ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਕਤੂਬਰ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਕਿ ਰਾਜ ਦੇ ਨੰਬਰਦਾਰ ਅਤੇ ਉਸ ਦੇ ਪਰਿਵਾਰ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦਿੱਤਾ ਜਾਵੇਗਾ, ਜਿਸ ਦੇ ਤਹਿਤ 5 ਲੱਖ ਰੁਪਏ ਤਕ ਪ੍ਰਤੀ ਸਾਲ ਕੈਸ਼ਲੈਸ ਇਲਾਜ ਕਰਵਾਇਆ ਜਾ ਸਕੇਗਾ। ਡਿਪਟੀ ਸੀਐਮ ਜਿਨ੍ਹਾਂ ਦੇ ਕੋਲ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਅਧਿਕਾਰੀਆਂ ਦੀ ਮੀਟਿੰਗ ਦੇ ਬਾਅਦ ਇਹ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਆਯੂਸ਼ਮਾਨ ਭਾਰਤ ਹੈਲਥ ਹਰਿਆਣਾ ਪੋ੍ਰਟੇਕਸ਼ਨ ਅਥਾਰਿਟੀ ਦੀ ਸੀਈਓ ਅਮਨੀਤ ਪੀ. ਕੁਮਾਰ, ਡਿਪਟੀ ਸੀਐਮ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 612 ਹਸਪਤਾਲ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਇੰਪੈਨਲਡ ਹਨ ਜਿਨ੍ਹਾਂ ਵਿਚ 436 ਨਿਜੀ ਤੇ 176 ਪਬਲਿਕ ਹਸਪਤਾਲ ਸ਼ਾਮਿਲ ਹਨ। ਉਨ੍ਹਾਂ ਦਸਿਆ ਕਿ ਸੂਬੇ ਵਿਚ ਕਰੀਬ 20 ਹਜਾਰ ਨੰਬਰਦਾਰ ਹਨ ਜਿਨ੍ਹਾਂ ਦੇ ਪਰਿਵਾਰਾਂ ਦੀ ਕੇਂਦਰ ਸਰਕਾਰ ਦੀ ਉਕਤ ਯੋਜਨਾ ਦਾ ਲਾਭ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਜੇਕਰ ਜਲਦਬਾਜੀ ਵਿਚ ਨੰਬਰਦਾਰ ਦੇ ਪਰਿਵਾਰ ਦਾ ਕੋਈ ਮੈਂਬਰ ਹਸਪਤਾਲ ਵਿਚ ਏਡਮਿਟ ਹੋਣ ਦੇ ਸਮੇਂ ਆਪਣਾ ਆਯੂਸ਼ਮਾਨ ਕਾਰਡ ਨਾਲ ਲੈ ਜਾਣ ਭੁਲ ਗਿਆ ਹੈ ਤਾਂ ਬਾਇਓਮੈਟਿ੍ਰਕ ਨਾਲ ਉਸ ਦੀ ਏਂਟਰੀ ਕਰ ਕੇ ਇਲਾਜ ਨੂੰ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।
ਹਰਿਆਣਾ ਦੇ ਨੰਬਰਦਾਰਾਂ ਨੂੰ ਵੀ ਮਿਲੇਗਾ ਆਯੂਸ਼ਮਾਨ ਯੋਜਨਾ ਦਾ ਲਾਭ: ਚੌਟਾਲਾ
ਪੰਚਕੂਲਾ ਦੇ ਵਿਕਾਸ ਨੂੰ ਹੋਰ ਤੇਜੀ ਦੇਵੇਗਾ ਪੰਚਕੂਲਾ-ਮੋਰਨੀ ਸੜਕ ਪੋ੍ਰਜੈਕਟ -ਮਨੋਹਰ ਲਾਲ
ਪੰਚਕੂਲਾ ਤੋਂ ਮੋਰਨੀ ਜਾਣ ਵਾਲੀ ਸੜਕ ਨੂੰ ਮਜਬੂਤ ਅਤੇ ਚੌੜਾ ਕਰਨ ਦਾ ਪ੍ਰਸਤਾਵ ਕੇਂਦਰ ਨੂੰ ਭੇਜਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਮਹਾਨਗਰੀ ਵਿਕਾਸ ਨੂੰ ਪੰਚਕੂਲਾ-ਮੋਰਨੀ ਸੜਕ ਪੋ੍ਰਜੈਕਟ ਹੋਰ ਤੇਜੀ ਪ੍ਰਦਾਨ ਕਰੇਗਾ। ਇਸ ਨਾਲ ਮੋਰਨੀ ਖੇਤਰ ਦੇ ਲੋਕਾਂ ਅਤੇ ਸੈਨਾਨੀਆਂ ਨੂੰ ਬਿਹਤਰ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਅੱਜ ਪੰਚਕੂਲਾ ਤੋਂ ਮੋਰਨੀ ਜਾਣ ਵਾਲੀ ਸੜਕ ਨੂੰ ਹੋਰ ਮਜਬੂਤੀ ਤੇ ਚੌੜਾ ਕਰਨ ਦੇ ਪ੍ਰਸਤਾਵ ਨੁੰ ਕੇਂਦਰ ਵਿਚ ਭੇਜੇ ਜਾਣ ਦੀ ਮੰਜੂਰੀ ਪ੍ਰਦਾਨ ਕੀਤੀ। ਉਹ ਅੱਜ ਰਾਜ ਵਾਇਲਡ ਲਾਇਫ ਬੋਰਡ ਹਰਿਆਣਾ ਦੀ ਛੇਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਫੋਰੇਸਟ ਅਤੇ ਵਾਇਲਡ ਲਾਇਫ ਵਿਭਾਗ ਦੇ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਰਹੇ।
