ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਗਸਤ:ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸੀਏਸਨ ਦਾ ਵਫਦ ਨਰਿੰਦਰ ਮੋਹਨ ਸਰਮਾ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਡਾਕਟਰ ਰਣਜੀਤ ਸਿੰਘ ਘੋਤੜਾ ਨੂੰ ਮਿਲਿਆ । ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆ ਸੂਬਾ ਪ੍ਰੈਸ ਸਕੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸੀਏਸਨ ਦੀਆ ਮੰਗਾ ਜਿੰਨਾ ਵਿੱਚ ਫਾਰਮੇਸੀ ਆਫੀਸਰਜ ਦੀਆ ਤਰੱਕੀਆ, ਰੂਰਲ ਫਾਰਮੇਸੀ ਆਫੀਸਰਜ ਦਾ ਕਨਟਰੇਕਟ ਰੀਵਿਊ ਕਰਨਾ ਜੇਲ ਡਿਊਟੀਆ ਅਤੇ ਨਵੇਂ ਬਣੇ ਉਟ ਸੈਟਰ ਵਿੱਚ ਆ ਰਹੀਆ ਮੁਸਕਲਾ, ਗਲਤ ਹੋਈਆ ਬਦਲੀਆ ਰੱਦ ਕਰਨਾ, ਨਵੇਂ ਬਣੇ ਮੁਹੱਲਾ ਕਲੀਨਿਕ ਬਾਰੇ ਅਤੇ ਸਿਹਤ ਵਿਭਾਗ ਅਧੀਨ ਵੱਖ ਵੱਖ ਸਕੀਮਾ ਤਹਿਤ ਕੰਮ ਕਰਦੇ ਸਾਰੇ ਫਾਰਮੇਸੀ ਆਫੀਸਰਜ ਨੂੰ ਰੇਗੂਲਰ ਕਰਨਾ ਆਦਿ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।ਡਾਇਰੈਕਟਰ ਵੱਲੋ ਇਹਨਾ ਮੰਗਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਸੂਬਾ ਜਰਨਲ ਸੁਨੀਲ ਦੱਤ ਸਰਮਾ, ਵਿੱਤ ਸਕੱਤਰ ਗੁਰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ, ਅਨਿਲ ਕੁਮਾਰ ਮਿੱਤਲ, ਮੀਤ ਪ੍ਰਧਾਨ ਰਾਜ ਕੁਮਾਰ ਕੁੱਕੜ, ਆਡੀਟਰ ਬਲਰਾਜ ਸਿੰਘ ਸੈਣੀ ਮੁੱਖ ਸਲਾਹਕਾਰ ਸੁਖਮਿੰਦਰ ਸਿੰਘ ਸਿੱਧੂ, ਜਥੇਬੰਦਕ ਸਕੱਤਰ ਜਤਿੰਦਰ ਕੌਰ, ਅਤੇ ਪ੍ਰਚਾਰ ਸੁਖਦੀਪ ਸਰਮਾ ਵੀ ਹਾਜਰ ਸਨ ।
ਪੰਜਾਬ ਰਾਜ ਫਾਰਮੈਸੀ ਐਸੋਸੀਏਸਨ ਦਾ ਵਫਦ ਡਾਇਰੈਕਟਰ ਨੂੰ ਮਿਲਿਆ
ਨਹਿਰੀ ਪਟਵਾਰ ਯੂਨੀਅਨ ਦੇ ਵਫਦ ਵੱਲੋ ਪ੍ਰਮੁੱਖ ਸਕੱਤਰ ਕਿ੍ਰਸ਼ਨ ਕੁਮਾਰ ਨਾਲ ਮੀਟਿੰਗ
ਜਲ ਸਰੋਤ ਵਿਭਾਗ ਪੰਜਾਬ ਦੇ ਸਮੂਹ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੇ ਆਨਲਾਈਨ ਹਾਜਰੀ ਸਬੰਧੀ ਫੀਲਡ ਮੁਲਾਜਮਾਂ ਨੂੰ ਆ ਰਹੀਆਂ ਮੁਸਕਿਲਾਂ ਅਤੇ ਰੈਵੀਨਿਊ ਜਮਾਤ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਹੋਈ ਵਿਚਾਰ ਚਰਚਾ ਤੇ ਪ੍ਰਮੁੱਖ ਸਕੱਤਰ ਨੇ ਜਲਦ ਤੋਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਗਸਤ:ਨਹਿਰੀ ਪਟਵਾਰ ਯੂਨੀਅਨ ਰਜਿ: ਜਲ ਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਵੱਲੋ ਸ੍ਰੀ ਕਿ੍ਰਸ਼ਨ ਕੁਮਾਰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਜਲ ਸਰੋਤ ਵਿਭਾਗ ਪੰਜਾਬ ਦੇ ਸਮੂਹ ਰੈਵੀਨਿਊ ਸਟਾਫ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਇਕ ਰਸਮੀ ਮੀਟਿੰਗ ਉਨ੍ਹਾਂ ਦੇ ਦਫਤਰ ਚੰਡੀਗੜ੍ਹ ਵਿਖੇ ਕੀਤੀ ਗਈ।ਜਿਸ ਵਿੱਚ ਐੱਮ ਸੇਵਾ ਐਪ ਰਾਹੀਂ ਆੱਨਲਾਇਨ ਹਾਜ਼ਰੀ ਲਗਾਉਣ ‘ਚ ਫੀਲਡ ਸਟਾਫ ਨੂੰ ਆ ਰਹੀਆਂ ਮੁਸਕਲਾ ਅਤੇ ਵਿਭਾਗ ਦੇ ਸਮੂਹ ਫੀਲਡ ਮੁਲਾਜਮਾਂ ਅਤੇ ਨਹਿਰੀ ਪਟਵਾਰੀਆਂ ਦੇ ਹੋਰ ਅਹਿਮ ਮੁੱਦਿਆਂ ਤੇ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਵਾਰਤਾਲਾਪ ਕੀਤੀ ਗਈ।ਇਸ ਦੌਰਾਨ ਪ੍ਰਮੁੱਖ ਸਕੱਤਰ ਵੱਲੋਂ ਜਲ ਸਰੋਤ ਵਿਭਾਗ ਦੇ ਫੀਲਡ ਸਟਾਫ ਲਈ ਐੱਮ ਸੇਵਾ ਐਪ ਵਿੱਚ ਜਲਦੀ ਹੀ ਸੁਧਾਰ ਕਰਕੇ ਰਾਹਤ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਅੱਜ ਤੋਂ ਹੀ ਇਸ ਸੰਬੰਧੀ ਕਾਰਵਾਈ ਅਰੰਭ ਦਿਤੀ ਜਾਵੇਗੀ,ਅਗਰ ਫਿਰ ਵੀ ਫੀਲਡ ਸਟਾਫ ਨੂੰ ਇਸ ਸਬੰਧ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ ਆਵੇਗੀ ਤਾਂ ਉਸ ਦਾ ਵੀ ਜਲਦ ਤੋ ਜਲਦ ਹੱਲ ਕੀਤਾ ਜਾਵੇਗਾ।ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਉਨ੍ਹਾਂ ਕਿਹਾ ਕਿ ਜਲਦ ਹੀ ਇਕ ਪਾਰਦਰਸਤਾ ਨੀਤੀ ਅਪਣਾ ਕੇ ਘਰਾਂ ਤੋਂ ਦੂਰ ਕੰਮ ਕਰ ਰਹੇ ਨਹਿਰੀ ਪਟਵਾਰੀਆਂ ਦੀਆਂ ਬਦਲੀਆਂ ਵੀ ਉਨ੍ਹਾਂ ਦੇ ਘਰਾਂ ਨਜ਼ਦੀਕ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਯੂਨੀਅਨ ਵਫਦ ਵੱਲੋ ਜ਼ਿਲੇਦਾਰੀ ਦਫਤਰਾਂ ਵਿੱਚ ਆ ਰਹੀਆਂ ਦਿੱਕਤਾਂ ਜਿਵੇਂ ਫਰਨੀਚਰ ਦੀ ਕਮੀ,ਕਮਰਿਆਂ ਦੀ ਸਫੈਦੀ/ਮੁਰੰਮਤ ਕਰਵਾਉਣ ,ਬਾਥਰੂਮਾਂ ਦਾ ਨਾ ਹੋਣਾ, ਜਿੰਮੀਦਾਰਾਂ ਦੇ ਬੈਠਣ ਲਈ ਪ੍ਰਬੰਧ ਕਰਨ,ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਦਰਜਾ ਚਾਰ ਸਟਾਫ ਦੀ ਕਮੀਂ ਆਦਿ ਬਾਰੇ ਰੱਖੀ ਮੰਗ ਸੰਬੰਧੀ ਵੀ ਜਲਦ ਹਲ ਕਰਨ ਦਾ ਉਨ੍ਹਾਂ ਭਰੋਸਾ ਦਿੱਤਾ ਹੈ।ਇਸ ਤੋਂ ਇਲਾਵਾ ਜੀ.ਪੀ.ਐੱਫ. ਸਬੰਧੀ ਆ ਰਹੀਆਂ ਦਿੱਕਤਾਂ ਤੇ ਉਨ੍ਹਾਂ ਕਿਹਾ ਕਿ ਮੁੱਖ ਦਫਤਰ ਤੋਂ ਰਿਪੋਰਟ ਮੰਗੀ ਗਈ ਹੈ ਤੇ ਵਿਚਾਰ ਕਰਨ ਉਪਰੰਤ ਜੀ ਪੀ ਐੱਫ ਦੇ ਖਾਤੇ ਵੀ ਮੰਡਲ ਦਫਤਰ ਪੱਧਰ ਤੇ ਭੇਜਣ ਬਾਰੇ ਵਿਚਾਰ ਕੀਤਾ ਜਾਵੇਗਾ।ਯੂਨੀਅਨ ਆਗੂਆਂ ਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਵਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਰੈਵੀਨਿਊ ਸਟਾਫ ਪੂਰੀ ਤਨ ਦੇਹੀ ਅਤੇ ਲਗਨ ਨਾਲ ਕੰਮ ਕਰੇ ਉਨ੍ਹਾਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਮਹਿਕਮੇਂ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਏਗਾ।ਇਸ ਮੌਕੇ ਵਫਦ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਪੰਨੂੰ,ਰਾਜਦੀਪ ਸਿੰਘ ਚੰਦੀ ਅਤੇ ਅਵਤਾਰ ਸਿੰਘ ਮਾਨਸਾ,ਸੀਨੀ: ਮੀਤ ਪ੍ਰਧਾਨ ਜੰਡਿਆਲਾ ਮੰਡਲ ਬਲਦੇਵ ਸਿੰਘ ਫੌਜੀ, ਮੀਤ ਪ੍ਰਧਾਨ ਆਈ ਬੀ ਸਰਕਲ ਪਟਿਆਲਾ ਸੁਮਿਤ ਗੰਗਵਾਲ ਆਦਿ ਵੀ ਹਾਜ਼ਰ ਸਨ।
ਮਜਦੂਰ ਆਗੂਆਂ ਦਾ ਵਫ਼ਦ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮਿਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਅਗਸਤ: ਪੰਜ ਪੰਜ ਮਰਲੇ ਪਲਾਟਾਂ ਸੰਬੰਧੀ ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਆਗੂ ਐਮ ਐਲ ਏ ਮਾਸਟਰ ਜਗਸੀਰ ਸਿੰਘ ਨੂੰ ਮਿਲੇ। ਮਜਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਦਸਿਆ ਕਿ 24 ਜੂਨ 22 ਨੂੰ ਪਿੰਡ ਖਿਆਲੀ ਵਾਲਾ (ਬਠਿੰਡਾ) ਵਿਖੇ ਗ੍ਰਾਮ ਸਭਾ ਬੁਲਾਈ ਗਈ ਸੀ ਗ੍ਰਾਮ ਸਭਾ ਵਿੱਚ ਲੋੜਵੰਦ ਮਜਦੂਰਾਂ ਨੂੰ ਪੰਜ ਪੰਜ ਮਰਲੇ ਪਲਾਟ ਦੇਣ ਸੰਬੰਧੀ ਮਤਾ ਪਾਇਆ ਗਿਆ ਸੀ ,ਗ੍ਰਾਮ ਸਭਾ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਬਣੀ ਕਿ ਇੱਕ ਵਿਆਕਤੀ ਵੱਲੋ 15ਮਰਲੇ ਜਗਾਂ ਉਪਰ ਨਜਾਇਜ ਕਬਜਾ ਕੀਤਾ ਹੋਇਆ ਹੈ ਉਸ ਤੋ ਜਗਾ ਛੁਡਾਕੇ ਮਤੇ ਵਿੱਚ ਸਾਮਲ ਤਿੰਨ ਬੰਦਿਆ ਨੂੰ ਉਸ ਥਾਂ ਤੇ ਕਬਜਾ ਕਰਵਾ ਦਿੱਤਾ ਜਾਵੇ,ਪਿਛਲੇ 10ਸਾਲਾ ਵਿੱਚ ਪਿੰਡ ਦੀ ਪੰਚਾਇਤ ਤੋ ਉਹ ਕਬਜਾ ਨਹੀ ਛੁਡਾਇਆ ਗਿਆ ,ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਵੱਲੋ ਨਜਾਇਜ ਕਬਜਾ ਹਟਾਕੇ ਲੋੜਵੰਦ ਮਜਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਦੇ ਦਿੱਤੇ ਹਨ ,ਪਿੰਡ ਦੇ ਕੁਝ ਸਿਆਸੀ ਚੌਧਰੀਆਂ ਨੂੰ ਮਜਦੂਰਾਂ ਦੀ ਇਹ ਕਾਰਵਾਈ ਕੁਝ ਹਜਮ ਨਹੀ ਹੋ ਰਹੀ ਉਹ ਮਜਦੂਰਾਂ ਪਰਿਵਾਰ ਤੰਗ ਪ੍ਰੇਸ਼ਾਨ ਕਰਦੇ ਹਨ ਇਸੇ ਗੱਲ ਨੂੰ ਲੈ ਕੇ ਅੱਜ ਐਮ ਐਲ ਏ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ ਨੂੰ ਮਿਲਿਆ ਗਿਆ ਉਹਨਾ ਨੂੰ ਸਾਰੀ ਕਹਾਣੀ ਦੱਸੀ ਗਈ ਐਮ ਐਲ ਏ ਸਹਿਬ ਨੇ ਮਜਦੂਰ ਜੰਥੇਬੰਦੀ ਨੂੰ ਭਰੋਸਾ ਦਿੱਤਾ ਹੈ ਕਿ ਮਜਦੂਰਾਂ ਨੂੰ ਉਹਨਾ ਦੇ ਪਲਾਟਾਂ ਵਿੱਚੋ ਕੋਈ ਬਾਹਰ ਨਹੀ ਕਰ ਸਕਦਾ। ਸਰਕਾਰ ਨੇ ਬੇਘਰੇ ਮਜਦੂਰਾਂ ਨਾਲ ਵਾਆਦਾ ਕੀਤਾ ਹੈ ਕਿ ਲੋੜਵੰਦਾ ਨੂੰ ਪੰਜ ਪੰਜ ਮਰਲੇ ਪਲਾਟ ਦਿੱਤੇ ਜਾਣਗੇ ।ਇਸ ਸਮੇ ਮਜਦੂਰ ਆਗੂ ਟੇਕ ਸਿੰਘ ,ਜਗਤਾਰ ਸਿੰਘ ਖਿਆਲੀ ਵਾਲਾ ਦਿਲਵੀਰ ਸਿੰਘ ਸਿਰੀਏ ਵਾਲਾ ਦੀਪ ਸਿੰਘ ਬੌਬੀ ਸਿੰਘ ਹਾਜਰ ਸਨ।
ਮੰਤਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ, ਜਲ ਸਪਲਾਈ ਯੂਨੀਅਨ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
30 ਅਗਸਤ ਨੂੰ ਪੰਜਾਬ ਭਰ ਤੋਂ ਹਜਾਰਾਂ ਇੰਨਲਿਸਟਮੈਂਟ/ਆਊਟਸੋਰਸ ਵਰਕਰ, ਜਲ ਸਪਲਾਈ ਮੰਤਰੀ ਦੀ ਕੋਠੀ ਹੁਸ਼ਿਆਰਪੁਰ ਅੱਗੇ ਧਰਨਾ ਦੇਣ ਲਈ ਪਰਿਵਾਰਾਂ ਸਮੇਤ ਪੁੱਜਣਗੇ – ਆਗੂ ਅਵਤਾਰ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਗਸਤ:-ਪੇਂਡੂ ਜਲ ਸਪਲਾਈ ਸਕੀਮਾਂ ’ਤੇ ਫੀਲਡ ਅਤੇ ਦਫਤਰਾਂ ਵਿਚ ਕੰਮ ਕਰਦੇ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਦੇ ਪੱਕੇ ਰੁਜਗਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਪ੍ਰਮੁੱਖ ਸਕੱਤਰ, ਵਿਭਾਗੀ ਮੁੱਖੀ, ਚੀਫ ਇੰਜੀਨੀਅਰਾਂ ਸਮੇਤ ਹੋਰਨਾਂ ਅਧਿਕਾਰੀਆਂ ਦੇ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਹੋਈ ਮੀਟਿੰਗ ਬੇਸਿੱਟਾ ਰਹੀ। ਅੱਜ ਇਥੇ ਇਸਦੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਸੁਭਾਸ ਚੰਦ, ਬਰਾਚ ਪ੍ਰਧਾਨ ਅਵਤਾਰ ਸਿੰਘ ਨੇ ਦਸਿਆ ਕਿ ਸਰਕਾਰਾਂ ਵਲੋਂ ਲੋਕਾਂ ਦੇ ਪੀਣ ਵਾਲੇ ਪਾਣੀ ਮੁੱਢਲੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਾਰਪੋਰੇਟ/ਕੰਪਨੀਆਂ ਦੇ ਹਵਾਲੇ ਕਰਕੇ ਪੇਂਡੂ ਲੋਕਾਂ ਦੀ ਅੰਨ੍ਹੀ ਲੁੱਟ ਕਰਵਾਉਣ ਲਈ ਪੰਚਾਇਤੀਕਰਨ ਨਿੱਜੀਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸੇ ਮਕਸਦ ਨੂੰ ਲੈ ਕੇ ਜਲ ਸਪਲਾਈ ਵਿਭਾਗ ਵਿਚ ਪਿਛਲੇ 10-15 ਸਾਲਾਂ ਦੇ ਅਰਸ਼ੇ ਤੋਂ ਕੰਮ ਕਰਦੇ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ, ਹੁਣ ਜਦੋ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਜਲ ਸਪਲਾਈ ਵਿਭਾਗ ਵਿਚ ਠੇਕਾ ਪ੍ਰਣਾਲੀ ਦੀ ਚੱਕੀ ਵਿਚ ਪੀਸ ਰਹੇ ਉਕਤ ਕਾਮਿਆਂ ਵਲੋਂ ਇਸ ਸੂਬਾ ਸਰਕਾਰ ਉਪਰ, ਜੋ ਆਪਣਾ ਪੱਕਾ ਰੁਜਗਾਰ ਕਰਨ ਦੀਆਂ ਉਮੀਦਾਂ ਸਨ ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਵਰਤਮਾਨ ‘ਆਪ’ ਸਰਕਾਰ ਅਤੇ ਮਹਿਕਮੇ ਦੇ ਅਧਿਕਾਰੀਆਂ ਦੀਆਂ ਨੀਤੀਆਂ ਅਤੇ ਪਾਲਸੀਆਂ ਠੇਕਾ ਮੁਲਾਜਮਾਂ ਅਤੇ ਲੋਕ ਵਿਰੋਧੀ ਹੀ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬਂ (ਰਜਿ.31) ਵਲੋਂ ਐਲਾਨ ਕੀਤਾ ਗਿਆ ਕਿ ਪਹਿਲਾਂ ਤੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ ਜਿਲਾ ਪਟਿਆਲਾ ਬ੍ਰਾਂਚ ਪਾਤੜਾਂ 30 ਅਗਸਤ ਨੂੰ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਅੱਗੇ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਪਰਿਵਾਰਾਂ ਤੇ ਬੱਚਿਆਂ ਸਮੇਤ ਰੋਸ਼ ਭਰਪੂਰ ਧਰਨੇ ਵਿੱਚ ਸਾਮਲ ਹੋਣਗੇ ਅਤੇ ਜਲ ਸਪਲਾਈ ਮਹਿਕਮੇ ਦੀ ਮਨੈਜਮੈਂਟ ਅਤੇ ਸਰਕਾਰ ਨੂੰ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਦਾ ਪੱਕਾ ਰੁਜਗਾਰ ਕਰਨ ਸਮੇਤ ਤਮਾਮ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ, ਹਰਦੀਪ ਸਿੰਘ, ਅਨਿਲ ਕੁਮਾਰ ਆਦਿ ਹਾਜਰ ਸਨ।
ਹੱਡਾ ਰੋੜੀ ਨੂੰ ਚਕਾਉਣ ਲਈ ਤਿੰਨ ਪਿੰਡਾਂ ਦੇ ਕਿਸਾਨਾਂ ਨਾਲ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਮੌੜ ਮੰਡੀ, 27 ਅਗਸਤ: ਮੌੜ ਕਲਾਂ ਵਿੱਚ ਅਣ ਅਧਿਕਾਰਤ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਦੀ ਅਗਵਾਈ ਹੇਠ 14 ਅਗਸਤ ਤੋਂ ਚੱਲ ਰਹੇ ਧਰਨੇ ’ਚ ਅੱਜ ਮੌੜ ਕਲਾਂ, ਮੌੜ ਖੁਰਦ ਅਤੇ ਕੱਲੋ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਜਿੰਦਰ ਬੱਗੀ ਨੇ ਕਿਹਾ ਕਿ ਹੱਡਾ ਰੋੜੀ ਚੋਂ ਆ ਰਹੀ ਬਦਬੂ ਨਾਲ ਨੇੜਲੇ ਸਾਰੇ ਪਿੰਡ ਅਤੇ ਆਸ ਪਾਸ ਦੇ ਖੇਤਾਂ ਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੌੜ ਮੰਡੀ ਤੋਂ ਕੋਟਲੀ ਖੁਰਦ ਨੂੰ ਜਾਂਦੀ ਇਸ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਹੁਣ ਤਾਂ ਪਸੂਆਂ ਚ ਵੱਡੀ ਪੱਧਰ ਤੇ ਫੈਲੀ ਹੋਈ ਲੰਪੀ ਸਕਿਨ ਦੀ ਬਿਮਾਰੀ ਕਾਰਨ ਇਹ ਹੋਰ ਪਸ਼ੂਆਂ ਅਤੇ ਮਨੁੱਖਾਂ ਨੂੰ ਬਿਮਾਰੀ ਫੈਲਣ ਦਾ ਕਾਰਨ ਵੀ ਬਣ ਸਕਦੀ ਹੈ ਪਰ ਸੰਬੰਧਿਤ ਕਿਸਾਨ ਨੂੰ ਬੇਨਤੀ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਸ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਅੱਜ ਮੀਟਿੰਗ ਦੌਰਾਨ ਵਿਚ ਫੈਸਲਾ ਲਿਆ ਗਿਆ ਕਿ 2 ਸਤੰਬਰ ਨੂੰ ਐੱਸ ਡੀ ਐਮ ਦਫਤਰ ਮੌੜ ਅੱਗੇ ਧਰਨਾ ਸੁਰੂ ਕੀਤਾ ਜਾਵੇਗਾ। ਇਸ ਦੀ ਤਿਆਰੀ ਲਈ ਕੱਲ੍ਹ ਤੋਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ ਪਿੰਡ ਮੌੜ ਕਲਾਂ ਤੋਂ ਕੀਤੀ ਜਾਵੇਗੀ । ਅੱਜ ਦੀ ਮੀਟਿੰਗ ਵਿਚ ਉਪਰੋਕਤ ਪਿੰਡਾਂ ਤੋਂ ਇਲਾਵਾ ਜਸਵੀਰ ਸਿੰਘ ਬੁਰਜ ਸੇਮਾ, ਅੰਮਿ੍ਰਤਪਾਲ ਸਿੰਘ , ਭੋਲਾ ਸਿੰਘ ਮਾੜੀ ,ਗੁਰਦੀਪ ਸਿੰਘ ਮਾਈਸਰਖਾਨਾ ਸ਼ਾਮਲ ਸਨ ।
ਬਿਜਲੀ ਸੈਕਟਰ ਵਿੱਚ ਵੱਡੇ ਸੁਧਾਰ ਜਲਦ; ਪੰਜਾਬ ਸਰਕਾਰ ਵੱਲੋਂ ਆਰਡੀਐਸਐਸ ਸਕੀਮ ਅਧੀਨ 25,237 ਕਰੋੜ ਰੁਪਏ ਦੀ ਕਾਰਜ-ਯੋਜਨਾ ਨੂੰ ਪ੍ਰਵਾਨਗੀ: ਹਰਭਜਨ ਸਿੰਘ ਈ.ਟੀ.ਓ.
