ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਸਾਰੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਅੰਨ੍ਹੇਵਾਹ ਵਿਕਰੀ ਨੂੰ ਰੋਕਣ ਦੀ ਹਦਾਇਤ ਕੀਤੀ।ਸ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਵਿੱਚ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਸਅਿਾਂ ਦੀ ਆਦਤ ਦਾ ਕਾਰਨ ਬਣਨ ਵਾਲੀਆਂ ਸਾਰੀਆਂ ਦਵਾਈਆਂ ਨੂੰ ਸੀਮਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੀ ਸਿਰਫ ਸਾਵਧਾਨੀ ਨਾਲ ਵਿਕਰੀ ਦੀ ਹੀ ਇਜਾਜਤ ਹੋਵੇਗੀ। ਉਹਨਾਂ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ‘ਤੇ ਪੈਣੀ ਨਜਰ ਰੱਖਣ ਲਈ ਕਿਹਾ।
ਸ੍ਰੀ ਸੋਨੀ ਨੇ ਕਿਹਾ ਕਿ ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਨੌਜਵਾਨਾਂ ਵੱਲੋਂ ਪ੍ਰੀਗੈਬਲਿਨ ਵਾਲੇ ਕੈਪਸੂਲ ਅਤੇ ਗੋਲੀਆਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਰਹੀ ਹੈ। ਇਸ ਲਈ, ਫੂਡ ਐਂਡ ਡਰੱਗਜ ਐਡਮਨਿਸਟ੍ਰੇਸਨ ਦੇ ਡਰੱਗਜ ਕੰਟਰੋਲ ਅਫਸਰਾਂ ਨੂੰ ਜਾਂਚ ਕਰਨ ਅਤੇ ਡਰੱਗਜ ਅਤੇ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਤਹਿਤ ਉਹਨਾਂ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ ਜਾਰੀ ਕੀਤੇ ਗਏ ਹਨ ਜਿੱਥੇ ਇਹ ਦਵਾਈਆਂ ਸਹੀ ਰਿਕਾਰਡ ਤੋਂ ਬਿਨਾਂ ਭੰਡਾਰ ਕੀਤੀਆਂ ਗਈਆਂ ਹਨ।
ਮੰਤਰੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਜਰੂਰਤ ਹੈ ਕਿ ਅਜਿਹੀਆਂ ਦਵਾਈਆਂ ਉੱਚਿਤ ਵਰਤੋਂ ਲਈ ਬਣਾਈਆਂ ਅਤੇ ਵੇਚੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕੈਮਿਸਟ ਐਸੋਸੀਏਸਨਾਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਇਸ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਦੀਆਂ ਏਜੰਸੀਆਂ ਦੇ ਸਹਿਯੋਗ ਲਈ ਅੱਗੇ ਆਉਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਭਾਗ ਪਹਿਲਾਂ ਹੀ ਕੈਮਿਸਟ ਐਸੋਸੀਏਸਨਾਂ ਅਤੇ ਵੱਖ -ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਸੈਮੀਨਾਰਾਂ ਅਤੇ ਮੀਟਿੰਗਾਂ ਦਾ ਆਯੋਜਨ ਕਰਕੇ ਲੋਕਾਂ ਤੱਕ ਪਹੁੰਚ ਬਣਾ ਰਿਹਾ ਹੈ ਅਤੇ ‘100 ਦਿਨਾਂ ਦੇ ਰੋਡਮੈਪ‘ ਤਹਿਤ ਉਹਨਾਂ ਨੂੰ ਨਸਅਿਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਿਹਾ ਹੈ।
ਦਵਾਈਆਂ ਦੀ ਵਿਕਰੀ/ਖਰੀਦਦਾਰੀ ਸਬੰਧੀ ਸਹੀ ਰਿਕਾਰਡ ਨਾ ਰੱਖਣ ਵਾਲਿਆਂ ਵਿਰੁਧ ਹੋਵੇਗੀ ਸਖ਼ਤ ਕਾਰਵਾਈ-ਓ.ਪੀ. ਸੋਨੀ
ਪੀਪੀਸੀਸੀ ਦੇ ਨਵੇਂ ਚੇਅਰਮੈਨ ਨੇ ਲਿਆ ਅਹੁਦੇ ਦਾ ਹਲਫ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਨਵੇਂ ਨਿਯੁਕਤ ਚੇਅਰਮੈਨ ਜਗਬੰਸ ਸਿੰਘ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਦੌਰਾਨ ਅੱਜ ਸ਼ਾਮ ਇੱਥੇ ਪੰਜਾਬ ਰਾਜ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਚਲਾਈ।
ਦੱਸਣਯੋਗ ਹੈ ਕਿ ਜਗਬੰਸ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੈਚੂਲਰ ਇਨ ਇੰਜਨੀਅਰਿੰਗ (ਸਿਵਲ ਇੰਜਨੀਅਰਿੰਗ) ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ ਚਾਰਟਿਡ ਫਾਈਨੈਂਸ਼ਲ ਤੋਂ ਡਿਪਲੋਮਾ ਇਨ ਬਿਜ਼ਨਸ ਫਾਈਨਾਂਸ ਤੋਂ ਇਲਾਵਾ ਪਬਲਿਕ ਫਾਈਨੈਂਸ਼ਲ ਮੈਨੇਜਮੈਂਟ ਵਿਚ ਐਨੇਲਿਸਟ ਆਫ ਇੰਡੀਆ ਆਈ.ਐਮ.ਐਫ. ਸਰਟੀਫਿਕੇਟ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਸਰਟੀਫਿਕੇਟ ਇਨ ਐਕਚੂਰੀਅਲ ਸਾਇੰਸ ਕੀਤਾ ਹੋਇਆ ਹੈ।
ਜਗਬੰਸ ਸਿੰਘ ਦਾ ਪਬਲਿਕ ਆਡਿਟ ਦੇ ਖੇਤਰ ਵਿਚ 34 ਵਰ੍ਹਿਆਂ ਦਾ ਲੰਮਾ ਤਜਰਬਾ ਹੈ ਜਿਨ੍ਹਾਂ ਨੇ ਲਾਈਨ ਆਡੀਟਰ ਤੋਂ ਨਿਗਰਾਨ ਆਡੀਟਰ ਤੱਕ ਖੇਤਰੀ ਕੰਮ ਕੀਤਾ। ਉਸ ਤੋਂ ਬਾਅਦ ਸੂਬਾ ਸਰਕਾਰਾਂ ਦੇ ਆਡਿਟ ਦਫਤਰਾਂ ਵਿਚ ਅਹਿਮ ਅਹੁਦਿਆਂ ਉਤੇ ਜ਼ਿੰਮੇਵਾਰੀ ਨਿਭਾਈ ਅਤੇ 31 ਮਾਰਚ, 2021 ਨੂੰ ਕੰਪਟਰੋਲਰ ਆਫ ਆਡਿਟਰ ਜਨਰਲ ਆਫ ਇੰਡੀਆ ਵਿਚ ਡਿਪਟੀ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਮ ਅਤੇ ਪ੍ਰਮੁੱਖ ਸਕੱਤਰ ਪ੍ਰਸੋਨਲ ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।
ਐਨ.ਆਰ.ਆਈਜ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਵਾਈ ਅੱਡਿਆਂ ਉਤੇ ਬਣੇਗਾ ਕਾਲ ਸੈਂਟਰ: ਪਰਗਟ ਸਿੰਘ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਕਤੂਬਰ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵਤਨ ਪਰਤਣ ਸਮੇਂ ਹਵਾਈ ਅੱਡਿਆਂ ਉਤੇ ਆਉਂਦੀ ਕਿਸੇ ਕਿਸਮ ਦੀ ਮੁਸ਼ਕਲ ਦੇ ਮੌਕੇ ਉਤੇ ਹੀ ਆਨਲਾਈਨ ਨਿਪਟਾਰੇ ਲਈ 24 ਘੰਟੇ ਚੱਲਣ ਵਾਲਾ ਇਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ ਮਾਹਿਰਾਂ ਨੂੰ ਬਿਠਾਇਆ ਜਾਵੇਗਾ। ਇਹ ਗੱਲ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਵਿਭਾਗ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੌਰਾਨ ਕਹੀ।
ਸ. ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਵਾਰ ਪਰਵਾਸੀਆਂ ਨੂੰ ਹਵਾਈ ਅੱਡੇ ਉਤੇ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਨਾਲ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਘਬਰਾਅ ਜਾਂਦੇ ਹਨ ਅਤੇ ਆਪਣੇ ਦਸਤਾਵੇਜ ਤੇ ਪਛਾਣ ਸਹੀ ਹੋਣ ਦੇ ਬਾਵਜੂਦ ਖੱਜਲ ਖੁਆਰੀ ਦਾ ਸਾਹਮਣਾ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ ਯਾਤਰੂਆਂ ਦੀ ਮੱਦਦ ਲਈ ਸੂਬਾ ਸਰਕਾਰ ਵੱਲੋਂ ‘ਕੁਇਕ ਰਿਸਪਾਂਸ ਸੈਂਟਰ’ ਸਥਾਪਤ ਕੀਤਾ ਜਾਵੇਗਾ ਜਿਹੜਾ ਕਿ 24 ਘੰਟੇ ਸਰਗਰਮ ਰਹੇਗਾ। ਇਸ ਸੈਂਟਰ ਵਿੱਚ ਬੈਠਣ ਵਾਲੇ ਐਨ.ਆਰ.ਆਈਜ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਬੰਧਤ ਮਾਹਿਰ ਹੋਣਗੇ ਜੋ ਮੌਕੇ ਉਤੇ ਹੀ ਫੋਨ ਉਪਰ ਸਬੰਧਤ ਧਿਰ ਨਾਲ ਰਾਬਤਾ ਕਾਇਮ ਕਰਕੇ ਪਰਵਾਸੀ ਪੰਜਾਬੀਆਂ ਦੀ ਹੁੰਦੀ ਖੱਜਲ-ਖੁਆਰੀ ਤੋਂ ਨਿਜਾਤ ਦਿਵਾਉਣਗੇ। ਇਸ ਦਾ ਸੰਪਰਕ ਨੰਬਰ ਜਨਤਕ ਕੀਤਾ ਜਾਵੇਗਾ।
ਐਨ.ਆਰ.ਆਈਜ਼ ਨੂੰ ਜਮੀਨ/ਜਾਇਦਾਦ ਨਾਲ ਸਬੰਧਤ ਦੀਵਾਨੀ ਮਾਮਲਿਆਂ, ਪੁਲਿਸ ਨਾਲ ਸਬੰਧਤ ਫੌਜਦਾਰੀ, ਵਿਆਹ ਨਾਲ ਸਬੰਧਤ ਅਤੇ ਹੋਰ ਕੇਸਾਂ ਵਿੱਚ ਹੁੰਦੀ ਖੱਜਲ-ਖੁਆਰੀ ਨੂੰ ਖਤਮ ਕਰਨ ਅਤੇ ਲੰਬਿਤ ਮਾਮਲਿਆਂ ਦੇ ਫੌਰੀ ਹੱਲ ਲਈ ਸ. ਪਰਗਟ ਸਿੰਘ ਨੇ ਵਿਭਾਗ ਨੂੰ ਮਾਲ ਵਿਭਾਗ ਅਤੇ ਪੁਲਿਸ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਹਰ ਜ਼ਿਲ੍ਹੇ ਵਿੱਚ ਸਮਰਪਿਤ ਅਧਿਕਾਰੀ ਤਾਇਨਾਤ ਕਰਨ ਬਾਰੇ ਕੋਈ ਖਾਕਾ ਉਲੀਕਣ ਲਈ ਕਿਹਾ। ਇਸੇ ਤਰ੍ਹਾਂ ਵਿਦੇਸ਼ ਜਾਣ ਦੇ ਇਛੁੱਕ ਲੋਕਾਂ ਨੂੰ ਵੈਰੀਫਿਕੇਸ਼ਨ ਲਈ ਉਚੇਚੇ ਤੌਰ ਉਤੇ ਚੰਡੀਗੜ੍ਹ ਆਉਣ ਦੀ ਹੁੰਦੀ ਮੁਸ਼ਕਲ ਨੂੰ ਦੇਖਦਿਆਂ ਐਨ.ਆਰ.ਆਈਜ਼ ਮੰਤਰੀ ਨੇ ਵਿਭਾਗ ਨੂੰ ਘਰ ਬੈਠਿਆਂ ਹੀ ਆਨਲਾਈਨ ਵਿਧੀ ਰਾਹੀਂ ਅਪਲਾਈ ਕਰਵਾ ਕੇ ਸਬੰਧਤ ਖੇਤਰਾਂ ਦੇ ਸੁਵਿਧਾ ਜਾਂ ਸਾਂਝ ਕੇਂਦਰਾਂ ਤੋਂ ਸਰਟੀਫਿਕੇਟ ਹਾਸਲ ਕਰਨ ਬਾਰੇ ਤਜਵੀਜ ਬਣਾਉਣ ਲਈ ਕਿਹਾ।
ਪਰਗਟ ਸਿੰਘ ਨੇ ਕਿਹਾ ਕਿ ਕਈ ਪਰਵਾਸੀ ਆਪੋ-ਆਪਣੇ ਪਿੰਡਾਂ-ਸ਼ਹਿਰਾਂ ਵਿੱਚ ਖੇਡਾਂ, ਸਿੱਖਿਆ, ਸਿਹਤ ਆਦਿ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਇਛੁੱਕ ਹੁੰਦੇ ਹਨ ਪਰ ਦੋਵਾਂ ਧਿਰਾਂ ਨੂੰ ਇਸ ਬਾਰੇ ਸਹੀ ਗਿਆਨ ਅਤੇ ਵਿਧੀ-ਵਿਧਾਨ ਨਾ ਹੋਣ ਕਰਕੇ ਇਸ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ। ਇਸ ਮਾਮਲੇ ਵਿੱਚ ਵਿਭਾਗ ਨੂੰ ਦੋਵਾਂ ਦੀ ਸਹੂਲਤ ਲਈ ਕੰਮ ਕਰਨਾ ਪਵੇਗਾ। ਇਸੇ ਤਰ੍ਹਾਂ ਵਿੱਤ ਤੇ ਵਪਾਰਿਕ ਕੰਮਾਂ ਲਈ ਵੀ ਵਿਭਾਗ ਵਿੰਗ ਸਥਾਪਤ ਕਰੇ ਤਾਂ ਜੋ ਐਨ.ਆਰ.ਆਈਜ ਨੂੰ ਸਹੂਲਤ ਦਿੱਤੀ ਜਾ ਸਕੇ। ਪਰਗਟ ਸਿੰਘ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ ਦੀ ਸਹੂਲਤ ਲਈ ਤਾਇਨਾਤ ਕੋਆਰਡੀਨੇਟਰਾਂ ਨੂੰ ਹੋਰ ਮਜਬੂਤ ਕਰਨ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਵਾ ਕੇ ਇਨ੍ਹਾਂ ਕੋਆਰਡੀਨੇਟਰਾਂ ਨੂੰ ਮਾਨਤਾ ਦਿਵਾਈ ਜਾਵੇਗੀ ਤਾਂ ਜੋ ਉਹ ਸਬੰਧਤ ਮੁਲਕਾਂ ਦੇ ਸਫਰਾਤਖਾਨਿਆਂ ਅਤੇ ਹਾਈ ਕਮਿਸ਼ਨ ਦਫਤਰਾਂ ਵਿੱਚ ਪਰਵਾਸੀਆਂ ਦੀ ਮੱਦਦ ਲਈ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਣ।
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਵਿਭਾਗ ਨੂੰ ਇਕ ਸੰਗਠਿਤ ਪੋਰਟਲ ਬਣਾਉਣ ਲਈ ਕਿਹਾ ਜਿਸ ਉਤੇ ਐਨ.ਆਰ.ਆਈਜ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਮਿਲੇ ਤਾਂ ਜੋ ਇਕੋ ਪੋਰਟਲ ਰਾਹੀਂ ਪਰਵਾਸੀ ਪੰਜਾਬੀ ਸੂਬਾ ਸਰਕਾਰ ਨਾਲ ਰਾਬਤਾ ਕਾਇਮ ਕਰ ਸਕਣ। ਸ. ਪਰਗਟ ਸਿੰਘ ਨੇ ਵਿਦੇਸ਼ਾਂ ਵਿੱਚ ਰਹਿੰਦੇ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਦੇਸ਼ ਨਾਲ ਜੋੜਨ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਆਪਣੀਆਂ ਜੜ੍ਹਾਂ ਨਾਲ ਜੋੜੋ’ ਨੂੰ ਸਰਗਰਮੀ ਨਾਲ ਚਲਾਉਣ, ਐਨ.ਆਰ.ਆਈ. ਸਭਾਵਾਂ ਨਾਲ ਰਾਬਤਾ ਕਾਇਮ ਰੱਖਣ ਅਤੇ ਨੇੜ ਭਵਿੱਖ ਵਿੱਚ ਪਰਵਾਸੀ ਭਾਰਤੀ ਕਨਵੈਨਸ਼ਨ ਕਰਵਾਉਣ ਉਤੇ ਵੀ ਕੰਮ ਕਰਨ ਲਈ ਆਖਿਆ।
ਮੀਟਿੰਗ ਵਿੱਚ ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈਜ ਦੇ ਚੇਅਰਮੈਨ ਜਸਟਿਸ ਸ਼ੇਖਰ ਕੁਮਾਰ ਧਵਨ (ਸੇਵਾ ਮੁਕਤ), ਮੈਂਬਰ ਐਮ.ਪੀ.ਸਿੰਘ, ਹਰਦੀਪ ਸਿੰਘ ਢਿੱਲੋਂ, ਦਲਜੀਤ ਸਿੰਘ ਸਹੋਤਾ ਤੇ ਸਵਿੰਦਰ ਸਿੰਘ ਸਿੱਧੂ, ਐਨ.ਆਰ.ਆਈਜ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ, ਸਕੱਤਰ ਕਿ੍ਰਸ਼ਨ ਕੁਮਾਰ, ਏ.ਡੀ.ਜੀ.ਪੀ. ਏ.ਐਸ.ਰਾਏ ਅਤੇ ਕਮਿਸ਼ਨ ਦੇ ਸਕੱਤਰ ਸੁਰਿੰਦਰ ਕੌਰ ਵੀ ਹਾਜਰ ਸਨ।
ਹਰੀਸ਼ ਚੌਧਰੀ ਦੇ ਪੰਜਾਬ ਦਾ ਇੰਚਾਰਜ ਬਣਨ ’ਤੇ ਤਲਵੰਡੀ ਸਾਬੋ ’ਚ ਵੰਡੇ ਲੱਡੂ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਕਾਂਗਰਸ ਹਾਈ ਕਮਾਂਡ ਵੱਲੋਂ ਅੱਜ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰਨ ’ਤੇ ਹਲਕਾ ਤਲਵੰਡੀ ਸਾਬੋ ਵਿਚ ਲੱਡੂੁ ਵੰਡੇ ਗਏ। ਸ਼੍ਰੀ ਚੌਧਰੀ ਦੇ ਨਜਦੀਕੀ ਮੰਨੇ ਜਾਂਦੇ ਹਲਕੇ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਨਿਰਦੇਸ਼ਾਂ ਹੇਠ ਉਨ੍ਹਾਂ ਦੇ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਸ ਨਿਯੁਕਤੀ ਬਦਲੇ ਪਾਰਟੀ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ ਸਮੇਤ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸ: ਜਟਾਣਾ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਪੰਜਾਬ ਵਿੱਚ ਕਾਂਗਰਸ ਹੋਰ ਮਜਬੂਤ ਹੋਵੇਗੀ ਕਿਉਂਕਿ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਦੀ ਪੰਜਾਬ ਮਾਮਲਿਆਂ ’ਤੇ ਵੱਡੀ ਪਕੜ ਹੈ ਤੇ ਉਨ੍ਹਾਂ ਦਾ ਸੂਬੇ ਦੀ ਸਮੂਹ ਲੀਡਰਸ਼ਿਪ ਅਤੇ ਵਰਕਰ ਦਿਲੋਂ ਸਤਿਕਾਰ ਕਰਦੇ ਹਨ। ਜਿਸਦੇ ਚੱਲਦੇ ਸ਼੍ਰੀ ਚੌਧਰੀ ਦੇ ਸਹਿਯੋਗ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੁੜ ਸਰਕਾਰ ਬਣਾਏਗੀ। ਇਸ ਮੌਕੇ ਖ਼ੁਸਬਾਜ ਜਟਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਲਈ ਵੱਡੇ ਕੰਮ ਕੀਤੇ ਹਨ। ਇਸ ਮੌਕੇ ਰਣਜੀਤ ਸਿੰਘ ਸੰਧੂ ਨੇ ਆਏ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਰੀਸ਼ ਚੌਧਰੀ ਦੀ ਨਿਯੁਕਤੀ ਜਿੱਤ ਲਈ ਸਹਾਈ ਸਿੱਧ ਹੋਵੇਗੀ।
ਗੁਲਾਬੀ ਸੁੰਡੀ ਨਾਲ ਖਰਾਬ ਹੋਈ ਫਸਲ ਦੀ ਗਿਰਦਾਵਰੀ ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ 22 ਅਕਤੂਬਰ : ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਜ਼ਿਲੇ ਅੰਦਰ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦੀ ਗਿਰਦਾਵਰੀ ਦਾ ਕੰਮ ਅਗਲੇ ਦੋ ਦਿਨਾਂ ਦੌਰਾਨ ਹਰ ਹਾਲਤ ਵਿੱਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।ਉਨਾਂ ਕਿਹਾ ਕਿ ਇਸ ਕੰਮ ਵਿੱਚ ਕੀਤੀ ਗਈ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੇਰ ਸ਼ਾਮ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲੇ ਨਾਲ ਸਬੰਧਤ ਸਮੂਹ ਮਜਿਸਟ੍ਰੇਟ ਅਤੇ ਜ਼ਿਲਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਪਟਵਾਰੀਆਂ ਤੇ ਕਾਨੂੰਗੋ ਆਦਿ ਅਧਿਕਾਰੀਆਂ ਰਾਹੀਂ ਅਗਲੇ ਦੋ ਦਿਨਾਂ (ਸ਼ਨੀਵਾਰ ਅਤੇ ਐਤਵਾਰ) ਨੂੰ ਹਰ ਹਾਲਤ ਵਿੱਚ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦੀ ਗਿਰਦਾਵਰੀ ਕਰਾਉਣਾ ਯਕੀਨੀ ਬਣਾਉਣਗੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ , ਉੱਪ ਮੰਡਲ ਮੈਜਿਸਟਰੇਟ ਬਠਿੰਡਾ ਬਬਨਦੀਪ ਸਿੰਘ ਵਾਲੀਆਂ, ਉੱਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਨਵਦੀਪ ਕੁਮਾਰ, ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਵਰਿੰਦਰ ਸਿੰਘ ਅਤੇ ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਸਰੋਜ਼ ਰਾਣੀ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਮੌਜੂਦ ਸਨ।
ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਾਉਣ ਲਈ ਮੁੜ ਦਿੱਲੀ ਪੁੱਜੇ ਮਨਪ੍ਰੀਤ ਬਾਦਲ
ਕੇਂਦਰੀ ਰਸਾਇਣ, ਖਾਦਾਂ ਤੇ ਫਾਰਮਾਸਿਊਟੀਕਲ ਮੰਤਰੀ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਬਠਿੰਡਾ ’ਚ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਖ਼ਾਤਮੇ ਤੋਂ ਬਾਅਦ ਇੱਥੇ ਬਣਾਏ ਜਾਣ ਵਾਲੇ ਫ਼ਾਰਮਾਸਿਊਟੀਕਲ ਪਾਰਕ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਮੁੜ ਦਿੱਲੀ ਪੁੱਜੇ, ਜਿੱਥੇ ਉਨ੍ਹਾਂ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕੀਤੀ। ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਫ਼ਾਰਮਾਸਿਊਟੀਕਲ ਪਾਰਕ ਦੇ ਲੱਗਣ ਨਾਲ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜੋਰ ਦਿੱਤਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਉਧਰ ਕੇਂਦਰੀ ਮੰਤਰੀ ਨੇ ਸ: ਬਾਦਲ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ। ਸ. ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਇੱਥੇ ਜਿਕਰਯੋਗ ਹੈ ਕਿ ਪੰਜਾਬ ਵਲੋਂ ਇੱਥੇ ਇਹ ਪਾਰਕ ਬਣਾਉਣ ਲਈ ਇੱਥੇ ਮੌਜੂਦਾ “ਏ’’ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਬਾਰੇ ਦਸਿਆ ਹੈ ਜੋ ਇਸ ਜਗਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ।
ਬਾਬਾ ਫ਼ਰੀਦ ਸਕੂਲ ਵੱਲੋਂ ‘ਮਹਿੰਦੀ ਲਗਾਉਣ‘ ਦਾ ਮੁਕਾਬਲਾ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਰਵਾ ਚੌਥ ਸਮਾਰੋਹ ਸੰਬੰਧੀ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ 10+1 ਅਤੇ 10+2 ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਮਹਿੰਦੀ ਲਗਾਉਣ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬਹੁਤ ਹੀ ਖ਼ੂਬਸੂਰਤ ਡਿਜ਼ਾਈਨਾਂ ਵਿੱਚ ਹੱਥਾਂ ‘ਤੇ ਮਹਿੰਦੀ ਲਗਾਈ । ਇਸ ਮੁਕਾਬਲੇ ਦੇ ਨਤੀਜੇ ਅਨੁਸਾਰ 10+1 ਕਾਮਰਸ-ਬੀ ਦੀ ਵਿਦਿਆਰਥਣ ਜਸਦੀਪ ਕੌਰ ਨੇ ਪਹਿਲਾ ਸਥਾਨ ਅਤੇ 10+2 ਆਰਟਸ-ਏ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ 10+2 ਮੈਡੀਕਲ ਏ ਦੀ ਖ਼ੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ 10+1 ਕਾਮਰਸ-ਏ ਦੀ ਵਿਦਿਆਰਥਣ ਜਯੋਤੀ ਕੌਰ ਨੂੰ ਹੌਸਲਾ ਅਫ਼ਜਾਈ ਲਈ ਇਨਾਮ ਦਿੱਤਾ ਗਿਆ।