ਨਨਕਾਣਾ ਸਾਹਿਬ, 15 ਨਵੰਬਰ: ਰਾਏ ਬੁਲਾਰ ਜੀ ਦੇ ਵੰਸ਼ਜਾਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਿੱਖ ਕੌਮ ਨੂੰ ਵਧਾਈਆਂ ਦਿੱਤੀਆਂ ਹਨ। ਰਾਏ ਬੁਲਾਰ ਦੀ 19 ਪੀੜੀ ਦੇ ਵੰਸ਼ਜ ਰਾਏ ਸਲੀਮ ਅਕਰਮ ਭੱਟੀ ਅਤੇ ਰਾਏ ਬਿਲਾਲ ਅਕਰਮ ਭੱਟੀ ਨੇ ਪੰਜਾਬੀ ਖਬਰਸਾਰ ਵੈਬਸਾਈਟ ਦੇ ਰਾਹੀਂ ਬਾਬੇ ਨਾਨਕ ਦੇ ਅਨੁਯਾਈਆਂ ਨੂੰ 555ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਾਬਾ ਜੀ ਅਜ਼ੀਮ ਸਖ਼ਸ਼ੀਅਤ ਸਨ, ਜਿਨਾਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਤੇ ਸੇਧ ਦਿੱਤੀ, ਜਿਸਦੇ ਉੱਪਰ ਚਲਦਿਆਂ ਅੱਜ ਪੂਰੀ ਸਿੱਖ ਕੌਮ ਦੀ ਇੱਕ ਵਿਲੱਖਣ ਪਹਿਚਾਣ ਹੈ।
ਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਵਿਖੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ, ਦੇਖੋ ਤਸਵੀਰਾਂ
ਆਪਣੇ ਪੁਰਖਿਆਂ ਰਾਏ ਬੁਲਾਰ ਜੀ ਦੇ ਨਾਲ ਬਾਬੇ ਨਾਨਕ ਦੀ ਸਾਂਝ ‘ਤੇ ਮਾਣ ਮਹਿਸੂਸ ਕਰਦਿਆਂ ਦੋਨਾਂ ਭਰਾਵਾਂ ਨੇ ਕਿਹਾ ਅੱਜ ਵੀ ਉਹਨਾਂ ਦਾ ਪਰਿਵਾਰ ਬਾਬੇ ਨਾਨਕ ਦੀ ਬਖਸ਼ਿਸ਼ ਸਦਕਾ ਸਿੱਖ ਕੌਮ ਦਾ ਪਿਆਰ ਹਾਸਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਏ ਬੁਲਾਰ ਜੀ ਨੂੰ ਬਾਬੇ ਨਾਨਕ ਦਾ ਪਹਿਲੇ ਅਨੁਯਾਈ ਮੰਨਿਆ ਜਾਂਦਾ ਹੈ। ਜਿਨਾਂ ਨੇ ਉਹਨਾਂ ਦੀ ਵਿਲੱਖਣ ਸ਼ਖਸ਼ੀਅਤ ਨੂੰ ਪਹਿਚਾਣਦਿਆ ਆਪਣੀ 18,500 ਹਜ਼ਾਰ ਏਕੜ ਜਮੀਨ ਦਾਨ ਕਰ ਦਿੱਤੀ ਸੀ। ਸ੍ਰੀ ਨਨਕਾਣਾ ਸਾਹਿਬ ਜੋ ਕਿ ਕਦੇ ਰਾਏ ਭੋਏ ਦੀ ਤਲਵੰਡੀ ਵਜੋਂ ਜਾਣੀ ਜਾਂਦੀ ਸੀ, ਵਿੱਚ ਹੁਣ ਵੀ ਇਸ ਪਰਿਵਾਰ ਵੱਲੋਂ ਆਪਣੇ ਸਥਿਤ ਜੱਦੀ ਘਰ ਵਿੱਚ ਆਈ ਹੋਈ ਸਿੱਖ ਸੰਗਤਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ।
Share the post "ਰਾਏ ਬੁਲਾਰ ਭੱਟੀ ਦੇ ਵੰਸ਼ਜਾਂ ਨੇ ਬਾਬੇ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦਿੱਤੀ ਵਧਾਈ"