ਦੱਸ ਦੇਈਏ ਕਿ ਪੰਚਕੂਲਾ ਤੋਂ ਮੋਰਨੀ ਜਾਣ ਵਾਲੀ ਲਗਭਗ 17 ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਅਤੇ ਮਜਬੂਤ ਕੀਤਾ ਜਾਣਾ ਹੈ। ਇਹ ਸੜਕ ਪੰਚਕੂਲਾ ਦੇ ਖੌਲ-ਹੀ-ਰਾਈਤਾਨ ਵਾਇਲਡ ਲਾਇਫ ਸੈਂਚੁਰੀ ਦੇ ਖੇਤਰ ਵਿਚ ਆਉਂਦੀ ਹੈ। ਇਸ ਸੜਕ ਦੇ ਨਿਰਮਾਣ ਕਾਰਜ ਦੇ ਲਈ ਕੇਂਦਰ ਸਰਕਾਰ ਦੇ ਨੈਸ਼ਨਲ ਬੋਰਡ ਆਫ ਵਾਇਲਡ ਲਾਇਫ ਦੀ ਮੰਜੂਰੀ ਜਰੂਰੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਦੇ ਵਿਕਾਸ ਅਤੇ ਸੈਰ-ਸਪਾਟੇ ਲਈ ਇਸ ਸੜਕ ਦਾ ਚੌੜਾ ਹੋਣਾ ਬਹੁਤ ਜਰੂਰੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਤੁਰੰਤ ਰਾਜ ਵਾਇਲਡ ਲਾਇਫ ਬੋਰਡ ਨੂੰ ਇਸ ਸੜਕ ਦੇ ਚੌੜਾ ਅਤੇ ਮਜਬੂਤ ਕਰਨ ਦਾ ਪ੍ਰਸਤਾਵ ਬਣਾ ਕੇ ਨੈਸ਼ਨਲ ਬੋਰਡ ਆਫ ਵਾਇਲਡ ਲਾਇਫ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਪੰਚਕੂਲਾ ਮਹਾਨਗਰੀ ਵਿਕਾਸ ਪੋ੍ਰਜੈਕਟ ਨੂੰ ਜੋਰ ਮਿਲੇਗਾ ਅਤੇ ਮੋਰਨੀ ਖੇਤਰ ਵਿਚ ਸੈਨਾਨੀਆਂ ਨੂੰ ਵੀ ਆਵਾਜਾਈ ਦੀ ਬਿਹਤਰ ਸਹੂਲਤਾਂ ਮਿਲਣਗੀਆਂ।ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਐਸਐਨ ਰਾਏ, ਅਲੋਕ ਨਿਗਮ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਪ੍ਰਧਾਨ ਸਕੱਤਰ ਵਿਨੀਤ ਗਰਗ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਹਜਰਤ ਮੁਹੰਮਦ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਪ ਆਗੂ ਪੁੱਜੇ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ: ਆਮ ਆਦਮੀ ਪਾਰਟੀ ਦੇ ਪੰਜਾਬ ਸਪੋਕਸਮੈਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਅੱਜ ਹਜਰਤ ਮੁਹੰਮਦ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਮੌਲਵੀ ਰਮਜਾਨ ਅਤੇ ਸਲੀਮ ਖਾਨ ਦੀ ਅਗਵਾਈ ਵਿੱਚ ਹਾਜੀ ਰਤਨ ਦਰਗਾਹ ’ਤੇ ਚਾਦਰ ਚੜਾਈ ਅਤੇ ਪੰਜਾਬ ਦੇ ਭਲੇ ਅਤੇ ਏਕਤਾ ਲਈ ਦੁਆ ਸਲਾਮ ਕੀਤੀ। ਇਸ ਮੌਕੇ ਉਨ੍ਹਾਂ ਨਾਲ ਯੂਥ ਵਿੰਗ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ, ਬੀ ਸੀ ਵਿੰਗ ਜਿਲ੍ਹਾ ਪ੍ਰਧਾਨ ਮਨੰਦੀਪ ਕੌਰ ਰਾਮਗੜ੍ਹੀਆ, ਜਿਲ੍ਹਾ ਜਰਨਲ ਸੈਕਟਰੀ ਮਲਕੀਤ ਕੌਰ, ਸਰਬਜੀਤ ਕੌਰ, ਰਿੰਕੂ ਭਾਦਰੀ, ਗੀਤਾ ਰਾਣੀ , ਮਣੀ ਬਰਾੜ, ਕੁਲਵਿੰਦਰ ਮਾਕੜ, ਦਵਿੰਦਰ ਸੰਧੂ, ਗੁਰਜੰਟ ਸਿੰਘ ਧੀਮਾਨ, ਦੀਪਕ ਬੈਣੀਵਾਲ, ਗੁਰਮੀਤ ਸਿੰਘ ਰਾਮਗੜ੍ਹੀਆ, ਵਕੀਲ ਖਾਨ, ਸੰਜੀਵ ਅੰਬੇਡਕਰ, ਰਾਕੇਸ ਕਾਂਸਲ ਅਤੇ ਹੋਰ ਵਰਕਰ ਵੀ ਹਾਜਰ ਸਨ।
ਸੁਖਪਾਲ ਸਿੰਘ ਖ਼ਹਿਰਾ ਦਾ ਅਸਤੀਫ਼ਾ ਹੋਇਆ ਪ੍ਰਵਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਕਤੂਬਰ : ਕਾਂਗਰਸ ਪਾਰਟੀ ਛੱਡ ਕੇ ਸਾਲ 2017 ਵਿਚ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਦਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅਸਤੀਫ਼ਾ ਪ੍ਰਵਾਨ ਹੋਣ ਦੀ ਪੁਸ਼ਟੀ ਕਰਦਿਆਂ ਹੋਇਆ ਖ਼ੁਦ ਸ: ਖ਼ਹਿਰਾ ਨੇ ਦਸਿਆ ਕਿ ‘‘ ਬੇਸ਼ੱਕ ਉਨ੍ਹਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਸਾਲ ਦੀ 3 ਜੂਨ ਨੂੰ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਮਾਣਯੋਗ ਸਪੀਕਰ ਸਾਹਿਬ ਵਲੋਂ ਫ਼ਾਰਮੇਟ ਵਿਚ ਅਸਤੀਫ਼ਾ ਦੇਣ ਲਈ ਕਹਿਣ ਤੋਂ ਬਾਅਦ ਅੱਜ ਊਨ੍ਹਾਂ ਨਿੱਜੀ ਤੌਰ ’ਤੇ ਪੇਸ਼ ਹੋ ਕੇ ਅਪਣਾ ਅਸਤੀਫ਼ਾ ਸੋਂਪ ਦਿੱਤਾ ਸੀ, ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ’’ ਗੌਰਤਲਬ ਹੈ ਕਿ ਆਪ ਤੋਂ ਬਾਗੀ ਹੋਣ ਤੋਂ ਬਾਅਦ ਸੁਖਪਾਲ ਸਿੰਘ ਖ਼ਹਿਰਾ ਨੇ ਕਈ ਵਿਧਾਇਕਾਂ ਨੂੰ ਅਪਣੇ ਨਾਲ ਮਿਲਾ ਕੇ ਇੱਕ ਵੱਡਾ ਗਰੁੱਪ ਬਣਾ ਲਿਆ ਸੀ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਵੀ ਲੜੀ ਸੀ ਪ੍ਰੰਤੂ ਸਫ਼ਲਤਾ ਨਹੀਂ ਮਿਲੀ ਸੀ। ਆਪ ਵਿਚ ਦੁਬਾਰਾ ਗੱਲ ਨਾ ਬਣਨ ਤੋਂ ਬਾਅਦ ਉਨ੍ਹਾਂ ਅਪਣੇ ਸਾਥੀ ਵਿਧਾਇਕਾਂ ਪਿਰਮਿਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਨਾਲ ਮਿਲਕੇ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਲਈ ਸੀ। ਇਥੇ ਜਿਕਰ ਕਰਨਾ ਬਣਦਾ ਹੈ ਕਿ ਸਾਬਕਾ ਵਿਧਾਇਕ ਐਚ.ਐਸ. ਫ਼ੂਲਕਾ ਵਲੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸ: ਖ਼ਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਸੀ ਪ੍ਰੰਤੂ ਅਚਾਨਕ ਇੱਕ ਟਵੀਟ ਕਰਕੇ ਇਸ ਅਹੁੱਦੇ ਤੋਂ ਉਤਾਰ ਦਿੱਤਾ ਸੀ, ਜਿਸਤੋਂ ਬਾਅਦ ਪਾਰਟੀ ’ਚ ਵਿਧਾਇਕ ਦਲ ਦੇ ਦੋ ਧੜੇ ਬਣ ਗਏ ਸਨ।
23 ਨੂੰ ਆਂਗਣਵਾੜੀ ਵਰਕਰਾਂ ਰੱਖਣਗੀਆਂ ਕਾਂਗਰਸੀ ਵਿਧਾਇਕ ਦੇ ਘਰਾਂ ਅੱਗੇ ਭੁੱਖ ਹੜਤਾਲ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੁਣ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਪ੍ਰੋਗਰਾਮ ਤਹਿਤ ਬਠਿੰਡਾ ਦੇ ਸੰਗਤ, ਤਲਵੰਡੀ, ਮੌੜ ਅਤੇ ਨਥਾਣਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਲਾਕ ਪ੍ਰਧਾਨ/ਜਲਿਾ ਜਨਰਲ ਸਕੱਤਰ ਗੁਰਮੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਘਰ ਅੱਗੇ 23 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਭੁੱਖ ਹੜਤਾਲ ਰੱਖਣਗੀਆਂ ਅਤੇ ਉਥੇ ਬੈਠ ਕੇ ਯੂਨੀਅਨ ਦਾ 21 ਮੈਂਬਰੀ ਵਫਦ ਸੁਖਮਨੀ ਸਾਹਿਬ ਦਾ ਪਾਠ ਕਰੇਗਾ । ਆਗੂਆਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਬਹੁਤ ਸਾਰੇ ਧਰਨੇ ਮੁਜਾਹਰੇ ਕੀਤੇ ਹਨ ਤੇ ਨਾਅਰੇਬਾਜੀ ਕੀਤੀ ਹੈ ਪਰ ਹੁਣ ਕਾਂਗਰਸੀ ਵਿਧਾਇਕਾਂ ਦੀ ਆਤਮਾ ਨੂੰ ਜਗਾਉਣ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਪੰਜਾਬ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਲਈ ਰਾਸਨ ਪਹਿਲਾਂ ਵਾਂਗ ਹੀ ਵਰਕਰਾਂ ਨੂੰ ਸੈਂਟਰਾਂ ਵਿੱਚ ਦਿੱਤਾ ਜਾਵੇ।
ਕਿਸਾਨਾਂ ਨੇ ਮਨਪ੍ਰੀਤ ਬਾਦਲ ਦੀ ਰਿਹਾਇਸ਼ ਅੱਗਿਓ ਧਰਨਾ ਚੁੱਕਿਆ
ਕਿਸਾਨ ਹੁਣ 25 ਨੂੰ ਘੇਰਣਗੇ ਬਠਿੰਡਾ ਦਾ ਮਿੰਨੀ ਸਕੱਤਰੇਤ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਨਰਮਾ ਅਤੇ ਹੋਰ ਫਸਲਾਂ ਦੇ ਖਰਾਬੇ ਦੇ ਮੁਆਵਜੇ ਨੂੰ ਲੈ ਕੇ ਪਿਛਲੇ ਕਰੀਬ 15 ਦਿਨਾਂ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੇ ਅੱਜ ਅਗਲੇ ਐਕਸ਼ਨ ਦਾ ਐਲਾਨ ਕਰਦਿਆਂ ਵਿਤ ਮੰਤਰੀ ਦੀ ਕੋਠੀ ਅੱਗਿਓ ਧਰਨਾ ਚੁੱਕ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਹੁਣ 25 ਅਕਤੂਬਰ ਨੂੰ ਬਠਿੰਡਾ ਮਿੰਨੀ ਸੈਕਟਰੀਏਟ ਘੇਰਿਆ ਜਾਵੇਗਾ। ਅੱਜ ਮੋਰਚੇ ਨੂੰ ਸੰਬੋਧਨ ਕਰਨ ਪੁੱਜੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਜੇਕਰ ਫਿਰ ਵੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਦੀ ਗੱਲ ਨਾ ਸੁਣੀ ਤਾਂ ਭਾਜਪਾ ਵਾਂਗ ਕਾਂਗਰਸ ਦਾ ਵੀ ਪਿੰਡਾਂ ਸਹਿਰਾਂ ਵਿੱਚ ਬਾਈਕਾਟ ਕਰ ਕੇ ਇਸ ਦਾ ਵਿਰੋਧ ਕੀਤਾ ਜਾਵੇਗਾ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਦਰਾਂ ਦਿਨਾਂ ਤੋਂ ਬਾਦਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਮਜਦੂਰਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਬਿਲਕੁਲ ਅਣਗੌਲਿਆਂ ਕਰ ਦਿੱਤਾ ਹੈ। ਜਿਸਦੇ ਚੱਲਦੇ ਕਿਸਾਨਾਂ ਨੂੰ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਰਾਮ ਸਿੰਘ ਭੈਣੀਬਾਘਾ,ਗੁਰਭਗਤ ਸਿੰਘ ਭਲਾਈਆਣਾ, ਗੁਰਭੇਜ ਸਿੰਘ ਰੋਹੀ ਆਲਾ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਸਾਨਾਂ ,ਮਜ਼ਦੂਰਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ 25 ਦੀ ਵੱਡੀ ਲਾਮਬੰਦੀ ਵਾਸਤੇ ਤਿਆਰੀ ਵਿੱਚ ਜੁਟ ਜਾਣ।
ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਦੋ ਦਿਨ ਪਹਿਲਾਂ ਸਿੰਘੂ ਬਾਰਡਰ ਉੱਤੇ ਇੱਕ ਨੌਜਵਾਨ ਦੇ ਹੋਏ ਕਤਲ ਕਾਂਡ ’ਚ ਉਚ ਪੱਧਰੀ ਮਾਮਲੇ ਦੀ ਜਾਂਚ ਮੰਗਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਲੋਕਾਂ ਸਾਹਮਣੇ ਸੱਚ ਲਿਆਉਣ ਲਈ ਕਿਹਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ‘‘ ਬਿਨਾਂ ਸ਼ੱਕ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਇਕ ਬੇਹੱਦ ਨਿੰਦਣਯੋਗ ਮਾਮਲਾ ਹੈ ਪਰ ਖ਼ੁਦ ਸਜ਼ਾ ਦੇਣਾ ਵੀ ਗਲਤ ਹੈ। ’’ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੀਡੀਆ ਵਿਚ ਜਾਰੀ ਤਸਵੀਰ ਅਨੁਸਾਰ ਨਿਹੰਗ ਅਮਨ ਸਿੰਘ ਕੇਂਦਰੀ ਹਕੂਮਤੀ ਹਲਕਿਆਂ ‘ਚ ਵਿਚਰਦਾ ਆ ਰਿਹਾ ਹੈ ਤੇ ਉਸ ਵੱਲੋਂ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਸਬੂਤਾਂ ਸਮੇਤ ਸਾਹਮਣੇ ਆ ਗਈਆਂ ਹਨ। ਇਸ ਫੋਟੋ ਵਿੱਚ ਪੁਲੀਸ ਕੈਟ ਵਜੋਂ ਬਦਨਾਮ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੁਲਾਕਾਤਾਂ ਦੇ ਸਾਜ਼ਿਸ਼ੀ ਮਕਸਦਾਂ ਵੱਲ ਇਸ਼ਾਰਾ ਕਰਦੀ ਹੈ।
ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਕਿਸਾਨ ਸੰਘਰਸ਼ ਨੂੰ ਸਮੁੱਚੇ ਮੁਲਕ ਤੇ ਸੰਸਾਰ ਅੰਦਰ ਬਦਨਾਮ ਕੀਤੇ ਜਾਣ ਲਈ ਸਰਕਾਰ ਦੇ ਹੱਥ ਦਿੱਤਾ ਗਿਆ ਸਾਧਨ ਵੀ ਹੈ। ਇਸਦੀ ਆੜ ‘ਚ ਮੋਦੀ ਹਕੂਮਤ ਦੀ ਪ੍ਰਚਾਰ ਮਸ਼ੀਨਰੀ ਨੇ ਦੇਸ਼ ਭਰ ਅੰਦਰ ਸੰਘਰਸ਼ ਖਲਿਾਫ ਮਾਹੌਲ ਬਣਾਉਣ ਦਾ ਯਤਨ ਕੀਤਾ ਹੈ ਤੇ ਦਿੱਲੀ ਦੇ ਬਾਰਡਰਾਂ ਉੱਪਰ ਧਰਨਿਆਂ ‘ਤੇ ਬੈਠੇ ਸਮੁੱਚੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਾਲਮਾਨਾ ਬਿਰਤੀ ਵਾਲਿਆਂ ਵਜੋਂ ਪੇਸ਼ ਕਰਨ ਦੀ ਕੋਸਸਿ ਕੀਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਕ ਹੱਥ ਮੋਦੀ ਹਕੂਮਤ ਵੱਖ ਵੱਖ ਢੰਗਾਂ ਨਾਲ ਦਿੱਲੀ ਮੋਰਚਿਆਂ ਨੂੰ ਉਖਾੜ ਦੇਣ ਤੇ ਸੰਘਰਸ਼ ਨੂੰ ਕੁਚਲਣ ਲਈ ਰੱਸੇ ਪੈੜੇ ਵਟਣ ਲੱਗੀ ਹੋਈ ਹੈ। ਉਸ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲਖੀਮਪੁਰ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਲਗਾਤਾਰ ਵਿਸਾਲ ਰੋਸ ਐਕਸ਼ਨ ਚੱਲ ਰਹੇ ਹਨ ਅਤੇ ਦੁਨੀਆਂ ਭਰ ਅੰਦਰ ਮੋਦੀ ਸਰਕਾਰ ਦੀ ਇਸ ਜਾਲਮਾਨਾ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਅਜਿਹੇ ਸਮੇਂ ਇਹ ਘਟਨਾ ਲੋਕਾਂ ਦਾ ਧਿਆਨ ਪਾਸੇ ਭਟਕਾਉਣ ਦਾ ਜ਼ਰ੍ਹੀਆ ਵੀ ਬਣੀ ਹੈ।
ਕਿਸਾਨ ਆਗੂਆਂ ਨੇ ਕਿਹਾ ਨਿਹੰਗ ਜਥੇਬੰਦੀਆਂ ਕਦੇ ਵੀ ਸੰਘਰਸ਼ਸ਼ੀਲ ਕਿਸਾਨ ਪਲੇਟਫਾਰਮ ਦਾ ਹਿੱਸਾ ਨਹੀਂ ਸਨ ਤੇ ਨਾ ਹੀ ਹੁਣ ਹਨ। ਉਹ ਆਪਣੇ ਤੌਰ ‘ਤੇ ਇੱਥੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕਤਲ ਕੀਤੇ ਗਏ ਵਿਅਕਤੀ ਬਾਰੇ ਵੱਖ ਵੱਖ ਤਰ੍ਹਾਂ ਦੇ ਖੁਲਾਸੇ ਪੁਲੀਸ ਵੱਲੋਂ ਮਾਮਲੇ ਦੀ ਡੂੰਘੀ ਪੜਤਾਲ ਤੱਕ ਜਾਣ ਦੀ ਮੰਗ ਕਰਦੇ ਹਨ ਤੇ ਇਸ ਸਮੁੱਚੇ ਘਟਨਾਕ੍ਰਮ ਦੀ ਸਮੁੱਚੀ ਤਸਵੀਰ ਲੋਕਾਂ ਸਾਹਮਣੇ ਰੱਖਣ ਦੀ ਮੰਗ ਕਰਦੇ ਹਨ। ਸਰਕਾਰ ਨੂੰ ਪਹਿਲਾਂ ਕਹੀ ਜਾ ਰਹੀ ਬੇਅਦਬੀ ਹੋਣ ਜਾਂ ਨਾ ਹੋਈ ਹੋਣ ਬਾਰੇ ਵੀ ਅਤੇ ਕਤਲ ਕੀਤੇ ਗਏ ਵਿਅਕਤੀ ਬਾਰੇ ਵੀ ਅਸਲ ਤੱਥ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸੰਘਰਸ਼ਸ਼ੀਲ ਕਿਸਾਨਾਂ ਮਜਦੂਰਾਂ ਤੇ ਸਭਨਾਂ ਸੰਘਰਸ਼ ਹਿਤੈਸ਼ੀਆਂ ਨੂੰ ਅਜਿਹੀਆਂ ਪਾਟਕ-ਪਾਊ ਤੇ ਭਰਮਾਊ ਪ੍ਰਚਾਰ ਮੁਹਿੰਮਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਅਜਿਹੇ ਅਨਸਰਾਂ ਨੂੰ ਸਖਤੀ ਨਾਲ ਵਰਜਣਾ ਚਾਹੀਦਾ ਹੈ।
ਕਾਂਗਰਸੀ ਆਗੂਆਂ ਨੇ ਭਗਵਾਨ ਵਾਲਮੀਕ ਦੀ ਸੋਭਾ ਯਾਤਰਾ ਨੂੰ ਦਿੱਤੀ ਝੰਡੀ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਅੱਜ ਸਥਾਨਕ ਸ਼ਹਿਰ ਵਿੱਚ ਵਾਲਮੀਕ ਭਾਈਚਾਰੇ ਵੱਲੋਂ ਅਮਰੀਕ ਸਿੰਘ ਰੋਡ ’ਤੇ ਸਥਿਤ ਮੰਦਿਰ ਵਿੱਚੋਂ ਸ਼ੋਭਾ ਯਾਤਰਾ ਕੱਢੀ ਗਈ, ਇਸ ਮੌਕੇ ਸ਼ਰਧਾ ਫੁੱਲ ਭੇਂਟ ਕਰਨ ਕਾਂਗਰਸ ਲੀਡਰਸ਼ਿਪ ਮੰਦਰ ਵਿੱਚ ਨਤਮਸਤਕ ਹੋਈ ਅਤੇ ਸ਼ੋਭਾ ਯਾਤਰਾ ਨੂੰ ਝੰਡੀ ਦਿਖਾਈ। ਇਸ ਮੌਕੇ ਵਾਲਮੀਕ ਭਾਈਚਾਰੇ ਵਲੋਂ ਕਾਂਗਰਸ ਲੀਡਰਸ਼ਿਪ ਦਾ ਸਨਮਾਨ ਵੀ ਕੀਤਾ ਗਿਆ। ਇਸਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਰਗਟ ਦਿਵਸ ’ਤੇ ਵਧਾਈ ਦਿੱਤੀ। ਉਧਰ ਸਮਾਗਮ ਵਿਚ ਪਹੁੰਚੇ ਜੈਜੀਤ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ ਕੇ ਅਗਰਵਾਲ, ਮੇਅਰ ਸ੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਐਮ.ਸੀ ਅਤੇ ਹੋਰਨਾਂ ਨੇ ਵਾਲਮੀਕ ਭਾਈਚਾਰੇ ਨੂੰ ਪਰਗਟ ਦਿਵਸ ’ਤੇ ਵਧਾਈ ਦਿੰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਵਿੱਤ ਮੰਤਰੀ ਸ: ਬਾਦਲ ਵੱਲੋਂ ਸ਼ਹਿਰ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਿਸ਼ੀ ਵਾਲਮੀਕ ਡਿਜੀਟਲ ਲਾਇਬਰੇਰੀ ਅਤੇ 3 ਕਰੋੜ ਦੀ ਲਾਗਤ ਨਾਲ ਦਾਣਾ ਮੰਡੀ ਵਿੱਚ ਵਾਲਮੀਕ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਦੋਂਕਿ ਵਾਲਮੀਕ ਭਾਈਚਾਰੇ ਦੀਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਧਰਮਸ਼ਾਲਾਵਾਂ ਨੂੰ ਵੀ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ।