ਡਿਪਟੀ ਡਾਇਰੈਕਟਰ ਬੀ.ਡੀ. ਸ਼ਰਮਾ ਅਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ ਸਿੱਧੂ ਨੇ ਜੇਤੂ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਹਾੜ੍ਹੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਆਯੋਜਿਤ
ਡੀਸੀ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਸਥਾਨਕ ਖੇਤੀ ਭਵਨ ਵਿਖੇ ਅੱਜ ਹਾੜ੍ਹੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨਾਂ ਨੂੰ ਪ੍ਰੇਰਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋੋ ਵੱਖ-ਵੱਖ ਵਿਭਾਗਾਂ ਵੱਲੋ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਜ਼ਾਇਜਾ ਲਿਆ ਅਤੇ ਉਨ੍ਹਾਂ ਵੱਲੋ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਸਬੰਧੀ ਲਏ ਜਾਣ ਵਾਲੇ ਫੈਸਲਿਆਂ ਜਿਵੇ ਕਿ:- ਚੰਗੇ ਬੀਜ ਦੀ ਚੋਣ, ਖਾਦਾਂ, ਜ਼ਹਿਰਾਂ ਦੀ ਵਰਤਂੋਂ ਆਦਿ ਹੋਰ ਕੰਮਾਂ ਸਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ.ਜੀ.ਐਮ.-ਕਮ-ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਅਸ਼ੋਕ ਕੁਮਾਰ ਚੌਹਾਨ ਵੱਲੋਂ ਕਿਸਾਨਾਂ ਨੂੰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮਾਜ ਦੇ ਪਿਛੜੇ ਅਤੇ ਕਮਜ਼ੂਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਅਤੇ ਖਾਦ ਦੇ ਪ੍ਰਬੰਧ ਕੀਤੇ ਗਏ ਹਨ। ਖਾਦਾਂ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ‘ਤੇ ਘੱਟ ਹੋਵੇ। ਭੌ-ਪਰਖ ਪ੍ਰਯੋਗਸ਼ਾਲਾਵਾਂ ਨੂੰ ਛੋਟੇ ਤੱਤ ਜਿਵੇ ਜ਼ਿੰਕ, ਲੋਹਾ, ਮੈਗਨੀਜ਼ ਆਦਿ ਦੀ ਟੈਸਟ ਕਰਨ ਲਈ ਸਟਰੈਥਇੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੀ ਜ਼ਮੀਨ ਦੀ ਟੈਸਟ ਰਿਪੋਰਟ ਦੇ ਅਨੁਸਾਰ ਛੋਟੇ ਤੱਤ ਵੀ ਲੋੜ ਅਨੁਸਾਰ ਵਰਤੋਂ ਕਰ ਸਕਣਗੇ, ਇਸ ਨਾਲ ਜਿੱਥੇ ਵੱਧ ਪੈਦਾਵਾਰ ਹੋਵੇਗੀ, ਉਥੇ ਕਿਸਾਨ ਸਹੀ ਮਾਤਰਾ ਵਿੱਚ ਖਾਦ ਪਾਉਣਗੇ ਅਤੇ ਬੇਲੋੜਾ ਖਰਚ ਵੀ ਘਟਾ ਸਕਣਗੇ।
ਇਸ ਮੌਕੇ ਡਾਇਰੈਕਟਰ ਰਿਜਨਲ ਰਿਸਰਚ ਸੈਟਰ ਬਠਿੰਡਾ ਡਾ. ਪਰਮਜੀਤ ਸਿੰਘ ਵੱਲੋ ਸਾਉਣੀ ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਜਦੋਂਕਿ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਬੋਪਾਰਾਏ ਨੇ ਸਕੀਮ ਸਬੰਧੀ ਕਿਸਾਨਾਂ ਨੂੰ ਬਰੀਕੀ ਨਾਲ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕੀਤਾ।
