ਚੰਡੀਗੜ੍ਹ, 28 ਅਕਤੂਬਰ: ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਪਿਛਲੇ ਦੋ ਦਿਨਾਂ ਤੋਂ ਪੰਜਾਬ ‘ਚ ਪੰਜ ਥਾਵਾਂ ‘ਤੇ ਕੌਮੀ ਮਾਰਗਾਂ ਉੱਪਰ ਕੀਤੇ ਜਾਮ ਨੂੰ ਬੀਤੀ ਦੇਰ ਰਾਤ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ ਖਤਮ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ। ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਮੁੱਦੇ ਨੂੰ ਲੈ ਕੇ ਟੋਲ ਪਲਾਜ਼ਿਆਂ ਅਤੇ ਆਪ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਵੀ ਬਦਸਤੂਰ ਜਾਰੀ ਹਨ।
SGPC ਦੇ ਪ੍ਰਧਾਨ ਦੀ ਚੋਣ ਅੱਜ;ਬਾਦਲ ਅਤੇ ਬਾਗੀ ਧੜੇ ‘ਚ ਕਾਂਟੇ ਦੀ ਟੱਕਰ
ਸੂਚਨਾ ਮੁਤਾਬਿਕ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਲੰਮੀ ਮੀਟਿੰਗ ਕੀਤੀ ਗਈ। ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਭਰੋਸਾ ਦਵਾਇਆ ਗਿਆ ਕਿ ਸੂਬਾ ਸਰਕਾਰ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਜਾਰੀ ਰੱਖੇਗੀ ਅਤੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ।
ਇਸ ਤੋਂ ਇਲਾਵਾ ਕਣਕ ਦੀ ਬਜਾਈ ਲਈ ਡੀਏਪੀ ਖਾਦ ਦੀ ਕਿੱਲਤ ਦੇ ਮੁੱਦੇ ਨੂੰ ਵੀ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਸਾਨਾਂ ਨੂੰ ਸਮੇਂ ਸਿਰ ਖਾਦ ਦੀ ਸਪਲਾਈ ਦਾ ਵਿਸ਼ਵਾਸ਼ ਦਵਾਇਆ ਗਿਆ। ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਫਗਵਾੜਾ, ਸੰਗਰੂਰ ਜ਼ਿਲ੍ਹੇ ਦੇ ਬਡਰੁੱਖਾਂ, ਮੋਗਾ ਜਿਲੇ ਦੇ ਡਗਰੂ, ਗੁਰਦਾਸਪੁਰ ਜ਼ਿਲ੍ਹੇ ਦੇ ਸਠਿਆਲੀ ਅਤੇ ਬਠਿੰਡਾ ਦੇ ਜੱਸੀ ਪੌ ਵਾਲੀ ਚੌਂਕ ਵਿੱਚ ਚੱਲ ਰਹੇ ਧਰਨਿਆਂ ਨੂੰ ਦੇਰ ਰਾਤ ਸਮਾਪਤ ਕਰ ਦਿੱਤਾ ਗਿਆ।