ਬਾਕਸ
ਈਦ ਦੇ ਪਵਿੱਤਰ ਦਿਹਾੜੇ ਦੀ ਵਿੱਤ ਮੰਤਰੀ ਨੇ ਦਿੱਤੀ ਵਧਾਈ
ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਈਦ -ਏ -ਮਿਲਾਦ- ਉਨ-ਨਬੀ ਦੇ ਪਵਿੱਤਰ ਦਿਹਾੜੇ ਦੀ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਜਦੋਂਕਿ ਬਠਿੰਡਾ ਵਿੱਚ ਜੈਜੀਤ ਸਿੰਘ ਜੌਹਲ, ਚੇਅਰਮੈਨ ਕੇ ਕੇ ਅਗਰਵਾਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਮੇਅਰ ਸ੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਸਮੇਤ ਕਾਂਗਰਸ ਲੀਡਰਸ਼ਿਪ ਈਦਗਾਹ ਵਿਖੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੰਦਿਆਂ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।
ਹਰਸਿਮਰਤ ਨੇ ਵਾਲਮੀਕ ਭਵਨ ਲਈ 5 ਲੱਖ ਗ੍ਰਾਂਟ ਦੇਣ ਦਾ ਕੀਤਾ ਐਲਾਨ
ਬਠਿੰਡਾ ’ਚ ਰੱਖੇ ਸਮਾਗਮ ਦੌਰਾਨ ਸੋਭਾ ਯਾਤਰਾ ਨੂੰ ਦਿਖ਼ਾਈ ਝੰਡੀ
ਸਰੂਪ ਸਿੰਗਲਾ ਤੇ ਮੋਹਿਤ ਗੁਪਤਾ ਸਹਿਤ ਸਮੂਹ ਲੀਡਰਸ਼ਿਪ ਰਹੀ ਹਾਜ਼ਰ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ: ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੋਭਾ ਯਾਤਰਾ ਨੂੰ ਝੰਡੀ ਦਿੰਦਿਆਂ ਭਵਨ ਬਣਾਉਣ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਰਤੀਆ ਵਾਲਮੀਕ ਧਰਮ ਸਮਾਜ (ਭਾਵਾਧਸ) ਵੱਲੋਂ ਸੰਤਪੁਰਾ ਰੋਡ ‘ਤੇ ਰੱਖੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ, ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਵਾਲਮੀਕ ਧਰਮ ਸਮਾਜ ਦੀ ਲੀਡਰਸ਼ਿਪ ਵੀ ਹਾਜ਼ਰ ਰਹੀ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇੱਕੀ ਹਜ਼ਾਰ ਰੁਪਏ ਵਿੱਤੀ ਮਦਦ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਧਰਮ ਦਾ ਸਤਿਕਾਰ ਕਰਦਾ ਹੈ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਹਰ ਧਰਮ ਦੇ ਇਤਿਹਾਸਕ ਸਥਾਨਾਂ ਦਾ ਸੁੰਦਰੀਕਰਨ ਕੀਤਾ ਗਿਆ ਅਤੇ ਯਾਦਗਾਰਾਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸ਼ਰਧਾ ਪੂਰਵਕ ਹੈ ਤੇ ਸਮਾਜ ਨੂੰ ਵਾਲਮੀਕ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੀ ਚੜ੍ਹਦੀ ਕਲਾ ਵਿੱਚ ਵਾਲਮੀਕ ਭਾਈਚਾਰੇ ਅਤੇ ਭਾਵਾਧਸ ਦਾ ਅਹਿਮ ਸਥਾਨ ਹੈ ਜੋ ਹਮੇਸ਼ਾਂ ਹੀ ਪਾਰਟੀ ਦੇ ਹਰ ਸੰਘਰਸ਼ ਵਿੱਚ ਡਟਵਾਂ ਸਾਥ ਦਿੰਦੇ ਹਨ । ਉਨ੍ਹਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਬਠਿੰਡਾ ਵਿੱਚ ਵੀ ਭਵਨ ਦੇ ਨਿਰਮਾਣ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਬੁਲਾਰੇ ਬਲਕਾਰ ਸਿੰਘ ਗੋਨਿਆਣਾ, ਮੋਹਿਤ ਗੁਪਤਾ, ਬਬਲੀ ਢਿੱਲੋਂ, ਰਾਜਵਿੰਦਰ ਸਿੱਧੂ, ਨਿਰਮਲ ਸੰਧੂ, ਚਮਕੌਰ ਮਾਨ, ਗਰਦੌਰ ਸੰਧੂ, ਹਰਪਾਲ ਢਿੱਲੋਂ, ਗੁਰਲਾਭ ਸਿੰਘ ਢੇਲਵਾਂ, ਗੁਰਸੇਵਕ ਮਾਨ, ਹਰਵਿੰਦਰ ਸ਼ਰਮਾ, ਹਰਜਿੰਦਰ ਛਿੰਦਾ, ਗੁਰਪ੍ਰੀਤ ਸੰਧੂ ਸਹਿਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਅਤੇ ਭਾਵਾਧਸ ਦੇ ਮੈਂਬਰ ਹਾਜਰ ਸਨ ।
ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫ਼ੜੀ: ਗੁਰਪ੍ਰੀਤ ਮਲੂਕਾ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਮਾਲੀ ਮੱਦਦ ਦੇਣ ਲਈ ਸੀਨੀਅਰ ਅਕਾਲੀ ਆਗੂਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਚੈਕ ਸੌਂਪੇ ਗਏ। ਪਿੰਡ ਮਲੂਕਾ ਵਿਖੇ ਹੋਏ ਇਸ ਸਮਾਗਮ ਵਿਚ ਗੁਰਪ੍ਰੀਤ ਸਿੰਘ ਮਲੂਕਾ ਤੋਂ ਇਲਾਵਾ ਮੈਂਬਰ ਐਸਜੀਪੀਸੀ ਜਥੇਦਾਰ ਫੁੰਮਣ ਸਿੰਘ ਭਗਤਾ, ਗੁਰਚਰਨ ਸਿੰਘ ਕੌਂਸਲਰ ਅਤੇ ਅਕਾਊਂਟੈਂਟ ਜਸਵਿੰਦਰ ਸਿੰਘ ਵੱਲੋਂ ਦੋ ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਲੋੜਵੰਦਾਂ ਨੂੰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸ: ਮਲੂਕਾ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਕਮੇਟੀ ਵੱਲੋਂ ਲੰਗਰ ਅਤੇ ਦਵਾਈਆਂ ਦੇ ਨਾਲ ਨਾਲ ਟੀਕਾਕਰਨ ਲਈ ਕੈਂਪ ਵੀ ਲਗਾਏ ਗਏ। ਇਸੇ ਤਰ੍ਹਾਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਵੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਬਲਜੀਤ ਸਿੰਘ , ਕਰਮ ਸਿੰਘ, ਸੁਖਜੀਵਨ ਸਿੰਘ, ਸੁਰਜੀਤ ਸਿੰਘ, ਧਰਮਵੀਰ, ਸੁਨੀਲ ਕੁਮਾਰ, ਓਮ ਪ੍ਰਕਾਸ਼, ਗੁਰਪ੍ਰੀਤ ਸਿੰਘ, ਹਰਵਿੰਦਰ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਤੇਜ ਕੌਰ, ਸਰਬਜੀਤ ਕੌਰ ਅਤੇ ਰਾਜਵਿੰਦਰ ਕੌਰ ਨੂੰ ਵੱਖ ਵੱਖ ਜ਼ਰੂਰਤਾਂ ਲਈ ਲੋੜ ਅਨੁਸਾਰ ਚੈੱਕ ਸੌਂਪੇ ਗਏ। ਇਸ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ ਨਾਲ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਰਾਕੇਸ਼ ਗੋਇਲ ਭਗਤਾ, ਸੁਖਜਿੰਦਰ ਖਾਨਦਾਨ, ਕੌਂਸਲਰ ਜਗਮੋਹਣ ਭਗਤਾ, ਰੇਸ਼ਮ ਸਿੰਘ ਔਲਖ, ਹਰਜੀਤ ਸਿੰਘ ਮਲੂਕਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ





