ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਸਥਾਨਕ ਡੀ.ਏ.ਵੀ. ਕਾਲਜ ਵਿਖੇ ਚੱਲ ਰਹੀ ਐਨ.ਸੀ.ਸੀ. ਦਾ ਸੱਤ ਰੋਜ਼ਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਅਤੇ ਕਮਾਂਡਿੰਗ ਅਫ਼ਸਰ ਅਜੇ ਕੁਮਾਰ ਧਿਲ ਨੇ ਐਨ.ਸੀ.ਸੀ. ਕੈਡਿਟਾਂ ਨੂੰ ’ਸੀ’ ਸਰਟੀਫਿਕੇਟ ਵੰਡੇ। ਪ੍ਰੋ. ਗਰਗ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸੂਬੇਦਾਰ ਰਾਜੇਸ਼ ਕੁਮਾਰ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਅਤੇ ਬਠਿੰਡਾ ਦੇ ਏ.ਐਨ.ਓਜ਼ ਵੀ ਇਸ ਮੌਕੇ ਹਾਜ਼ਰ ਰਹੇ।
ਡੀ.ਏ.ਵੀ. ਕਾਲਜ਼ ’ਚ ਲੱਗਿਆ ਸੱਤ ਰੋਜ਼ਾ ਐਨ.ਸੀ.ਸੀ. ਕੈਂਪ ਸਮਾਪਤ
ਕਿਸਾਨ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵਿਚ ਹੋਈ ਮੀਟਿੰਗ ਰਹੀ ਬੇਸਿੱਟਾ
ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਮਸਲਾ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਨਰਮੇ ਅਤੇ ਹੋਰ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ 9 ਦਿਨਾਂ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਡਟੇ ਕਿਸਾਨਾਂ ਦੇ ਆਗੂਆਂ ਨਾਲ ਅੱਜ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਬੇਸਿੱਟਾ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜ ਜ਼ਿਲ੍ਹਿਆਂ ਵਲੋਂ ਵਿੱਢੇ ਇਸ ਮੋਰਚੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਅੱਜ ਚੰਡੀਗੜ੍ਹ ਗੱਲਬਾਤ ਲਈ ਬੁਲਾਇਆ ਹੋਇਆ ਸੀ। ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਗੁਰਪਾਸ਼ ਸਿੰਘ ਸਿੰਘੇਵਾਲਾਅਤੇ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ, ਵਿੱਤ ਕਮਿਸਨਰ ਮਾਲ, ਵਿੱਤ ਸਕੱਤਰ ਵਿਕਾਸ ਅਤੇ ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਫਸਰ ਸ਼ਾਮਲ ਸਨ। ਕਿਸਾਨ ਆਗੂਆਂ ਨੇ ਮੀਟਿੰਗ ਬਾਰੇ ਵੇਰਵੇਂ ਜਾਰੀ ਕਰਦਿਆਂ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਕਿਸਾਨੀਂ ਮੁੱਦੇ ਪ੍ਰਤੀ ਗੰਭੀਰਤਾ ਨਹੀਂ ਦਿਖ਼ਾਈ। ਉਨ੍ਹਾਂ ਦਸਿਆ ਕਿ ਉਹ ਨਰਮੇ ਦੇ ਮੁਆਵਜ਼ੇ ਵਜੋਂ 60 ਹਜ਼ਾਰ ਤੇ ਮਜਦੂਰ ਪ੍ਰਵਾਰ ਲਈ 30 ਹਜ਼ਾਰ ਦੀ ਮੰਗ ਕਰ ਰਹੇ ਸਨ ਪ੍ਰੰਤੂ ਸਰਕਾਰੀ ਅਧਿਕਾਰੀ 12 ਹਜ਼ਾਰ ’ਤੇ ਅੜੇ ਰਹੇ। ਜਿਸਤੋਂ ਬਾਅਦ ਕਿਸਾਨਾਂ ਨੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੱਤਾ। ਉਧਰ ਵਿਤ ਮੰਤਰੀ ਦੀ ਰਿਹਾਇਸ਼ ਅੱਗੇ ਚੱਲ ਰਹੇ ਮੋਰਚੇ ਨੂੰ ਅੱਜ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ,ਸੂਬਾ ਆਗੂ ਹਰਿੰਦਰ ਬਿੰਦੂ ,ਪਰਮਜੀਤ ਕੌਰ ਪਿੱਥੋ , ਪੂਰਨ ਸਿੰਘ ਦੋਦਾ, ਕੁਲਵੰਤ ਸਰਮਾ, ਹਰਿੰਦਰ ਬਿੰਦੂ , ਜੁਗਦੇਵ ਸਿੰਘ ਜੋਗੇਵਾਲਾ, ਗੁਰਪਾਲ ਸਿੰਘ ਦਿਉਣ ਅਤੇ ਜਸਪਾਲ ਸਿੰਘ ਕੋਠਾਗੁਰੂ ਨੇ ਵੀ ਸੰਬੋਧਨ ਕੀਤਾ ।
2022 ਚੋਣਾਂ: ਹੁਣ ਸਿੰਗਲਾ ਪ੍ਰਵਾਰ ਦੀ ਨੂੰਹ ਰਾਣੀ ਵੀ ਮੈਦਾਨ ’ਚ ਨਿੱਤਰੀ
ਗੁਰਰੀਤ ਸਿੰਗਲਾ ਨੇ ਵਿੱਢੀ ਜਨ ਸੰਪਰਕ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਵਿਚ ਹੁਣ ਉਨ੍ਹਾਂ ਦੀ ਨੂੰਹ ਗੁਰਰੀਤ ਸਿੰਗਲਾ ਵੀ ਅਪਣੇ ਸਹੁਰੇ ਦੇ ਹੱਕ ’ਚ ਮੈਦਾਨ ਵਿਚ ਨਿੱਤਰ ਆਈ ਹੈ। ਯੂਥ ਅਕਾਲੀ ਦਲ ਸ਼ਹਿਰੀ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਦੀ ਪਤਨੀ ਗੁਰਰੀਤ ਨੇ ਇਸਤਰੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਹਿੱਤ ਵਿਚ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਪ੍ਰੋਗਰਾਮਾਂ ਪ੍ਰਤੀ ਜਾਣਕਾਰੀ ਦਿੱਤੀ। ਇਸ ਮੌਕੇ ਗੁਰਰੀਤ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਹੈ ਅਤੇ ਪੰਜਾਬ ਦੀ ਤਰੱਕੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਈ ਹੈ। ਇਸ ਮੌਕੇ ਓਹਨਾਂ ਦੇ ਨਾਲ ਇਸਤਰੀ ਵਿੰਗ ਦੇ ਬਲਵਿੰਦਰ ਕੌਰ ਸਹਿਰੀ ਪ੍ਰਧਾਨ, ਪ੍ਰੀਤਮ ਕੌਰ ਸਾਬਕਾ ਕੌਂਸਲਰ, ਸਵਰਨ ਕੌਰ, ਕਮਲਜੀਤ ਕੌਰ, ਪ੍ਰੀਤੀ ਵਰਮਾ, ਪੁਸਪਾ ਰਾਣੀ, ਸਮਿਲਾ ਦੇਵੀ, ਸੁਰਿੰਦਰ ਕੌਰ, ਕਾਸੋ ਕੌਰ, ਸਮਿਲਾ ਕੌਰ, ਬਬਲੀ, ਜਸਵੀਰ ਕੌਰ, ਪਲਵਿੰਦਰ ਕੌਰ, ਰਣਜੀਤ ਕੌਰ, ਸਾਮ ਕੌਰ, ਰਾਜ ਕੌਰ, ਪਰਮਜੀਤ ਕੌਰ, ਬਲਤੇਜ ਕੌਰ, ਗੁਰਬਚਨ ਕੌਰ ਆਦਿ ਹਾਜਰ ਰਹੇ।
2392 ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ 2392 ਮਾਸਟਰ ਕੇਡਰ ਅਧਿਆਪਕਾਂ ਦੀ ਜੱਦੀ ਜਿਲ੍ਹਿਆਂ ਤੋ ਦੂਰ ਦੁਰਾਡੇ ਕੀਤੀ ਭਰਤੀ ਦੀ ਥਾਂ ਨੇੜਲੇ ਖਾਲੀ ਸਟੇਸਨਾਂ ਉਪਰ ਬਦਲੀਆਂ ਸਮੇਤ ਅਨੇਕਾਂ ਮੰਗਾਂ ਨੂੰ ਲੈਕੇ ਅੱਜ ਯੂਨੀਅਨ ਦੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਪੈਨਲ ਮੀਟਿੰਗ ਹੋਈ। ਸੂਚਨਾ ਮੁਤਾਬਕ ਸਿੱਖਿਆ ਮੰਤਰੀ ਨੇ ਕੁਝ ਮੰਗਾਂ ਨੂੰ ਫੌਰੀ ਮਨਜੂਰ ਕਰਨ ਦਾ ਭਰੋਸਾ ਦਿੱਤਾ ਹੈ। ਜਦੋਂਕਿ ਨੇੜਲੇ ਖਾਲੀ ਸਟੇਸਨਾਂ ਉੱਤੇ ਬਦਲੀਆਂ ਬਾਰੇ ਰੱਖੀ ਮੰਗ ਨੂੰ ਫਿਲਹਾਲ ਮਿੱਡ ਸੈਸਨ ਹੋਣ ਬਹਾਨੇ ਟਾਲ ਦਿੱਤਾ ਗਿਆ ਹੈ। ਪ੍ਰੰਤੂ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤ ਕਿ ਪਰਖ ਕਾਲ ਸਮਾਂ ਪੂਰਾ ਹੋਣ ਤੋਂ ਪਹਿਲਾਂ ਬਦਲੀ ਨਹੀਂ ਹੋਵੇਗੀ ਨੂੰ ਸੋਧਣ ਦਾ ਭਰੋਸਾ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾ ਆਗੂ ਯੁੱਧਜੀਤ ਸਿੰਘ ਨੇ ਦਸਿਆ ਕਿ ਨਿਯੁਕਤੀ ਪੱਤਰ ਜਾਰੀ ਹੋਣ ਤੋਂ ਬਾਅਦ ਬਿਨਾਂ ਪੁਲੀਸ ਵੈਰੀਫਿਕੇਸ਼ਨ ਤੋਂ ਤਨਖਾਹ ਸੰਬੰਧੀ ਜੋ ਮੰਗ ਸੀ , ਉਨ੍ਹਾਂ ਨੂੰ ਜਾਇਜ਼ ਠਹਿਰਾਉਂਦਿਆਂ ਸਰਕਾਰ ਨੇ ਜਲਦੀ ਹੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।
ਦੁਸ਼ਹਿਰੇ ਦੇ ਅਗਾਊਂ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਇੱਥੋਂ ਦੇ ਰੇਲਵੇ ਗਰਾਊਂਡ ਵਿਖੇ 15 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਰੇਲਵੇਂ ਗਰਾਊਂਡ ਵਿਖੇ ਅਗਾਊਂ ਪ੍ਰਬੰਧਾਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਮਾਗਮ ਵਾਲੀ ਥਾਂ ਤੇ ਪੀਣ ਲਈ ਸਾਫ਼ ਪੀਣ, ਸਾਫ਼-ਸਫ਼ਾਈ, ਨਿਰਵਿਘਨ ਬਿਜਲੀ, ਬੈਰੀਕੇਡਿੰਗ, ਰਿਕਵਰੀ ਵੈਨਾਂ ਤੋਂ ਇਲਾਵਾ ਸੁਰੱਖਿਆ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਸਮਾਗਮ ਮੌਕੇ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਸੰਧੂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਐਸਪੀ ਸੁਰਿੰਦਰਪਾਲ ਸਿੰਘ,ਨਿਗਰਾਨ ਇੰਜੀਨੀਅਰ ਹਰਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਪ੍ਰੀਤਕੰਵਰ ਸਿੰਘ ਬਰਾੜ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਬੀਐਸਐਫ਼ ਨੂੰ ਮਿਲੇ ਅਧਿਕਾਰ: ਸੂਬੇ ’ਚ ਭਾਰਤੀ ਸਰਹੱਦ ਦੇ 50 ਕਿਲੋਮੀਟਰ ਅੰਦਰ ਕਰ ਸਕਦੀ ਹੈ ਗਿ੍ਰਫਤਾਰ
