ਬਠਿੰਡਾ, 26 ਅਕਤੂਬਰ: ਪਿਛਲੇ ਕਰੀਬ ਇੱਕ ਮਹੀਨੇ ਤੋਂ ਸ਼ਹਿਰ ਵਿਚ ਟਿੱਪਰ ਚਾਲਕਾਂ ਤੇ ਸੀਵਰੇਮੈਨਾਂ ਦੀ ਚੱਲ ਰਹੀ ਹੜਤਾਲ ਕਾਰਨ ਜਿੱਥੇ ਬਠਿੰਡਾ ਸ਼ਹਿਰ ਕੂੜੇ ਦਾ ਡੰਪ ਬਣਦਾ ਜਾ ਰਿਹਾ, ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਦੇ ਯਤਨਾਂ ਸਦਕਾਂ ਬੀਤੀ ਸ਼ਾਮ ਹੜਤਾਲ ਕਰਨ ਲਈ ਖ਼ਤਮ ਬਣੀ ਸਹਿਮਤੀ ਕੁੱਝ ਹੀ ਘੰਟਿਆਂ ਬਾਅਦ ਖ਼ਤਮ ਹੋ ਗਈ ਹੈ। ਹਾਲਾਂਕਿ ਬੀਤੀ ਸ਼ਾਮ ਦੋਨਾਂ ਧਿਰਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਇਹ ਹੜਤਾਲ ਖ਼ਤਮ ਹੋ ਗਈ ਸੀ ਅਤੇ ਖ਼ੁਦ ਨਿਗਮ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਟਿੱਪਰ ਚਾਲਕਾਂ ਨੂੰ ਰਵਾਨਾ ਕੀਤਾ ਸੀ ਪ੍ਰੰਤੂ ਦਿਨ ਚੜ੍ਹਦੇ ਹੀ ਮੁੜ ਟਿੱਪਰ ਚਾਲਕਾਂ ਨੇ ਨਿਗਮ ਅਧਿਕਾਰੀਆਂ ਉਪਰ ਆਪਣੇ ਵਾਅਦੇ ਤੋਂ ਮੁਕਰਨ ਦੇ ਦੋਸ਼ ਲਗਾਉਂਦਿਆਂ ਨਿਗਮ ਦਫ਼ਤਰ ਨੂੰ ਘੇਰ ਲਿਆ।
ਇਹ ਵੀ ਪੜ੍ਹੋਂ: ਬਠਿੰਡਾ ’ਚ ਚੱਲਦੀ ਟਰੇਨ ਬਣੀ ਅੱ.ਗ ਦਾ ਗੋ+ਲਾ,ਜਾਂਚ ਸ਼ੁਰੂ
ਸੂਚਨਾ ਮੁਤਾਬਕ ਬੀਤੀ ਸ਼ਾਮ ਹੋਈ ਮੀਟਿੰਗ ਵਿਚ ਜਿੱਥੇ 597 ਸਫ਼ਾਈ ਸੇਵਕਾਂ ਦੀ ਰੈਗੂਲਰ ਭਰਤੀ ਦਾ ਕੰਮ ਜਲਦੀ ਸ਼ੁਰੂ ਕਰਨ ਤੋਂ ਇਲਾਵਾ ਹੜਤਾਲ ਦੌਰਾਨ ਹਟਾਏ ਗਏ 328 ਕਾਮਿਆਂ ਨੂੰ ਮੁੜ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਸੀਵਰ ਵਰਕਰ ਯੂਨੀਅਨ ਦੇ ਆਗੂ ਗਜਰਾਜ ਸਿੰਘ ਨੇ ਦਸਿਆ ਕਿ ਸ਼ਾਂਤੀਪੂਰਵਕ ਮਾਹੌਲ ਵਿਚ ਸਾਰਾ ਮਾਮਲਾ ਨਿਪਟ ਗਿਆ ਸੀ ਤੇ ਅੱਜ ਸਵੇਰੇ ਟਿੱਪਰ ਚਾਲਕ ਆਪੋ-ਆਪਣੇ ਟਿੱਪਰ ਲੈ ਕੇ ਸ਼ਹਿਰ ਵਿਚੋਂ ਕੂੁੜਾ ਚੂੱਕਣ ਲਈ ਨਿਕਲ ਗਏ ਸਨ ਪ੍ਰੰਤੂ ਨਿਗਮ ਦੇ ਇੱਕ ਅਧਿਕਾਰੀ ਨੇ ਵਾਅਦਾ ਖਿਲਾਫ਼ੀ ਕਰਦੇ ਹੋਏ ਇੰਨ੍ਹਾਂ 328 ਟਿੱਪਰ ਚਾਲਕਾਂ ਨੂੰ ਟਿੱਪਰ ਵਾਪਸ ਕਰਨ ਦੇ ਹੁਕਮ ਚਾੜ੍ਹ ਦਿੱਤੇ। ਜਿਸ ਕਾਰਨ ਇਹ ਮਾਹੌਲ ਭਖਿਆ ਹੈ। ਖ਼ਬਰ ਲਿਖੇ ਜਾਣ ਤੱਕ ਟਿੱਪਰ ਚਾਲਕ ਤੇ ਸਫ਼ਾਈ ਕਾਮੇ ਨਿਗਮ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੇ ਹੋਏ ਸਨ ਜਦੋਂਕਿ ਨਿਗਮ ਅਧਿਕਾਰੀ ਮਸਲੇ ਦੇ ਹੱਲ ਲਈ ਮੁੜ ਯਤਨ ਕਰਨ ਵਿਚ ਲੱਗੇ ਹੋਏ ਸਨ।