ਸੇਵਾ ਕੇਂਦਰਾਂ ਵਿੱਚ ਸਪੈਸ਼ਲ ਕੈਂਪ 28 ਅਤੇ 29 ਅਕਤੂਬਰ ਨੂੰ: ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਲਈ 28 ਅਤੇ 29 ਅਕਤੂਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਵਿਚ ਪੈਨਸ਼ਨ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਵੀ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਇੰਨਾਂ ਕੈਂਪਾਂ ਦੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ ਕਿ ਇਨਾਂ ਸਪੈਸ਼ਲ ਕੈਂਪਾਂ ਦੌਰਾਨ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲ ਦੇ ਆਧਾਰ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਹੁਣ ਤੱਕ ਦੀਆਂ ਸੇਵਾ ਕੇਂਦਰਾਂ ਵਿੱਚ ਪਈਆਂ ਦਰਖਾਸਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇ ਤੇ ਕੋਈ ਵੀ ਦਰਖਾਸਤ ਬਕਾਇਆ ਨਾ ਰਹਿਣ ਦਿੱਤੀ ਜਾਵੇ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇੰਨਾਂ ਕੈਂਪਾਂ ਦੌਰਾਨ ਸੇਵਾ ਕੇਂਦਰਾਂ ਰਾਹੀਂ ਮਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਸੇਵਾ ਕੇਂਦਰਾਂ ਵਿੱਚ ਲਗਾਏ ਜਾਣ ਵਾਲੇ ਇੰਨਾਂ ਸਪੈਸ਼ਲ ਕੈਂਪਾਂ ਦੌਰਾਨ ਵੱਖ-ਵੱਖ ਲੋਕ ਭਲਾਈ ਸਕੀਮਾਂ ਨਾਲ ਸਬੰਧਿਤ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ-ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ(ਬੁਢਾਪਾ, ਵਿਧਵਾ, ਆਸ਼ਰਿਤ, ਅੰਗਹੀਣ ਆਦਿ), ਘਰ ਦੀ ਸਥਿਤੀ(ਕੱਚਾ/ਪੱਕਾ), ਪੀ.ਐਮ.ਏ.ਵਾਈ. ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ., ਬੀ.ਸੀ. ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜੌਬ ਕਾਰਡ, 2 ਕਿਲੋਵਾਟ ਤੱਕ ਬਿਜਲੀ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਕੇਸ ਨਕਸ਼ੇ ਆਦਿ ਸਕੀਮਾਂ ਸ਼ਾਮਿਲ ਹੋਣਗੀਆਂ।
ਇਸ ਮੌਕੇ ਏ.ਡੀ.ਸੀ ਪਰਮਵੀਰ ਸਿੰਘ, ਨਿਕਾਸ ਕੁਮਾਰ, ਜ਼ਿਲਾ ਮਾਲ ਅਫ਼ਸਰ ਮੈਡਮ ਸਰੋਜ ਰਾਣੀ, ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਕਾਹਲੋ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ, ਡੀ.ਐਮ. ਸੇਵਾ ਕੇਂਦਰ ਸੰਜੀਵ ਕੁਮਾਰ ਆਦਿ ਅਧਿਕਾਰੀ ਹਾਜ਼ਰ ਸਨ।
15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖਰਚੇ ਢਾਈ ਅਰਬ
ਆਰ.ਟੀ.ਆਈ ਵਿੱਚ ਹੋਇਆ ਖੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ: ਦਿਨ-ਬ-ਦਿਨ ਕਰਜ਼ੇ ਦੇ ਜ਼ਾਲ ’ਚ ਫ਼ਸਦੇ ਜਾ ਰਹੇ ਪੰਜਾਬ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਹੀ ਕਰੀਬ ਢਾਈ ਅਰਬ ਰੁਪਏ ਖਰਚ ਦਿੱਤੇ। ਸਰਕਰ ਦੀਆਂ ਪ੍ਰਾਪਤੀਆਂ ਦੱਸਣ ਲਈ ਸਭ ਤੋਂ ਵੱਧ ਖਰਚਾ ਚੋਣ ਵਰ੍ਹੇ ’ਚ ਕੀਤਾ ਜਾਂਦਾ ਰਿਹਾ। ਪ੍ਰਾਪਤੀਆਂ ਤੇ ਸੁੱਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇੰਨ੍ਹਾਂ ਇਸਤਿਹਾਰਾਂ ਦੀ ਥੋੜੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪਿ੍ਰੰਟ ਮੀਡੀਆ ਵਿਚ ਹੀ ਖ਼ਰਚੀ ਗਈ ਜਦੋਂਕਿ ਇਲੈਕਟਰੋਨਿਕ ਤੇ ਸੋਸਲ ਮੀਡੀਆ ਦੀ ਰਾਸ਼ੀ ਇਸ ਤੋਂ ਅਲੱਗ ਦੱਸੀ ਜਾ ਰਹੀ ਹੈ। ਹਾਸਲ ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤੱਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸਤਿਹਾਰਾਂ ਤੇ ਵਧਾਈ ਸੰਦੇਸਾਂ ਆਦਿ ‘ਤੇ ਪਿ੍ਰੰਟ ਮੀਡੀਆ ਉਪਰ ਕੁੱਲ ਖਰਚ 2,40,44,31,854/- ਰੁਪਏ ਖ਼ਰਚ ਕੀਤੇ ਗਏ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਖ਼ਾਲੀ ਖ਼ਜਾਨੇ ਵਾਲੇ ਪੰਜਾਬ ’ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ’ਤੇ ਵੀ 23 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਹਨ। ਉਧਰ ਸ਼ਹਿਰ ਦੇ ਉਘੇ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬੇ ਨਾਨਕ, ਕਰੋਨਾ ਤੇ ਪਰਾਲੀ ਜਲਾਉਣ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿੱਲਾਂ ਦਾ ਖ਼ਰਚਾ ਸੱਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁੱਕਿਆ ਗਿਆ।
ਬਾਕਸ
ਐਵਰੇਜ਼ ਹਰ ਸਾਲ 16 ਕਰੋੜ ਤੇ ਮਹੀਨੇ ’ਚ 1.33 ਕਰੋੜ ਖ਼ਰਚੇ
ਬਠਿੰਡਾ: ਜੇਕਰ ਇਸ਼ਹਿਤਾਰਬਾਜ਼ੀ ਉਪਰ ਹੋਏ ਖ਼ਰਚੇ ਦੀ ਸਲਾਨਾ ਐਵਰੇਜ਼ ਕੱਢੀ ਜਾਂਦੀ ਹੈ ਤਾਂ ਇਹ 16,02,95,456 ਅਤੇ ਮਹੀਨੇ ਦੀ 1,33,57,954/- ਪ੍ਰਤੀ ਮਹੀਨਾ ਬਣਦੀ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਦੇ ਆਖ਼ਰੀ ਸਾਲ 2016-17 ਵਿੱਚ ਸਭ ਤੋਂ ਵੱਧ 65,80,57,860 ਖਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2015-16 ਵਿੱਚ ਵੀ 29,14,12,471/- (29 ਕਰੋੜ ਤੋਂ ਵੱਧ) ਖਰਚ ਕੀਤੇ ਗਏ। ਉਧਰ ਪਿਛਲੀ ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸਨੇ ਸਾਲ 2020-21 ਵਿੱਚ 26,70,93,948/- ਰੁਪਏ (26.5 ਕਰੋੜ ਤੋਂ ਵੱਧ) ਅਤੇ ਸਾਲ 2019-20 ਵਿੱਚ 25,31,34,922/- (25 ਕਰੋੜ ਤੋਂ ਵੱਧ) ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ।
ਬਾਕਸ
ਸਾਲ ਵਾਈਜ਼ ਹੋਏ ਖ਼ਰਚੇ
1 2007-08 ਰੁਪਏ 4,68,05,741/- (4.5 ਕਰੋੜ ਤੋਂ ਵੱਧ)
2 2008-09 ਰੁਪਏ 7,76,66,481/- (7.5 ਕਰੋੜ ਤੋਂ ਵੱਧ)
3 2009-10 ਰੁਪਏ 3,52,65,717/- (3.5 ਕਰੋੜ ਤੋਂ ਵੱਧ)
4 2010-11 ਰੁਪਏ 6,09,42,850/- (6 ਕਰੋੜ ਤੋਂ ਵੱਧ)
5 2011-12 ਰੁਪਏ 6,95,56,089/- (6.5 ਕਰੋੜ ਤੋਂ ਵੱਧ)
6 2012-13 ਰੁਪਏ 7,97,87,268/- (7.5 ਕਰੋੜ ਤੋਂ ਵੱਧ)
7 2013-14 ਰੁਪਏ15,58,29,743/- (15.5 ਕਰੋੜ ਤੋਂ ਵੱਧ)
8 2014-15 ਰੁਪਏ 6,24,19,548/- (6 ਕਰੋੜ ਤੋਂ ਵੱਧ)
9 2015-16 ਰੁਪਏ 29,14,12,471/- (29 ਕਰੋੜ ਰੁਪਏ ਤੋਂ ਵੱਧ)
10 2016-17 ਰੁਪਏ 65,80,57,860/- (65.5 ਕਰੋੜ ਤੋਂ ਵੱਧ)
11 2017-18 ਰੁਪਏ 5,77,17,434/- (5.5 ਕਰੋੜ ਤੋਂ ਵੱਧ)
12 2018-19 ਰੁਪਏ14,24,68,332/- (14 ਕਰੋੜ ਤੋਂ ਵੱਧ)
13 2019-20 ਰੁਪਏ 25,31,34,922/- (25 ਕਰੋੜ ਤੋਂ ਵੱਧ)
14 2020-21 ਰੁਪਏ 26,70,93,948/- (26.5 ਕਰੋੜ ਤੋਂ ਵੱਧ)
15 2021-22 (03.10.2021 ਤੱਕ) ਰੁਪਏ 14,62,73,450/- (14.5 ਕਰੋੜ ਤੋਂ ਵੱਧ)









