ਅੰਮ੍ਰਿਤਸਰ, 24 ਅਕਤੂੁਬਰ: ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੀ ਸੁਲਤਾਨਵਿੰਡ ਨਹਿਰ ਦੇ ਨਜਦੀਕ ਪੁਲਿਸ ਅਤੇ ਹਥਿਆਰ ਤਸਕਰਾਂ ਵਿਚਕਾਰ ਮੁਠਭੇੜ ਹੋਣ ਦੀ ਸੂਚਨਾ ਸਾਹਮਣੇ ਆਈ ਹੈ।ਇਸ ਦੌਰਾਨ ਦੋਨਾਂ ਪਾਸਿਓ ਚੱਲੀਆਂ ਗੋਲੀਆਂ ਦੌਰਾਨ ਇੱਕ ਤਸਕਰ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ, ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਏਸੀਪੀ ਗੁਰਿੰਦਰਵੀਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਸ਼ੱਕੀ ਲੋਕ ਇਸ ਪਾਸੇ ਆ ਰਹੇ ਹਨ, ਜਿੰਨ੍ਹਾਂ ਦੀ ਭੂਮਿਕਾ ਪਿਛਲੇ ਦਿਨੀਂ ਹੋਈ ਫ਼ਾਈਰਿੰਗ ਮਾਮਲੇ ਵਿਚ ਵੀ ਰਹੀ ਸੀ।
ਇਹ ਵੀ ਪੜ੍ਹੋ:ਹਰਿਆਣਾ ਸਰਕਾਰ ਵੱਲੋਂ ਮੁਲਾਜਮਾਂ ਨੂੰ ਦੀਵਾਲੀ ਤੋਹਫਾ, ਮਹਿੰਗਾਈ ਭੱਤਾ ਵਧਾਇਆ
ਇਸਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਹਿਰ ਕੰਢੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿੰਨ੍ਹਾਂ ਬਾਰੇ ਪਤਾ ਵਿਚ ਪਤਾ ਚੱਲਿਆ ਹੈ ਕਿ ਇਹ ਕਿਸੇ ਨੂੰ ਅੱਗੇ ਹਥਿਆਰ ਦੇਣ ਦੇ ਲਈ ਪੁੱਜੇ ਸਨ। ਪੁਲਿਸ ਨੇ ਜਦ ਉਨ੍ਹਾਂ ਨੂੰ ਘੇਰਿਆ ਤਾਂ ਨੌਜਵਾਨਾਂ ਨੇ ਅੱਗਿਓ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਵਿਚ ਇੱਕ ਨੌਜਵਾਨ ਦੇ ਗੋਲੀ ਲੱਗੀ ਜਦਕਿ ਦੂਜਾ ਝਾੜੀਆਂ ਵਿਚ ਲੁਕ ਗਿਆ, ਜਿਸਨੂੰ ਲੱਭਣ ਲਈ ਪੁਲਿਸ ਨੂੰ ਕਾਫ਼ੀ ਤਰਦੱਦ ਕਰਨਾ ਪਿਆ। ਪੁਲਿਸ ਅਧਿਕਾਰੀ ਮੁਤਾਬਕ ਕਾਬੂ ਕੀਤੇ ਦੋਨਾਂ ਨੌਜਵਾਨਾਂ ਕੋਲੋ ਦੋ ਹਥਿਆਰ ਵੀ ਬਰਾਮਦ ਹੋਏ ਹਨ। ਇਹ ਦੋਨੋਂ ਤਰਨਤਾਰਨ ਜ਼ਿਲੇ ਨਾਲ ਸਬੰਧਤ ਹਨ।