ਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆ

0
87
+2

ਮ੍ਰਿਤਕ ਦੇ ਭਰਾ ਦੇ ਬਿਆਨਾਂ ਉਪਰ ਮਾਂ-ਪੁੱਤ ਵਿਰੁਧ ਪਰਚਾ ਦਰਜ਼, ਤਿੰਨ ਜੀਆਂ ਵਾਲਾ ਘਰ ਹੋਇਆ ਤਬਾਹ
ਬਠਿੰਡਾ, 17 ਸਤੰਬਰ: ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਨਾਥਪੁਰਾ ਵਿਖੇ ਪਿਛਲੇ ਸਮੇਂ ਦੌਰਾਨ ਚੱਲਦੇ ਆ ਰਹੇ ਘਰੇਲੂ ਕਲੈਸ਼ ਨੂੰ ਲੈ ਕੇ ਸ਼ਰਾਬ ਦੇ ਨਸ਼ੇ ਦੀ ਲੋਰ ’ਚ ਹੋਈ ਲੜਾਈ ਨੇ ਤਿੰਨ ਜੀਆਂ ਦੇ ਹਸਦੇ-ਵਸਦੇ ਪ੍ਰਵਾਰ ਨੂੰ ਤਬਾਹ ਕਰ ਦਿੱਤਾ। ਇਸ ਲੜਾਈ ਦੌਰਾਨ ਜਿੱਥੇ ਪੁੱਤ ਨੇ ਪਿਊ ਦਾ ਕਤਲ ਕਰ ਦਿੱਤਾ, ਉਥੇ ਪੁਲਿਸ ਨੇ ਕਤਲ ਦੇ ਦੋਸ਼ਾਂ ਹੇਠ ਮਾਂ-ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ ਜਦੋਂਕਿ ਉਸਨੂੰ ਮਾਰਨ ਵਾਲੇ ਉਸਦੇ ਪੁੱਤਰ ਦਾ ਨਾਂ ਸੁਖਦੀਪ ਸਿੰਘ ਉਰਫ਼ ਸੁੱਖੀ ਦਸਿਆ ਜਾ ਰਿਹਾ। ਸੁੱਖੀ ਪਰਵਿੰਦਰ ਸਿੰਘ ਤੇ ਜਸਵੀਰ ਕੌਰ ਦਾ ਇਕਲੌਤਾ ਪੁੱਤਰ ਸੀ। ਮੁਢਲੀ ਸੂਚਨਾ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਘਰੇਲੂ ਕਲੈਸ਼ ਚੱਲਦਾ ਆ ਰਿਹਾ ਸੀ ਤੇ ਬੀਤੀ ਸ਼ਾਮ ਵੀ ਘਰ ਵਿਚ ਲੜਾਈ ਹੋਈ। ਇਸ ਦੌਰਾਨ ਦੋਨਾਂ ਪਿਊ-ਪੁੱਤਾਂ ਦੀ ਸ਼ਰਾਬ ਵੀ ਪੀਤੀ ਦੱਸੀ ਜਾ ਰਹੀ ਹੈ। ਇਸ ਲੜਾਈ ਦੌਰਾਨ ਗੁੱਸੇ ਵਿਚ ਆਏ ਸੁੱਖੀ ਨੇ ਅਪਣੇ ਪਿਊ ਦੇ ਕਹੀ ਮਾਰੀ, ਜੋਕਿ ਉਸਦੇ ਗਲ ’ਤੇ ਜਾ ਵੱਜੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਨਥਾਣਾ ਦੀ ਪੁਲਿਸ ਵੀ ਮੌਕੇ ’ਤੇ ਪੁੱਜੀ ਅਤੇ ਦੋਨਾਂ ਮਾਂ-ਪੁੱਤ ਨੂੰ ਹਿਰਾਸਤ ਵਿਚ ਲੈ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਕੌਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਮ੍ਰਿਤਕ ਦੇ ਭਰਾ ਦੇ ਸੁਖਮੰਦਰ ਸਿੰਘ ਦੇ ਬਿਆਨਾਂ ਉਪਰ ਅਰੋਪੀ ਮਾਂ-ਪੁੱਤ ਪਰਚਾ ਦਰਜ਼ ਕੀਤਾ ਜਾ ਰਿਹਾ। ’’

+2

LEAVE A REPLY

Please enter your comment!
Please enter your name here