10 Views
ਚੰਡੀਗੜ੍ਹ,18 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਮੁੱਦਾ ਬਣੇ ਆ ਰਹੇ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਅੱਜ ਵੀਰਵਾਰ ਨੂੰ 11 ਵਜੇ ਹੋਣ ਜਾ ਰਹੀ ਹੈ। ਇਸ ਚੋਣ ਲਈ ਭਾਜਪਾ ਵਰਸਜ਼ ਆਪ ਤੇ ਕਾਂਗਰਸ ਗਠਜੋੜ ਵਿਚਕਾਰ ਸਖ਼ਤ ਮੁਕਾਬਲਾ ਬਣਿਆ ਹੋਇਆ ਹੈ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਚੋਣ ਲਈ ਆਪ ਤੇ ਕਾਂਗਰਸ ਵਿਚਕਾਰ ਇਹ ਗਠਜੋੜ ਹੋਇਆ ਹੈ।
ਇਸ ਚੋਣ ਵਿੱਚ ਦੋਨਾਂ ਹੀ ਧਿਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਤੇ ਇਹ ਮਾਮਲਾ ਬੀਤੇ ਕੱਲ ਅਦਾਲਤ ਦੇ ਵਿੱਚ ਵੀ ਪੁੱਜ ਗਿਆ ਸੀ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਹੁਣ ਇਸ ਚੋਣ ਨੂੰ ਪਾਰਦਰਸ਼ੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਕੌਂਸਲਰ ਹਨ। ਜਿਨਾਂ ਦੇ ਵਿੱਚੋਂ ਭਾਜਪਾ ਦੇ ਖਾਤੇ ਵਿੱਚ 14, ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਦੀ ਐਮਪੀ ਨੂੰ ਵੀ ਵੋਟ ਦਾ ਅਧਿਕਾਰ ਹੈ ਜੋ ਕਿ ਭਾਜਪਾ ਨਾਲ ਸੰਬੰਧਿਤ ਹਨ। ਜਿਸ ਦੇ ਚਲਦੇ ਭਾਜਪਾ ਦੇ ਕੁੱਲ 15 ਵੋਟ ਹਨ। ਜਦਕਿ ਆਪ ਤੇ ਕਾਂਗਰਸ ਦੇ ਗਠਜੋੜ ਤੋਂ ਬਾਅਦ ਹੁਣ ਉਹਨਾਂ ਦੇ ਬੋਝੇ ਵਿੱਚ 20 ਕੌਂਸਲਰ ਆ ਚੁੱਕੇ ਹਨ। ਇਸ ਦੇ ਬਾਵਜੂਦ ਦੋਨਾਂ ਧਰਾਂ ਨੂੰ ਕਰਾਸ ਵੋਟਿੰਗ ਦਾ ਖਤਰਾ ਬਣਿਆ ਹੋਇਆ ਹੈ, ਜਿਸਦੇ ਚੱਲਦੇ ਆਪ ਨੇ ਆਪਣੇ ਕੌਂਸਲਰਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਹੋਇਆ ਜਦੋਂ ਕਿ ਭਾਜਪਾ ਦੇ ਕੌਂਸਲਰ ਚੰਡੀਗੜ੍ਹ ਪੁਲਿਸ ਦੀ ਗੁਪਤ ਨਿਗਰਾਨੀ ਹੇਠ ਦੱਸੇ ਜਾ ਰਹੇ ਹਨ।
ਉਧਰ ਬੀਤੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿੱਥੇ ਇਸ ਚੋਣ ਨੂੰ ਆਪਣੀ ਨਿਗਰਾਨੀ ਹੇਠਾਂ ਕਰਵਾਉਣ ਦੀ ਸਪਸ਼ਟ ਆਦੇਸ਼ ਨਹੀਂ ਦਿੱਤੇ , ਉੱਥੇ ਚੋਣਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਲਈ ਚੋਣ ਸਮੇਂ ਵੀਡੀਓਗ੍ਰਾਫੀ ਅਤੇ ਕੌਂਸਲਰਾਂ ਨੂੰ ਪਾਸ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਚੋਣ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ-ਥਾਂ ਬੇਰੀਗੇਡ ਕਰਨ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
ਦੋਨਾਂ ਧਿਰਾਂ ਵੱਲੋਂ ਕੌਣ ਕੌਣ ਹੈ ਦਾਅਵੇਦਾਰ ?
ਚੰਡੀਗੜ੍ਹ: ਮੇਅਰ ਦੇ ਅਹੁਦੇ ਲਈ ਆਪ ਵਲੋਂ ਕੁਲਦੀਪ ਕੁਮਾਰ ਤੇ ਭਾਜਪਾ ਤੋਂ ਮਨੀਸ਼ ਕੁਮਾਰ ਸੋਨਕਰ, ਸੀਨੀਅਰ ਡਿਪਟੀ ਮੇਅਰ ਦੇ ਲਈ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਗਾਵੀ ਅਤੇ ਭਾਜਪਾ ਤੋਂ ਕੁਲਜੀਤ ਸਿੰਘ ਸੰਧੂ ਤੋਂ ਇਲਾਵਾ ਡਿਪਟੀ ਮੇਅਰ ਦੇ ਅਹੁਦੇ ਲਈ ਦੇ ਕਾਂਗਰਸ ਪਾਰਟੀ ਦੀ ਨਿਰਮਲਾ ਦੇਵੀ ਤੇ ਭਾਜਪਾ ਵਲੋਂ ਰਜਿੰਦਰ ਸ਼ਰਮਾ ਉਮੀਦਵਾਰ ਹਨ। ਦੱਸ ਦਈਏ ਕਿ ਇਹ ਸਭ ਕੁਝ ਆਪ ਤੇ ਕਾਂਗਰਸ ਵਿਚਕਾਰ ਗਠਜੋੜ ਹੋਣ ਤੋਂ ਬਾਅਦ ਹੋਇਆ ਹੈ ਜਦੋਂ ਕਿ ਇਸਤੋਂ ਪਹਿਲਾਂ ਦੋਨਾਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ।