ਅਮਰੀਕਾ-ਅਧਾਰਤ ਗੁਰਦੇਵ ਜੈਸਲ ਅਤੇ ਕੈਨੇਡਾ-ਅਧਾਰਤ ਸੱਤਾ ਨੌਸ਼ਹਿਰਾ ਦੁਆਰਾ ਚਲਾਇਆ ਜਾ ਰਿਹਾ ਸੀ ਮਾਡਿਊਲ: ਡੀਜੀਪੀ ਗੌਰਵ ਯਾਦਵ
ਤਰਨਤਾਰਨ, 30 ਜਨਵਰੀ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਨੇ ਵਿਦੇਸ਼-ਅਧਾਰਤ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਬੰਧਤ ਅਤੇ ਅਮਰੀਕਾ-ਅਧਾਰਤ ਗੁਰਦੇਵ ਸਿੰਘ ਉਰਫ਼ ਜੈਸਲ ਚੰਬਲ ਅਤੇ ਕੈਨੇਡਾ ਅਧਾਰਤ ਸਤਬੀਰ ਉਰਫ਼ ਸੱਤਾ ਨੌਸ਼ਹਿਰਾ ਵੱਲੋਂ ਚਲਾਏ ਜਾ ਰਹੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਸੰਖੇਪ ਮੁਕਾਬਲੇ ਤੋਂ ਬਾਅਦ ਤਰਨਤਾਰਨ ਤੋਂ ਚਾਰ ਕਾਰਕੁਨਾਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਮੁਰਾਦਪੁਰਾ ਦੇ ਰਹਿਣ ਵਾਲੇ ਰੌਬਿਨਜੀਤ ਸਿੰਘ ਉਰਫ਼ ਰੌਬਿਨ, ਤਰਨਤਾਰਨ ਦੇ ਉਸਮਾਨ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ਼ ਹੈਪੀ, ਗੁਰਦਾਸਪੁਰ ਦੇ ਕਲਾਨੌਰ ਦੇ ਰਹਿਣ ਵਾਲੇ ਨਵਜੋਤ ਸਿੰਘ ਉਰਫ਼ ਨਵ ਅਤੇ ਗੁਰਦਾਸਪੁਰ ਦੇ ਘੁੰਮਣ ਕਲਾਂ ਦੇ ਰਹਿਣ ਵਾਲੇ ਜਗਦੀਪ ਸਿੰਘ ਉਰਫ਼ ਜੱਗਾ ਵਜੋਂ ਹੋਈ ਹੈ।ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੈਂਡ ਗ੍ਰਨੇਡ ਅਤੇ ਦੋ ਅਤਿ ਆਧੁਨਿਕ .30 ਬੋਰ ਪਿਸਤੌਲਾਂ ਦੇ ਨਾਲ-ਨਾਲ ਗੋਲਾ ਬਾਰੂਦ ਅਤੇ ਤਿੰਨ ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਅਪਰਾਧ ਵਿੱਚ ਵਰਤੀ ਗਈ ਉਨ੍ਹਾਂ ਦੀ ਹੌਂਡਾ ਸਿਵਿਕ ਕਾਰ (ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ) ਵੀ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ 106 ਮੋਬਾਇਲ ਟਰੇਸ ਕਰ ਕੇ ਆਮ ਲੋਕਾਂ ਨੂੰ ਕੀਤੇ ਸਪੁਰਦ : ਅਮਨੀਤ ਕੌਂਡਲ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਜ਼ਬਤ ਕੀਤੇ ਗਏ ਹੈਂਡ ਗ੍ਰਨੇਡ ਅਤੇ ਹਥਿਆਰ ਜੈਸਲ ਚੰਬਲ ਦੁਆਰਾ ਉਸਦੇ ਅਣਪਛਾਤੇ ਸਾਥੀ ਰਾਹੀਂ ਸਪਲਾਈ ਕੀਤੇ ਗਏ ਸਨ ਅਤੇ ਉਹ ਜੈਸਲ ਚੰਬਲ ਅਤੇ ਸੱਤਾ ਨੌਸ਼ਹਿਰਾ ਦੇ ਕਹਿਣ ‘ਤੇ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਜਬਰੀ ਵਸੂਲੀ ਅਤੇ ਗਿਰੋਹ ਨਾਲ ਸਬੰਧਤ ਹਿੰਸਾ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨ ਤਾਰਨ ਅਭਿਮਨਿਊ ਰਾਣਾ ਨੇ ਕਿਹਾ ਕਿ ਇਹ ਜਾਣਕਾਰੀ ਮਿਲਣ ਕਿ ਦੋ ਸ਼ੱਕੀ ਵਿਅਕਤੀ ਹੌਂਡਾ ਸਿਵਿਕ ਕਾਰ ਵਿੱਚ ਜਾ ਰਹੇ ਹਨ, ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਹਾਸ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਤਰਨ ਤਾਰਨ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸਿਰਹਾਲੀ ਰੋਡ ‘ਤੇ ਠਠੀਆਂ ਮਹੰਤਾਂ ਪਿੰਡ ਨੇੜੇ ਨਾਕਾ ਲਗਾਇਆ।ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੀ ਕਾਰ ਨੂੰ ਸਫਲਤਾਪੂਰਵਕ ਟਰੇਸ ਕਰ ਲਿਆ ਅਤੇ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਪੁਲਿਸ ਟੀਮਾਂ ‘ਤੇ ਗੋਲੀਬਾਰੀ ਸ਼ੁਰੂ ਕਰ ਕੀਤੀ, ਜਿਸ ਦੇ ਚਲਦਿਆਂ ਪੁਲਿਸ ਪਾਰਟੀਆਂ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਇਹ ਵੀ ਪੜ੍ਹੋ ਬਾਜ਼ੀ ਪਲਟੀ, ਚੰਡੀਗੜ੍ਹ ਮੇਅਰ ਭਾਜਪਾ ਦਾ ਅਤੇ ਸੀਨੀ: ਤੇ ਡਿਪਟੀ ਮੇਅਰ ਕਾਂਗਰਸ ਦਾ ਬਣੇ
ਉਨ੍ਹਾਂ ਅੱਗੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਮੁਲਜ਼ਮ ਰੌਬਿਨ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਉਪਰੰਤ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੈਂਡ ਗ੍ਰਨੇਡ ਅਤੇ ਇੱਕ ਪਿਸਤੌਲ ਸਮੇਤ ਗੋਲੀ ਸਿੱਕਾ ਬਰਾਮਦ ਕੀਤਾ ਹੈ।ਐਸਐਸਪੀ ਨੇ ਦੱਸਿਆ ਕਿ ਇਸ ਕਾਰਵਾਈ ਤਹਿਤ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ, ਗੈਂਗ ਦੇ ਦੋ ਹੋਰ ਮੈਂਬਰਾਂ ਨਵਜੋਤ ਉਰਫ਼ ਨਵ ਅਤੇ ਜਗਦੀਪ ਉਰਫ਼ ਜੱਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੋਰ ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਦਸੰਬਰ 2024 ਵਿੱਚ ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸਨ, ਜਿਸ ਵਿੱਚ ਉਨ੍ਹਾਂ ਨੇ ਜੈਸਲ ਚੰਬਲ ਦੇ ਇਸ਼ਾਰੇ ‘ਤੇ ਘਰ ਦੇ ਮਾਲਕ ਤੋਂ ਫਿਰੌਤੀ ਮੰਗੀ ਸੀ।ਐਸਐਸਪੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਸਬੰਧੀ ਐਫਆਈਆਰ ਨੰਬਰ 11 ਮਿਤੀ 30/01/2025 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 113 (3) ਅਤੇ 113, ਅਸਲਾ ਐਕਟ ਦੀ ਧਾਰਾ 25 (6) ਅਤੇ 25 (7) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਅਤੇ 6 ਤਹਿਤ ਪੁਲਿਸ ਸਟੇਸ਼ਨ ਸਿਰਹਾਲੀ, ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਪੰਜਾਬ ਪੁਲਿਸ ਵੱਲੋਂ ਸੰਖੇਪ ਮੁਕਾਬਲੇ ਤੋਂ ਬਾਅਦ ਲੰਡਾ ਮਾਡਿਊਲ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਦੋ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ"