ ਜਾਂ ਗੁਪਤ ਤੌਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਅਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਸੈਮੀਨਾਰ ਵਿੱਚ ਮਿਸ ਰਾਜਦੀਪ ਕੌਰ ਏ.ਡੀ.ਸੀ ਸ੍ਰੀ ਮੁਕਤਸਰ ਸਾਹਿਬ, ਹਰਚਰਨ ਸਿੰਘ ਸੋਥਾ ਜ਼ਿਲ੍ਹਾ ਪ੍ਰਧਾਨ  ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਹਨੀ ਫੱਤਣਵਾਲਾ ਜਨਰਲ ਸੈਕਟਰੀ ਪੰਜਾਬ ਕਾਂਗਰਸ ਕਮੇਟੀ, ਪ੍ਰੋ: ਗੋਪਾਲ ਸਿੰਘ ਸੈਕਟਰੀ ਰੈੱਡ ਕਰਾਸ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਨੇ ਸੰਬੋਧਨ ਕੀਤਾ।ਸੈਮੀਨਾਰ ਦੀ ਸਮਾਪਤੀ ਉਪਰੰਤ  ਭਿ੍ਰਸ਼ਟਾਚਾਰ ਵਿਰੋਧੀ ਪੰਫਲਟ ਆਮ ਪਬਲਿਕ ਨੂੰ ਵੰਡੇ ਗਏ ਹਨ।

Our Visitor

1891468