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਗਸਤ:24 ਘੰਟੇ ਮਿਆਰੀ ਬਿਜਲੀ ਸਪਲਾਈ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ 25,237 ਕਰੋੜ ਰੁਪਏ ਦੀ ਕਾਰਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਰਿਫਾਰਮ-ਬੇਸਡ ਐਂਡ ਰਿਜ਼ਲਟ-ਲਿੰਕਡ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐਸਐਸ) ਇੱਕ ਫਲੈਗਸ਼ਿਪ ਸਕੀਮ ਹੈ ਜਿਸਦਾ ਉਦੇਸ਼ ਇੱਕ ਮਜ਼ਬੂਤ ਅਤੇ ਟਿਕਾਊ ਵੰਡ ਨੈੱਟਵਰਕ ਰਾਹੀਂ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਕਾਰਜ-ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਸਕੀਮ ਤਹਿਤ 94 ਨਵੇਂ 66 ਕੇਵੀ ਸਬ ਸਟੇਸ਼ਨਾਂ ਨੂੰ ਕਾਰਜਸ਼ੀਲ ਕਰਨ ਅਤੇ ਕ੍ਰਮਵਾਰ 89 ਅਤੇ 382 66/11 ਕੇਵੀ ਪਾਵਰ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਇਸ ਵਿੱਚ ਵਾਧੇ ਵਰਗੇ ਬੁਨਿਆਦੀ ਢਾਂਚੇ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਿਸਟਮ ਦੀ ਮਜ਼ਬੂਤੀ ਅਤੇ ਇਸ ਦੇ ਆਧੁਨਿਕੀਕਰਨ ਲਈ 66 ਕੇਵੀ ਟਰਾਂਸਮਿਸ਼ਨ ਲਾਈਨਾਂ ਦੇ 2,015 ਸਰਕਟ ਕਿਲੋਮੀਟਰ ਬਣਾਏ ਜਾਣਗੇ। ਇਸ ਦੇ ਨਾਲ ਹੀ 23,687 11ਕੇਵੀ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਐਚਟੀ/ਐਲਟੀ ਲਾਈਨਾਂ ਦੇ 15,859 ਸਰਕਟ ਕਿਲੋਮੀਟਰ ਦਾ ਨਿਰਮਾਣ ਕੀਤਾ ਜਾਵੇਗਾ।ਇਸੇ ਤਰ੍ਹਾਂ ਨੁਕਸਾਨ ਘਟਾਉਣ ਲਈ ਹਾਈ ਵੋਲਟੇਜ ਡਿਸਟ੍ਰੀਬਿਊਸ਼ਨ ਸਿਸਟਮ (ਐਚਵੀਡੀਐਸ) ਅਧੀਨ 2,83,349 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ ਦੇ ਨਾਲ 66 ਕੇਵੀ ਲਾਈਨਾਂ/ਭੂਮੀਗਤ ਕੇਬਲਾਂ ਦੇ 600 ਸਰਕਟ ਕਿਲੋਮੀਟਰ ਅਤੇ ਐਚ.ਟੀ/ਐਲ.ਟੀ. ਲਾਈਨਾਂ ਦੇ 1,10,117 ਸਰਕਟ ਕਿਲੋਮੀਟਰ ਬਣਾਏ ਜਾਣਗੇ।ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਐਸ.ਸੀ.ਏ.ਡੀ.ਏ. (ਸੁਪਰਵਾਇਜ਼ਰੀ ਕੰਟਰੋਲ ਐਂਡ ਡਾਟਾ ਐਕੂਜਿਸ਼ਨ) ਅਤੇ ਓ.ਐਮ.ਐਸ. (ਆਊਟੇਜ ਮੈਨੇਜਮੈਂਟ ਸਿਸਟਮ), ਕਸਟਮਰ ਕੇਅਰ ਸੈਂਟਰ, ਯੂਨੀਫਾਈਡ ਬਿਲਿੰਗ ਸਲਿਊਸ਼ਨ ਵਰਗੇ ਆਈ.ਟੀ. ਆਧਾਰਤ ਕੰਮ ਵੀ ਕੀਤੇ ਜਾਣੇ ਹਨ।ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਕੰਮਾਂ ਦੇ ਅਮਲ ਵਿੱਚ ਆਉਣ ਨਾਲ ਨੁਕਸਾਨ ਘਟਣ ਤੋਂ ਇਲਾਵਾ ਸੂਬੇ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਅਤੇ ਗੁਣਵੱਤਾ ਵਿੱਚ ਹੋਰ ਸੁਧਾਰ ਹੋਵੇਗਾ ਜਿਸ ਨਾਲ ਸੂਬੇ ਦੇ ਇੱਕ ਕਰੋੜ ਤੋਂ ਵੱਧ ਬਿਜਲੀ ਖਪਤਕਾਰਾਂ ਨੂੰ ਲਾਭ ਹੋਵੇਗਾ।ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਕੁੱਲ ਬਜਟ ਸਹਾਇਤਾ ਵਜੋਂ ਕੁੱਲ 25237 ਕਰੋੜ ਰੁਪਏ ਦੀ ਪ੍ਰੋਜੈਕਟ ਰਾਸ਼ੀ ਵਿੱਚੋਂ 11632 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ।
ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਮੁੱਖ ਮੰਤਰੀ ਵੱਲੋਂ ਨਗਦ ਇਨਾਮਾਂ ਨਾਲ ਸਨਮਾਨ
ਪੰਜਾਬ ਦੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮ ਨਾਲ ਕੀਤਾ ਸਨਮਾਨਿਤ
ਮੁੱਖ ਮੰਤਰੀ ਵੱਲੋਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਉਤੇ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਮਿੰਘਮ ਵਿਖੇ ਹਾਲ ਹੀ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ ਦਾ ਅੱਜ 9.30 ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਦੀ ਇਸ ਪਹਿਲਕਦਮੀ ਨਾਲ ਪੰਜਾਬ, ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਖਿਡਾਰੀਆਂ ਦਾ ਸਨਮਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਇੱਥੇ ਮਿਊਂਸਪਲ ਭਵਨ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਹ ਸਾਡੀ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਤੁਹਾਡੇ ਵੱਲੋਂ ਕੀਤੀ ਗਈ ਕਰੜੀ ਮਿਹਨਤ ਦੇ ਸਤਿਕਾਰ ਵਿਚ ਇਕ ਨਿਮਾਣਾ ਜਿਹਾ ਉਪਰਾਲਾ ਹੈ।”ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਬਾਰੇ ਸੂਬੇ ਵੱਲੋਂ ਪਹਿਲਾਂ ਹੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਅਤੇ ਹੋਰ ਉਭਰਦੇ ਖਿਡਾਰੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਹੁਣ ਇਨ੍ਹਾਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ।ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਸਖ਼ਤ ਲੋੜ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰਤਿਭਾ ਕੁਦਰਤੀ ਤੌਰ ਉਤੇ ਵਿਰਾਸਤ ਵਿੱਚ ਮਿਲੀ ਹੈ ਅਤੇ ਜੇਕਰ ਮੌਕਾ ਦਿੱਤਾ ਗਿਆ ਤਾਂ ਇਹ ਖਿਡਾਰੀ ਪੂਰੀ ਦੁਨੀਆ ਵਿਚ ਹਿੰਮਤ ਨਾਲ ਜੇਤੂ ਇਰਾਦਾ ਲੈ ਕੇ ਮੁਕਾਬਲੇ ਵਿਚ ਉਤਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਲਈ ਪੇਸ਼ੇਵਰ ਕੋਚਾਂ ਦੇ ਨਾਲ-ਨਾਲ ਖੁਰਾਕ ਅਤੇ ਹੋਰ ਸਹੂਲਤਾਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ‘ਤੇ ਨਵੇਂ ਸਟੇਡੀਅਮ ਬਣਾਉਣ ਲਈ ਪਹਿਲਾਂ ਹੀ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਹੈ, ਜਿੱਥੋਂ ਕੁਦਰਤੀ ਤੌਰ ਉਤੇ ਪ੍ਰਤਿਭਾ ਪੈਦਾ ਹੁੰਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਹੁਣ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। 29 ਅਗਸਤ ਤੋਂ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਖੇਡਾਂ ਖਿਡਾਰੀਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾ ਕੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਠੋਸ ਉਪਰਾਲੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ।ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਡੀ.ਪੀ. ਅਤੇ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਜੰਗੀ ਪੱਧਰ ‘ਤੇ ਕਰ ਰਹੀ ਹੈ। ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਭਗਵੰਤ ਮਾਨ ਨੇ ਖੇਡਾਂ ਪ੍ਰਤੀ ਪਿਆਰ ਦਾ ਵੀ ਖੁਲਾਸਾ ਕੀਤਾ ਅਤੇ ਦੱਸਿਆ ਕਿ ਹਾਕੀ ਨਾਲ ਪਿਆਰ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲਿਆ ਹੈ।
ਮੁੱਖ ਮੰਤਰੀ ਨੇ ਹਾਕੀ ਦੇ ਮਹਾਨ ਖਿਡਾਰੀਆਂ ਜਿਵੇਂ ਕਿ ਬਲਬੀਰ ਸਿੰਘ ਸੀਨੀਅਰ, ਸੁਰਜੀਤ ਸਿੰਘ, ਧਨਰਾਜ ਪਿੱਲੇ, ਗਗਨ ਅਜੀਤ ਸਿੰਘ ਅਤੇ ਹੋਰਾਂ ਖਿਡਾਰੀਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਹਾਕੀ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਗੁਰਜੰਟ, ਮਨਪ੍ਰੀਤ, ਅਕਾਸ਼ਦੀਪ ਅਤੇ ਹੋਰਨਾਂ ਨੂੰ ਅਜੋਕੇ ਸਮੇਂ ਦੇ ਚਮਕਦੇ ਸਿਤਾਰੇ ਦੱਸਦਿਆਂ ਆਸ ਪ੍ਰਗਟਾਈ ਕਿ ਦੇਸ਼ ਇਨ੍ਹਾਂ ਮਹਾਨ ਖਿਡਾਰੀਆਂ ਦੇ ਸਹਾਰੇ ਇੱਕ ਵਾਰ ਫਿਰ ਤੋਂ ਵਿਸ਼ਵ ਪੱਧਰ ਉਤੇ ਸਫਲਤਾ ਦੀ ਇਬਾਰਤ ਲਿਖੇਗਾ। ਹਾਲੈਂਡ ਦੇ ਪ੍ਰਸਿੱਧ ਡਰੈਗ ਫਲਿੱਕਰ ਫਲੋਰਿਸ ਜਾਨ ਬੋਲਲੈਂਡਰ, ਟੈਨਿਸ ਖਿਡਾਰਨਾਂ ਮਾਰਟੀਨਾ ਨਵਰਾਤੀਲੋਵਾ ਅਤੇ ਬੋਰਿਸ ਬੇਕਰ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਡਾਂ ਦੇ ਨਿਯਮ ਬਹੁਤ ਬਦਲ ਰਹੇ ਹਨ, ਇਸ ਲਈ ਸਾਨੂੰ ਇਨ੍ਹਾਂ ਨਿਯਮਾਂ ਮੁਤਾਬਕ ਤੇਜ਼ੀ ਨਾਲ ਢਲਣਾ ਹੋਵੇਗਾ।ਮੁੱਖ ਮੰਤਰੀ ਨੇ ਖ਼ਾਸ ਤੌਰ ਉਤੇ ਕ੍ਰਿਕਟ ਖਿਡਾਰੀ ਹਰਲੀਨ ਦਿਓਲ ਦੇ ਇੰਗਲੈਂਡ ਖ਼ਿਲਾਫ਼ ਕੀਤੇ ਬੇਮਿਸਾਲ ਕੈਚ ਨੂੰ ਚੇਤੇ ਕੀਤਾ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਉਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਦੇ ਇਨ੍ਹਾਂ ਚਮਕਦੇ ਸਿਤਾਰਿਆਂ ਦੀ ਹਾਜ਼ਰੀ ਮਾਨਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਭਗਵੰਤ ਮਾਨ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਪੰਜਾਬ ਪੁਲਿਸ ਦੀ ਹਾਕੀ ਟੀਮ, ਜੇ.ਸੀ.ਟੀ. ਫਗਵਾੜਾ ਤੇ ਰੇਲ ਕੋਚ ਫੈਕਟਰੀ ਦੀਆਂ ਫੁਟਬਾਲ ਟੀਮਾਂ ਨੂੰ ਸੁਰਜੀਤ ਕਰਨ ਲਈ ਜੰਗੀ ਪੱਧਰ ਉਤੇ ਕੋਸ਼ਿਸ਼ਾਂ ਜਾਰੀ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਰਮਿੰਘਮ ਖੇਡਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 19 ਖਿਡਾਰੀਆਂ ਨੇ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਵੇਟਲਿਫਟਰ ਵਿਕਾਸ ਠਾਕੁਰ, ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਨ ਕੁਮਾਰ, ਕ੍ਰਿਸ਼ਨ ਪਾਠਕ, ਸਮਸ਼ੇਰ ਸਿੰਘ। ਜਰਮਨਜੀਤ ਸਿੰਘ ਤੇ ਜੁਗਰਾਜ ਸਿੰਘ ਅਤੇ ਮਹਿਲਾ ਕ੍ਰਿਕਟਰਾਂ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਤਾਨੀਆ ਭਾਟੀਆ, ਵੇਟ ਲਿਫਟਰ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ, ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਨੂੰ ਨਕਦ ਇਨਾਮ ਦਿੱਤੇ। ਇਸ ਤੋਂ ਇਲਾਵਾ ਜੂਡੋ ਖਿਡਾਰੀ ਜਸਲੀਨ ਸੈਣੀ, ਅਥਲੀਟ ਨਵਜੀਤ ਕੌਰ ਢਿੱਲੋਂ, ਸਾਈਕਲਿਸਟ ਨਮਨ ਕਪਿਲ ਤੇ ਵਿਸਵਾਜੀਤ ਸਿੰਘ ਦਾ ਵੀ ਨਕਦ ਇਨਾਮ ਨਾਲ ਸਨਮਾਨ ਕੀਤਾ ਗਿਆ।ਇਸ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਦਾ ਬਜਟ 56 ਫੀਸਦੀ ਵਧਾਇਆ ਗਿਆ ਹੈ ਅਤੇ ਖਿਡਾਰੀਆਂ ਲਈ ਹੋਰ ਸਹਾਇਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ 29 ਅਗਸਤ ਨੂੰ ਜਲੰਧਰ ਵਿਖੇ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕਰਨਗੇ।ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ, ਪਦਮ ਸ੍ਰੀ ਅਥਲੀਟ ਸੁਨੀਤਾ ਰਾਣੀ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਤੇ ਗਗਨ ਅਜੀਤ ਸਿੰਘ, ਉਲੰਪੀਅਨ ਜਗਦੀਸ਼ ਬਿਸ਼ਨੋਈ, ਏਸ਼ੀਅਨ ਮੈਡਲਿਸਟ ਭਲਵਾਨ ਗੁਰਮੁੱਖ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਜੂਡੋ ਖਿਡਾਰੀ ਭੁਪਿੰਦਰ ਸਿੰਘ ਹਾਜ਼ਰ ਸਨ।
ਟਰਾਂਸਪੋਰਟ ਮੰਤਰੀ ਨੇ ਸੂਬੇ ਵਿੱਚ ਮੋਟਰ ਵਾਹਨ ਇੰਸਪੈਕਟਰਾਂ ਦੀਆਂ ਸਾਰੀਆਂ 11 ਆਸਾਮੀਆਂ ‘ਤੇ ਨਿਯੁਕਤ ਕੀਤੇ ਅਧਿਕਾਰੀ
ਵਾਹਨਾਂ ਦੇ ਫਿਟਨੈੱਸ ਸਰਟੀਫ਼ਿਕੇਟ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਲਿਆ ਫ਼ੈਸਲਾ
ਪਹਿਲਾਂ 23 ਜ਼ਿਲ੍ਹਿਆਂ ਦਾ ਕੰਮ ਵੇਖ ਰਹੇ ਸਨ ਸਿਰਫ਼ ਚਾਰ ਮੋਟਰ ਵਾਹਨ ਇੰਸਪੈਕਟਰ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ:ਪੰਜਾਬ ‘ਚ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਦਿਨੋ-ਦਿਨ ਵਧ ਰਹੇ ਬੋਝ ਨੂੰ ਘਟਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸਾਰੀਆਂ 11 ਆਸਾਮੀਆਂ ‘ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕਰ ਦਿੱਤੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 11 ਆਰ.ਟੀ.ਏਜ਼. ਅਧੀਨ ਸਿਰਫ਼ 4 ਐਮ.ਵੀ.ਆਈ. ਪੁਰਾਣੇ ਵਾਹਨਾਂ ਨੂੰ ਫ਼ਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦਾ ਕੰਮ ਸਾਂਭ ਰਹੇ ਸਨ ਜਿਸ ਕਾਰਨ ਆਰ.ਟੀ.ਏ. ਦਫ਼ਤਰਾਂ ਵਿੱਚ ਕੰਮ ਦੀ ਚਾਲ ਸੁਸਤ ਹੋਣ ਕਰਕੇ ਫ਼ਾਈਲਾਂ ਦੇ ਢੇਰ ਲੱਗੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਇਸ ਲਈ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿੱਚ ਅੰਦਰੂਨੀ ਪ੍ਰਬੰਧ ਕਰਦਿਆਂ ਪੰਜਾਬ ਰੋਡਵੇਜ਼ ਤੋਂ ਸਟਾਫ਼ ਲੈ ਕੇ ਐਮ.ਵੀ.ਆਈ. ਦੀਆਂ ਸਾਰੀਆਂ ਆਸਾਮੀਆਂ ‘ਤੇ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ 11 ਆਰ.ਟੀ.ਏਜ਼. ਦਫ਼ਤਰਾਂ ਅਧੀਨ 11 ਐਮ.ਵੀ.ਆਈ. ਕੰਮ ਕਰਨਗੇ ਅਤੇ ਇਨ੍ਹਾਂ ਆਸਾਮੀਆਂ ‘ਤੇ ਵਿਭਾਗ ਦੇ ਮਿਹਨਤਕਸ਼ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਦੀ ਤੁਰੰਤ ਡਿਲੀਵਰੀ ਮਿਲ ਸਕੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਤੈਨਾਤ ਅਧਿਕਾਰੀਆਂ ਤੋਂ ਇਲਾਵਾ ਹੁਣ ਐਮ.ਵੀ.ਆਈ. ਪ੍ਰੀਤਇੰਦਰ ਅਰੋੜਾ ਜ਼ਿਲ੍ਹਾ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ ਦਾ ਕੰਮ ਵੇਖਣਗੇ ਜਦਕਿ ਐਮ.ਵੀ.ਆਈ. ਸੁਖਵਿੰਦਰ ਸਿੰਘ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ, ਐਮ.ਵੀ.ਆਈ. ਮੈਰਿਕ ਗਰਗ ਜ਼ਿਲ੍ਹਾ ਲੁਧਿਆਣਾ, ਐਮ.ਵੀ.ਆਈ. ਗੁਰਿੰਦਰ ਸਿੰਘ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ, ਐਮ.ਵੀ.ਆਈ. ਲੀਲਾ ਸਿੰਘ ਜ਼ਿਲ੍ਹਾ ਗੁਰਦਾਸਪੁਰ, ਐਮ.ਵੀ.ਆਈ. ਮਧੂ ਪੁਸ਼ਪ ਜ਼ਿਲ੍ਹਾ ਪਠਾਨਕੋਟ, ਐਮ.ਵੀ.ਆਈ. ਨਵਦੀਪ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਅਤੇ ਐਮ.ਵੀ.ਆਈ. ਜਸਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦਾ ਕੰਮ ਵੇਖਣਗੇ।ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਸਿਫ਼ਰ ਸਹਿਣਸ਼ੀਲਤਾ ‘ਤੇ ਜ਼ੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੁੜ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣ।
ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਚੰਡੀਗੜ੍ਹ ਦੇ ਸੰਘਰਸ਼ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ : ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਹਮਣੇ ਲਾਏ ਗਏ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਨ੍ਹਾਂ ਵਿਦਿਆਰਥੀਆਂ ਪ੍ਰਤੀ ਯੂਨੀਵਰਸਿਟੀ ਅਧਿਕਾਰੀਆਂ ਦੇ ਅੱਖੜ ਵਤੀਰੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਮਿਸਾਲ ਵਜੋਂ ਡਿਗਰੀਆਂ ਜਾਂ ਡੀ ਐਮ ਸੀ ਪਾਸ ਕਰ ਚੁੱਕੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਵੱਲੋਂ ਰੂਲਾਂ ਅਨੁਸਾਰ ਇਮਤਿਹਾਨ ਫ਼ੀਸ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਦੇ ਬਾਵਜੂਦ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਲਗਾਤਾਰ ਟਾਲਮਟੋਲ ਕਰਨੀ। ਹਰਿਆਣੇ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਵਾਂਗ ਦਾਖਲਾ ਫੀਸ ਤੋਂ ਬਿਨਾਂ ਦਾਖ਼ਲ ਕਰਨ ਤੋਂ ਇਨਕਾਰੀ ਹੋਣਾ ਅਤੇ ਪੀ ਐਚ ਡੀ ਦਾਖਲਿਆਂ ਤੇ ਹੋਸਟਲ ਅਲਾਟਮੈਂਟਾਂ ਮੌਕੇ ਰਾਖਵਾਂ ਕੋਟਾ ਪਹਿਲ ਦੇ ਆਧਾਰ ‘ਤੇ ਦੇਣ ਤੋਂ ਇਨਕਾਰੀ ਹੋਣਾ ਮੰਦਭਾਗੇ ਕਦਮ ਹੀ ਹਨ। ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਿਰਵੇ ਰੱਖੇ ਸਮਾਜ ਦੇ ਇਸ ਦੱਬੇ ਕੁਚਲੇ ਤਬਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਸੰਵਿਧਾਨਕ ਹੱਕਾਂ ਤੋਂ ਹੁਣ ਵੀ ਵਾਂਝੇ ਰੱਖਣਾ ਘੋਰ ਬੇਇਨਸਾਫ਼ੀ ਹੈ। ਇਸ ਲਈ ਕਿਸਾਨ ਆਗੂਆਂ ਵੱਲੋਂ ਸੰਘਰਸ਼ਸ਼ੀਲ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਪੀੜਤ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਢੁੱਕਵੇਂ ਢੰਗਾਂ ਰਾਹੀਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਨੈਕ ਦੀ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ
ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਏਸੀ – ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ 24 ਤੋਂ 26 ਅਗਸਤ ਤੱਕ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 27 ਅਗਸਤ: ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਐਨਏਏਸੀ-ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ ਨੈਕ ਦੀ ਮੁਲਾਂਕਣ ਪ੍ਰਕਿਰਿਆ ਅਧੀਨ ਯੂਨੀਵਰਸਿਟੀ ਦੇ ਦੂਜੇ ਦੌਰ ਦੇ ਮੁਲਾਂਕਣ ਲਈ 24 ਤੋਂ 26 ਅਗਸਤ ਤੱਕ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀਅਰ ਟੀਮ ਦੀ ਅਗਵਾਈ ਬੁੰਦੇਲਖੰਡ ਯੂਨੀਵਰਸਿਟੀ, ਝਾਂਸੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਰਮੇਸ਼ ਚੰਦਰ ਨੇ ਟੀਮ ਦੇ ਚੇਅਰਮੈਨ ਵਜੋਂ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਪ੍ਰੋਫੈਸਰ ਮੁਹੰਮਦ ਰਿਜ਼ਵਾਨ ਖਾਨ; ਪਾਂਡੀਚਰੀ ਯੂਨੀਵਰਸਿਟੀ ਦੇ ਅਪਲਾਈਡ ਸਾਈਕਾਲੋਜੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰੰਗਈਆ ਬੀ; ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ, ਪਟਨਾ ਤੋਂ ਪ੍ਰੋ. (ਸੇਵਾਮੁਕਤ) ਸੁਭਾਸ਼ ਚੰਦਰ ਰਾਏ; ਅਤੇ ਬੈਂਗਲੁਰੂ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਰੰਗਾਸਵਾਮੀ ਐਨ. ਇਸ ਟੀਮ ਦੇ ਮੈਂਬਰਾਂ ਵਜੋਂ ਸ਼ਾਮਲ ਹੋਏ।ਪਹਿਲੇ ਦਿਨ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੀਅਰ ਟੀਮ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਕੰਮਕਾਜ ਬਾਰੇ ਦੱਸਿਆ ਅਤੇ ਮਹਿਮਾਨ ਟੀਮ ਨੂੰ ਅਕਾਦਮਿਕ, ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ।
ਇਸ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵੱਖ-ਵੱਖ ਗੱਲਬਾਤ ਸੈਸ਼ਨ ਕਰਵਾਏ ਗਏ। ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ, ਪ੍ਰੀਖਿਆ ਪ੍ਰਕਿਰਿਆ ਅਤੇ ਮੁਲਾਂਕਣ ਪੈਟਰਨ ਬਾਰੇ ਜਾਣਕਾਰੀ ਦਿੱਤੀ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ; ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਅੰਜਨਾ ਮੁਨਸ਼ੀ; ਵਿੱਤ ਅਧਿਕਾਰੀ ਪ੍ਰੋ. ਪੀ.ਕੇ. ਮਿਸ਼ਰਾ; ਅਤੇ ਖਰੀਦ ਅਧਿਕਾਰੀ ਪ੍ਰੋ. ਅਨਿਲ ਮੰਥਾ ਨੇ ਆਪੋ-ਆਪਣੇ ਦਫ਼ਤਰਾਂ ਦੇ ਕਾਰਜ ਸਾਂਝੇ ਕੀਤੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ ਡੀਨ, ਵਿਭਾਗਾਂ ਦੇ ਮੁਖੀ ਅਤੇ ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ‘ਤੇ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ਵੱਖ-ਵੱਖ ਸੈੱਲਾਂ ਦੇ ਮੁਖੀਆਂ ਨੇ ਵੀ ਆਪਣੇ-ਆਪਣੇ ਵਿਭਾਗਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਗਤੀਵਿਧੀਆਂ ਦੇ ਵੇਰਵੇ ਨੈਕ ਪੀਅਰ ਟੀਮ ਨਾਲ ਸਾਂਝੇ ਕੀਤੇ।
ਇਸ ਦੇ ਨਾਲ ਹੀ ਨੈਕ ਦੌਰੇ ਦੇ ਦੂਜੇ ਦਿਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਨੈਕ ਪੀਅਰ ਟੀਮ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।ਆਪਣੇ ਤਿੰਨ ਦਿਨਾਂ ਦੌਰੇ ਦੌਰਾਨ, ਨੈਕ ਪੀਅਰ ਟੀਮ ਨੇ ਸਾਬਕਾ ਵਿਦਿਆਰਥੀਆਂ, ਮਾਪਿਆਂ, ਵਰਤਮਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਦੇ ਸਾਰੇ 31 ਵਿਭਾਗਾਂ ਦਾ ਦੌਰਾ ਕੀਤਾ।ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਿਤ ਖੋਜ ਪ੍ਰਯੋਗਸ਼ਾਲਾਵਾਂ, ਅਧਿਆਪਨ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਕੰਪਿਊਟਰ ਸੈਂਟਰ, ਆਡੀਓ ਵਿਜ਼ੂਅਲ ਸਟੂਡੀਓ, ਅਜਾਇਬ ਘਰ, ਪਸ਼ੂ ਘਰ, ਐਸ.ਟੀ.ਪੀ., ਬੋਟੈਨੀਕਲ ਗਾਰਡਨ, ਕਾਨੂੰਨੀ ਸਹਾਇਤਾ ਕਲੀਨਿਕ, ਜਿਮਨੇਜ਼ੀਅਮ, ਲੜਕੇ ਅਤੇ ਲੜਕੀਆਂ ਦੇ ਹੋਸਟਲ, ਅੰਨਪੂਰਨਾ ਹਾਲ ਅਤੇ ਸਿਹਤ ਕੇਂਦਰ ਆਦਿ ਵੱਖ-ਵੱਖ ਸਹੂਲਤਾਂ ਦਾ ਦੌਰਾ ਕੀਤਾ ਅਤੇ ਸਵੈ ਅਧਿਐਨ ਰਿਪੋਰਟ (ਐੱਸਐੱਸਆਰ) ਦੇ ਮਾਪਦੰਡ ਅਨੁਸਾਰ ਗੁਣਾਤਮਕ ਮੈਟ੍ਰਿਕਸ (ਕਿਊਐਲਐਮ) ਨੂੰ ਪ੍ਰਮਾਣਿਤ ਕਰਨ ਲਈ ਸਮੀਖਿਆ ਕੀਤੀ। ਆਪਣੇ ਦੌਰੇ ਦੌਰਾਨ ਟੀਮ ਯੂਨੀਵਰਸਿਟੀ ਦੇ ਕੰਮਕਾਜ ਤੋਂ ਕਾਫ਼ੀ ਪ੍ਰਭਾਵਿਤ ਹੋਈ।
ਇਸ ਦੌਰਾਨ ਨੈਕ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤੀ ਸੱਭਿਆਚਾਰਕ ਏਕਤਾ ਨੂੰ ਦਰਸਾਉਣ ਵਾਲੇ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਭਾਗ ਲਿਆ ਜਿਸ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਦੇ 26 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣੇ ਸੱਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਝਲਕ ਪੇਸ਼ ਕੀਤੀ।ਤਿੰਨ ਦਿਨਾਂ ਦੌਰੇ ਦੀ ਸਮਾਪਤੀ 26 ਅਗਸਤ ਨੂੰ ਇੱਕ ਐਗਜ਼ਿਟ ਮੀਟਿੰਗ ਨਾਲ ਹੋਈ, ਜਿਸ ਵਿੱਚ ਨੈਕ ਪੀਅਰ ਟੀਮ ਦੇ ਚੇਅਰਮੈਨ ਪ੍ਰੋਫੈਸਰ ਰਮੇਸ਼ ਚੰਦਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਸ ਪ੍ਰਗਟਾਈ ਕਿ ਟੀਮ ਦੀਆਂ ਸਿਫ਼ਾਰਸ਼ਾਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਨਾਲ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਉਹਨਾਂ ਨੇ ਸਾਰੇ ਹਿੱਸੇਦਾਰਾਂ, ਖਾਸ ਕਰਕੇ ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ‘ਤੇ ਖੁਸ਼ੀ ਜ਼ਾਹਰ ਕੀਤੀ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਨੈਕ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੀਅਰ ਟੀਮ ਦੇ ਮੈਂਬਰਾਂ ਨੇ ਆਪਣੇ ਦੌਰੇ ਦੌਰਾਨ ਸਾਰੇ ਹਿੱਸੇਦਾਰਾਂ ਨੂੰ ਆਪਣੇ ਕੰਮ ਨੂੰ ਦਿਖਾਉਣ ਦਾ ਬਰਾਬਰ ਮੌਕਾ ਪ੍ਰਦਾਨ ਕੀਤਾ ਅਤੇ ਹੋਰ ਸੁਧਾਰ ਲਈ ਸਾਰਥਕ ਸੁਝਾਅ ਦਿੱਤੇ, ਜੋ ਸਾਨੂੰ ਉੱਤਮਤਾ ਪ੍ਰਾਪਤੀ ਵੱਲ ਲੈ ਕੇ ਜਾਣ ਵਿੱਚ ਮਦਦ ਕਰਨਗੇ।
