ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਤੇ ਨਿਗਮ ਦੇ ਕਿਰਾਏਦਾਰਾਂ ਨੂੰ ਮਿਲੇਗੀ ਦੁਕਾਨਾਂ ਦੀ ਮਾਲਕੀ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਕਰੀਬ ਅੱਠ ਸਾਲਾਂ ਬਾਅਦ ਸਥਾਨਕ ਨਗਰ ਨਿਗਮ ਦੀ ਹੱਦ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਸਮੇਂ ਨਿਗਮ ਦੀ ਹੱਦ ਮਾਨਸਾ ਰੋਡ ’ਤੇ ਜੱਸੀ ਚੌਕ, ਫ਼ਰੀਦਕੋਟ ਰੋਡ ’ਤੇ ਪਿੰਡ ਗਿੱਲਪਤੀ, ਬਾਦਲ-ਡੱਬਵਾਲੀ ਰੋਡ ’ਤੇ ਗਿਆਨੀ ਜੈਲ ਸਿੰਘ ਕਾਲਜ਼ ਅਤੇ ਮਲੋਟ-ਮੁਕਤਸਰ ਰੋਡ ਉਪਰ ਰਿੰਗ ਰੋਡ ਤੱਕ ਫੈਲੀ ਹੋਈ ਹੈ। ਨਿਗਮ ਹਾਊਸ ਵਿਚ ਅੱਜ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਨਵੀਂ ਬਣਨ ਵਾਲੀ ਕਮੇਟੀ ਨਿਗਮ ਦਾ ਖੇਤਰ ਵਧਾਉਣ ਲਈ ਫੈਸਲਾ ਲਵੇਗੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੀ ਅਗਵਾਈ ਵਾਲੀ ਹਾਊਸ ਵਲੋਂ ਸਾਲ 2013 ਵਿਚ ਨਿਗਮ ਦੀ ਹੱਦ ਵਿਚ ਵਾਧਾ ਕੀਤਾ ਗਿਆ ਸੀ। ਉਜ ਇਸ ਨਵੇਂ ਹਾਊਸ ਦੇ ਗਠਨ ਤੋਂ ਐਨ ਪਹਿਲਾਂ ਬਠਿੰਡਾ ਦੇ ਬੰਦ ਕੀਤੇ ਥਰਮਲ ਦੀ ਜਮੀਨ ਨੂੰ ਇਸਦੀ ਹੱਦ ਵਿਚੋਂ ਕੱਢਿਆ ਗਿਆ ਸੀ। ਉਧਰ ਅੱਜ ਨਿਗਮ ਦੇ ਜਨਰਲ ਹਾਉੂਸ ਦੀ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਵੀ ਹਰੀ ਝੰਡੀ ਦੇ ਦਿੱਤੀ ਗਈ। ਨਿਗਮ ਦੀਆਂ ਮੌਜੂਦਾ ਸਮੇਂ 403 ਦੁਕਾਨਾਂ-ਵਪਾਰਕ ਸਥਾਨ ਕਿਰਾਏ ਉਪਰ ਹਨ। ਨਿਯਮਾਂ ਤਹਿਤ 12 ਸਾਲਾਂ ਤੋਂ ਕਾਬਜ਼ ਦੁਕਾਨਦਾਰਾਂ ਨੂੰ ਕੁਲੈਕਟਰ ਰੇਟਾਂ ਉਪਰ ਮਾਲਕੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸ਼ਹਿਰ ਅੰਦਰ ਹਜ਼ਾਰਾਂ ਏਕੜ ਸ਼ਾਮਲਾਟ ਜਮੀਨਾਂ ’ਤੇ ਕਬਜ਼ਾਧਾਰੀਆਂ ਲਈ ਵੀ ਨਿਗਮ ਨੇ ਵੱਡੀ ਦਰਿਆਦਿਲੀ ਦਿਖਾਉਂਦਿਆਂ ਉਨ੍ਹਾਂ ਨੂੰ ਵੀ ਕੁਲੈਕਟਰ ਰੇਟ ਭਰਵਾ ਕੇ ਮਾਲਕੀ ਹੱਕ ਦੇਣ ਦਾ ਫੈਸਲਾ ਕੀਤਾ ਹੈ। ਇਸਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਫੈਸਲੇ ਤਹਿਤ ਹੁਣ ਬੀਡੀਏ ਕੋਲ ਸਥਿਤ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ’ਤੇ ਸਥਿਤ ਜਾਇਦਾਦਾਂ ਅਤੇ ਫ਼ੇਜ 4 ਤੇ 5, ਪੁਰਾਣੀ ਜੇਲ੍ਹ ਵਾਲੀ ਥਾਂ ਬਣੀ ਨਿਰਵਾਣਾ ਅਸਟੇਟ, ਮਿਲਕ ਪਲਾਂਟ ਸਾਈਟ, ਪੁਰਾਣਾ ਤਹਿਸੀਲ ਕੰਪਲੈਕਸ, ਪਾਵਰ ਹਾਊਸ ਰੋਡ ’ਤੇ ਸਥਿਤ ਵਪਾਰਕ ਸਾਈਟ ਆਦਿ 14 ਥਾਵਾਂ ਦੀ ਦੇਖਭਾਲ ਨਿਗਮ ਵਲੋਂ ਕੀਤੀ ਜਾਵੇਗੀ। ਇਸਦੇ ਲਈ ਬੀਡੀਏ ਵਲੋਂ ਸਵਾ ਚਾਰ ਕਰੋੜ ਰੁਪਏ ਵੀ ਨਿਗਮ ਨੂੰ ਦਿੱਤੇ ਹਨ। ਇੱਕ ਹੋਰ ਫੈਸਲੇ ਰਾਹੀਂ ਸ਼ਹਿਰ ਦੀਆਂ ਸੱਤ 40 ਫੁੱਟੀ ਸੜਕਾਂ ਨੂੰ ਵਪਾਰਕ ਖੇਤਰ ਐਲਾਨਣ ਲਈ ਵੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ਵਿਚ ਮਹਾਂਵੀਰ ਦਲ ਦੇ ਪਿੱਛੇ ਸਥਿਤ ਸੜਕ, ਡਾ ਬਖ਼ਸੀ ਤੋਂ ਮਹੇਸ਼ਵਰੀ ਚੌਕ ਤੇ ਸੰਤਪੁਰਾ ਰੋਡ ਆਦਿ ਸ਼ਾਮਲ ਹਨ। ਇੱਕ ਹੋਰ ਮਤੇ ਰਾਹੀਂ ਜੋਗਰ ਪਾਰਕ ’ਚ ਬਣੇ ਕਮਿਊਨਟੀ ਸੈਂਟਰ ਨੂੰ ਹਜੂਰਾ-ਕਪੂਰਾ ਕਲੌਨੀ ’ਚ ਨਵੀਂ ਬਣੀ ਸੋਸਾਇਟੀ ਨੂੰ ਸੋਂਪ ਦਿੱਤਾ ਗਿਆ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਕਾਂਗਰਸੀ ਕੋਂਸਲਰਾਂ ਵਿੱਕੀ ਨੰਬਰਦਾਰ ਤੇ ਬਲਰਾਜ ਪੱਕਾ ਵਲੋਂ ਬਰਨਾਲਾ ਬਾਈਪਾਸ ਤੋਂ ਆਈ.ਟੀ.ਆਈ ਚੌਕ ਤੱਕ ਬਣਨ ਵਾਲੀ ਰਿੰਗ ਰੋਡ ਦੇ ਉਪਰ ਪਟਿਆਲਾ ਫ਼ਾਟਕ ਤੋਂ ਬਾਅਦ ਨਜਾਇਜ਼ ਉਸਾਰੀਆਂ ਦਾ ਮੁੱਦਾ ਚੁੱਕਿਆ ਗਿਆ। ਕੋਂਸਲਰਾਂ ਨੇ ਨਿਗਮ ਅਧਿਕਾਰੀਆਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਬਾਕਸ
ਜਨਮ ਅਸਟਮੀ ਮੌਕੇ ਨਵੀਂ ਦੁਲਹਨ ਵਾਂਗ ਸਜ਼ੇਗਾ ਬਠਿੰਡਾ
ਬਠਿੰਡਾ: ਆਗਾਮੀ 30 ਅਗਸਤ ਨੂੰ ਮਨਾਏ ਜਾ ਰਹੇ ਜਨਮ ਅਸਟਮੀ ਉਤਸਵ ਮੌਕੇ ਨਗਰ ਨਿਗਮ ਬਠਿੰਡਾ ਸ਼ਹਿਰ ਨੂੰ ਨਵੀਂ ਦੁਲਹਨ ਵਾਂਗ ਸਜ਼ਾਏਗਾ। ਇਸਦੇ ਲਈ ਅੱਜ ਸ਼ਹਿਰ ਵਿਚ ਰੰਗ ਰੋਗਣ ਕਰਨ, ਲੜੀਆਂ ਤੇ ਲੇਜ਼ਰ ਲਾਈਟਾਂ ਲਗਾਉਣ, ਫੁੱਲਾਂ ਦੀ ਸਜ਼ਾਵਟ ਤੇ ਚੌਕਾਂ ਆਦਿ ਨੂੰ ਸਜ਼ਾਉਣ ਲਈ ਸੱਤ ਲੱਖ ਰੁਪਏ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ।
ਅੱਠ ਸਾਲਾਂ ਬਾਅਦ ਮੁੜ ਵਧੇਗੀ ਬਠਿੰਡਾ ਨਗਰ ਨਿਗਮ ਦੀ ਹੱਦ
ਤਲਖ਼ੀ ਭਰੀ ਰਹੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ
ਵਿਰੋਧੀਆਂ ਵਲੋਂ ਪੱਖਪਾਤ ਕਰਨ ਤੇ ਕਾਂਗਰਸੀਆਂ ਨੇ ਗੱਲ ਨਾ ਸੁਣਨ ਦੇ ਲਗਾਏ ਦੋਸ਼
ਜਗਰੂਪ ਗਿੱਲ ਦੀ ਅਸੋਕ ਪ੍ਰਧਾਨ ਤੇ ਮਾਸਟਰ ਹਰਮਿੰਦਰ ਨਾਲ ਹੋਈ ਤਿੱਖੀ ਬਹਿਸ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਤਲਖ਼ ਭਰਪੂਰ ਰਹੀ। ਵਿਰੋਧੀਆਂ ਵਲੋਂ ਜਿੱਥੇ ਨਿਗਮ ਅਧਿਕਾਰੀਆਂ ਉਪਰ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ, ਉਥੇ ਪਹਿਲੀ ਵਾਰ ਕੁੱਝ ਕਾਂਗਰਸੀਆਂ ਨੇ ਮੀਟਿੰਗ ਦੀ ਕਾਰਵਾਈ ਸੰਭਾਲ ਰਹੇ ਅਹੁੱਦੇਦਾਰਾਂ ਉਪਰ ਗੱਲ ਨਾ ਸੁਣਨ ਦੇ ਵੀ ਦੋਸ਼ ਲਗਾਏ। ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਸੀਨੀਅਰ ਕਾਂਗਰਸੀ ਕੋਂਸਲਰ ਬੇਅੰਤ ਸਿੰਘ ਰੰਧਾਵਾ ਨੂੰ ਮੀਟਿੰਗ ਦਾ ਵਾਕਆਊਟ ਕਰਕੇ ਜਾਣਾ ਪਿਆ। ਹਾਲਾਂਕਿ ਉਨ੍ਹਾਂ ਨੂੰ ਮੁੜ ਬੁਲਾਉਣ ਲਈ ਸੀਨੀ ਡਿਪਟੀ ਮੇਅਰ ਅਸੋਕ ਪ੍ਰਧਾਨ ਵਲੋਂ ਬਲਜਿੰਦਰ ਠੇਕੇਦਾਰ ਨੂੰ ਵੀ ਭੇਜਿਆ ਗਿਆ ਪ੍ਰੰਤੂ ਨਰਾਜ਼ ਹੋ ਗਿਆ ਕੋਂਸਲਰ ਵਾਪਸ ਨਾ ਆਇਆ। ਜਿਸਦੇ ਚੱਲਦੇ ਕਾਂਗਰਸ ਦੇ ਭਰਪੂਰ ਬਹੁਮਤ ਵਾਲੇ ਹਾਊਸ ’ਚ ਸੱਤਾਧਿਰ ਨੂੰ ਫ਼ਜੀਹਤ ਸਹਿਣੀ ਪਈ। ਮੀਟਿੰਗ ਵਿਚ ਹਰ ਵਾਰ ਦੀ ਤਰ੍ਹਾਂ ਜਗਰੂਪ ਸਿੰਘ ਗਿੱਲ ਵਲੋਂ ਕਈ ਮਤਿਆਂ ਦਾ ਵਿਰੋਧ ਕਰਨ ’ਤੇ ਉਨ੍ਹਾਂ ਦੀ ਉਪ ਮੇਅਰਾਂ ਅਸੋਕ ਪ੍ਰਧਾਨ ਤੇ ਹਰਮਿੰਦਰ ਸਿੱਧੂ ਨਾਲ ਬਹਿਸਬਾਜ਼ੀ ਹੋਈ। ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਇਹ ਬਹਿਸਬਾਜ਼ੀ ਕਈ ਵਾਰ ਤਲਖੀ ਦਾ ਰੂਪ ਵੀ ਧਾਰਨ ਕਰ ਗਈ। ਮਹਿਲਾ ਮੇਅਰ ਸ਼੍ਰੀਮਤੀ ਰਮਨ ਗੋਇਲ ਵਲੋਂ ਧਾਰੀ ਚੁੱਪੀ ਦੌਰਾਨ ਮੀਟਿੰਗ ਦੀ ਕਾਰਵਾਈ ਸੰਭਾਲ ਰਹੇ ਅਸੋਕ ਪ੍ਰਧਾਨ ਤੇ ਹਰਮਿੰਦਰ ਸਿੱਧੂ ਨੇ ਮਤਿਆਂ ਨੂੰ ਰੱਖਣ ਸਮੇਂ ਵਿਚਕਾਰ ਬੋਲਣ ਵਾਲੇ ਕੋਂਸਲਰਾਂ ਨੂੰ ਬਾਹਰ ਕੱਢਣ ਦੀ ਧਮਕੀ ਤੱਕ ਦੇ ਦਿੱਤੀ। ਇਸ ਦੌਰਾਨ ਸ: ਗਿੱਲ ਦੇ ਹੀ ਚੇਲੇ ਮੰਨੇ ਜਾਂਦੇ ਕੋਂਸਲਰ ਹਰਵਿੰਦਰ ਲੱਡੂ ਨੇ ਅੱਜ ਪਹਿਲੀ ਵਾਰ ਅਪਣੇ ਗੁਰੂ ਉਪਰ ਸਿਆਸੀ ਤੰਜ਼ ਕਸੇ। ਮੀਟਿੰਗ ਵਿਚ ਰੌਲੇ ਰੱਪੇ ਦੌਰਾਨ ਕੁੱਲ 15 ਮਤਿਆਂ ਵਿਚੋਂ 8 ਨੂੰ ਪਾਸ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇ ਅਕਾਲੀ ਕੋਂਸਲਰ ਹਰਪਾਲ ਢਿੱਲੋਂ, ਸੈਰੀ ਗੋਇਲ ਤੇ ਸੁਰੇਸ਼ ਚੌਹਾਨ ਨੇ ਨਿਗਮ ਅਧਿਕਾਰੀਆਂ ਉਪਰ ਪੱਖਪਾਤੀ ਰਵੱਈਆਂ ਅਪਣਾਉਣ ਦਾ ਦੋਸ਼ ਲਗਾਇਆ। ਇਸਤੋਂ ਇਲਾਵਾ ਕਾਂਗਰਸ ਛੱਡ ਆਪ ਵਿਚ ਸਮੂਲੀਅਤ ਕਰਨ ਵਾਲੇ ਜਗਰੂਪ ਸਿੰਘ ਗਿੱਲ ਨੇ ਤਿ੍ਰਵੈਣੀ ਕੰਪਨੀ ਤੋਂ ਕੰਮ ਵਾਪਸ ਲੈਣ ਦੀ ਮੰਗ ਰੱਖਦਿਆਂ ਪੰਜਾਬ ਸਰਕਾਰ ਵਲੋਂ ਨਿਗਮ ਨੂੰ ਸਾਲ 2018 ਵਿਚ ਭੇਜੀ ਚਿੱਠੀ ਵੀ ਪ੍ਰਦਰਸ਼ਤ ਕੀਤੀ। ਇੱਕ ਹੋਰ ਕੋਂਸਲਰ ਸੰਤੋਸ਼ ਮਹੰਤ ਨੇ ਵੀ ਉਕਤ ਕੰਪਨੀ ਦੇ ਕੰਮਾਂ ਉਪਰ ਟਿੱਪਣੀਆਂ ਕਰਦਿਆਂ ਉਸ ਉਪਰ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ। ਮੇਅਰ ਦੀ ਹਾਜ਼ਰੀ ’ਚ ਕਮਿਸ਼ਨਰ ਬਿਕਰਮ ਸ਼ੇਰਗਿੱਲ ਨੇ ਮੌਕਾ ਸੰਭਾਲਦਿਆਂ ਦਾਅਵਾ ਕੀਤਾ ਕਿ ‘‘ ਤਿ੍ਰਵੈਣੀ ਵਲੋਂ ਕੰਮ ਨਾ ਕਰਨ ’ਤੇ ਸੀਵਰੇਜ਼ ਬੋਰਡ ਵਲੋਂ ਉਕਤ ਕੰਪਨੀ ਦੇ ਖ਼ਰਚੇ ’ਤੇ ਕੰਮ ਕਰਵਾਏ ਜਾ ਰਹੇ ਹਨ। ’’ ਮੀਟਿੰਗ ਦੌਰਾਨ ਕੋਂਸਲਰ ਗਿੱਲ ਵਲੋਂ ਹਾਊਸ ਦੇ ਇੱਕ ਮੈਂਬਰ ਵਲੋਂ ਇੱਕ ਭਾਈਚਾਰੇ ਬਾਰੇ ਕੀਤੀਆਂ ਟਿੱਪਣੀਆਂ ਦਾ ਮੁੱਦਾ ਵੀ ਲਿਆਂਦਾ ਪ੍ਰੰਤੂ ਸੱਤਾਧਿਰ ਨੇ ਉਸਨੂੰ ਅਣਸੁਣਿਆਂ ਕਰ ਦਿੱਤਾ। ਕੋਂਸਲਰ ਉਮੇਸ਼ ਗੋਗੀ ਨੇ ਅਪਣੇ ਇਲਾਕੇ ਦੀਆਂ ਸਮੱਸਿਆ ਦਾ ਮੁੱਦਾ ਚੁੱਕਿਆ ਜਦੋਂਕਿ ਕੋਂਸਲਰ ਬਲਰਾਜ ਪੱਕਾ ਨੇ ਨਿਗਮ ਦਾ ਖੇਤਰ ਬਣਾਉਣ ਲਈ ਬਣਨ ਵਾਲੀ ਕਮੇਟੀ ’ਚ ਬਾਹਰਲੇ ਇਲਾਕਿਆਂ ਦੇ ਕੋਂਸਲਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਕੋਂਸਲਰ ਸੁਖਦੀਪ ਢਿੱਲੋਂ ਨੇ ਅਪਣੇ ਇਲਾਕੇ ਵਿਚ ਆਰ.ਓ, ਸੀਵਰੇਜ਼ ਤੇ ਸੜਕਾਂ ਦਾ ਮੁੱਦਾ ਰੱਖਦਿਆਂ ਹੱਲ ਕਰਨ ਦੀ ਅਪੀਲ ਕੀਤੀ। ਮੀਟਿੰਗ ਦੇ ਆਖ਼ਰ ਵਿਚ ਪਾਣੀ ਦੀ ਨਿਕਾਸੀ ਦੇ ਮਾਮਲੇ ’ਚ ਅਪਣੀ ਪਿੱਠ ਥਾਪੜਦਿਆਂ ਸੀਨੀ ਡਿਪਟੀ ਮੇਅਰ ਨੇ ਸਰਾਹਨਾ ਮਤਾ ਪਾਸ ਕੀਤਾ ਤੇ ਨਾਲ ਹੀ ਮੀਂਹ ’ਚ ਡਿਸਪੋਜ਼ਲ ’ਤੇ ਨਾ ਪੁੱਜਣ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਵੀ ਮੰਗ ਕੀਤੀ।
ਸਿੱਧੂ ਦੇ ਵਿਰੋਧ ਦੇ ਬਾਵਜੂਦ ਮਾਲਵਾ ’ਚ ਕੈਪਟਨ ਦੀ ਹਾਲੇ ਵੀ ਸਰਦਾਰੀ ਕਾਇਮ!
ਮਾਲਵਾ ਪੱਟੀ ਦੇ ਬਹੁਸੰਮਤੀ ਕਾਂਗਰਸੀ ਵਿਧਾਇਕ ਕੈਪਟਨ ਨਾਲ ਡਟੇ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਅਪਣੀ ਹੀ ਪਾਰਟੀ ਦੇ ਪ੍ਰਧਾਨ ਤੇ ਸਾਥੀ ਮੰਤਰੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਰਾਹਤ ਵਾਲੀ ਗੱਲ ਇਹ ਵੀ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦੀ ਅਪਣੀ ਪਕੜ ਵਾਲੇ ਇਲਾਕੇ ਮਾਲਵਾ ਪੱਟੀ ਦੇ ਜਿਆਦਾਤਰ ਵਿਧਾਇਕ ਉਨ੍ਹਾਂ ਨਾਲ ਖੜੇ ਦਿਖ਼ਾਈ ਦੇ ਰਹੇ ਹਨ। ਬੇਸ਼ੱਕ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਖੇਮੇ ਵਿਚ ਸੰਨ ਲਗਾਉਂਦਿਆਂ ਮਾਂਝਾ ਬਿ੍ਰਗੇਡ ਨੂੰ ਪੂਰੀ ਤਰ੍ਹਾਂ ਅਪਣੇ ਨਾਲ ਜੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਮਾਝਾ ਤੇ ਦੁਆਬਾ ਖੇਤਰ ਦੇ ਮੁਕਾਬਲੇ ਸਿਆਸੀ ਤੌਰ ’ਤੇ ਤਾਕਤਵਰ ਮੰਨੇ ਜਾਂਦੇ 12 ਜ਼ਿਲ੍ਹਿਆਂ ਵਾਲੀ ਮਲਵਈ ਪੱਟੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਹਾਲੇ ਵੀ ਕਾਇਮ ਦਿਖ਼ਾਈ ਦੇ ਰਹੀ ਹੈ। ਇਸ ਖੇਤਰ ਦੇ ਜਿਆਦਾਤਰ ਕਾਂਗਰਸੀ ਵਿਧਾਇਕ ਤੇ ਮੰਤਰੀ ਪਾਰਟੀ ਦੀ ਅੰਦਰੂਨੀ ਜੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਦਿਖ਼ਾਈ ਦਿੰਦੇ ਹਨ।
ਮਾਲਵਾ ਪੱਟੀ ਦੇ 12 ਜ਼ਿਲ੍ਹਿਆਂ ਦੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤੇ ਕੁੱਲ ਤਿੰਨ ਦਰਜ਼ਨ ਵਿਧਾਇਕਾਂ ਵਿਚੋਂ 22 ਦੇ ਕਰੀਬ ਮੁੱਖ ਮੰਤਰੀ ਨਾਲ ਖੜੇ ਵਿਖ਼ਾਈ ਦਿੰਦੇ ਹਨ ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਵਿਧਾਇਕ, ਜਿੰਨ੍ਹਾਂ ਵਿਚ ਇੱਕ ਮੰਤਰੀ ਵੀ ਸ਼ਾਮਲ ਹੈ, ਹਾਲੇ ਦੋਨਾਂ ਧੜਿਆਂ ਤੋਂ ਬਰਾਬਰ ਦੂਰੀ ਬਣਾ ਕੇ ਚੱਲ ਰਹੇ ਹਨ। ਉਜ ਕੈਪਟਨ ਦਾ ਗੜ੍ਹ ਮੰਨੇ ਜਾਂਦੇ ਇਸ ਇਲਾਕੇ ਵਿਚ 9 ਦੇ ਕਰੀਬ ਵਿਧਾਇਕ ਸਿੱਧੂ ਧੜੇ ਨਾਲ ਪੂਰੀ ਤਰ੍ਹਾਂ ਜੁੜ ਗਏ ਹਨ। ਜੇਕਰ ਬਠਿੰਡਾ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਸਿਰਫ਼ ਇੱਕ ਪ੍ਰੀਤਮ ਸਿੰਘ ਕੋਟਭਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੱਡੀ ’ਤੇ ਚੜਿਆ ਹੋਇਆ ਹੈ। ਜਦੋਂਕਿ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਤੋਂ ਇਲਾਵਾ ਆਪ ਛੱਡ ਕੇ ਆਏ ਜਗਦੇਵ ਸਿੰਘ ਕਮਾਲੂ ਨੇ ਖੁੱਲੇ ਤੌਰ ’ਤੇ ਮੁੱਖ ਮੰਤਰੀ ਦੇ ਨਾਲ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿਚ ਆਪ ਦੀ ਸਮੂਲੀਅਤ ਤੋਂ ਬਾਅਦ ਕਾਂਗਰਸ ਦਾ ਇਕਲੌਤਾ ਵਿਧਾਇਕ ਪਿਰਮਿਲ ਸਿੰਘ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਕੈਪਟਨ ਖੇਮੇ ਵਿਚ ਹਨ। ਸੰਗਰੂਰ ਵਿਚ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਵਿਜੇਇੰਦਰ ਸਿੰਗਲਾ ਤੇ ਦਲਬੀਰ ਗੋਲਡੀ ਖੁੱਲੇ ਤੌਰ ’ਤੇ ਕੈਪਟਨ ਨਾਲ ਹਨ ਜਦੋਂਕਿ ਸੁਰਜੀਤ ਧੀਮਾਨ ਕੈਪਟਨ ਨੂੰ ਗੱਦਿਓ ਉਤਾਰਨ ਦੀ ਮੰਗ ਕਰ ਰਿਹਾ ਹੈ। ਪ੍ਰੰਤੂ ਬੀਬੀ ਰਜੀਆ ਸੁਲਤਾਨਾ ਹਾਲੇ ਚੁੱਪ ਹਨ।
ਸ਼੍ਰੀ ਮੁਕਤਸਰ ਸਾਹਿਬ ਦੇ ਵਿਚੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪਹਿਲਾਂ ਤੋਂ ਕੈਪਟਨ ਸਮਰਥਕ ਹਨ ਜਦੋਂਕਿ ਤੇਜ ਤਰਾਰ ਵਿਧਾਇਕ ਰਾਜਾ ਵੜਿੰਗ ਸਿੱਧੂ ਦੀ ਗੱਡੀ ਚਲਾਉਣ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਗਏ ਹਨ। ਪਾਰਟੀ ਦੇ ਆਗੂਆਂ ਮੁਤਾਬਕ ਵੜਿੰਗ ਕਾਂਗਰਸ ਹਾਈਕਮਾਂਡ ਤੋਂ ਬਾਹਰ ਨਹੀਂ ਜਾਣਗੇ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਹਾਲੇ ਤੱਕ ਖੁੱਲੇ ਤੌਰ ’ਤੇ ਮਦਨ ਲਾਲ ਜਲਾਲਪੁਰਾ ਨਵਜੋਤ ਸਿੱਧੂ ਧੜੇ ਨਾਲ ਜੁੜਿਆ ਹੈ ਜਦੋਂਕਿ ਬਾਕੀ ਪਹਿਲਾਂ ਵਾਲੇ ਥਾਂ ’ਤੇ ਹੀ ਖੜੇ ਵਿਖਾਈ ਦਿੰਦੇ ਹਨ। ਮੋਗਾ ਵਿਚ ਵਿਧਾਇਕ ਕਾਕਾ ਲੋਹਗੜ ਕੈਪਟਨ ਤੇ ਦਰਸਨ ਸਿੰਘ ਬਰਾੜ ਸਿੱਧੂ ਧੜੇ ਨਾਲ ਹਨ। ਹਰਜੌਤ ਕਮਲ ਹਾਲੇ ਚੁੱਪ ਹਨ। ਮਾਨਸਾ ਤੋਂ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਬੇਸ਼ੱਕ ਤਿ੍ਰਪਤ ਰਜਿੰਦਰ ਬਾਜਵਾ ਦੇ ਨੇੜੇ ਮੰਨਿਆਂ ਜਾਂਦਾ ਹੈ ਪ੍ਰੰਤੂ ਉਹ ਹਾਲੇ ਤੱਕ ਮੁੱਖ ਮੰਤਰੀ ਕੈਂਪਸ ਵਿਚ ਡਟੇ ਹੋਏ ਹਨ। ਫ਼ਿਰੋਜਪੁਰ ਤੋਂ ਰਾਣਾ ਸੋਢੀ ਤੇ ਸਤਿਕਾਰ ਕੌਰ ਕੈਪਟਨ ਧੜੇ ਅਤੇ ਕੁਲਬੀਰ ਜੀਰਾ ਤੇ ਪਿੰਕੀ ਸਿੱਧੂ ਧੜੇ ਨਾਲ ਨਜ਼ਰ ਆ ਰਹੇ ਹਨ।
