Bathinda News: ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਸਥਾਨਕ ਟੀਚਰਜ ਹੋਮ ਵਿਖੇ ਕਰਵਾਈ ਗਈ,ਪਹਿਲਾਂ ਹਰ ਸਾਲ ਇਹ ਗੋਸਟੀ ਪਿੰਡ ਕੇਸਰ ਸਿੰਘ ਵਾਲਾ ਵਿਖੇ ਇਸ ਸਮਾਗਮ ਦੇ ਮੁੱਖ ਸੰਯੋਜਕ ਹਰਬੰਸ ਸਿੰਘ ਬਰਾੜ ਦੇ ਫਾਰਮ ਹਾਊਸ ਵਿੱਚ ਕਰਵਾਈ ਜਾਂਦੀ ਸੀ, ਪਰ ਸਾਹਿਤਕਾਰਾਂ ਤੇ ਸਰੋਤਿਆਂ ਦੀ ਸਹੂਲਤ ਨੂੰ ਵੇਖਦਿਆਂ ਪਿਛਲੇ ਸਾਲ ਤੋਂ ਇਹ ਗੋਸਟੀ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ। ਦੋ ਦਿਨਾਂ ਇਸ ਗੋਸਟੀ ਵਿੱਚ ਉੱਘੇ ਕਹਾਣੀਕਾਰਾਂ, ਆਲੋਚਕਾਂ ਤੇ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ। ਇਸ ਗੋਸਟੀ ਵਿੱਚ ਪੇਸ਼ ਕੀਤੀਆਂ ਕਥਾ ਰਚਨਾਵਾਂ ਦੇ ਵਿਸ਼ੇ ਸ਼ਹਿਰੀ ਮੱਧਵਰਗੀ ਮਾਨਸਿਕਤਾ, ਜਾਇਦਾਦ ਕਾਰਨ ਬਦਲਦੇ ਰਿਸ਼ਤੇ, ਪ੍ਰਵਾਸ ਦੇ ਦੁਰਪ੍ਰਭਾਵ, ਨਸ਼ੇ, ਡੇਰਾਵਾਦ ਆਦਿ ਉੱਪਰ ਆਧਾਰਤ ਸਨ।ਗੋਸਟੀ ਦੇ ਪਹਿਲੇ ਦਿਨ ਚਰਨਜੀਤ ਸਮਾਲਸਰ ਨੇ ਆਪਣੀ ਕਹਾਣੀ ‘ਪੁੜਾਂ ’ਚ ਪਿਸਦੀ ਜਿੰਦਗੀ’ ਪੜ੍ਹੀ, ਜਿਸਤੇ ਪ੍ਰੋ: ਗੁਰਬਿੰਦਰ ਨੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਜਸਪਾਲ ਕੌਰ ਵੱਲੋਂ ਪੇਸ਼ ਕਹਾਣੀ ‘ਫੈਸਲਾ’ ਤੇ ਡਾ: ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਬਰਾੜ ਵੱਲੋਂ ਪੜ੍ਹੀ ਕਹਾਣੀ ‘ਮੈਡਮ ਦਾ ਕੁੱਤਾ’ ਉੱਪਰ ਡਾ: ਹਰੀਸ਼ ਨੇ ਭਖ਼ਵੀਂ ਆਲੋਚਨਾ ਦਾ ਅਰੰਭ ਕੀਤਾ।
ਇਹ ਵੀ ਪੜ੍ਹੋ ਰੇਲ ਗੱਡੀ ਹਾਈਜੈਕ; ਫ਼ੌਜ ਵੱਲੋਂ 16 ਵਿਰੋਧੀ ਹਲਾਕ, 104 ਬੰਧਕ ਕਰਵਾਏ ਰਿਹਾਅ
ਦੂਜੇ ਦਿਨ ਦੇ ਸੈਸਨ ਵਿੱਚ ਅਲਫਾਜ਼ ਨੇ ਆਪਣੀ ਕਹਾਣੀ ‘ਜੈਸਮੀਨ’ ਪੇਸ਼ ਕੀਤੀ, ਜਿਸਤੇ ਪ੍ਰੋ: ਪਰਮਜੀਤ ਨੇ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਅਤੇ ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਮੈਂ ਲਾਸ਼ੇ ਬਨਾਤਾ ਹੂੰ’ ਪੜ੍ਹੀ, ਜਿਸ ਉੱਪਰ ਆਲੋਚਨਾ ਦਾ ਅਰੰਭ ਪ੍ਰੋ: ਮਨਜੀਤ ਸਿੰਘ ਨੇ ਕੀਤਾ। ਪੇਸ਼ ਰਚਨਾਵਾਂ ਤੇ ਭਖ਼ਵੀਂ ਬਹਿਸ ਹੋਈ, ਜਿਸ ਵਿੱਚ ਕਹਾਣੀਆਂ ਦੇ ਵਿਸ਼ੇ, ਬਣਤਰ ਤੇ ਬੁਣਤਰ, ਨਿਭਾਅ ਆਦਿ ਨੂੰ ਪਰਖਿਆ ਅਤੇ ਸੁਝਾਅ ਵੀ ਪੇਸ਼ ਕੀਤੇ। ਇਸ ਗੋਸਟੀ ਵਿੱਚ ਨਵਾਂਪਣ ਇਹ ਸੀ ਕਿ ਇਸ ਵਾਰ ਸਾਰੇ ਕਹਾਣੀਕਾਰ ਨਵੇਂ ਸਨ ਅਤੇ ਆਲੋਚਕ ਵੀ ਨੌਜਵਾਨ ਅਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਸਨ, ਜੋ ਪੀ ਐੱਚ ਡੀ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਇਸ ਦੌਰਾਨ ਗੱਲ ਕਰਦਿਆਂ ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ਵਿੱਚ ਦੀਵਾ ਬਲੇ ਸਾਰੀ ਰਾਤ, ਸਮਾਂਨਾਤਰ ਆਦਿ ਗੋਸਟੀਆਂ ਦੀ ਪਰੰਪਰਾ ਰਹੀ ਹੈ। ਡਲਹੌਜੀ ਵਿਖੇ ਵੀ ਕਹਾਣੀ ਗੋਸਟੀ ਕੀਤੀ ਜਾਂਦੀ ਹੈ, ਉਸੇ ਤਰਜ ਤੇ ਕੇਸਰ ਸਿੰਘ ਵਾਲਾ ਗੋਸਟੀ ਦੀ ਸੁਰੂਆਤ ਕੀਤੀ ਗਈ ਸੀ, ਜੋ ਅੱਠਵੀਂ ਚੋਟੀ ਸਰ ਕਰ ਚੁੱਕੀ ਹੈ। ਗੋਸਟੀ ਸਮਾਗਮ ਦੇ ਮੁੱਖ ਸੰਯੋਜਕ ਸ੍ਰ: ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਕਹਾਣੀ ਗੋਸਟੀ ਸੁਰੂ ਕਰਨ ਸਮੇਂ ਰੱਖੀਆਂ ਉਮੀਦਾਂ ਤੇ ਖ਼ਰੀ ਉੱਤਰ ਰਹੀ ਹੈ, ਪੇਸ਼ ਕੀਤੀਆਂ ਕਹਾਣੀਆਂ ਤੇ ਉਸਾਰੂ ਬਹਿਸ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਵਿਸ਼ੇਸ਼ ਸਫਲਤਾ
ਇਹ ਗੋਸਟੀ ਨਵੇਂ ਸਾਹਿਤਕਾਰਾਂ ਲਈ ਸਕੂਲ ਦੀ ਭੂਮਿਕਾ ਵੀ ਨਿਭਾ ਰਹੀ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕਹਾਣੀ ਦੀ ਬੁਣਤਰ ਸੰਘਣੀ ਤੇ ਅੰਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਖੁਸਵੰਤ ਬਰਗਾੜੀ ਨੇ ਕਿਹਾ ਕਿ ਕਹਾਣੀ ਦਾ ਅੰਤ ਪਾਠਕ ਨੂੰ ਝੰਜੋੜ ਦੇਣ ਵਾਲਾ ਹੋਣਾ ਚਾਹੀਦਾ ਹੈ। ਪਰਮਜੀਤ ਮਾਨ ਦਾ ਕਹਿਣਾ ਸੀ ਕਿ ਲੇਖਕ ਨੂੰ ਕਹਾਣੀ ਵਿੱਚ ਸਮੇਂ ਦੀ ਨਬਜ਼ ਨੂੰ ਪਕੜਦਿਆਂ ਸਵਾਲ ਜਰੂਰ ਖੜੇ ਕਰਨੇ ਚਾਹੀਦੇ ਹਨ। ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀਕਾਰ ਉਸ ਸਮੇਂ ਨੂੰ ਆਪਣੀ ਰਚਨਾ ਵਿੱਚ ਜਰੂਰ ਲਿਆਵੇ, ਜਿਸ ਦੌਰ ਵਿੱਚ ਉਹ ਵਿਚਰ ਰਿਹਾ ਹੈ। ਦਰਸ਼ਨ ਜੋਗਾ ਦਾ ਕਹਿਣਾ ਸੀ ਕਿ ਕਹਾਣੀ ਸ਼ਿਲਪ ਵਿਧਾਨ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਸਿਰਜਣੀ ਚਾਹੀਦੀ ਹੈ ਤੇ ਕਾਹਲ ਤੋਂ ਗੁਰੇਜ ਕਰਨਾ ਚਾਹੀਦਾ ਹੈ। ਭੁਪਿੰਦਰ ਮਾਨ ਨੇ ਕਿਹਾ ਕਿ ਕਹਾਣੀ ਦੀ ਵਿਸ਼ਵਵਿਆਪੀ ਪਹੁੰਚ ਹੋਣਾ ਮਾਣ ਵਾਲੀ ਗੱਲ ਹੈ, ਇਸ ਨਾਲ ਪੰਜਾਬੀ ਦਾ ਦਾਇਰਾ ਵਸੀਹ ਹੋਵੇਗਾ। ਇਹਨਾਂ ਕਹਾਣੀਆਂ ਉੱਪਰ ਹੋਈ ਚਰਚਾ ’ਚ ਸਰਵ ਸ੍ਰੀ ਆਗਾਜਵੀਰ, ਬਲਵਿੰਦਰ ਸਿੰਘ ਭੁੱਲਰ, ਕਾ: ਜਰਨੈਲ ਸਿੰਘ, ਦੀਪ ਦਿਲਵਰ, ਜਸਵਿੰਦਰ ਸੁਰਗੀਤ, ਸੰਦੀਪ ਰਾਣਾ, ਰਮੇਸ ਗਰਗ, ਕਮਲ ਬਠਿੰਡਾ, ਦਮਜੀਤ ਦਰਸ਼ਨ, ਅਮਰਜੀਤ ਮਾਨ, ਮਨਦੀਪ ਡਡਿਆਣਾ, ਰਣਬੀਰ ਰਾਣਾ ਆਦਿ ਨੇ ਵੀ ਭਾਗ ਲਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।