254 Views
ਬੀਬੀ ਜੰਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਮੈਦਾਨ ‘ਚ
ਸ੍ਰੀ ਅੰਮ੍ਰਿਤਸਰ ਸਾਹਿਬ, 28 ਅਕਤੂਬਰ: ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਅੱਜ ਸੋਮਵਾਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਬਾਦਲ ਧੜੇ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਗੀ ਧੜੇ ਸੁਧਾਰ ਲਹਿਰ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਦੋਨੋਂ ਹੀ ਚੌਥੀ ਵਾਰ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ।
ਹਾਲਾਂਕਿ ਬਾਦਲ ਧੜੇ ਵੱਲੋਂ ਆਪਣੇ ਨਾਲ 100 ਤੋਂ ਵੀ ਵੱਧ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਚੱਲਦੇ ਇਹ ਚੋਣ ਕਾਫੀ ਰੋਚਕ ਹੁੰਦੀ ਜਾਪ ਜਾ ਰਹੀ ਹੈ। ਇਸ ਦੇ ਇਲਾਵਾ ਪਹਿਲੀ ਵਾਰ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਵਿੱਚੋਂ ਪਿੱਛੇ ਹਟਣ ਕਾਰਨ ਵੀ ਅਕਾਲੀ ਕੇਡਰ ਵਿੱਚ ਨਿਰਾਸ਼ਤਾ ਦੇਖਣ ਨੂੰ ਮਿਲ ਰਹੀ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਜਾ ਰਹੀ ਇਸ ਚੋਣ ਨੂੰ ਲੈ ਕੇ ਵੱਧ ਤੋਂ ਵੱਧ ਮੈਂਬਰਾਂ ਨੂੰ ਆਪਣੇ ਖੇਮੇ ਵਿੱਚ ਕਰਨ ਦੇ ਲਈ ਦੋਨਾਂ ਧੜਿਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਦੀ ਚੋਣ ਚੁਣੇ ਅਤੇ ਨਾਮਜਦ ਕੀਤੇ ਹੋਏ 175 ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਪ੍ਰੰਤੂ ਮੌਜੂਦਾ ਸਮੇਂ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਤ ਹੋਣ ਅਤੇ ਕਈਆਂ ਦੇ ਵਿਦੇਸ਼ ਅਤੇ ਕਈਆਂ ਵੱਲੋਂ ਅਸਤੀਫਾ ਦੇਣ ਕਾਰਨ ਮੌਜੂਦਾ ਸਮੇਂ ਵੋਟ ਦੇ ਹੱਕਦਾਰ ਮੈਂਬਰਾਂ ਦੀ ਗਿਣਤੀ 150 ਦੇ ਕਰੀਬ ਦੱਸੀ ਜਾ ਰਹੀ ਹੈ।