ਫ਼ਾਜਲਿਕਾ ਜ਼ਿਲ੍ਹੇ ਵਿਚ ਰਮਿੰਦਰ ਆਵਲਾ ਕੈਪਟਨ ਤੇ ਦਵਿੰਦਰ ਘੁਬਾਇਆ ਸਿੱਧੂ ਖੇਮੇ ਦਾ ਕੱਟੜ ਸਮਰਥਕ ਹੈ ਜਦੋਂਕਿ ਇੱਕ ਹੋਰ ਵਿਧਾਇਕ ਨੱਥੂ ਰਾਮ ਹਾਲੇ ਚੁੱਪ ਹਨ। ਫ਼ਤਿਹਗੜ੍ਹ ਦੇ ਤਿੰਨ ਕਾਂਗਰਸੀ ਵਿਧਾਇਕਾਂ ਵਿਚੋਂ ਗੁਰਪ੍ਰੀਤ ਜੀਪੀ ਕੈਪਟਨ ਖੇਮੇ ਨਾਲ ਖੜਾ ਹੈ ਜਦੋਂਕਿ ਕਾਕਾ ਰਣਦੀਪ ਤੇ ਕੁਲਜੀਤ ਨਾਗਰਾ ਹਾਈਕਮਾਂਡ ਨਾਲ ਹਨ। ਫ਼ਰੀਦਕੋਟ ਤੋਂ ਇਕਲੌਤੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਬੇਸ਼ੱਕ ਪਹਿਲਾਂ ਖੁੱਲ ਕੇ ਸਿੱਧੂ ਧੜੇ ਦੀ ਹਾਜ਼ਰੀ ਭਰਦੇ ਰਹੇ ਹਨ ਪ੍ਰੰਤੂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਨਜਦੀਕੀ ਰਿਸ਼ਤੇਦਾਰ ਇਹ ਵਿਧਾਇਕ ਹਾਲ ਦੀ ਘੜੀ ਸ਼ਾਂਤ ਬੈਠੇ ਦਿਖ਼ਾਈ ਦੇ ਰਹੇ ਹਨ। ਲੁਧਿਆਣਾ ਜ਼ਿਲ੍ਹੇ ਵਿਚ ਕਾਂਗਰਸੀ ਵਿਧਾਇਕਾਂ ਦਾ ਬਹੁਮਤ ਮੁੱਖ ਮੰਤਰੀ ਧੜੇ ਨਾਲ ਹੈ ਜਦੋਂਕਿ ਕੈਪਟਨ ਖੇਮੇ ਲਈ ਚਿੰਤਾ ਵਾਲੀ ਗੱਲ ਇਹ ਮੰਨੀ ਜਾ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਅਪਣੇ ਇੱਕ ਸਾਥੀ ਵਿਧਾਇਕ ਨਾਲ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਡਟਿਆ ਦਿਖਾਈ ਦੇ ਰਿਹਾ ਹੈ।
ਬਾਕਸ
ਅੱਧੀ ਦਰਜ਼ਨ ਤੋਂ ਵੱਧ ਮੰਤਰੀ ਵੀ ਕੈਪਟਨ ਖੇਮੇ ’ਚ
ਬਠਿੰਡਾ: ਜੇਕਰ ਮਲਵਈ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਚਿਹਰੇ ਮੰਨੇ ਜਾਣ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਮੁੱਖ ਮੰਤਰੀ ਨਾਲ ਡਟੇ ਹੋਏ ਦਿਖ਼ਾਈ ਦਿੰਦੇ ਹਨ। ਉਨ੍ਹਾਂ ਹਾਲਾਂ ਤੱਕ ਵਿਰੋਧੀ ਧੜੇ ਵਲੋਂ ਕੀਤੀ ਜਾਣ ਵਾਲੀ ਇੱਕ ਵੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਪ੍ਰੰਤੂ ਕੈਪਟਨ ਦੇ ਹਰੇਕ ਪ੍ਰੋਗਰਾਮ ਵਿਚ ਉਹ ਮੂਹਰੇ ਦਿਖ਼ਾਈ ਦਿੰਦੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਦੂਜੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਵੀ ਕੈਪਟਨ ਦੇ ਵਿਰੁਧ ਨਹੀਂ ਜਾ ਸਕਦੇ, ਕਿਉਂਕਿ ਜਿੱਥੇ ਉਨ੍ਹਾਂ ਦੀ ਕਾਂਗਰਸ ਵਿਚ ਸਮੂਲੀਅਤ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੋਈ ਹੈ, ਉਥੇ ਫ਼ੁਲ ਹਲਕੇ ’ਚ ਸਭ ਤੋਂ ਵੱਧ ਵੋਟ ਬੈਂਕ ਵਾਲਾ ਪਿੰਡ ਮਹਿਰਾਜ਼ ਮੁੱਖ ਮੰਤਰੀ ਦੇ ਪੁਰਖਿਆਂ ਦਾ ਹੈ। ਜਿਸਦੇ ਜਿਆਦਾਤਰ ਵਾਸੀ ਅੱਜ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਾਬਾ ਆਲਾ ਸਿੰਘ ਦੇ ਪ੍ਰਵਾਰ ਨੂੰ ਦਿਲੋਂ ਮੁਹੱਬਤ ਕਰਦੇ ਹਨ। ਇਸਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਧੜੱਲੇਦਾਰ ਮੰਤਰੀ ਵਿਜੇਇੰਦਰ ਸਿੰਗਲਾ ਪੂਰੀ ਤਰ੍ਹਾਂ ਕੈਪਟਨ ਦੀ ਪਿੱਠ ’ਤੇ ਹਨ ਜਦੋਂਕਿ ਇਸ ਜ਼ਿਲ੍ਹੇ ਤੋਂ ਇੱਕ ਹੋਰ ਮਹਿਲਾ ਵਜ਼ੀਰ ਬੀਬੀ ਰਜ਼ੀਆ ਸੁਲਤਾਨਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਹੇ ਹਨ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸਬੰਧਤ ਮੰਤਰੀ ਰਾਣਾ ਸੋਢੀ ਨੂੰ ਅੱਜ ਕੱਲ ਕੈਪਟਨ ਦਾ ਸੱਜ਼ਾ ਹੱਥ ਮੰਨਿਆ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਕੈਬਨਿਟ ਵਜ਼ੀਰ ਭਾਰਤ ਭੂਸ਼ਨ ਆਸ਼ੂ ਪੂਰੀ ਤਰ੍ਹਾਂ ਮੁੱਖ ਮੰਤਰੀ ਖੇਮੇ ਵਿਚ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਤੋਂ ਜਿੱਥੇ ਮੁੱਖ ਮੰਤਰੀ ਆਪ ਨੁਮਾਇੰਦਗੀ ਕਰਦੇ ਹਨ, ਉਥੇ ਇਸ ਜ਼ਿਲ੍ਹੇ ਨਾਲ ਸਬੰਧਤ ਦੋਨੋਂ ਵਜ਼ੀਰ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਇੱਕ ਹਨ।
ਸਾਬਕਾ ਵਿਧਾਇਕ ਸਿੱਧੁ ਨੇ ਜ਼ਿਲਾ ਪ੍ਰਧਾਨ ਬਣਨ ਤੇ ਚਮਕੋਰ ਮਾਨ ਨੂੰ ਦਿੱਤੀਆ ਮੁਬਾਰਕਾਂ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ: ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਚਮਕੋਰ ਸਿੰਘ ਮਾਨ ਨੇ ਅੱਜ ਬਠਿੰਡਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਸਮੇਂਤ, ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜਰਨਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਨਾਲ ਉਹਨਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੋਕੇ ਸ: ਸਿੱਧੂ ਨੇ ਚਮਕੋਰ ਮਾਨ ਨੂੰ ਜ਼ਿਲਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ। ਸ: ਮਾਨ ਨੇ ਆਪਣੇ ਸਾਥੀਆ ਸਮੇਂਤ ਸ਼: ਸਿੱਧੁ ਦਾ ਧੰਨਵਾਦ ਕੀਤਾ। ਇਸ ਮੋਕੇ ਹੋਰਨਾ ਤੋ ਇਲਾਵਾ ਅੇਡਵੋਕੇਟ ਦਲਜੀਤ ਸਿੰਘ ਬਰਾੜ ਮੈਂਬਰ ਜਰਨਲ ਕੋਂਸਲ ਪੰਜਾਬ ਹਰਪਾਲ ਸਿੰਘ ਢਿੱਲੋ ਸ਼ਹਿਰੀ ਪ੍ਰਧਾਨ ਯੂਥ ਵਿੰਗ ਬਠਿੰਡਾ, ਹਰਵਿੰਦਰ ਗੰਜੂ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸੁਖਦੇਵ ਸਿੰਘ ਗੁਰਥੜੀ, ਬਲਵਿੰਦਰ ਸਿੰਘ ਬਿੰਦਰ, ਜਲੰਧਰ ਸਿੰਘ ਮੱਖਣ, ( ਸਾਰੇ ਸਰਕਲ ਪ੍ਰਧਾਨ ) ਗੁਰਬਚਨ ਸਿੰਘ ਖੁੱਬਣ ਸਾਬਕਾ ਕੋਂਸਲਰ, ਹਰਜਿੰਦਰ ਛਿੰਦਾ ਕੋਂਸਲਰ, ਸਾਬਕਾ ਕੋਂਸਲਰ ਬਲਵਿੰਦਰ ਬੱਲੀ, ਲਛਮਣ ਸਿੰਘ ਢਿੱਲੋ ਮੀਤ ਪ੍ਰਧਾਨ ਬਠਿੰਡਾ
ਸ਼ਹਿਰੀ, ਸੀਨੀਅਰ ਆਗੂ ਜਤਿੰਦਰ ਸਿੰਘ ਤੱਗੜ, ਅੇਡਵੋਕੇਟ ਅਮਨਦੀਪ ਸਿੰਘ ਸੋਹੀ,ਸ਼ਹਿਰੀ ਮੀਤ ਪ੍ਰਧਾਨ ਯੂਥ ਵਿੰਗ ਸੰਜੀਵ ਲੋਰੀ,ਮਨਦੀਪ ਸਿੰਘ ਲਾਡੀ ਮੀਤ ਪ੍ਰਧਾਨ ਯੂਥ ਵਿੰਗ ਬਠਿੰਡਾ, ਰਾਜਦੀਪ ਸਿੰਘ ਢਿੱਲੋ ਜਰਨਲ ਸਕੱਤਰ ਬਠਿੰਡਾ ਸ਼ਹਿਰੀ,ਆਨੰਦ ਗੁਪਤਾ ਜਰਨਲ ਸਕੱਤਰ,ਪ੍ਰੀਤਮ ਸਿੰਘ ਗਾਰਡ ਸਰਕਲ ਪ੍ਰਧਾਨ ਬੀ ਸੀ ਵਿੰਗ, ਪੀ ਏ ਅਵਤਾਰ ਸਿੰਘ ਮਾਉਆਣਾ ਆਦਿ ਆਗੂ ਹਾਜ਼ਰ ਸਨ ।
ਗੁਰਦੁਆਰਾ ਚੋਣਾਂ ਵਿੱਚ ਅਕਾਲੀ ਦਲ ਦੀ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਮਨਜਿੰਦਰ ਸਿੰਘ ਸਿਰਸਾ ਟੀਮ ਦੇ ਉਪਰਾਲਿਆਂ ਦੀ ਜ਼ਿੱਤ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ :-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਉਮੀਦਵਾਰਾਂ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਸਾਹਿਬ ਚੰਦ ਸਿੰਗਲਾ ਪ੍ਰਧਾਨ ਵਪਾਰ ਵਿੰਗ ਦੀ ਅਗਵਾਈ ਵਿਚ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ ਗਈ ।ਇਸ ਮੌਕੇ ਵੱਡੀ ਗਿਣਤੀ ਵਿਚ ਮੰਡੀ ਨਿਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਰਹੇ। ਸਾਬਕਾ ਵਿਧਾਇਕ ਸਿੰਗਲਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਦੀ ਨੀਂਹ ਰੱਖ ਦਿੱਤੀ ਹੈ ,ਕਿਉਂਕਿ ਮਨਜਿੰਦਰ ਸਿੰਘ ਸਿਰਸਾ ਟੀਮ ਦੇ ਉਪਰਾਲਿਆਂ ਦੀ ਜਿੱਤ ਹੋਈ ਹੈ ।ਕੁੱਲ 46 ਸੀਟਾਂ ਵਿੱਚੋਂ 26 ਸੀਟਾਂ ਤੇ ਸ਼ਾਨਦਾਰ ਜਿੱਤ ਹੋਈ । ਇਸੇ ਤਰ੍ਹਾਂ ਪਿਛਲੀ ਸਰਕਾਰ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਏ ਪੰਜਾਬ ਦੇ ਵਿਕਾਸ ਦੇ ਨਾਮ ਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਡਾ ਦੀਨਵ ਸਿੰਗਲਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਸਨ
ਨਵੇਂ ਐਸਐਸਪੀ ਦੀ ਅਗਵਾਈ ’ਚ ਬਠਿੰਡਾ ਪੁਲਿਸ ਦੀ ਵੱਡੀ ਪ੍ਰਾਪਤੀ
ਵਾਹਨ ਚੋਰ ਗਿਰੋਹ ਕਾਬੂ, 36 ਮੋਟਰਸਾਈਕਲ ਤੇ 2 ਸਕੂਟਰੀਆਂ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ : ਦੋ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਨਵੇਂ ਐਸ.ਐਸ.ਪੀ ਵਜੋਂ ਅਹੁੱਦਾ ਸੰਭਾਲਣ ਵਾਲੇ ਅਜੈ ਮਲੂਜ਼ਾ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਨੇ ਵੱਡੀ ਪ੍ਰਾਪਤੀ ਕਰਦਿਆਂ ਅੱਜ ਇੱਕ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 36 ਮੋਟਰਸਾਈਕਲ ਤੇ 2 ਸਕੂਟਰੀਆਂ ਬਰਾਮਦ ਕਰਵਾਈਆਂ ਹਨ। ਐਸ.ਐਸ.ਪੀ ਅਜੈ ਮਲੂਜਾ ਨੇ ਥਾਣਾ ਸਿਵਲ ਲਾਈਨ ਵਿਚ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਵਾਹਨ ਚੋਰ ਗਿਰੋਹ ਬਾਰੇ ਜਾਣਕਾਰੀ ਮਿਲੀ ਸੀ। ਜਿਸਤੋਂ ਬਾਅਦ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਪਿੰਡ ਨੁਰਪੁਰ ਚੱਠਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੇ ਗੁਰਪ੍ਰਰੀਤ ਸਿੰਘ ਉਰਫ਼ ਗੋਰੀ ਵਾਸੀ ਪਿੰਡ ਕੁੱਤਬਗੜ੍ਹ ਭਾਟਾ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੁੂ ਕੀਤਾ ਗਿਆ। ਇੰਨ੍ਹਾਂ ਕਥਿਤ ਦੋਸ਼ੀਆਂ ਕੋਲੋ ਮੁਢਲੀ ਪੁਛਗਿਛ ਦੇ ਆਧਾਰ ’ਤੇ 27 ਮੋਟਰਸਾਈਕਲ ਬਰਾਮਦ ਹੋਏ। ਇਸਤੋਂ ਇਲਾਵਾ ਇੰਨ੍ਹਾਂ ਪੁਛਗਿਛ ਦੌਰਾਨ ਇਹ ਵੀ ਦਸਿਆ ਕਿ ਉਨ੍ਹਾਂ ਵਲੋਂ ਚੋਰੀ ਕੀਤੇ ਕੁਝ ਮੋਟਰਸਾਈਕਲ ਤੇ ਸਕੂਟਰੀਆਂ ਸੰਦੀਪ ਵਾਸੀ ਘੁਮਿਆਰ ਬਸਤੀ ਰਾਈਆ ਰੋਡ ਜਲਾਲਾਬਾਦ ਨੂੰ ਵੇਚੇ ਹਨ। ਜਿਸਤੋਂ ਬਾਅਦ ਪੁਲਿਸ ਨੇ ਉਕਤ ਸੰਦੀਪ ਨੂੰ ਗਿ੍ਰਫਤਾਰ ਕਰਕੇ ਉਸ ਕੋਲੋਂ ਵੀ 6 ਮੋਟਰਸਾਈਕਲ ਤੇ ਦੋ ਸਕੂਟਰੀਆਂ ਬਰਾਮਦ ਕਰਵਾਈਆਂ। ਐਸ.ਐਸ.ਪੀ ਨੇ ਦਸਿਆ ਕਿ ਅਵਤਾਰ ਸਿੰਘ ਵਿਰੁਧ ਪਹਿਲਾਂ 7 ਮੁਕੱਦਮੇ ਅਤੇ ਗੁਰਪ੍ਰੀਤ ਸਿੰਘ ਵਿਰੁਧ 3 ਮੁਕੱਦਮੇ ਦਰਜ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਬਠਿੰਡਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿਚੋਂ ਵਾਹਨ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ। ਇਸ ਮੌਕੇ ਐਸ.ਐਸ.ਪੀ ਅਜੈ ਮਲੂਜਾ ਨਾਲ ਐਸ.ਪੀ ਸਿਟੀ ਜਸਪਾਲ, ਡੀਐੱਸਪੀ ਸਿਟੀ 2 ਆਸਵੰਤ ਸਿੰਘ ਤੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਵੀ ਹਾਜ਼ਰ ਸਨ।
ਬੀਸੀਐੱਲ ਤੇ ਐੱਮਆਰਐੱਸੂ ਵਿਚਕਾਰ ਹੋਇਆ ਐੱਮਓਯੂ
ਸੁਖਜਿੰਦਰ ਮਾਨ
ਬਠਿੰਡਾ, 25 ਅਸਗਤ -ਬੀਸੀਐੱਲ ਇੰਡਸਟਰੀ ਲਿਮਟਿਡ ਅਤੇ ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚਕਾਰ ਕਈ ਅਹਿਮ ਵਿਸ਼ਿਆਂ ਨੂੰ ਲੈ ਕਿ ਐੱਮਓਯੂ ਹੋਇਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਰਾਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਤੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ ਅਤੇ ਬੀਸੀਐੱਲ ਦੀ ਤਰਫੋਂ ਮੈਨੇਜਮੈਂਟ ਦੇ ਵਾਈਸ ਪ੍ਰਧਾਨ ਕਰਨਲ ਐੱਮਐੱਸ ਗੌੜ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਐੱਮਓਯੂ ’ਚ ਜਿਥੇ ਵੱਖ- ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਦੀ ਉਦਯੋਗਿਕ ਇਕਾਈਆਂ ’ਚ ਟੈਨਿੰਗ ਪ੍ਰੋਗਰਾਮ ਸ਼ਾਮਲ ਹਨ ਉਥੇ ਦੋਵੇਂ ਸੰਸਥਾਵਾਂ ਵੱਲੋਂ ਆਪਣੇ ਮਾਹਿਰਾਂ ਨੂੰ ਇਕ ਦੂਜੇ ਦੀ ਸੰਸਥਾ ’ਚ ਗੈਸਟ ਲੈਕਚਰ ਦੇਣ ਤੋਂ ਇਲਾਵਾ ਹੋਰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦੇਣ ਦਾ ਵੀ ਪ੍ਰੋਗਰਾਮ ਹੈ। ਇਸ ਮੌਕੇ ਯੂਨੀਵਰਸਿਟੀ ਦੀ ਤਰਫੋਂ ਡਾ. ਰਾਜੇਸ਼ ਗੁਪਤਾ, ਡਾ. ਮਨਜੀਤ ਸਿੰਘ, ਹਰ ਅਮਿ੍ਰਤ ਪਾਲ ਸਿੰਘ ਅਤੇ ਗਗਨਦੀਪ ਸੋਢੀ ਅਤੇ ਬੀਸੀਐਲ ਦੇ ਸੂਚਨਾ ਅਧਿਕਾਰੀ ਤਜਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਆਈ.ਸੀ.ਏ.ਆਰ. ਦੀ ਦਾਖ਼ਲਾ ਪ੍ਰੀਖਿਆ ਦੇਣ ਦੇ ਯੋਗ ਬਣੇ
ਸੁਖਜਿੰਦਰ ਮਾਨ
ਬਠਿੰਡਾ, 25 ਅਸਗਤ -ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੀ ਪੜ੍ਹਾਈ ਪੂਰੀ ਕਰ ਚੁੱਕੇ ਜਾਂ ਕਰ ਰਹੇ ਵਿਦਿਆਰਥੀਆਂ ਨੂੰ ਆਈ.ਸੀ.ਏ.ਆਰ. ਵੱਲੋਂ ਆਪਣੀਆਂ ਸੰਬੰਧਿਤ ਵਿੱਦਿਅਕ ਸੰਸਥਾਵਾਂ ਵਿੱਚ ਪੋਸਟ ਗਰੈਜੂਏਸ਼ਨ ਕਰਨ ਲਈ ਯੋਗ ਮੰਨਦਿਆਂ ਆਈ.ਸੀ.ਏ.ਆਰ., ਏ.ਆਈ.ਈ.ਈ.ਏ. (ਪੀ.ਜੀ.) ਟੈੱਸਟ ਦੇਣ ਦੀ ਮਾਨਤਾ ਦੇ ਦਿੱਤੀ ਹੈ। ਇਸ ਫੈਸਲੇ ਨਾਲ ਬਾਬਾ ਫ਼ਰੀਦ ਕਾਲਜ ਇਹ ਮਾਨਤਾ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਇੱਕੋ ਇੱਕ ਪਹਿਲਾ ਸਵੈ-ਵਿੱਤੀ ਕਾਲਜ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਕਾਲਜ ਨੂੰ ਪੰਜਾਬ ਸਟੇਟ ਕੌਂਸਲ ਆਫ਼ ਐਗਰੀਕਲਚਰਲ ਐਜੂਕੇਸ਼ਨ, ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਾਲ 2019 ਵਿੱਚ ਮਾਨਤਾ ਦੇ ਦਿੱਤੀ ਗਈ ਸੀ । ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਅਹਿਮ ਪ੍ਰਾਪਤੀ ਲਈ ਕਾਲਜ ਦੇ ਸਮੁੱਚੇ ਐਗਰੀਕਲਚਰ ਵਿਭਾਗ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਪ੍ਰਾਪਤੀ ਦਾ ਸਿਹਰਾ ਐਗਰੀਕਲਚਰ ਵਿਭਾਗ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਦੇ ਸਿਰ ਬੰਨ੍ਹਿਆਂ।
ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਸਾੜੀ ਸਰਕਾਰ ਦੀ ਅਰਥੀ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ : ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਇੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ,ਗਗਨਦੀਪ ਸਿੰਘ,ਰਣਜੀਤ ਸਿੰਘ, ਮਨਜੀਤ ਸਿੰਘ,ਗੁਰਸੇਵਕ ਸਿੰਘ ਸੰਧੂ ,ਮਨਜੀਤ ਸਿੰਘ ,ਭੋਲਾ ਸਿੰਘ ਮਲੂਕਾ ,ਕੁਲਵਿੰਦਰ ਸਿੰਘ ਸਿੱਧੂ,ਸੁਖਚੈਨ ਸਿੰਘ, ਦਰਸ਼ਨ ਰਾਮ, ਹੰਸ ਰਾਜ ਬੀਜਵਾ,ਅਰੁਣ ਕੁਮਾਰ,ਨੈਬ ਸਿੰਘ, ਅਮਰਜੀਤ ਸਿੰਘ ਹਨੀ,ਜਸਵਿੰਦਰ ਸਿੰਘ ਬਰਾੜ, ਮੇਜਰ ਸਿੰਘ ਦਾਦੂ,ਉਮੈਦ ਸਿੰਘ, ਜਸਵਿੰਦਰ ਸ਼ਰਮਾ ਆਦਿ ਨੇ ਕਿਹਾ ਕਿ ਸਾਂਝਾ ਫਰੰਟ ਪੰਜਾਬ ਵੱਲੋਂ ਮੁਲਾਜ਼ਮ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਤਰੁਟੀਆਂ ਦੂਰ ਕਰਵਾਉਣ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ, ਮਹਿਕਮਿਆਂ ਦਾ ਨਿੱਜੀ ਕਰਨ ਬੰਦ ਕਰਵਾਉਣ ਲਈ, ਆਸ਼ਾ ਵਰਕਰ ਅਤੇ ਮਿੱਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਵਾਉਣ ਆਦਿ ਅਹਿਮ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਕਾਰਨ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਵਰਕਰਾਂ ਨੇ ਕੀਤਾ ਬੱਸ ਸਟੈਂਡ ਬੰਦ
ਸੁਖਜਿੰਦਰ ਮਾਨ
ਬਠਿੰਡਾ 25 ਅਗਸਤ : ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਸਥਾਨਕ ਬੱਸ ਸਟੈਂਡ ਨੂੰ ਬੰਦ ਕਰਕੇ ਰੋਸ ਪ੍ਰਦਰਸਨ ਕੀਤਾ ਗਿਆ। ਬੱਸ ਸਟੈਂਡ ਬੰਦ ਹੋਣ ਕਾਰਨ ਅੱਡੇ ਦੇ ਬਾਹਰ ਭਾਰੀ ਜਾਮ ਲੱਗ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਗੁਰਦੀਪ ਸਿੰਘ ਝਨੀਰ ,ਕੈਸ਼ੀਅਰ ਰਵਿੰਦਰ ਸਿੰਘ, ਡਿਪੂ ਸੈਕਟਰੀ ਬਲਵੀਰ ਸ਼ਰਮਾ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮਾਫੀਆਂ ਖਤਮ ਕਰਨ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਦਾਅਵੇ ਕੀਤੇ ਗਏ ਸਨ ਪ੍ਰੰਤੂ ਅੱਜ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਲਟਾ ਬੱਸਾਂ ’ਤੇ ਮੁਫ਼ਤ ਸਫਰ ਦੀਆਂ ਸਹੂਲਤਾਂ ਦੇ ਕ ਸਰਕਾਰੀ ਟਰਾਂਸਪੋਰਟ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਰਣਜੀਤ ਸਿੰਘ,ਗੁਰਪ੍ਰੀਤ ਕਾਮਲੂ ,ਬਲਕਾਰ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਪੱਕੇ ਕਰਨ ਸੰਬੰਧੀ ਕੋਈ ਫੈਸਲਾ ਨਾ ਲਿਆ ਗਿਆ ਤਾਂ 6 ਸਤੰਬਰ ਤੋਂ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠਣਗੇ। ਇਸਤੋਂ ਇਲਾਵਾ ਇਸ ਹੜਤਾਲ ਦੋਰਾਨ ਮੁੱਖ ਮੰਤਰੀ ਦੀ ਰਹਾਇਸ ਅੱਗੇ ਪੱਕਾ ਧਰਨਾ ਅਤੇ ਵਿਧਾਨ ਸਭਾ ਸੈਸਨ ਦੇ ਪਹਿਲੇ ਦਿਨ ਮਾਰਚ ਕੀਤਾ ਜਾਵੇਗਾ।
