
ਮੋਹਾਲੀ, 6 ਅਪ੍ਰੈਲ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਦੇ ਲੋਕ ਸਭਾ ਚੋਣ ਮੈਨੀਫੈਸਟੋ ਦੇ ਲਾਗੂ ਹੋਣ ਨਾਲ ’’ਕੇਂਦਰ ਵਿੱਚ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸੰਵਿਧਾਨਕ ਸੰਸਥਾਵਾਂ, ਜਮਹੂਰੀਅਤ ਅਤੇ ਮੁਲਕ ਦੀ ਭਾਈਚਾਰਕ ਸਾਂਝ ਦੀ ਹੋਈ ਤਬਾਹੀ ਦੀ ਭਰਪਾਈ ਹੋਵੇਗੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਮੈਨੀਫੈਸਟੋ ਲੋਕ ਸਭਾ ਚੋਣਾਂ 2024 ਵਿੱਚ ਯੁੱਗ ਪਲਟਾਊ ਸਾਬਤ ਹੋਵੇਗਾ।ਸ਼੍ਰੀ ਸਿੱਧੂ ਨੇ ਕਿਹਾ ਕਿ ਇਹ ਮੈਨੀਫੈਸਟੋ ਸਮਾਜਿਕ ਨਿਆਂ, ਸੂਬਿਆਂ ਦੇ ਅਧਿਕਾਰਾਂ, ਔਰਤਾਂ ਦੇ ਸਸ਼ਕਤੀਕਰਨ ਅਤੇ ਭਾਰਤ ਵਿੱਚ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ ਭਲਾਈ ’ਤੇ ਕੇਂਦਰਿਤ ਹੈ। ਭਾਜਪਾ ਦੇ ਦਸ ਸਾਲਾਂ ਦੇ ਸ਼ਾਸਨ ਦੀ ਨੀਤੀ ਦੇ ਉਲਟ, ਕਾਂਗਰਸ ਦਾ ਮੈਨੀਫੈਸਟੋ ਐਮ.ਐਸ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਖੇਤੀ ਜਿਨਸਾਂ ਦੀ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕਰਦਾ ਹੈ।
ਭਿਆਨਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਗੰਨਮੈਨ ਦੀ ਮੌਤ
ਕਾਂਗਰਸੀ ਆਗੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਆਪਣੇ 46 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ, ਪਾਰਟੀ ਨੇ ਪੰਜ ‘ਨਿਆਂ ਦੇ ਥੰਮਾਂ’ ਅਤੇ ਉਹਨਾਂ ਦੇ ਅਧੀਨ 25 ਗਾਰੰਟੀਆਂ ’ਤੇ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਗਾਰੰਟੀਆਂ ਵਿੱਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਦੇਣ ਬਾਰੇ ਕਾਨੂੰਨ ਲਿਆਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਵਾਅਦੇ ਹੀ ਨਹੀਂ ਕਰਦੀ ਸਗੋਂ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਵਿਚ ਯਕੀਨ ਕਰਦੀ ਹੈ।ਕਾਂਗਰਸੀ ਆਗੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣ ਕੋਈ ਆਮ ਚੋਣ ਨਹੀਂ ਹੈ ਬਲਕਿ ਜਮਹੂਰੀਅਤ, ਧਰਮ-ਨਿਰਪੱਖਤਾ, ਮੁਲਕ ਦੇ ਬਹੁਭਾਂਤੀ ਸਮਾਜ ਅਤੇ ਸੰਘਵਾਦ ਨੂੰ ਬਚਾਉਣ ਦੀ ਲੜਾਈ ਹੈ।