ਨਵੀਂ ਦਿੱਲੀ
ਪੰਜਾਬੀ ਖ਼ਬਰਸਾਰ ਬਿਊਰੋ: ਸੀਮਾ ਪਾਰ ਵੱਧ ਰਹੀਆਂ ਅੱਤਵਾਦੀ ਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੇ ਹੁਣ ਅੰਤਰਰਾਸ਼ਟਰੀ ਸਰਹੱਦਾਂ ’ਤੇ ਤੈਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਦੇ ਦੀ ਸਰਹੱਦ ਦੇ 50 ਕਿਲੋਮੀਟਰ ਅੰਦਰ ਤੱਕ ਤਲਾਸੀ ਲੈਣ ਤੇ ਸੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੇ ਅਧਿਕਾਰ ਦਿੱਤੇ ਹਨ। ਕੇਂਦਰ ਦੇ ਇੰਨ੍ਹਾਂ ਹੁਕਮਾਂ ਦਾ ਸਭ ਤੋਂ ਵੱਡਾ ਅਸਰ ਪੰਜਾਬ ’ਤੇ ਪਏਗਾ, ਕਿਉਂਕਿ ਇਸਦੀ 541 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸੂਚਨਾ ਮੁਤਾਬਕ ਇਸਤੋਂ ਪਹਿਲਾਂ ਬੀਐਸਐਫ਼ ਨੂੰ ਸਿਰਫ਼ 15 ਕਿਲੋਮੀਟਰ ਤੱਕ ਅਜਿਹੀਆਂ ਗਤੀਵਿਧੀਆਂ ਕਰਨ ਦਾ ਅਧਿਕਾਰ ਸੀ।
ਕੋਵਿਡ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਸਮਾਗਮ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਕੋਵਿਡ-19 ਦੀ ਰੋਕਥਾਮ ਸਬੰਧੀ ਸੌ ਕਰੋੜ ਖੁਰਾਕ ਦੇਣ ਦਾ ਟੀਚਾ ਪੂਰਾ ਕਰਨ ਲਈ ਸਥਾਨਕ ਜੀ.ਨੀ.ਐਮ ਟ੍ਰੇਨਿੰਗ ਸਕੂਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵਲੋਂ ਟੀਕਾਕਰਨ ਕਰਵਾਉਣ ਆਏ ਲਾਭਪਾਤਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਦੀ ਜਨਤਾ ਨੂੰ ਕੋਵਿਡ-19 ਵਿਰੁੱਧ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਸੌ ਕਰੋੜ ਡੋਜ਼ ਦੇਣ ਵਿਚ ਸਫ਼ਲ ਹੋ ਗਏ ਹਾਂ। ਪੰਜਾਬ ਰਾਜ ਵਲੋਂ ਵੀ ਪੰਜਾਬ ਦੇ ਬਸ਼ਿੰਦਿਆਂ ਨੂੰ 76 ਫੀਸਦੀ ਟੀਕਾਕਰਨ ਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ।ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਜ਼ਿਲ੍ਹੇ ਅੰਦਰ ਜਿਨ੍ਹਾਂ ਲਾਭਪਾਤਰੀਆਂ ਨੇ ਦੂਜੀ ਖੁਰਾਕ ਨਹੀਂ ਲਈ ਹੈ, ਉਹ ਆਪਣਾ ਮੁਕੰਮਲ ਟੀਕਾਕਰਨ ਕਰਵਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ। ਡਾ. ਮੀਨਾਕਸ਼ੀ ਸਿੰਗਲਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਠਿੰਡਾ ਅੰਦਰ 770820 ਵਿਅਕਤੀਆਂ ਦਾ ਟੀਕਾਕਰਨ ਹੋ ਚੁੱਕਿਆ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਏ.ਐਨ.ਐਮ ਗੁਰਜਿੰਦਰ ਕੌਰ ਅਤੇ ਬਾਕੀ ਸਟਾਫ਼ ਹਾਜ਼ਰ ਸੀ।
ਚੋਣਾਂ ਵਿਚ ਯੁਵਾ ਵੋਟਰਾਂ ਦੀ ਅਹਿਮ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੋਟਰਾਂ ਨੂੰ ਚੋਣ ਪ੍ਰਕਿ੍ਰਆ ਵਿੱਚ ਸ਼ਾਮਲ ਕਰਨ ਲਈ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿੱਚ ‘ਵੋਟਰ ਜਾਗਰੂਕਤਾ’ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਮੈਡਮ ਤਿ੍ਰਪਤਾ ਵਲੋਂ ਸਹਾਇਕ ਨੋਡਲ ਅਫਸਰ ਸੁਰੇਸ਼ ਗੌੜ ਅਤੇ ਤਰੂਣ ਬਾਂਸਲ ਦਾ ਸਵਾਗਤ ਕੀਤਾ ਗਿਆ। ਸੈਮੀਨਾਰ ਦੇ ਮੁਖ ਵਕਤਾ ਸੁਰੇਸ਼ ਗੌੜ ਵਲੋਂ ਵਿਦਿਆਰਥਣਾ ਨੂੰ ਵੋਟ ਬਣਾਉਣ ਅਤੇ ਇਸਦੀ ਯੋਗ ਢੰਗ ਨਾਲ ਵਰਤੋਂ ਕਰਦੇ ਹੋਏ ਭਾਰਤੀ ਲੋਕੰਤਤਰ ਨੂੰ ਮਜਬੂਤ ਬਣਾਉਣ ਲਈ ਉਤਸਾਹਿਤ ਕੀਤਾ ਗਿਆ । ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਵਲੋਂ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਵਿਦਿਆਰਥਣਾਂ ਨੂੰ 100 ਪ੍ਰਤੀਸ਼ਤ ਵੋਟ ਰਿਜ਼ਸਟਰੇਸ਼ਨ ਦੀ ਅਪੀਲ ਕੀਤੀ ਗਈ।
ਬਾਬਾ ਫ਼ਰੀਦ ਕਾਲਜ ਦੇ ਵੁਮੈਨ ਸੈੱਲ ਵੱਲੋਂ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਬਾਬਾ ਫ਼ਰੀਦ ਕਾਲਜ ਆਫ਼ ਐਜੂੂਕੇਸ਼ਨ ਦੇ ਵੁਮੈਨ ਸੈੱਲ ਵੱਲੋਂ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਮਨਾਇਆ ਗਿਆ। ਇਸ ਗਤੀਵਿਧੀ ਵਿੱਚ ਐਮ.ਏ.ਐਜੂਕੇਸ਼ਨ, ਬੀ.ਐੱਡ ਅਤੇ ਬੀ.ਏ.-ਬੀ.ਐੱਡ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਸਮੇਂ ਬੀ.ਏ.-ਬੀ.ਐੱਡ ਦੀ ਵਿਦਿਆਰਥਣ ਜੋਬਨਪ੍ਰੀਤ ਕੌਰ, ਕਮਲਪ੍ਰੀਤ ਕੌਰ ਅਤੇ ਪਿ੍ਰਅੰਕਾ ਨੇ ਲੜਕੀ ਦੇ ਰੁਤਬੇ ਅਤੇ ਸਤਿਕਾਰ ਬਾਰੇ ਕਵਿਤਾ ਪੇਸ਼ ਕੀਤੀ। ਇਸ ਤੋਂ ਇਲਾਵਾ ਹੁਸਨਦੀਪ ਅਤੇ ਵੀਰੇਂਦਰ ਨੇ ਅਜੋਕੇ ਸਮਾਜ ਵਿੱਚ ਲੜਕੀ ਦੀ ਸਥਿਤੀ ਸੰਬੰਧੀ ਵਿਚਾਰ ਪੇਸ਼ ਕੀਤੇ । ਇਸ ਦੇ ਨਾਲ ਹੀ ਗੁਰਸਿਮਰਨ ਕੌਰ ਅਤੇ ਐਲਿਸ ਦੁਆਰਾ ਕਵਿਤਾ ਪੇਸ਼ ਕੀਤੀ ਗਈ। ਬੀ.ਏ.-ਬੀ.ਐੱਡ ਦੇ ਵਿਦਿਆਰਥੀ ਰੋਬਿਨ ਦੁਆਰਾ ‘ਬਾਲੜੀ ਦਿਵਸ’ ਦੀ ਹੋਂਦ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕੀਤਾ ਗਿਆ। ਇਸ ਸਮੇਂ ਬੀ.ਏ.-ਬੀ.ਐੱਡ ਦੇ ਵਿਦਿਆਰਥੀ ਸੁਰਿੰਦਰ ਸਿੰਘ ਦੁਆਰਾ ਲੜਕੀ ਦੀ ਹੋਂਦ ਦੀ ਅਜੋਕੀ ਅਤੇ ਪਿਛਲੇ ਸਮੇਂ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ. ਡੀ. ਸ਼ਰਮਾ ਨੇ ਲੜਕੀ ਦੀ ਮਹੱਤਤਾ ਅਤੇ ਉਸ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਵੁਮੈਨ ਸੈੱਲ ਦੀ ਮੁਖੀ ਸ਼੍ਰੀਮਤੀ ਨਵਕਿਰਨ ਕੌਰ ਦੁਆਰਾ ਲੜਕੀ ਦਾ ਮਾਤਾ-ਪਿਤਾ ਦੇ ਜੀਵਨ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ। ਇਸ ਸਮੇਂ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ-ਵਿਚਾਰ ਸਾਂਝੇ ਕੀਤੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵੁਮੈਨ ਸੈੱਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਸੁਖਬੀਰ ਬਾਦਲ ਨੇ ਇਫਕੋ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਨਕਈ ਦੇ ਦੇਹਾਂਤ ‘ਤੇ ਜਗਦੀਪ ਨਕਈ ਨਾਲ ਦੁੱਖ ਪ੍ਰਗਟਾਇਆ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਪਿਤਾ ਅਤੇ ਇਫਕੋ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਨਕਈ ਦੇ ਅਕਾਲ ਚਲਾਣੇ ਉਪਰ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਠਿੰਡਾ ਲੋਕ ਸਭਾ ਹਲਕੇ ਦੇ ਸਨਮਾਨਿਤ ਨਕਈ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ: ਬਾਦਲ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਨਾਲ ਹੈ। ਦਸਣਾ ਬਣਦਾ ਹੈ ਕਿ ਸੰਖੇਪ ਬੀਮਾਰੀ ਤੋਂ ਬਾਅਦ ਬੀਤੇ ਕੱਲ ਸ: ਬਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ ਜਿਸਤੋ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਜਗਦੀਪ ਸਿੰਘ ਨਕਈ ਨੇ ਦਸਿਆ ਕਿ ਵਿਛੜੀ ਰੂਹ ਦੀ ਆਤਮਿਕ ਸਾਤੀ ਲਈ 21 ਅਕਤੂਬਰ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਭੂੰਦੜ ਰੋੜ ‘ਤੇ ਪਾਏ ਜਾਣਗੇ।






