ਲੁਧਿਆਣਾ, 27 ਦਸੰਬਰ: ਲੰਘੀ 21 ਦਸੰਬਰ ਨੂੰ ਪੰਜਾਬ ਭਰ ਵਿਚ ਪੰਜ ਨਗਰ ਨਿਗਮਾਂ ਤੇ 43 ਨਗਰ ਕੌਂਸਲ ਲਈ ਹੋਈਆਂ ਵੋਟਾਂ ਤੋਂ ਬਾਅਦ ਸਾਹਮਣੇ ਆਏ ਚੋਣ ਨਤੀਜਿਆਂ ਵਿਚ ਇਕੱਲੇ ਪਟਿਆਲਾ ਨੂੰ ਛੱਡ ਬਾਕੀ ਕਿਸੇ ਵੀ ਨਗਰ ਨਿਗਮ ਵਿਚ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਜਿਸਤੋਂ ਬਾਅਦ ਆਪੋ-ਆਪਣਾ ਮੇਅਰ ਬਣਾਉਣ ਲਈ ਜੋੜ-ਤੋੜ ਦੀ ਰਾਜਨੀਤੀ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਲੁਧਿਆਣਾ ਨਗਰ ਨਿਗਮ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਵਿਚ ਭੰਨ-ਤੋੜ ਕੀਤੀ ਜਾ ਰਹੀ ਹੈ। ਇਸੇ ਭੰਨਤੋੜ ਦੇ ਦੌਰਾਨ ਆਪ ਵੱਲੋਂ ਹੁਣ ਤੱਕ ਵਿਰੋਧੀ ਪਾਰਟੀਆਂ ਦੇ ਕਈ ਕੌਂਸਲਰਾਂ ਨੂੰ ਆਪਣੇ ਪਾਲੇ ਵਿਚ ਲਿਆਂਦਾ ਹੈ।
ਇਹ ਵੀ ਪੜ੍ਹੋ ਦੁਖ਼ਦ ਖ਼ਬਰ:Ex PM ਡਾ ਮਨਮੋਹਨ ਸਿੰਘ ਨਹੀਂ ਰਹੇ, ਕੇਂਦਰ ਵਲੋਂ ਦੇਸ਼ ਚ ਸੱਤ ਦਿਨਾਂ ਦੇ ਸੋਗ ਦਾ ਐਲਾਨ
ਪ੍ਰੰਤੂ ਇਸ ‘ਆਇਆ-ਰਾਮ, ਗਿਆ-ਰਾਮ’ ਦੇ ਵਰਤਾਰੇ ਦੌਰਾਨ ਲੁਧਿਆਣਾ ਦੇ 6 ਨੰਬਰ ਵਾਰਡ ਤੋਂ ਜਿੱਤੇ ਕਾਂਗਰਸ ਦੇ ਕੌਂਸਲਰ ਜਗਦੀਸ਼ ਦੀਸ਼ਾ ਨੇ ਇੱਕ ਦਿਨ ਵਿੱਚ ਹੀ 3 ਵਾਰ ਪਾਰਟੀਆਂ ਬਦਲ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਮਹਿੰਦਰ ਭੱਟੀ ਨੂੰ 1381 ਵੋਟਾਂ ਨਾਲ ਹਰਾਉਣ ਵਾਲੇ ਜਗਦੀਸ਼ ਦੀਸ਼ਾ ਸਵੇਰ ਤੱਕ ਕਾਂਗਰਸ ਦਾ ਸੱਚਾ ਸਿਪਾਹੀ ਸੀ ਪ੍ਰੰਤੂ ਦੁਪਹਿਰ ਸਮੇਂ ਉਹ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਸਿਪਾਹੀ ਬਣ ਗਿਆ। ਪ੍ਰੰਤੂ ਸ਼ਾਮ ਹੁੰਦਿਆਂ ਹੀ ਮੁੜ ਕਾਂਗਰਸ ਨਾਲ ਹੇਜ਼ ਜਾਗ ਪਿਆ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਹੇਠ ਹਮੇਸ਼ਾ ਕਾਂਗਰਸ ਵਿਚ ਜੀਣ-ਮਰਨ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ ਕਾਂਗਰਸੀ ਕੌਂਸਲਰਾਂ ਨੂੰ ਇੱਕਜੁੱਟ ਰੱਖਣ ਦੀ ਕਵਾਇਦ ’ਚ ਜੁਟੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ
ਉਧਰ ਜਦ ਆਪ ਨੂੰ ਇਸਦਾ ਪਤਾ ਲੱਗਿਆ ਤਾਂ ਮੁੜ ਲਾਲਜੀਤ ਸਿੰਘ ਭੁੱਲਰ ਕਈ ਵਿਧਾਇਕਾਂ ਤੇ ਚੇਅਰਮੈਨਾਂ ਨਾਲ ਦੀਸ਼ੇ ਦੇ ਘਰ ਆ ਪੁੱਜੇ, ਜਿੱਥੇ ਉਨ੍ਹਾਂ ਮੁੜ ਆਮ ਆਦਮੀ ਪਾਰਟੀ ਨਾਲ ਖੜ੍ਹਣ ਦਾ ਐਲਾਨ ਕਰ ਦਿੱਤਾ। ਇਸ ਇੱਕ ਹੀ ਕੌਂਸਲਰ ਵੱਲੋਂ ਇੱਕ ਹੀ ਦਿਨ ਵਿਚ ਤਿੰਨ ਵਾਰ ਕੀਤੀ ਦਲ-ਬਦਲੀ ਕਾਰਨ ਜਿੱਥੇ ਆਮ ਲੋਕ ਹੈਰਾਨ ਹਨ, ਉਥੇ ਸਿਆਸੀ ਪਾਰਟੀਆਂ ਦੇ ਆਗੂ ਵੀ ‘ਪ੍ਰੇਸ਼ਾਨ’ ਹਨ। ਗੌਰਤਲਬ ਹੈ ਕਿ ਲੁਧਿਆਣਾ ਦੇ 95 ਮੈਂਬਰੀ ਹਾਊਸ ਵਿਚ ਆਮ ਆਦਮੀ ਪਾਰਟੀ ਨੂੰ 41 ਵਾਰਡਾਂ ਵਿਚ ਜਿੱਤ ਮਿਲੀ ਹੈ, ਜਦਕਿ ਕਾਂਗਰਸ ਨੂੰ 30, ਭਾਜਪਾ ਨੂੰ 19, ਅਕਾਲੀ ਦਲ ਨੂੰ 2 ਅਤੇ 3 ਅਜਾਦ ਕੌਂਸਲਰਾਂ ਨੂੰ ਜਿੱਤ ਨਸੀਬ ਹੋਈ ਹੈ। ਹੁਣ ਤੱਕ ਆਮ ਆਦਮੀ ਪਾਰਟੀ ਅਜ਼ਾਦ ਤੇ ਦੂਜੀਆਂ ਪਾਰਟੀਆਂ ਵਿਚੋਂ ਕਈ ਕੌਂਸਲਰ ਆਪਣੇ ਪਾਲੇ ਵਿਚ ਲਿਆ ਚੁੱਕੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ"